ਸਾਂਵਲੀ ਕੁੜੀ
ਸਿਮਰਨ ਧਾਲੀਵਾਲ
ਕਥਾ ਪ੍ਰਵਾਹ
‘‘ਰਿਸ਼ਮ ਮੇਰੇ ਦਿਮਾਗ਼ ਵਿੱਚ ਨਹੀਂ ਮੇਰੇ ਦਿਲ ਵਿੱਚ ਸੀ।’’ ਮੈਨੂੰ ਲੱਗਿਆ ਜਿਵੇਂ ਹੁਣੇ ਕੁੰਵਰ ਬੋਲਿਆ ਹੋਵੇ, ਪਰ ਨਹੀਂ ਇਹ ਤਾਂ ਮੇਰਾ ਭੁਲੇਖਾ ਸੀ। ਉਹਨੂੰ ਤਾਂ ਮੈਂ ਆਖ਼ਰੀ ਵਾਰ ਬੋਲਦਿਆਂ ਦੋ ਦਨਿ ਪਹਿਲਾਂ ਸੁਣਿਆ ਸੀ। ਹੁਣ ਤਾਂ ਉਹ ਮੇਰੇ ਸਾਹਮਣੇ ਪਿਆ ਹੈ। ਸ਼ਾਂਤ। ਅਡੋਲ। ਨਿਸ਼ਬਦ। ਡਾਕਟਰ ਆਖਦੇ ਨੇ, ਕੁੰਵਰ ਦਾ ਬਰੇਨ ਕੰਮ ਕਰਨੋਂ ਹਟਦਾ ਜਾ ਰਿਹਾ ਹੈ। ਉਸਨੂੰ ਹਰ ਪਲ ਮਰਦਿਆਂ ਦੇਖ ਰਹੀ ਹਾਂ। ਕਦੀ-ਕਦੀ ਮਨ ਵੱਸੋਂ ਬਾਹਰ ਹੋ ਜਾਂਦਾ ਹੈ। ਅੱਥਰੂ ਬੇਰੋਕ ਵਹਿ ਤੁਰਦੇ ਨੇ। ਫਿਰ ਵੀ ਸੰਭਾਲਦੀ ਹਾਂ ਖ਼ੁਦ ਨੂੰ। ਸਿਰਫ਼ ਇਸ ਲਈ ਕਿ ਜੇਕਰ ਮੈਂ ਵੀ ਡੋਲ ਗਈ ਤਾਂ…। ਛੋਟੀ ਜਿਹੀ ਸੋਫ਼ੀਆ ਦੇ ਚਿਹਰੇ ਵੱਲ ਦੇਖ ਕੇ ਜਿਵੇਂ ਜਿਊਣ ਦਾ ਹੌਸਲਾ ਮਿਲਦਾ ਹੈ। ਜਾਣਦੀ ਹਾਂ ਕੁੰਵਰ ਤਾਂ…। ਪਰ ਸੋਫ਼ੀਆ ਨਿਸ਼ਾਨੀ ਹੈ ਸਾਡੇ ਰਿਸ਼ਤੇ ਦੀ। ਉਹ ਕੁੰਵਰ ਵਰਗੀ ਹੈ। ਸ਼ਕਲੋਂ ਵੀ ਤੇ ਤਬੀਅਤ ਤੋਂ ਵੀ। ਕੁੰਵਰ ਸੋਫ਼ੀਆ ਬਣਕੇ ਜਿਊਂਦਾ ਰਹੇਗਾ ਮੇਰੇ ਕੋਲ।
ਮੇਰੇ ਸਾਹਵੇਂ ਪੰਜ ਸਾਲ ਪਹਿਲਾਂ ਵਾਲਾ ਕੁੰਵਰ ਆਣ ਖੜ੍ਹਦਾ ਹੈ।
ਧੀਰ ਆਂਟੀ ਰਿਸ਼ਤਾ ਲੈ ਕੇ ਆਏ ਸੀ ਮੇਰੇ ਲਈ। ਮੈਂ ਉਦੋਂ ਫਾਈਨਲ ਦੇ ਪੇਪਰ ਦੇ ਰਹੀ ਸਾਂ। ਉਨ੍ਹਾਂ ਮੰਮੀ ਕੋਲ ਕੁੰਵਰ ਦੀਆਂ ਸਿਫ਼ਤਾਂ ਦੇ ਪੁਲ ਬੰਨ੍ਹ ਦਿੱਤੇ।
‘‘ਭੈਣ ਜੀ! ਮੁੰਡਾ ਜਿੰਨਾ ਸੋਹਣਾ ਉਸਤੋਂ ਕਿਤੇ ਵੱਧ ਸਿਆਣੈ। ਤੁਸੀਂ ਇੱਕ ਵਾਰ ਝਾਤੀ ਤਾਂ ਮਾਰੋ।’’ ਰਿਸ਼ਤਾ ਤਾਂ ਹੋਣਾ ਹੀ ਸੀ। ਪਰ ਇੰਨੀ ਜਲਦੀ ਮੈਨੂੰ ਆਸ ਵੀ ਨਹੀਂ ਸੀ। ਮੈਂ ਇੱਕ ਦਨਿ ਕਾਲਜ ਤੋਂ ਮੁੜੀ ਤਾਂ ਘਰੇ ਧੀਰ ਆਂਟੀ ਨਾਲ ਦੋ ਕੁ ਜਣੇ ਹੋਰ ਆਏ ਬੈਠੇ ਸਨ। ਕੁੰਵਰ ਦੀ ਮੈਨੂੰ ਪਿੱਠ ਦਿਸੀ ਸੀ। ਮੈਂ ਸੂਟ ਬਦਲਿਆ ਤੇ ਮੰਮਾ ਮੈਨੂੰ ਡਰਾਇੰਗ ਰੂਮ ਵਿੱਚ ਲੈ ਗਏ।
‘‘ਭੈਣ ਜੀ! ਮੈਨੂੰ ਤਾਂ ਦੋਵੇਂ ਘਰ ਇੱਕੋ ਜਿਹੇ ਨੇ। ਪਰਿਵਾਰਾਂ ਦਾ ਮੇਲ ਬੜਾ ਸੋਹਣਾ ਏ। ਬਾਕੀ ਸਾਡੇ ਕੋਲ ਤਾਂ ਧੀ ਹੀ ਧੀ ਐ। ਪਿਉ ਸਿਰ ’ਤੇ ਨਹੀਂ। ਭੈਣ ਜੀ ਨੇ ਪੜ੍ਹਾ-ਲਿਖਾ ਦਿੱਤਾ ਬੱਸ ਮਿਹਨਤ ਕਰਕੇ।’’ ਧੀਰ ਆਂਟੀ ਨੇ ਕੁੰਵਰ ਦੀ ਮੰਮੀ ਨੂੰ ਆਖਿਆ ਸੀ, ਪਰ ਬੋਲੇ ਉਸ ਦੇ ਪਾਪਾ ਸਨ, ‘‘ਤੁਸੀਂ ਬੇਫ਼ਿਕਰ ਰਹੋ ਭੈਣ ਜੀ! ਸਾਨੂੰ ਵੀ ਤਾਂ ਬੱਸ ਧੀ ਚਾਹੀਦੀ ਐ।’’
