For the best experience, open
https://m.punjabitribuneonline.com
on your mobile browser.
Advertisement

ਹੜ੍ਹ ਪ੍ਰਭਾਵਿਤ ਖੇਤਰਾਂ ’ਚ ਸਿਆਸੀ ਆਗੂਆਂ ਦੇ ਦੌਰਿਆਂ ਦੀ ਹਨੇਰੀ

07:30 AM Jul 18, 2023 IST
ਹੜ੍ਹ ਪ੍ਰਭਾਵਿਤ ਖੇਤਰਾਂ ’ਚ ਸਿਆਸੀ ਆਗੂਆਂ ਦੇ ਦੌਰਿਆਂ ਦੀ ਹਨੇਰੀ
ਖਨੌਰੀ ਪੁੱਜ ਕੇ ਹਲਕਾ ਵਿਧਾਇਕ ਬਰਿੰਦਰ ਗੋਇਲ ਲੋਕਾਂ ਨਾਲ ਗੱਲਬਾਤ ਕਰਦੇ ਹੋਏ। ਫੋਟੋ: ਹਰਜੀਤ ਸਿੰਘ
Advertisement

ਨਿੱਜੀ ਪੱਤਰ ਪ੍ਰੇਰਕ/ਪੱਤਰ ਪ੍ਰੇਰਕ
ਸੰਗਰੂਰ/ਮੂਨਕ, 17 ਜੁਲਾਈ
ਹਲਕਾ ਵਿਧਾਇਕ ਐਡਵੋਕੇਟ ਬਰਿੰਦਰ ਗੋਇਲ ਨੇ ਖਨੌਰੀ ਪੁੱਜ ਕੇ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਹਲਕਾ ਵਿਧਾਇਕ ਵਲੋਂ ਖਨੌਰੀ ਪਿੰਡ ਦੇ ਵਸਨੀਕਾਂ ਦਾ ਧੰਨਵਾਦ ਕੀਤਾ ਕਿ ਉਹਨ੍ਹਾਂ ਨੇ ਆਪਣੀ ਮਿਹਨਤ ਸਦਕਾ ਡਰੇਨ ਦੇ ਬੰਨ੍ਹ ਨੂੰ ਖੁਦ ਹੀ ਮਜ਼ਬੂਤ ਕਰਦਿਆਂ ਖਨੌਰੀ ਸ਼ਹਿਰ ਨੂੰ ਡੁੱਬਣ ਤੋਂ ਬਚਾ ਲਿਆ ਅਤੇ ਸ਼ਹਿਰ ਵਿਚ ਪਾਣੀ ਦਾਖ਼ਲ ਨਾ ਹੋਣ ਦਿੱਤਾ। ਇਸ ਮੌਕੇ ਵਿਧਾਇਕ ਬਰਿੰਦਰ ਗੋਇਲ ਨੇ ਕਿਹਾ ਕਿ ਘੱਗਰ ਦਰਿਆ ਵਿਚ ਆਏ ਹੜ੍ਹ ਦੀ ਕੁਦਰਤੀ ਆਫ਼ਤ ਨੇ ਪਿਛਲੇ 30 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹੜ ਦੇ ਪਾਣੀ ’ਚ ਘਿਰੇ ਪਿੰਡਾਂ ਦੇ ਲੋਕਾਂ ਨੂੰ ਰਾਹਤ ਸਮੱਗਰੀ ਅਤੇ ਪਸ਼ੂਆਂ ਲਈ ਹਰਾ-ਚਾਰਾ ਪਹੁੰਚਾਉਣ ਦਾ ਕੰਮ ਜਾਰੀ ਹੈ। ਇਸ ਤੋਂ ਇਲਾਵਾ ਸਿਹਤ ਵਿਭਾਗ ਦੀਆਂ ਮੈਡੀਕਲ ਟੀਮਾਂ ਵੀ ਪਿੰਡਾਂ ਵਿਚ ਪੁੱਜ ਕੇ ਸਮੁੱਚੇ ਹਾਲਾਤ ਦਾ ਜਾਇਜ਼ਾ ਲੈ ਰਹੀਆਂ ਹਨ ਅਤੇ ਲੋੜਵੰਦ ਲੋਕਾਂ ਨੂੰ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਸਿਹਤ ਵਿਭਾਗ ਤੋਂ ਇਲਾਵਾ ਵੈਟਰਨਰੀ ਵਿਭਾਗ ਦੀਆਂ ਮੈਡੀਕਲ ਟੀਮਾਂ ਵਿਚ ਪੁੱਜ ਰਹੀਆਂ ਹਨ ਤਾਂ ਜੋ ਹੜ੍ਹ ਮਗਰੋਂ ਕਿਸੇ ਪ੍ਰਕਾਰ ਦੀ ਕੋਈ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾਵੇ। ਉਨ੍ਹਾਂ ਕਿਹਾ ਕਿ ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਪਾਣੀ ਘਟਣ ਤੋਂ ਬਾਅਦ ਸਭ ਤੋਂ ਪਹਿਲਾਂ ਕੰਮ ਘੱਗਰ ਦਰਿਆ ਦੇ ਵੱਖ-ਵੱਖ ਥਾਵਾਂ ਤੋਂ ਟੁੱਟੇ ਬੰਨ੍ਹਾਂ ਨੂੰ ਮਜ਼ਬੂਤ ਕਰਨਾ ਹੋਵੇਗਾ। ਖਨੌਰੀ ਵਾਸੀਆਂ ਦੀ ਮੰਗ ਅਨੁਸਾਰ ਖਨੌਰੀ ਨੇੜੇ ਡਰੇਨ ਦੇ ਬੰਨ੍ਹ ਨੂੰ ਉੱਚਾ ਤੇ ਮਜ਼ਬੂਤ ਕਰਕੇ ਪੱਕਾ ਕੀਤਾ ਜਾਵੇਗਾ।

