ਦਰਸ਼ਨ ਜੋਗਾ ਦਾ ਕਹਾਣੀ ਸੰਗ੍ਰਹਿ ‘ਫਨੀਅਰ’ ਲੋਕ ਅਰਪਣ
ਜੋਗਿੰਦਰ ਸਿੰਘ ਮਾਨ
ਮਾਨਸਾ, 10 ਸਤੰਬਰ
ਸੰਵਾਦ ਮਾਨਸਾ ਨੇ ਪੰਜਾਬੀ ਦੇ ਉੱਘੇ ਕਹਾਣੀਕਾਰ ਦਰਸ਼ਨ ਜੋਗਾ ਦਾ ਕਹਾਣੀ ਸੰਗ੍ਰਹਿ ‘ਫਨੀਅਰ’ ਨੂੰ ਲੋਕ ਅਰਪਣ ਕਰਨ ਲਈ ਇੱਕ ਗੈਰ-ਰਸਮੀ ਤੇ ਭਾਵਪੂਰਤ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸਭ ਤੋਂ ਪਹਿਲਾਂ ਦਰਸ਼ਨ ਜੋਗਾ ਨੇ ਆਪਣੇ ਨਵੇਂ ਕਹਾਣੀ ਸੰਗ੍ਰਹਿ ‘ਫਨੀਅਰ’ ਬਾਰੇ ਗੱਲ ਕਰਦਿਆਂ ਕਿਹਾ ਕਿ ਉਹ ਆਪਣੇ ਆਲੇ-ਦੁਆਲੇ ਵਿਚੋਂ ਕਹਾਣੀਆਂ ਦੀ ਸਿਰਜਣਾ ਕਰਦਾ ਹਾਂ, ਇਹ ਕਹਾਣੀਆਂ ਮੇਰੇ ਆਪਣੇ ਲੋਕਾਂ ਦੇ ਦੁੱਖ-ਸੁਖ ਦੀ ਕਥਾ ਕਰਦੀਆਂ ਹਨ।
ਸਮਕਾਲੀ ਕਹਾਣੀਕਾਰ ਜਸਵਿੰਦਰ ਧਰਮਕੋਟ, ਅਨੇਮਨ ਸਿੰਘ, ਆਗਾਜ਼ਵੀਰ ਅਤੇ ਅਮਰਜੀਤ ਸਿੰਘ ਮਾਨ ਨੇ ਕਿਹਾ ਕਿ ‘ਫਨੀਅਰ’ ਦੀਆਂ ਕਹਾਣੀਆਂ ਮਲਵਈ ਉਪਬੋਲੀ ਵਿੱਚ ਰਚੀਆਂ ਗਈਆਂ ਅਜਿਹੀਆਂ ਕਹਾਣੀਆਂ ਹਨ, ਜੋ ਉਨ੍ਹਾਂ ਲੋਕਾਂ ਦੀ ਗੱਲ ਕਰਦੀਆਂ ਨੇ ਜਿਹੜੇ ਅੱਜ ਦੇ ਯੁੱਗ ਨੇ ਹਾਸ਼ੀਏ ’ਤੇ ਧੱਕ ਦਿੱਤੇ ਗਏ ਹਨ। ਕਵੀ ਬਲਵੰਤ ਭਾਟੀਆ ਨੇ ਕਿਹਾ ਕਿ ਦਰਸ਼ਨ ਜੋਗਾ ਦਾ ਆਪਣਾ ਸੁਭਾਅ ਤੇ ਚਰਿੱਤਰ, ਉਹਦੀਆਂ ਕਹਾਣੀਆਂ ਦੇ ਵਿਸ਼ੇ ਅਤੇ ਪਾਤਰਾਂ ਦੇ ਸੁਭਾਅ ਨਾਲ ਇੱਕਮਿਕ ਹੈ ਅਤੇ ਅੱਜ ਦੇ ਸਮੇਂ ਵਿਚ ਇਸ ਗੱਲ ਦੀ ਬਹੁਤ ਜ਼ਰੂਰਤ ਹੈ। ਆਲੋਚਕ ਗੁਰਦੀਪ ਢਿੱਲੋਂ ਨੇ ਕਿਹਾ ਕਿ ਜੋਗਾ ਦੀਆਂ ਕਹਾਣੀਆਂ ਉਸ ਭਾਸ਼ਾ ਨੂੰ ਬਚਾ ਰਹੀ ਹੈ, ਜਿਹਨੂੰ ਖ਼ਤਮ ਕਰਨ ਲਈ ਫਾਸ਼ੀਵਾਦ ਦਾ ਸਾਰਾ ਜ਼ੋਰ ਲੱਗਿਆ ਹੋਇਆ ਹੈ। ਕਹਾਣੀਕਾਰ ਆਲੋਚਕ ਨਿਰੰਜਨ ਬੋਹਾ ਨੇ ਕਿਹਾ ਕਿ ਸ੍ਰੀ ਜੋਗਾ ਦੀਆਂ ਕਹਾਣੀਆਂ ਦੀ ਕਲਾ ਪੱਖ ਤੋਂ ਇਹ ਵੱਡੀ ਖ਼ੂਬੀ ਹੈ ਕਿ ਉਹ ਪਾਠਕ ਨੂੰ ਆਪਣੇ ਪਹਿਲੇ ਸ਼ਬਦ ਤੋਂ ਹੀ ਆਪਣੇ ਨਾਲ ਜੋੜ ਲੈਂਦੀਆਂ ਹਨ। ਇਸ ਮੌਕੇ ਪ੍ਰਸਿੱਧ ਰੰਗਕਰਮੀ ਮਨਜੀਤ ਕੌਰ ਔਲਖ, ਗੁਰਮੇਲ ਕੌਰ ਜੋਸ਼ੀ,ਸ਼ਾਇਰ ਪਰਮਜੀਤ ਭੋਗਲ, ਕਵੀ ਗੁਰਪ੍ਰੀਤ, ਬਲਵਿੰਦਰ ਧਾਲੀਵਾਲ,ਗੁਰਮੀਤ ਰੱਖੜਾ, ਅੰਮ੍ਰਿਤ ਸਮਿਤੋਜ, ਅਮਨ ਮਾਨਸਾ, ਪਰਵਾਜ਼ ਅਤੇ ਕੁਲਦੀਪ ਕੌਰ ਨੇ ਸੰਬੋਧਨ ਕੀਤਾ।