ਸਭ ਜਦੋਂ ਗੱਲੀਂ ਲੱਗੇ ਹੋਏ ਸੀ। ਮੈਂ ਚੋਰ ਅੱਖ ਨਾਲ ਕੁੰਵਰ ਵੱਲ ਦੇਖਿਆ। ਗੋਰਾ ਰੰਗ। ਮਾਸੂਮ ਜਿਹਾ ਚਿਹਰਾ। ਮੋਟੀਆਂ ਅੱਖਾਂ ਤੇੇ ਅਦਾਕਾਰਾਂ ਵਰਗੇ ਬਣਾਏ ਹੋਏ ਵਾਲ।
ਮੈਂ ਜਿਵੇਂ ਦਿਲ ਹਾਰ ਬੈਠੀ।
‘‘ਮੇਰੇ ਖ਼ਿਆਲ ’ਚ ਬੱਚੇ ਆਪਸ ਵਿੱਚ ਗੱਲਬਾਤ ਕਰ ਲੈਣ ਤਾਂ ਬਿਹਤਰ ਹੋਏਗਾ।’’ ਧੀਰ ਆਂਟੀ ਦੀ ਗੱਲ ਨਾਲ ਮੈਂ ਸ਼ਰਮਾਅ ਗਈ। ਉਨ੍ਹਾਂ ਮੈਨੂੰ ਤੇ ਕੁੰਵਰ ਨੂੰ ਛੱਤ ਉੱਪਰ ਭੇਜ ਦਿੱਤਾ। ਦਨਿ ਢਲ ਰਿਹਾ ਸੀ। ਆਸਮਾਨ ਵਿੱਚ ਬੱਦਲ ਸਨ। ਅਸੀਂ ਇੱਕ ਦੂਜੇ ਸਾਹਮਣੇ ਮੌਨ ਧਾਰੀ ਖਲੋਤੇ ਰਹੇ। ਕੁੰਵਰ ਦੀਆਂ ਨਜ਼ਰਾਂ ਨੀਵੀਆਂ ਸਨ।
‘‘ਕਿੰਨਾ ਸ਼ਰਮਾਕਲ ਹੈ ਇਹ ਤਾਂ।’’ ਮੈਂ ਮਨ ਵਿੱਚ ਸੋਚ ਕੇ ਮੁਸਕੁਰਾ ਪਈ।
‘‘ਮਾਸਟਰਜ਼ ਕਾਹਦੇ ਵਿੱਚ ਹੈ ਤੁਹਾਡੀ?’’ ਗੱੱਲ ਤੋਰਨ ਦੇ ਬਹਾਨੇ ਮੈਂ ਐਵੇਂ ਹੀ ਪੁੱਛ ਲਿਆ।
‘‘ਜੀ ਇੰਗਲਿਸ਼ ਲਿਟਰੇਚਰ ਵਿੱਚ।’’ ਕੁੰਵਰ ਬੋਲਿਆ ਤਾਂ ਸਹੀ, ਪਰ ਉਹਨੇ ਨਜ਼ਰਾਂ ਨੀਵੀਆਂ ਰੱਖੀਆਂ।
ਥੋੜ੍ਹਾ-ਥੋੜ੍ਹਾ ਮੈਂ ਹੈਰਾਨ ਵੀ ਸਾਂ। ਅੰਗਰੇਜ਼ੀ ਸਾਹਿਤ ਪੜ੍ਹਨ ਵਾਲਾ ਇਹ ਮੁੰਡਾ ਇੰਨਾ ਕਿਉਂ ਸ਼ਰਮਾਈ ਜਾਂਦਾ ਹੈ, ਪਰ ਹੁਣ ਮੈਨੂੰ ਮੋੜਵੇਂ ਸਵਾਲ ਦੀ ਆਸ ਸੀ।
‘‘ਨੀਚੇ ਚੱਲੀਏ ਫੇਰ?’’ ਕੁੰਵਰ ਨੇ ਨਜ਼ਰਾਂ ਚੁੱਕ ਕੇ ਮੇਰੇ ਵੱਲ ਦੇਖਿਆ ਤੇ ਹਲਕਾ ਜਿਹਾ ਮੁਸਕਰਾ ਪਿਆ।
‘‘ਤੁਸੀਂ ਪੁੱਛਣਾ ਨਹੀਂ ਕੁਝ ਮੈਨੂੰ?’’ ਮੇਰਾ ਦਿਲ ਕਰਦਾ ਸੀ ਉਹ ਹੋਰ ਗੱਲਾਂ ਕਰੇ, ਪਰ ਇਹ ਮੈਂ ਕਹਿ ਨਾ ਸਕੀ। ਅਸੀਂ ਨੀਚੇ ਆ ਗਏ। ਕੁੰਵਰ ਦੀ ਮੁਸਕਰਾਹਟ ਮੇਰੇ ਦਿਲ ਵਿੱਚ ਲਹਿ ਗਈ ਸੀ।
* * *
ਕੁੰਵਰ ਆਖ਼ਰੀ ਵਾਰ ਕਦ ਹੱਸਿਆ ਸੀ, ਮੈਨੂੰ ਲੱਗਦਾ ਜਿਵੇਂ ਮੈਂ ਇਹ ਭੁੱਲ ਗਈ ਹੋਵਾਂ।
ਮੈਂ ਚਾਰ ਦਨਿ ਲਈ ਆਪਣੇ ਸਟੂਡੈਂਟਸ ਨਾਲ ਧਰਮਸ਼ਾਲਾ ਗਈ ਸਾਂ। ਕੁੰਵਰ ਤੇ ਸੋਫ਼ੀਆ ਮੈਨੂੰ ਸਟਾਪ ਤੱਕ ਛੱਡ ਕੇ ਆਏ। ਕਾਲਜ ਬੱਸ ਵਿੱਚ ਬੈਠੀ, ਮੈਂ ਬਾਰੀ ਵਿਚਦੀ ਕੁੰਵਰ ਦੀ ਕਾਰ ਨੂੰ ਉਦੋਂ ਤੱਕ ਦੇਖਦੀ ਰਹੀ, ਜਦ ਤੱਕ ਬੱਸ ਦੂਰ ਨਿਕਲ ਕੇ ਕਾਰ ਮੈਨੂੰ ਦਿਖਾਈ ਦੇਣੋਂ ਨਾ ਹਟੀ। ਇਹ ਸਾਡੇ ਵਿਆਹ ਤੋਂ ਬਾਅਦ ਪਹਿਲਾ ਮੌਕਾ ਸੀ, ਜਦੋਂ ਮੈਂ ਕੁੰਵਰ ਤੇ ਘਰ ਤੋਂ ਦੂਰ ਬਾਹਰ ਰਹਿਣਾ ਸੀ। ਇਹ ਪਹਿਲੀ ਵਾਰ ਸੀ ਜਦੋਂ ਸੋਫ਼ੀਆ ਨੇ ਮੇਰੇ ਤੋਂ ਬਗੈਰ ਚਾਰ ਦਨਿ ਇਕੱਲਿਆਂ ਰਹਿਣਾ ਸੀ। ਧਰਮਸ਼ਾਲਾ ਦੀ ਹਰਿਆਲੀ ਵਿੱਚ ਵੀ ਮੈਨੂੰ ਘਰ ਕੁੰਵਰ ਤੇ ਸੋਫ਼ੀਆ ਯਾਦ ਆਉਂਦੇ ਰਹੇ। ਮੈਂ ਵੀਡੀਓ ਕਾਲ ’ਤੇ ਦੋਵਾਂ ਪਿਉ ਧੀ ਨੂੰ ਦੇਖਦੀ।