Advertisement

ਖਨੌਰੀ ਪੁੱਜ ਕੇ ਹਲਕਾ ਵਿਧਾਇਕ ਬਰਿੰਦਰ ਗੋਇਲ ਲੋਕਾਂ ਨਾਲ ਗੱਲਬਾਤ ਕਰਦੇ ਹੋਏ। ਫੋਟੋ: ਹਰਜੀਤ ਸਿੰਘ
ਪਾਤੜਾਂ (ਪੱਤਰ ਪ੍ਰੇਰਕ): ਪੰਜਾਬ ਦੇ ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਨੇ ਬਾਦਸ਼ਾਹਪੁਰ ਵਿਖੇ ਹੜ੍ਹ ਦੇ ਪਾਣੀ ਤੋਂ ਪ੍ਰਭਾਵਿਤ ਬਿਜਲੀ ਗਰਿੱਡ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਗਰਿੱਡ ਦੀ 43 ਸਾਲ ਪੁਰਾਣੀ ਬਿਜਲੀ ਇਮਾਰਤ ਨੂੰ ਨਵੀਂ ਬਣਾਉਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਹੈ ਕਿ ਸੂਬੇ ਅੰਦਰ ਹੜ੍ਹਾਂ ਦੇ ਬਾਵਜੂਦ ਬਿਜਲੀ ਵਿਭਾਗ ਨੇ ਨਿਰਵਿਘਨ ਬਿਜਲੀ ਸਪਲਾਈ ਜਾਰੀ ਰੱਖੀ। ਉਨ੍ਹਾਂ ਦੱਸਿਆ ਕਿ ਪਿਛਲੇ ਸਮੇਂ ਆਏ ਤੁੂਫ਼ਾਨ ਕਰਕੇ ਬਿਜਲੀ ਨਿਗਮ ਦਾ 31 ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ, ਜਦਕਿ ਹੜ੍ਹਾਂ ਕਰਕੇ ਹੋਏ ਨੁਕਸਾਨ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਜਦੋਂ ਮੰਤਰੀ ਹੜ੍ਹ ਦੌਰਾਨ ਪਿੰਡਾਂ ’ਚ ਨਿਰਵਿਘਨ ਬਿਜਲੀ ਸਪਲਾਈ ਦੇਣ ਦੀ ਗੱਲ ਕਰ ਰਹੇ ਸਨ ਤੇ ਥੋੜ੍ਹਂ ਦੂਰੀ ਤੇ ਖੜ੍ਹੇ ਸਿਉਨਾ, ਕਾਨ, ਸਧਾਰਨ ਪੁਰ, ਨਵਾਂ ਪਿੰਡ ਕੁਲਵਾਣੂ, ਜਲਾਲਪੁਰ ਅਤੇ ਬਾਦਸ਼ਾਹਪੁਰ ਦੇ ਲੋਕ ਕਹਿ ਰਹੇ ਸੀ ਉਕਤ ਗਰਿੱਡ ਤੋਂ ਹੜ੍ਹ ਦੌਰਾਨ ਉਨ੍ਹਾਂ ਦੇ ਪਿੰਡਾਂ ਨੂੰ ਬਿਜਲੀ ਸਪਲਾਈ ਤੋਂ ਪੂਰੀ ਤਰਾਂ ਵਾਂਝਾ ਰੱਖਿਆ ਗਿਆ ਸੀ।

