ਦਰਸ਼ਨ ਸਿੰਘ ਕਿੰਗਰਾ ਦੀ ਪੁਸਤਕ ਲੋਕ ਅਰਪਣ
ਸਰੀ: (ਹਰਦਮ ਮਾਨ) ਵੈਨਕੂਵਰ ਵਿਚਾਰ ਮੰਚ ਵੱਲੋਂ ਅਮਰੀਕਾ ਵਸਦੇ ਸਾਹਿਤਕਾਰ ਦਰਸ਼ਨ ਸਿੰਘ ਕਿੰਗਰਾ ਦੀ ਪੁਸਤਕ ‘ਪੰਜਾਬੀ ਸੱਭਿਆਚਾਰ-ਸਰੋਤ ਅਤੇ ਸਮੱਗਰੀ’ ਇੱਥੇ ਜਰਨੈਲ ਆਰਟ ਗੈਲਰੀ ਅਤੇ ਗੁਰਦੀਪ ਆਰਟਸ ਅਕੈਡਮੀ, ਸਰੀ ਦੇ ਵਿਹੜੇ ਵਿੱਚ ਰਿਲੀਜ਼ ਕੀਤੀ ਗਈ। ਪੁਸਤਕ ਨੂੰ ਲੋਕ ਅਰਪਣ ਕਰਨ ਦੀ ਰਸਮ ਨਾਵਲਕਾਰ ਜਰਨੈਲ ਸਿੰਘ ਸੇਖਾ ਨੇ ਅਦਾ ਕੀਤੀ।
ਇਸ ਮੌਕੇ ਸੁੱਚਾ ਸਿੰਘ ਕਲੇਰ ਨੇ ਕਿਹਾ ਕਿ ਦਰਸ਼ਨ ਸਿੰਘ ਕਿੰਗਰਾ ਦੀਆਂ ਪੰਜਾਬੀ ਸੱਭਿਆਚਾਰ ਦੇ ਵੱਖ ਵੱਖ ਪਹਿਲੂਆਂ ਉੱਪਰ ਇਸ ਤੋਂ ਪਹਿਲਾਂ 9 ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਅਤੇ ਉਸੇ ਲੜੀ ਤਹਿਤ ‘ਪੰਜਾਬੀ ਸੱਭਿਆਚਾਰ-ਸਰੋਤ ਤੇ ਸਮੱਗਰੀ’ ਉਨ੍ਹਾਂ ਦੀ ਦਸਵੀਂ ਪੁਸਤਕ ਹੈ। ਉਨ੍ਹਾਂ ਕਿਹਾ ਕਿ ਇਸ ਪੁਸਤਕ ਵਿੱਚ ਪੇਂਡੂ ਜੀਵਨ ਵਿੱਚ ਵਰਤੇ ਜਾਣ ਵਾਲੇ ਸੰਦਾਂ ਅਤੇ ਸਾਧਨਾਂ ਨੂੰ ਲੋਕ ਗੀਤਾਂ, ਬੋਲੀਆਂ, ਕਾਫੀਆਂ ਅਤੇ ਗੁਰਬਾਣੀ ਦੇ ਹਵਾਲਿਆਂ ਨਾਲ ਖ਼ੂਬਸੂਰਤ ਅਤੇ ਦਿਲਚਸਪ ਸ਼ੈਲੀ ਵਿੱਚ ਪੇਸ਼ ਕੀਤਾ ਗਿਆ ਹੈ। ਇਹ ਸਾਨੂੰ ਸਾਡੇ ਵਿਰਸੇ ਦੀ ਹੂਬਹੂ ਝਲਕ ਦਿਖਾਉਂਦੀ ਹੈ। ਇਹ ਵੀ ਦੱਸਦੀ ਹੈ ਕਿ ਪੁਰਾਣੇ ਵੇਲਿਆਂ ਵਿੱਚ ਸਾਰੇ ਸੰਦ ਅਤੇ ਸਾਧਨ ਮਨੁੱਖ ਨੂੰ ਹੱਥੀਂ ਅਤੇ ਸੁੱਚੀ ਕਿਰਤ ਨਾਲ ਜੋੜਦੇ ਸਨ ਜਿਸ ਸਦਕਾ ਮਨੁੱਖ ਸਰੀਰਕ ਅਤੇ ਮਾਨਸਿਕ ਤੌਰ ’ਤੇ ਤੰਦਰੁਸਤ ਰਹਿੰਦਾ ਸੀ।