ਜਿਸ ਦਨਿ ਅਸੀਂ ਵਾਪਸ ਆ ਰਹੇ ਸਾਂ। ਉਸ ਦਨਿ ਆਖ਼ਰੀ ਵਾਰ ਮੇਰੀ ਕੁੰਵਰ ਨਾਲ ਗੱਲ ਹੋਈ। ਉਹ ਘਰੋਂ ਬਾਹਰ ਸੀ ਕਿਤੇ, ਪਰ ਮੈਨੂੰ ਮੇਰੇ ਸਟਾਪ ਤੋਂ ਲੈਣ ਆਉਣ ਵਾਲਾ ਸੀ। ਨੇੜੇ ਆ ਕੇ ਮੈਂ ਫੋਨ ਕੀਤਾ। ਪਰ ਕੁੰਵਰ ਦਾ ਨੰਬਰ ਬੰਦ ਆ ਰਿਹਾ ਸੀ। ਮੈਂ ਹੈਰਾਨ ਹੋਈ। ਹੁਣੇ ਥੋੜ੍ਹੀ ਦੇਰ ਪਹਿਲਾਂ ਹੀ ਤਾਂ ਮੇਰੀ ਗੱਲ ਹੋਈ ਸੀ। ਮੈਂ ਪਾਪਾ ਨੂੰ ਫੋਨ ਕੀਤਾ। ਉਨ੍ਹਾਂ ਆਖਿਆ, ਕੁੰਵਰ ਕਿੱਧਰੇ ਬਿਜ਼ੀ ਹੈ, ਮੈਂ ਲੈਣ ਆ ਰਿਹਾ ਹਾਂ। ਮੈਂ ਥੋੜ੍ਹਾ ਹੋਰ ਹੈਰਾਨ ਹੋਈ, ਪਰ ਆਖਿਆ ਕੁਝ ਨਾ।
ਪਾਪਾ ਘਰ ਜਾਣ ਦੀ ਥਾਂ ਮੈਨੂੰ ਇੱਥੇ ਲੈ ਆਏ। ਕੁੰਵਰ ਦੇ ਕੋਲ।
ਮੈਂ ਦੇਖ ਕੇ ਸੁੰਨ ਹੋ ਗਈ। ਆਈ.ਸੀ.ਯੂ. ਦੇ ਸ਼ੀਸ਼ੇ ਵਿੱਚੋਂ ਕੁੰਵਰ ਦਾ ਬੱਸ ਚਿਹਰਾ ਦਿਸਿਆ ਸੀ।
‘‘ਜਦੋਂ ਤੇਰਾ ਫੋਨ ਆਇਆ। ਉਦੋਂ ਬਾਅਦ ਹੀ ਕਿਤੇ ਘਰ ਨੂੰ ਆਉਂਦਿਆਂ ਰੋਡ ਡਿਵਾਈਡਰ ਨਾਲ ਸਿਰ ਵੱਜਾ…।’’ ਦੱਸਦੇ ਹੋੋਏ ਮੰਮੀ ਰੋਣ ਲੱਗੇ। ਮੇਰੀ ਜਿਵੇਂ ਸੁਰਤੀ ਹੀ ਮਾਰੀ ਗਈ। ਮੈਂ ਰੋਂਦੀ-ਰੋਂਦੀ ਬੇਹੋਸ਼ ਹੋ ਗਈ। ਜਦੋਂ ਹੋਸ਼ ਆਈ, ਮੰਮੀ ਮੇਰਾ ਸਿਰ ਆਪਣੀ ਗੋਦ ਵਿੱਚ ਲਈ ਬੈਠੇ ਸਨ।
ਅੱਜ ਸੱਤਵਾਂ ਦਨਿ ਹੈ।
ਮੈਂ ਹਸਪਤਾਲ ਬੈਠੀ ਹਾਂ। ਉਡੀਕ ਰਹੀ ਹਾਂ। ਕਦੋਂ ਕੁੰਵਰ ਨੂੰ ਹੋਸ਼ ਆਵੇ ਤੇ ਕਦੋਂ ਮੈਂ ਉਸ ਨੂੰ ਹੱਸਦਿਆਂ ਦੇਖਾਂ।
ਪਰਸੋਂ ਉਸ ਨੂੰ ਹੋਸ਼ ਆਈ ਸੀ। ਡਾਕਟਰ ਨੇ ਮੈਨੂੰ ਅੰਦਰ ਬੁਲਾਇਆ। ਕੁੰਵਰ ਕੁਝ ਬੋਲ ਰਿਹਾ ਸੀ। ਮੈਂ ਨੇੜੇ ਹੋ ਕੇ ਸੁਣਨ ਦੀ ਕੋਸ਼ਿਸ਼ ਕੀਤੀ। ਮੇਰੀਆਂ ਅੱਖਾਂ ਛਲਕ ਆਈਆਂ।
‘‘ਕੁੰਵਰ ਤੂੰ ਜਲਦੀ ਠੀਕ ਹੋ ਫੇਰ ਆਪਾਂ…।’’ ਮੈਂ ਉਹਦੇ ਮੱਥੇ ’ਤੇ ਫੇਰਿਆ। ਬਾਹਰ ਆਈ, ਘਰ ਫੋਨ ਕੀਤਾ। ਸੋਚਿਆ ਪਾਪਾ ਸੋਫ਼ੀਆ ਨੂੰ ਵੀ ਲੈ ਆਉਣਗੇ। ਵਿਚਾਰੀ ਰੋਜ਼ ਜ਼ਿੱਦ ਕਰਦੀ ਹੈ ਕੁੰਵਰ ਨੂੰ ਮਿਲਣ ਦੀ। ਸਮਝਾ ਦਿਆਂਗੀ ਕਿ ਪਾਪਾ ਬਿਮਾਰ ਨੇ, ਅਜੇ ਕੁਝ ਦਨਿ ਹੋਰ ਇੱਥੇ ਰਹਿਣਗੇ, ਫੇਰ ਆਪਾਂ ਘਰ ਜਾਵਾਂਗੇ। ਉਸੇ ਸ਼ਾਮ ਜਿਵੇਂ ਕੁੰਵਰ ਨੂੰ ਕੋਈ ਦੌਰਾ ਜਿਹਾ ਪਿਆ। ਉਹ ਮੁੜ ਬੇਹੋਸ਼ ਹੋ ਗਿਆ।
ਕੁੰਵਰ ਦਾ ਸਾਥ ਹਰ ਪਲ ਰੇਤ ਵਾਂਗ ਕਿਰਦਾ ਮਹਿਸੂਸ ਹੋ ਰਿਹਾ ਹੈ।
* * *