ਪਰਮਿੰਦਰ ਢੀਂਡਸਾ ਵਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ

ਖਨੌਰੀ ਨੇੜਲੇ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਦੌਰੇ ਮੌਕੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ।
ਸੰਗਰੂਰ/ਖਨੌਰੀ (ਪੱਤਰ ਪ੍ਰੇਰਕ): ਘੱਗਰ ਵਿਚ ਆਏ ਹੜ੍ਹ ਦੇ ਕਾਫ਼ੀ ਦਨਿ ਬੀਤ ਜਾਣ ਉਪਰੰਤ ਹੜ੍ਹ ਤੋਂ ਪ੍ਰਭਾਵਿਤ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਵੱਲ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਧਿਆਨ ਨਹੀਂ ਦੇ ਰਿਹਾ ਜਿਸ ਕਾਰਨ ਲੋਕ ਕਾਫੀ ਪ੍ਰੇਸ਼ਾਨ ਹਨ ਅਤੇ ਬਿਮਾਰੀਆਂ ਫੈਲਣ ਦਾ ਸਹਿਮ ਬਣਿਆ ਹੋਇਆ ਹੈ। ਇਹਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸੀਨੀਅਰ ਆਗੂ ਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਘੱਗਰ ਪਾਰ ਪਿੰਡਾਂ ਦੇ ਦੌਰੇ ਉਪਰੰਤ ਮੀਡੀਆ ਨਾਲ ਗੱਲਬਾਤ ਦੌਰਾਨ ਕੀਤਾ। ਢੀਂਡਸਾ ਨੇ ਅੱਜ ਖਨੌਰੀ, ਬਨਾਰਸੀ, ਬੌਪੁਰ, ਅੰਨਦਾਨਾ, ਚਾਂਦੂ, ਸ਼ਾਹਪੁਰ ਥੇੜੀ, ਮੰਡਵੀ, ਮਕਰੋੜ ਸਾਹਬਿ, ਫੂਲਦ, ਗਨੋਟਾ, ਰਾਮਪੁਰਾ, ਕੁਦਨੀ, ਹਾਂਡਾ ਆਦਿ ਪਿੰਡਾਂ ’ਚ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਸਾਰੀਆਂ ਮੁਸ਼ਕਲਾਂ ਬਾਰੇ ਪ੍ਰਸ਼ਾਸਨ ਨੂੰ ਸੂਚਿਤ ਕੀਤਾ। ਸ੍ਰੀ ਢੀਂਡਸਾ ਨੇ ਕਿਹਾ ਕਿ ਘੱਗਰ ਪਾਰ ਦੇ ਪਿੰਡਾਂ ਵਿੱਚ ਅਜੇ ਤਕ ਸਿਹਤ ਵਿਭਾਗ ਦਾ ਨਾ ਹੀ ਕੋਈ ਅਧਿਕਾਰੀ ਪੁੱਜਿਆ ਹੈ ਅਤੇ ਨਾ ਹੀ ਦਵਾਈਆਂ ਵਗੈਰਾਂ ਪੁੱਜੀਆਂ ਹਨ। ਉਹਨਾਂ ਨੇ ਸਰਕਾਰ ਤੋਂ ਲੋਕਾਂ ਨੂੰ ਤੁਰੰਤ ਰਾਹਤ ਦੇਣ ਤੇ ਮੁਸ਼ਕਲਾਂ ਹੱਲ ਕਰਵਾਉਣ ਦੀ ਮੰਗ ਕੀਤੀ।

ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਫੌਗਿੰਗ ਪ੍ਰਕਿਰਿਆ ਤੇਜ਼
ਸੰਗਰੂਰ/ਮੂਨਕ (ਨਿੱਜੀ ਪੱਤਰ ਪ੍ਰੇਰਕ/ਪੱਤਰ ਪ੍ਰੇਰਕ): ਖਨੌਰੀ ਤੇ ਮੂਨਕ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਸਿਹਤ ਤੇ ਪਸ਼ੂ ਪਾਲਣ ਵਿਭਾਗ ਨੇ ਆਪਣੀਆਂ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਹਨ। ਸਿਹਤ ਵਿਭਾਗ ਦੀਆਂ ਟੀਮਾਂ ਖੜ੍ਹੇ ਪਾਣੀ ਦੇ ਸਰੋਤਾਂ ਵਿੱਚ ਲਾਰਵੇ ਦੇ ਖਾਤਮੇ ਲਈ ਚੌਕਸ ਹਨ ਅਤੇ ਲੋਕਾਂ ਦੀ ਸਿਹਤ ਨੂੰ ਪ੍ਰਮੁੱਖਤਾ ਦਿੰਦੇ ਹੋਏ ਲਾਰਵੀਸਾਈਡ ਸਪਰੇਅ ਅਤੇ ਫੌਗਿੰਗ ਪ੍ਰਕਿਰਿਆ ਵਿੱਚ ਤੇਜ਼ੀ ਲਿਆਂਦੀ ਗਈ ਹੈ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਲੋਕਾਂ ਨੂੰ ਡੇਂਗੂ, ਮਲੇਰੀਆ, ਟਾਈਫਾਈਡ ਅਤੇ ਪੀਲੀਆ ਆਦਿ ਬਿਮਾਰੀਆਂ ਤੋਂ ਬਚਾਅ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਨੂੰ ਮੱਛਰ ਭਜਾਊ ਕਰੀਮਾਂ, ਕਲੋਰੀਨ ਦੀਆਂ ਗੋਲੀਆਂ ਅਤੇ ਹੋਰ ਲੋੜੀਂਦੀਆਂ ਦਵਾਈਆਂ ਵੀ ਵੰਡੀਆਂ ਜਾ ਰਹੀਆਂ ਹਨ।

ਕੇਂਦਰ ਹੜ੍ਹਾਂ ਨਾਲ ਨਜਿੱਠਣ ਲਈ ਪੰਜਾਬ ਨੂੰ ਹੋਰ ਫੰਡ ਭੇਜੇ: ਧਾਲੀਵਾਲ
ਪਟਿਆਲਾ (ਖੇਤਰੀ ਪ੍ਰਤੀਨਿਧ): ਪਰਵਾਸੀ ਭਾਰਤੀ ਮਾਮਲੇ ਤੇ ਪ੍ਰਬੰਧਕੀ ਸੁਧਾਰ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਹੈ ਕਿ ਪੰਜਾਬ ਵਿੱਚ ਹੜ੍ਹਾਂ ਨੇ ਕਾਫ਼ੀ ਨੁਕਸਾਨ ਕੀਤਾ ਹੈ ਪਰ ਪੰਜਾਬ ਸਰਕਾਰ ਨੇ ਹੜ੍ਹ ਪੀੜਤ ਲੋਕਾਂ ਦੀ ਸਾਰ ਲੈ ਕੇ ਇਸ ਨੁਕਸਾਨ ਨੂੰ ਘੱਟ ਕਰਨ ਦਾ ਉਪਰਾਲਾ ਕੀਤਾ ਹੈ। ਅੱਜ ਆਪਣੀ ਪਟਿਆਲਾ ਫੇਰੀ ਦੌਰਾਨ ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਹੜ੍ਹਾਂ ਨਾਲ ਨਜਿੱਠਣ ਲਈ ਪੰਜਾਬ ਨੂੰ ਲੋੜੀਂਦੇ ਫੰਡ ਜਾਰੀ ਨਹੀਂ ਕੀਤੇ। ਇਸ ਲਈ ਕੁਦਰਤੀ ਆਫ਼ਤ ਨਾਲ ਨਜਿੱਠਣ ਲਈ ਹੋਰ ਫੰਡ ਜਾਰੀ ਕਰੇ।
ਮੰਤਰੀ ਨੇ ਕਿਹਾ ਕਿ ਸੂਬੇ ਦੀਆਂ ਸੜਕਾਂ, ਪੁਲਾਂ, ਫ਼ਸਲਾਂ ਤੇ ਹੋਰ ਬੁਨਿਆਦੀ ਢਾਂਚੇ ਨੂੰ ਪੁੱਜੇ ਨੁਕਸਾਨ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ ਤੇ ਮਾਨ ਸਰਕਾਰ ਹਰ ਨੁਕਸਾਨ ਦੀ ਪੂਰਤੀ ਕਰਨ ਲਈ ਵਚਨਬੱਧ ਹੈ। ਹੜ੍ਹਾਂ ਦੌਰਾਨ ਪ੍ਰਵਾਸੀ ਭਾਰਤੀ, ਖਾਸ ਕਰਕੇ ਸਿੱਖ ਤੇ ਪੰਜਾਬੀ ਪ੍ਰਵਾਸੀ ਭਾਰਤੀਆਂ ਵੱਲੋਂ ਪਾਏ ਯੋਗਦਾਨ ਦੀ ਸ਼ਲਾਘਾ ਕਰਦਿਆਂ, ਉਨ੍ਹਾਂ ਐਨ.ਆਰ.ਆਈਜ਼ ਨੂੰ ਪੰਜਾਬ ਦੇ ਹੜ੍ਹਾਂ ਤੋਂ ਪ੍ਰਭਾਵਤ ਪਿੰਡਾਂ ਨੂੰ ਅਪਣਾਉਣ ਦੀ ਅਪੀਲ ਕੀਤੀ। ਸ੍ਰੀ ਧਾਲੀਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਲਾਂਭੇ ਕਰਨ ਲਈ ਦੇਸ਼ ਵਿੱਚ ਸੁਖਾਵਾਂ ਮਾਹੌਲ ਬਣ ਰਿਹਾ ਹੈ। ਆਪ ਵੀ ਦੇਸ਼ ਵਿੱਚ 8 ਸਾਲਾਂ ਤੋਂ ਬਣੇ ਤਾਨਾਸ਼ਾਹੀ ਤੇ ਗੁੰਡਾਗਰਦੀ ਦੇ ਮਾਹੌਲ ਨੂੰ ਖ਼ਤਮ ਕਰਨ ਲਈ ਪੁਰਜ਼ੋਰ ਯਤਨ ਕਰ ਰਹੀ ਹੈ। ਇਸ ਮੌਕੇ ਵਿਧਾਇਕ ਅਜੀਤਪਾਲ ਕੋਹਲੀ ਤੇ ਗੁਰਲਾਲ ਘਨੌਰ, ਸੁਖਵਿੰਦਰ ਪਠਾਣਮਾਜਰਾ, ਗਗਨ ਪਠਾਣਮਾਜਰਾ ਆਦਿ ਵੀ ਮੌਜੂਦ ਸਨ।