ਜਰਨੈਲ ਸਿੰਘ ਸੇਖਾ ਨੇ ਕਿਹਾ ਕਿ ਦਰਸ਼ਨ ਸਿੰਘ ਕਿੰਗਰਾ ਵੱਲੋਂ ਪੰਜਾਬੀ ਦੇ ਮਾਣਮੱਤੇ ਅਤੇ ਲੋਪ ਰਹੇ ਸੱਭਿਆਚਾਰ ਨੂੰ ਵਿੱਲਖਣ ਅੰਦਾਜ਼ ਵਿੱਚ ਸਾਂਭਣ ਦਾ ਇਹ ਸ਼ਲਾਘਾਯੋਗ ਉੱਦਮ ਹੈ। ਇਸ ਪੁਸਤਕ ਵਿੱਚ ਲੇਖਕ ਨੇ ਪੇਂਡੂ ਜੀਵਨ ਨੂੰ ਪੰਜਾਬੀ ਲੋਕਧਾਰਾ, ਲੋਕਗੀਤਾਂ ਅਤੇ ਸੱਭਿਆਚਾਰ ਦੇ ਇਤਿਹਾਸਕ ਸੰਦਰਭ ਵਿੱਚ ਬਾਖ਼ੂਬੀ ਪੇਸ਼ ਕੀਤਾ ਹੈ। ਸ਼ਾਇਰ ਮੋਹਨ ਗਿੱਲ ਨੇ ਆਖਿਆ ਕਿ ਦਰਸ਼ਨ ਸਿੰਘ ਕਿੰਗਰਾ ਦੇ ਸੱਭਿਆਚਾਰਕ ਵੰਨਗੀਆਂ ਵਿੱਚ ਰੰਗੇ ਲੇਖ ਪਿਛਲੇ 9 ਸਾਲਾਂ ਤੋਂ ਲਗਾਤਾਰ ਛਪ ਰਹੇ ਹਨ। ਇਹ ਲੇਖ ਸੱਭਿਆਚਾਰ ਪ੍ਰਤੀ ਉਨ੍ਹਾਂ ਦੀ ਲਗਨ ਅਤੇ ਖੋਜ ਨੂੰ ਦਰਸਾਉਂਦੇ ਹਨ।
ਜ਼ਿਲੇ ਸਿੰਘ, ਅਮਰੀਕ ਸਿੰਘ ਮਾਨ, ਬਿੱਲਾ ਤੱਖੜ ਅਤੇ ਗੁਰਮੀਤ ਸਿੰਘ ਕਾਲਕਟ ਨੇ ਦਰਸ਼ਨ ਸਿੰਘ ਕਿੰਗਰਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਪੁਸਤਕ ਪੇਂਡੂ ਪੰਜਾਬੀ ਜੀਵਨ ਦੇ ਰਹਿਣ-ਸਹਿਣ, ਕੰਮਾਂ-ਧੰਦਿਆਂ, ਸਾਧਨਾਂ ਅਤੇ ਅਨੇਕਾਂ ਪੱਖਾਂ ਨੂੰ ਉਜਾਗਰ ਕਰਦੀ ਹੋਈ ਪੰਜਾਬੀ ਸੱਭਿਆਚਾਰ ਦਾ ਅਹਿਮ ਇਤਿਹਾਸਕ ਦਸਤਾਵੇਜ਼ ਹੈ।
ਸੰਪਰਕ: 1 604 308 6663