ਕੁੰਵਰ ਦੇ ਮੰਮੀ ਨੇ ਮੌਲ਼ੀ ਦੀ ਤੰਦ ਮੇਰੇ ਗੁੱਟ ਉੱਤੇ ਬੰਨ੍ਹ ਕੇ ਸਾਡਾ ਸਾਥ ਤੈਅ ਕਰ ਦਿੱਤਾ ਸੀ। ਅਸੀਂ ਨੀਚੇ ਆਏ। ਦੋਵਾਂ ਪਾਸਿਆਂ ਦੀ ਸਹਿਮਤੀ ਹੋਈ ਤੇ ਸ਼ਗਨ ਮੇਰੀ ਝੋਲੀ ਪਾ ਕੇ ਉਨ੍ਹਾਂ ਮੈਨੂੰ ਨੂੰਹ ਮੰਨ ਲਿਆ।
ਦੋ ਕੁ ਮਹੀਨਿਆਂ ਬਾਅਦ ਧੀਰ ਆਂਟੀ ਵਿਆਹ ਦੀ ਤਾਰੀਕ ਦੱਸਣ ਲਈ ਆ ਗਏ। ਅਕਤੂਬਰ ਦੇ ਅਖ਼ੀਰ ਵਿੱਚ ਸਾਡਾ ਵਿਆਹ ਸੀ। ਵਿਚਕਾਰ ਦੇ ਇਨ੍ਹਾਂ ਦੋ ਕੁ ਮਹੀਨਿਆਂ ਵਿੱਚ ਫੋਨ ’ਤੇ ਹੋਈ ਗੱਲਬਾਤ ਦੌਰਾਨ ਹੀ ਕੁੰਵਰ ਨੇ ਦੱਸਿਆ ਸੀ ਕਿ ਉਹ ਪੰਜਾਬੀ ਵਿੱਚ ਕਵਿਤਾਵਾਂ ਲਿਖਦਾ ਹੈ। ਮੈਂ ਕੁੰਵਰ ਦੇ ਇਸ ਹੁਨਰ ’ਤੇ ਹੋਰ ਹੈਰਾਨ ਹੋਈ।
‘‘ਅੰਗਰੇਜ਼ੀ ਸਾਹਿਤ ਪੜ੍ਹਨ ਵਾਲਾ ਬੰਦਾ ਕਵਿਤਾਵਾਂ ਪੰਜਾਬੀ ਵਿੱਚ ਲਿਖਦੈ। ਇੰਪਰੈਸਿਵ।’’ ਮੈਨੂੰ ਮਾਣ ਮਹਿਸੂਸ ਹੋਇਆ ਸੀ।
‘‘ਮੈਂ ਆਪਣੀ ਫੇਵਰਿਟ ਕਵਿਤਾ ਸੁਣਾਉਂਦਾ ਹਾਂ,’’ ਕੁੰਵਰ ਆਪਣੀ ਲਿਖੀ ਆਪਣੀ ਪਸੰਦ ਦੀ ਕਵਿਤਾ ਸੁਣਾਉਣ ਲੱਗਿਆ।
‘‘ਇਹ ਸਾਂਵਲੀ ਕੁੜੀ ਹੈ ਕੌਣ ਭਲਾ?’’ ਉਸਦੀ ਕਵਿਤਾ ‘ਸਾਂਵਲੀ ਕੁੜੀ’ ਸੁਣ ਕੇ ਮੈਂ ਹਾਸੇ ਨਾਲ ਪੁੱਛਿਆ ਸੀ।
‘‘ਕੋਈ ਵੀ ਨਹੀਂ।’’ ਮੈਂ ਕੁੰਵਰ ਨੂੰ ਦੇਖ ਨਹੀਂ ਸਾਂ ਰਹੀ ਪਰ ਲੱਗਿਆ, ਜਿਵੇਂ ਉਹਨੇ ਸ਼ਰਮਾਅ ਕੇ ਨਜ਼ਰਾਂ ਨੀਵੀਆਂ ਕਰ ਲਈਆਂ ਹੋਣ।
‘ਮੇਰਾ ਭੋਲੂ ਰਾਮ।’ ਮਨ ਵਿੱਚ ਸੋਚ ਕੇ ਮੈਨੂੰ ਕੁੰਵਰ ਉੱਪਰ ਅੰਤਾਂ ਦਾ ਮੋਹ ਆਇਆ ਸੀ।
ਕੁੰਵਰ ਦੇ ਸਾਥ ਦੀ ਕਲਪਨਾ ਕਰਦਿਆਂ-ਕਰਦਿਆਂ ਮੈਂ ਕਦ ਉਹਦੇ ਘਰ ਆ ਗਈ ਮੈਨੂੰ ਖ਼ੁਦ ਨੂੰ ਵੀ ਪਤਾ ਨਾ ਲੱਗਾ। ਸਾਰਾ ਕੁਝ ਜਿਵੇਂ ਮਹਿਕ ਰਿਹਾ ਸੀ। ਕੁੰਵਰ ਮੈਨੂੰ ਪਹਿਲਾਂ ਨਾਲੋਂ ਵੀ ਵੱਧ ਪਿਆਰਾ ਤੇ ਸੋਹਣਾ ਲੱਗਾ।
‘‘ਆਪਾਂ ਸਿਰਫ਼ ਗੱਲਾਂ ਕਰਾਂਗੇ। ਪੂਰੀ ਜ਼ਿੰਦਗੀ ਸਾਡੇ ਮੂਹਰੇ ਬਾਕੀ ਪਈ ਹੈ।’’ ਪਹਿਲੀ ਰਾਤ ਬੈਡਰੂਮ ਵਿੱਚ ਆਉਂਦਿਆਂ ਉਸ ਨੇ ਹੋਰ ਵੀ ਸੋਹਣੀ ਗੱਲ ਕੀਤੀ ਸੀ। ਸਾਰੀ ਰਾਤ ਜਿਵੇਂ ਗੱਲਾਂ ਕਰਦਿਆਂ ਬੀਤ ਗਈ। ਅਸੀਂ ਹਜ਼ਾਰਾਂ ਗੱਲਾਂ ਕੀਤੀਆਂ। ਉਸ ਰਾਤ ਹੀ ਕੁੰਵਰ ਨੇ ਰਿਸ਼ਮ ਦਾ ਜ਼ਿਕਰ ਕੀਤਾ ਸੀ।
‘‘ਅਸੀਂ ਯੂਨੀਵਰਸਿਟੀ ਮਿਲੇ ਸਾਂ, ਪਰ ਹਮੇਸ਼ਾ ਲਈ ਨਹੀਂ ਮਿਲ ਸਕੇ।’’
ਮੇਰੇ ਚਿਹਰੇ ਵੱਲ ਝਾਕਿਆ ਸੀ ਕੁੰਵਰ।
‘‘ਮੈਂ ਅਸੀਮ ਮੁਹੱਬਤ ਕੀਤੀ ਸੀ ਉਸਨੂੰ। ਪਰ ਹੁਣ ਉਹ ਮੇਰਾ ਅਤੀਤ ਹੈ। ਸ਼ਾਇਦ ਤੈਨੂੰ ਬੁਰਾ ਵੀ ਲੱਗੇ, ਪਰ…।’’ ਉਸ ਨੇ ਝਕਦਿਆਂ ਆਖਿਆ ਸੀ।