ਸਿਹਤ ਵਿਭਾਗ ਵਲੋਂ ਮੂਨਕ ਤੇ ਖਨੌਰੀ ’ਚ ਐਡਵਾਈਜ਼ਰੀ ਜਾਰੀ
ਸੰਗਰੂਰ (ਨਿਜੀ ਪੱਤਰ ਪ੍ਰੇਰਕ): ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਪਾਣੀ ਤੋਂ ਹੋਣ ਵਾਲੀਆਂ ਜਾਂ ਵੈਕਟਰ-ਬੋਰਨ ਬਿਮਾਰੀਆਂ ਤੋਂ ਬਚਾਅ ਲਈ ਸਿਹਤ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਪਰਮਿੰਦਰ ਕੌਰ ਨੇ ਦੱਸਿਆ ਕਿ ਅਜਿਹੀਆਂ ਕੁਦਰਤੀ ਆਫ਼ਤਾਂ ਦੌਰਾਨ ਲੋਕਾਂ ਨੂੰ ਸੁਰੱਖਿਅਤ ਅਤੇ ਸਿਹਤਮੰਦ ਰੱਖਣ ਲਈ ਸਿਹਤ ਵਿਭਾਗ ਹਰ ਸਮੇਂ ਯਤਨਸ਼ੀਲ ਹੈ ਅਤੇ ਵਿਭਾਗ ਵੱਲੋਂ ਪ੍ਰਭਾਵਿਤ ਖੇਤਰਾਂ ਵਿਚ 24 ਘੰਟੇ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਲੋਕਾਂ ਨੂੰ ਐਡਵਾਈਜ਼ਰੀ ਦੀ ਪੂਰੀ ਤਰ੍ਹਾਂ ਪਾਲਣਾ ਕਰਨ ਦੀ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਪੀਣ ਲਈ ਸਿਰਫ਼ ਸੁਰੱਖਿਅਤ ਪਾਣੀ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਤਰਜੀਹੀ ਤੌਰ ’ਤੇ ਉਬਾਲਿਆ ਹੋਇਆ ਪਾਣੀ ਹੀ ਵਰਤਣਾ ਚਾਹੀਦਾ ਹੈ ਜਾਂ ਪਾਣੀ ਕਲੋਰੀਨ ਯੁਕਤ ਹੋਵੇ। ਲਾਗ ਤੋਂ ਬਚਣ ਲਈ ਵਾਰ-ਵਾਰ ਸਾਬਣ ਨਾਲ ਹੱਥ ਧੋਣਾ ਜ਼ਰੂਰੀ ਹੈ। ਹੜ੍ਹ ਦੇ ਪਾਣੀ ਵਿਚ ਭਿੱਜੇ ਭੋਜਨ ਪਦਾਰਥਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਹੈ।