ਪਰ ਮੈਨੂੰ ਚੰਗਾ ਲੱਗਿਆ ਸੀ। ਕੁੰਵਰ ਦਾ ਇਉਂ ਸੱਚ ਬੋਲਣਾ। ਆਪਣੇ ਦਿਲ ਦੀ ਹਰ ਗੱਲ ਸਾਂਝੀ ਕਰਨਾ। ਮੈਂ ਕੁੰਵਰ ਦੇ ਹਰ ਰੰਗ ਨੂੰ ਅਪਣਾ ਲਿਆ। ਉਹ ਵੀ ਅੰਤਾਂ ਦਾ ਮੋਹ ਕਰਦਾ। ਮੈਂ ਕਿਸੇ ਵੀ ਪਲ ਉਸ ਤੋਂ ਦੂਰ ਨਾ ਹੁੰਦੀ। ਮੈਂ ਕੁੰਵਰ ਦੀ ਹਰ ਪਸੰਦ ਦਾ ਖ਼ਿਆਲ ਰੱਖਦੀ। ਕਦੋਂ ਕਰੇਲੇ ਮੇਰੇ ਫੇਵਰਿਟ ਬਣ ਗਏ ਮੈਨੂੰ ਪਤਾ ਹੀ ਲੱਗਾ। ਮੈਂ ਭੁੱਲ ਗਈ ਸਾਂ ਕਿ ਪੀਲਾ ਰੰਗ ਮੇਰੀ ਨਹੀਂ, ਕੁੰਵਰ ਦੀ ਪਸੰਦ ਹੈ। ਪਤਾ ਨਹੀਂ ਕਿਵੇਂ ਮੇਰੀ ਅਲਮਾਰੀ ਵਿੱਚ ਪੀਲੇ ਰੰਗ ਦੇ ਸੂਟ ਵਧਣ ਲੱਗੇ। ਸ਼ੋਰ ਲੱਗਣ ਵਾਲਾ ਸੰਗੀਤ ਹਰ ਵੇਲੇ ਮੇਰੇ ਆਸ-ਪਾਸ ਵੱਜਣ ਲੱਗਾ। ਕਿਤਾਬਾਂ ਮੇਰੇ ਸਿਰਹਾਣੇ ਥੱਲੇ ਟਿਕਣ ਲੱਗੀਆਂ।
ਇਹ ਰੰਗ ਕੁੰਵਰ ਦੇ ਸਨ ਜਨਿ੍ਹਾਂ ਵਿੱਚ ਮੈਂ ਖ਼ੁਦ ਨੂੰ ਰੰਗ ਲਿਆ ਸੀ।
ਮੈਂ ਕੁੰਵਰ ਦੀ ਉਦਾਸੀ ਮਿਟਾਉਣਾ ਚਾਹੁੰਦੀ ਸਾਂ। ਰਿਸ਼ਮ ਦੇ ਖ਼ਿਆਲਾਂ ਦੀ ਉਦਾਸੀ ਵਿੱਚੋਂ ਉਸ ਨੂੰ ਬਾਹਰ ਕੱਢਣਾ ਚਾਹੁੰਦੀ ਸਾਂ।
ਅਸੀਂ ਘੁੰਮਣ ਲਈ ਗਏ।
ਦੂਰ ਪਹਾੜੀ ਦੇ ਆਖ਼ਰ ’ਚ ਸਭ ਤੋਂ ਪੁਰਾਣੇ ਹੋਟਲ ਵਿੱਚ ਕਮਰਾ ਬੁੱਕ ਕਰਵਾਇਆ ਸੀ ਕੁੰਵਰ ਨੇ।
‘‘ਕੁੰਵਰ! ਕਿੰਨੇ ਤਾਂ ਹੋਟਲ ਨੇ ਆਪਾਂ ਇੱਥੇ ਕਿਉਂ ਆ ਗਏ?’’ ਹੋਟਲ ਦੀ ਹਾਲਤ ਦੇਖ ਕੇ ਮੈਂ ਹੈਰਾਨ ਹੋਈ।
‘‘ਮੈਂ ਆਪਣੀ ਕਲਾਸ ਨਾਲ ਇੱਥੇ ਰੁਕਿਆ ਸੀ। ਇੱਥੇ ਹੀ ਮੈਂ ਰਿਸ਼ਮ ਨੂੰ ਆਪਣੇ ਦਿਲ ਦੀ ਗੱਲ ਦੱਸੀ ਸੀ। ਕੱਲ੍ਹ ਤੈਨੂੰ ਉਹ ਰੁੱਖ ਦਿਖਾਊਂ ਜਿਸ ਹੇਠ ਅਸੀਂ ਖੜ੍ਹੇ ਸਾਂ ਉਸ ਪਲ।’’
ਮੈਂ ਕੁੰਵਰ ਦੀ ਇਸ ਗੱਲ ’ਤੇ ਹੱਸ ਪਈ। ਉਸ ਦਾ ਚਿਹਰਾ ਮੈਨੂੰ ਹੋਰ ਵੀ ਮਾਸੂਮ ਜਿਹਾ ਲੱਗਿਆ। ਮੈਂ ਉਹਨੂੰ ਬਾਹਾਂ ਵਿੱਚ ਘੁੱਟ ਲਿਆ।
ਅਗਲੇ ਦਨਿ ਅਸੀਂ ਤੜਕਸਾਰ ਉਸ ਰੁੱਖ ਹੇਠਾਂ ਖੜ੍ਹੇ ਸਾਂ ਜਿੱਥੇ ਕੁੰਵਰ ਨੇ ਆਪਣੀ ਮੁਹੱਬਤ ਦਾ ਇਜ਼ਹਾਰ ਕੀਤਾ ਸੀ।
‘‘ਹੂੰਅਅਅ! ਤਾਂ ਇਹ ਹੈ ਰੁੱਖ ਜਿੱਥੇ ਮੇਰੇ ਬੁੱਧ ਜੀ ਨੂੰ ਮੁਹੱਬਤ ਦਾ ਚਾਨਣ ਮਿਲਿਆ ਸੀ।’’ ਅਸੀਂ ਦੋਵੇਂ ਹੱਸ ਪਏ। ਤਿੰਨ ਦਨਿ ਅਸੀਂ ਰਹੇ ਸਾਂ ਊੱਥੇ। ਕੁੰਵਰ ਨੇ ਆਪਣੀਆਂ ਤੇ ਰਿਸ਼ਮ ਦੀਆਂ ਕਈ ਗੱਲਾਂ ਸੁਣਾਈਆਂ। ਮੈਂ ਸੁਣਦੀ। ਕਦੇ ਹੱਸਦੀ। ਕਦੇ ਗੰਭੀਰ ਹੋ ਜਾਂਦੀ।
ਮੈਨੂੰ ਕੁੰਵਰ ਦੇ ਮੋਹ ਭਰੇ ਅਹਿਸਾਸ ਚੰਗੇ-ਚੰਗੇ ਲੱਗਦੇ।
ਮੈਂ ਖ਼ੁਦ ਨਾਲ ਵਾਅਦਾ ਕੀਤਾ। ਹਰ ਉਸ ਖਲਾਅ ਨੂੰ ਭਰਨ ਦਾ, ਜੋ ਰਿਸ਼ਮ ਪੈਦਾ ਕਰਕੇ ਗਈ ਸੀ। ਮੈਂ ਕੁੰਵਰ ਨੂੰ ਸਾਹਾਂ ਵਿੱਚ ਵਸਾ ਲਿਆ। ਰੱਜ ਕੇ ਪਿਆਰ ਕੀਤਾ। ਬਦਲੇ ਵਿੱਚ ਉਹ ਮੈਨੂੰ ਦੂਣਾ ਪਿਆਰ ਦਿੰਦਾ। ਉਸ ਦੀਆਂ ਮਾਸੂਮ ਜਿਹੀਆਂ ਗੱਲਾਂ ਮੇਰਾ ਮਨ ਮੋਹ ਲੈਂਦੀਆਂ। ਕੁੰਵਰ ਦੀ ਕਜ਼ਨ ਦੀ ਮੈਰਿਜ ਸੀ। ਅਸੀਂ ਸ਼ਾਪਿੰਗ ਲਈ ਉਨ੍ਹਾਂ ਦੇ ਨਾਲ ਗਏ। ਸਰਾਫ਼ ਕੋਲੋਂ ਉਸ ਲਈ ਚੂੜੀਆਂ ਦੇਖੀਆਂ। ਮੈਨੂੰ ਡਿਜ਼ਾਈਨ ਬੜਾ ਚੰਗਾ ਲੱਗਾ। ਦੂਜੇ ਦਨਿ ਉਸੇ ਡਿਜ਼ਾਈਨ ਦੀ ਚੂੜੀਆਂ ਮੇਰੇ ਸਾਹਮਣੇ ਸਨ।
‘‘ਕੁੰਵਰ… ਮੈਂ ਕਦ ਮੰਗੀਆਂ ਸੀ?’’ ਖ਼ੁਸ਼ੀ ਤੇ ਹੈਰਾਨੀ ਦੇ ਰਲੇ-ਮਿਲੇ ਭਾਵਾਂ ਨਾਲ ਮੈਂ ਉਸ ਨੂੰ ਪੁੱਛਿਆ।
‘‘ਤੂੰ ਮੰਗੀਆਂ ਨਹੀਂ, ਪਰ ਮੈਂ ਤੇਰੀਆਂ ਅੱਖਾਂ ਵਿੱਚ ਪੜ੍ਹ ਲਿਆ ਸੀ।’’ ਨਜ਼ਰਾਂ ਪੜ੍ਹ ਲੈਣ ਵਾਲੇ ਕੁੰਵਰ ਦਾ ਮੈਂ ਮੱਥਾ ਚੁੰਮ ਲਿਆ ਸੀ।
* * *
ਮੇਰੀਆਂ ਅੱਖਾਂ ਸਾਹਵੇਂ ਕੁੰਵਰ ਹਰ ਪਲ ਮੌਤ ਵੱਲ ਵਧ ਰਿਹਾ ਹੈ।
‘‘ਤੁਸੀਂ ਚਾਹੋ ਤਾਂ ਇਨ੍ਹਾਂ ਨੂੰ ਘਰ ਲੈ ਕੇ ਜਾ ਸਕਦੇ ਹੋ। ਰਿਕਵਰੀ ਦੇ ਚਾਂਸ ਤਾਂ ਬਹੁਤ ਥੋੜ੍ਹੇ ਨੇ…।’’ ਡਾਕਟਰ ਨੇ ਸਭ ਸਾਫ਼-ਸਾਫ਼ ਕਹਿ ਦਿੱਤਾ ਸੀ, ਪਰ ਮੈਂ ਜ਼ੀਰੋ ਤੱਕ ਵੀ ਚਾਂਸ ਲੈਣ ਨੂੰ ਤਿਆਰ ਹਾਂ।
‘‘ਮੈਂ ਹਰ ਥਾਂ ਤੇਰੇ ਨਾਲ ਹੋਵਾਂਗੀ ਕੁੰਵਰ।’’ ਮੈਨੂੰ ਮੇਰੇ ਕਹੇ ਬੋਲ ਯਾਦ ਆਉਂਦੇ। ਪਿਛਲੇ ਸੱਤ ਦਨਿਾਂ ਤੋਂ ਮੈਂ ਹਰ ਪਲ ਉਸ ਦੇ ਨਾਲ ਹਾਂ। ਜਿਊਂਦੇ ਰਹਿਣ ਲਈ ਘਰੋਂ ਆਇਆ ਖਾਣਾ ਖਾ ਲੈਂਦੀ ਹਾਂ। ਅੱਖਾਂ ਵਿੱਚ ਕੁੰਵਰ ਦੀਆਂ ਯਾਦਾਂ ਘੁੰਮਦੀਆਂ ਨੇ। ਇਸ ਲਈ ਹੁਣ ਇਨ੍ਹਾਂ ਵਿੱਚ ਨੀਂਦ ਨਹੀਂ ਉਤਰਦੀ। ਹਸਪਤਾਲ ਤੋਂ ਬਾਹਰ ਵੀ ਕੋਈ ਦੁਨੀਆ ਹੈ, ਮੈਂ ਜਿਵੇਂ ਭੁੱਲ ਗਈ ਹਾਂ। ਪਾਪਾ ਦੋ ਕੁ ਵਾਰ ਸੋਫ਼ੀਆ ਨੂੰ ਲੈ ਕੇ ਆਏ ਸਨ। ਮੈਂ ਪਿਆਰ ਨਾਲ ਸਮਝਾਇਆ, ‘‘ਗੁਗੂ ਪਾਪਾ ਠੀਕ ਨਹੀਂ। ਤੂੰ ਦਾਦੀ ਮੰਮਾ ਕੋਲ ਖੇਡ। ਮੰਮਾ ਪਾਪਾ ਨੂੰ ਲੈ ਕੇ ਆਉਣਗੇ।’’ ਆਦਤ ਅਨੁਸਾਰ ਇਹੀ ਸ਼ਬਦ ਉਹਨੇ ਕਈ ਵਾਰ ਦੁਹਰਾਇਆ ਤੇ ਆਪਣੇ ਦਾਦੂ ਪਾਪਾ ਨਾਲ ਘਰ ਮੁੜ ਗਈ।
ਮੈਂ ਧਰਮਸ਼ਾਲਾ ਤੋਂ ਇੱਕ ਲੱਕੜ ਦਾ ਬਣਿਆ ਐਂਟੀਕ ਜਿਹਾ ਪੈੱਨ ਸਟੈਂਡ ਖ਼ਰੀਦਿਆ ਸੀ ਕੁੰਵਰ ਲਈ।
‘‘ਲੇਖਕ ਸਾਹਬ! ਆਪਣੇ ਪੈੱਨ ਇਸ ਵਿੱਚ ਰੱਖਿਓ ਤੇ ਕਵਿਤਾਵਾਂ ਲਿਖਿਓ।’’ ਵੀਡੀਓ ਕਾਲ ’ਤੇ ਪੈੱਨ ਸਟੈਂਡ ਦਿਖਾਉਂਦਿਆਂ ਮੈਂ ਆਖਿਆ ਸੀ।
ਕੁੰਵਰ ਬਹੁਤ ਖ਼ੁਸ਼ ਹੋਇਆ।