ਗਵਰਨਰ ਨੂੰ ਚਿੱਠੀਆਂ ਲਿਖਣ ਦੀ ਬਜਾਏ ਕੇਂਦਰ ਤੋਂ ਹੜ੍ਹ ਰਾਹਤ ਫੰਡ ਮੰਗੇ ‘ਆਪ’ ਸਰਕਾਰ: ਚੰਦੂਮਾਜਰਾ

ਦੇਵੀਗੜ੍ਹ ਤੋਂ ਸੁੱਕੇ ਚਾਰੇ ਦੀਆਂ ਟਰਾਲੀਆਂ ਰਵਾਨਾ ਕਰਦੇ ਹੋਏ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ। -ਫੋਟੋ: ਨੌਗਾਵਾਂ
ਦੇਵੀਗੜ੍ਹ ਤੋਂ ਸੁੱਕੇ ਚਾਰੇ ਦੀਆਂ ਟਰਾਲੀਆਂ ਰਵਾਨਾ ਕਰਦੇ ਹੋਏ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ। -ਫੋਟੋ: ਨੌਗਾਵਾਂ

ਦੇਵੀਗੜ੍ਹ (ਪੱਤਰ ਪ੍ਰੇਰਕ): ਹੜ੍ਹ ਦੇ ਪਾਣੀ ਨੇ ਲੋਕਾਂ ਦਾ ਭਾਰੀ ਆਰਥਿਕ ਅਤੇ ਜਾਨੀ ਨੁਕਸਾਨ ਕੀਤਾ ਹੈ। ਇਹ ਨੁਕਸਾਨ ਪੂਰਾ ਤਾਂ ਨਹੀਂ ਹੋ ਸਕਦਾ ਪਰ ਸਮਾਜ ਸੇਵੀ ਸੰਸਥਾਵਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਨੁਕਸਾਨ ਦੀ ਭਰਪਾਈ ਲਈ ਭਾਰੀ ਯਤਨ ਕਰ ਰਹੀਆਂ ਹਨ ਪਰ ਦੂਜੇ ਪਾਸੇ ਪੰਜਾਬ ਦੀ ‘ਆਪ’ ਸਰਕਾਰ ਕੇਂਦਰ ਤੋਂ ਹੜ੍ਹ ਰਾਹਤ ਫੰਡ ਮੰਗਣ ਦੀ ਬਿਜਾਏ ਘਰ ’ਚ ਕਲੇਸ਼ ਪਾਉਣ ਲਈ ਗਵਰਨਰ ਪੰਜਾਬ ਨੂੰ ਚਿੱਠੀਆਂ ਲਿਖ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਅੱਜ ਦੇਵੀਗੜ੍ਹ ਵਿਖੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ 20-25 ਟਰਾਲੀਆਂ ਪਸ਼ੂਆਂ ਲਈ ਸੁੱਕਾ ਚਾਰਾ ਅਤੇ ਰਾਸ਼ਣ ਵੰਡਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਇਸ ਇਸ ਦੁੱਖ ਦੀ ਘੜੀ ਵਿੱਚ ਪੰਜਾਬ ਸਰਕਾਰ ਦਾ ਤੰਤਰ ਮੰਤਰ ਬੁਰੀ ਤਰ੍ਹਾਂ ਫੇਲ੍ਹ ਹੋਇਆ ਹੈ ਜੋ ਕਿ ਹੜ੍ਹ ਦੇ ਮੌਕੇ ਸੜਕਾਂ ਤੇ ਕਿਤੇ ਦਿਖਿਆ ਹੀ ਨਹੀਂ ਸਗੋਂ ਦਫਤਰਾਂ ਵਿੱਚ ਬੈਠ ਕੇ ਹੀ ਕੰਮ ਦੀ ਖਾਨਾਪੂਰਤੀ ਕੀਤੀ ਹੈ।

Advertisement
Tags :
Author Image

Advertisement
Advertisement
×