ਬੈਗ ਉਸ ਦਨਿ ਦਾ ਉਸੇ ਤਰ੍ਹਾਂ ਹੀ ਮੇਰੇ ਕਮਰੇ ਵਿੱਚ ਪਿਆ ਹੈ। ਇੱਕ ਪਲ ਲਈ ਮਨ ਕੀਤਾ, ਮੰਮੀ ਨੂੰ ਕਹਾਂ ਕਿ ਮੇਰੇ ਬੈੱਗ ਵਿੱਚੋਂ ਕੱਢ ਕੇ ਉਹ ਪੈੱਨ ਸਟੈਂਡ ਕੁੰਵਰ ਦੇ ਸਟੱਡੀ ਟੇਬਲ ’ਤੇ ਧਰ ਦਿਓ, ਪਰ ਫੇਰ ਖ਼ਿਆਲ ਬਦਲ ਲਿਆ।
ਸੋਚਿਆ, ਜਿਸ ਦਨਿ ਕੁੰਵਰ ਠੀਕ ਹੋ ਕੇ ਘਰ ਜਾਏਗਾ ਉਸ ਦਨਿ ਉਸ ਦੇ ਸਾਹਮਣੇ ਉਸ ਨੂੰ ਆਪਣੇ ਹੱਥੀਂ ਬੈਗ ਵਿੱਚੋਂ ਕੱਢ ਕੇ ਦਿਆਂਗੀ। ਉਸ ਦਾ ਟੇਬਲ ਸੈੱਟ ਕਰਕੇ ਕਹਾਂਗੀ, ‘‘ਕੁੰਵਰ ਹੁਣ ਇੱਕ ਖ਼ੂਬਸੂਰਤ ਜਿਹੀ ਕਵਿਤਾ ਮੇਰੇ ਲਈ ਵੀ ਤਾਂ ਲਿਖ ਨਾ।’’
* * *
‘‘ਸਾਂਵਲੀ ਕੁੜੀ ਕਵਿਤਾ ਮੈਂ ਰਿਸ਼ਮ ਲਈ ਲਿਖੀ ਸੀ।’’ ਵਾਪਸ ਆਉਂਦਿਆਂ ਰਸਤੇ ਵਿੱਚ ਕੁੰਵਰ ਨੇ ਉਸ ਕਵਿਤਾ ਦਾ ਰਾਜ਼ ਸਾਂਝਾ ਕੀਤਾ।
ਘਰ ਮੁੜ ਕੇ ਅਗਲੇ ਦਨਿ ਮੈਂ ਮੁੜ ਕੁੰਵਰ ਦੀ ਡਾਇਰੀ ਵਿੱਚੋਂ ਉਸ ਕਵਿਤਾ ਨੂੰ ਪੜ੍ਹਿਆ। ਮੇਰੀ ਕਲਪਨਾ ਵਿੱਚ ਰਿਸ਼ਮ ਦੇ ਨਕਸ਼ ਬਣਨ ਲੱਗੇ। ਮੋਟੀਆਂ ਅੱਖਾਂ। ਚੌੜਾ ਮੱਥਾ। ਤਿੱਖਾ ਨੱਕ ਤੇ ਸਾਂਵਲਾ ਰੰਗ।
ਮੈਂ ਉੱਠ ਕੇ ਖ਼ੁਦ ਨੂੰ ਸ਼ੀਸ਼ੇ ਵਿੱਚ ਦੇਖਿਆ।
‘‘ਰਿਸ਼ਮ ਭਲਾ ਮੇਰੇ ਤੋਂ ਵੀ ਸੋਹਣੀ ਸੀ?’’ ਸ਼ਾਮੀਂ ਜਦੋਂ ਕੁੰਵਰ ਘਰ ਆਇਆ ਮੈਂ ਪਹਿਲਾ ਸਵਾਲ ਇਹੀ ਕੀਤਾ।
‘‘ਜੇ ਜਵਾਬ ਨਾ ਦਿਆਂ ਤਾਂ ਲੱਗਦਾ ਅੱਜ ਤਾਂ ਪਾਣੀ ਵੀ ਨਹੀਂ ਮਿਲਣਾ।’’ ਕੁੰਵਰ ਨੇ ਹੱਸ ਕੇ ਆਖਿਆ। ਮੈਨੂੰ ਅਹਿਸਾਸ ਹੋਇਆ। ਮੈਂ ਭੱਜ ਕੇ ਗਈ, ਪਾਣੀ ਲੈਣ ਲਈ।
‘‘ਸੋ ਸੌਰੀ ਕੁੰਵਰ! ਮੈਂ…।’’ ਮੈਂ ਸ਼ਰਮਿੰਦਾ ਹੋਈ।
‘‘ਲੈ ਸੌਰੀ ਵਾਲੀ ਕਿਹੜੀ ਗੱਲ ਏ। ਆ ਦੱਸਦਾਂ ਤੈਨੂੰ?’’ ਮੇਰਾ ਹੱਥ ਫੜ ਕੇ ਕੁੰਵਰ ਨੇ ਮੈਨੂੰ ਆਪਣੇ ਕੋਲ ਬਿਠਾ ਲਿਆ।
‘‘ਮੈਂ ਆਖਿਆ ਸੀ ਨਾ ਕਿ ਉਹ ਮੇਰਾ ਅਤੀਤ ਹੈ। ਜੇ ਅਸੀਂ ਇਕੱਠੇ ਹੁੰਦੇ ਤਾਂ ਰਿਸ਼ਮ ਮੇਰੇ ਲਈ ਦੁਨੀਆ ਦੀ ਸਭ ਤੋਂ ਸੋਹਣੀ ਔਰਤ ਹੁੰਦੀ। ਪਰ ਜੇ ਆਪਾਂ ਇਕੱਠੇ ਹਾਂ ਤਾਂ ਮੇਰੇ ਲਈ ਤੇਰੇ ਤੋਂ ਵੱਧ ਕੋਈ ਹੋਰ ਸੋਹਣਾ ਨਹੀਂ ਹੈ।’’
ਕੁੰਵਰ ਮੇਰੀਆਂ ਅੱਖਾਂ ਵਿੱਚ ਦੇਖਣ ਲੱਗਾ।
ਪਤਾ ਨਹੀਂ ਕਿਉਂ ਉਸ ਪਲ ਕੁੰਵਰ ਦੀਆਂ ਅੱਖਾਂ ਵਿੱਚੋਂ ਮੈਨੂੰ ਰਿਸ਼ਮ ਦਾ ਚਿਹਰਾ ਦਿਸਣ ਲੱਗਾ। ਮੈਂ ਅੱਧੀ ਰਾਤ ਤੀਕ ਨਾ ਜਾਣੇ ਕੀ-ਕੀ ਸੋਚਦੀ ਰਹੀ। ਕਈ ਦਨਿ ਕੁੰਵਰ ਦੀ ਲਿਖੀ ਕਵਿਤਾ ਮੇਰੇ ਦਿਮਾਗ਼ ਵਿੱਚ ਘੁੰਮਦੀ ਰਹੀ।
ਸਾਕ-ਸਕੀਰੀਆਂ ਘੁੰਮਦਿਆਂ। ਮੱਥੇ ਟੇਕਦਿਆਂ ਲਗਪਗ ਸਾਲ ਬੀਤ ਗਿਆ। ਮੈਂ ਸੂਹਾ ਚੂੜਾ ਪਾਈ, ਕੁੰਵਰ ਦੇ ਨਾਲ ਤੁਰਦੀ ਤਾਂ ਲੱਗਦਾ ਦੁਨੀਆ ਦੀ ਸਭ ਤੋਂ ਖ਼ੂਬਸੂਰਤ ਜੋੜੀ ਜਾ ਰਹੀ ਹੋਵੇ। ਕੁੰਵਰ ਨੂੰ ਬੁਖ਼ਾਰ ਹੁੰਦਾ, ਲੱਗਦਾ ਜਿਵੇਂ ਮੇਰਾ ਪਿੰਡਾ ਤਪ ਰਿਹਾ ਹੋਵੇ। ਉਹ ਹੱਸਦਾ ਤਾਂ ਮੇਰਾ ਚਿਹਰਾ ਖਿੜ ਉੱਠਦਾ।
ਇੱਕ ਸ਼ਾਮ ਕੁੰਵਰ ਘਰ ਆਉਂਦਾ ਹੋਇਆ ਦੋ ਬੂਟੇ ਲੈ ਕੇ ਆਇਆ।
‘‘ਕੁੰਵਰ ਇਹ ਕਿੱਥੇ ਲਾਉਣੇ ਨੇ?’’ ਮੈਂ ਦੇਖ ਕੇ ਪੁੱਛਿਆ ਸੀ।
ਕੁੰਵਰ ਮੈਨੂੰ ਕਾਲੋਨੀ ਦੀ ਪਾਰਕ ਵਿੱਚ ਲੈ ਗਿਆ।
‘‘ਅੱਜ ਰਿਸ਼ਮ ਦਾ ਜਨਮ ਦਨਿ ਹੈ।’’ ਬੂਟੇ ਉਸ ਨੇ ਮਾਲੀ ਨੂੰ ਫੜਾਉਂਦਿਆਂ ਦੱਸਿਆ। ਮੈਂ ਕੁੰਵਰ ਨੂੰ ਮੁਬਾਰਕਬਾਦ ਨਾ ਦੇ ਸਕੀ। ਮਨ ਬੁਝ ਜਿਹਾ ਗਿਆ। ਘਰ ਆ ਕੇ ਮੈਂ ਖ਼ੁਦ ਨੂੰ ਕੰਮਾਂ ਵਿੱਚ ਉਲਝਾ ਲਿਆ।
‘‘ਕੀ ਗੱਲ ਅੱਜ ਇੰਨੀ ਜਲਦੀ ਸੌਂ ਗਈ?’’ ਉਸ ਰਾਤ ਮੈਂ ਕੁੰਵਰ ਵੱਲ ਪਿੱਠ ਕਰਕੇ ਪਈ ਸਾਂ।
‘‘ਤਬੀਅਤ ਨਹੀਂ ਠੀਕ।’’ ਮੈਂ ਮਨ ਦੇ ਭਾਵ ਚਿਹਰੇ ਉੱਤੇ ਨਾ ਆਉਣ ਦਿੱਤੇ। ਅਗਲੇ ਦਨਿ ਕਾਲਜ ਜਾ ਕੇ ਵੀ ਕੁਝ ਖ਼ਲਦਾ ਰਿਹਾ। ਜਾਪਦਾ ਜਿਵੇਂ ਮੈਂ ਦੂਜੇ ਥਾਂ ਹੋਵਾਂ। ਮੈਂ ਰੱਜ ਕੇ ਪਿਆਰ ਦਿੱਤਾ ਸੀ ਕੁੰਵਰ ਨੂੰ ਫਿਰ ਵੀ ਕਿਉਂ ਉਹ ਰਿਸ਼ਮ ਨੂੰ ਭੁੱਲ ਨਹੀਂ ਸਕਿਆ। ਇਹ ਸਵਾਲ ਮੇਰਾ ਖਹਿੜਾ ਨਾ ਛੱਡਦਾ।
ਪਰ ਕੁੰਵਰ ਨੂੰ ਉਸ ਦਨਿ ਮੇਰਾ ਜਨਮ ਦਨਿ ਨਹੀਂ ਸੀ ਯਾਦ।
ਸਵੇਰ ਹੋਈ। ਮੈਂ ਉਡੀਕਦੀ ਕਾਲਜ ਤੁਰ ਗਈ। ਫਿਰ ਸਾਰੀ ਦੁਪਹਿਰ ਬੀਤ ਗਈ। ਕੁੰਵਰ ਦਾ ਕੋਈ ਫੋਨ ਮੈਸੇਜ ਨਾ ਆਇਆ। ਮੇਰੀਆਂ ਅੱਖਾਂ ਦੇ ਕੋਏ ਨਮ ਹੋ ਗਏ। ਮਨ ਬੁਝ ਗਿਆ। ਸਹਿਕਰਮੀਆਂ ਨਾਲ ਕੇਕ ਕੱਟਦਿਆਂ ਮੈਂ ਝੂਠਾ ਜਿਹਾ ਹੱਸਦੀ ਰਹੀ। ਘਰ ਮੁੜੀ। ਕੁੰਵਰ ਆਉਂਦਿਆਂ ਨੂੰ ਘਰ ਹੀ ਸੀ। ਉਸ ਨੇ ਫੇਰ ਵੀ ਕੋਈ ਗੱਲ ਨਾ ਕੀਤੀ।
ਮੈਂ ਜਿਵੇਂ ਹੋਰ ਉਦਾਸ ਹੋ ਗਈ।
‘‘ਅੱਜ ਮੇਰਾ ਜਨਮ ਦਨਿ ਸੀ ਕੁੰਵਰ।’’ ਜਦੋਂ ਦਨਿ ਡੁੱਬ ਗਿਆ। ਮੈਂ ਚੁੱਪ ਤੋੜੀ। ਅੱਥਰੂ ਮੇਰੀਆਂ ਅੱਖਾਂ ਵਿਚੋਂ ਵਹਿ ਤੁਰੇ।
‘‘ਓ ਮਾਈ ਗੌਡ! ਤੂੰ ਸਵੇਰ ਦਾ ਕਿਉਂ ਨਹੀਂ ਦੱਸਿਆ। ਵਿਆਹ ਤੋਂ ਬਾਅਦ ਪਹਿਲਾ ਜਨਮ ਦਨਿ ਸੀ, ਮੈਨੂੰ ਯਾਦ ਕਿਵੇਂ ਹੋਣਾ ਸੀ?’’
ਕੁੁੰਵਰ ਜ਼ਿੱਦ ਕਰਕੇ ਮੈਨੂੰ ਬਾਹਰ ਲੈ ਗਿਆ। ਪੂਰਾ ਸ਼ਹਿਰ ਅਜੇ ਜਾਗਦਾ ਪਿਆ ਸੀ। ਇੱਕ ਦੁਕਾਨ ਤੋਂ ਉਹਨੇ ਛੋਟਾ ਜਿਹਾ ਕੇਕ ਖ਼ਰੀਦਿਆ। ਕੋਕ ਦੀ ਬੋਤਲ ਲਈ। ਮੇਰੇ ਨਾਂਹ-ਨਾਂਹ ਕਰਦਿਆਂ ਤੋਂ ਵੀ ਕਿਸੇ ਸੁਨਿਆਰ ਦੀ ਦੁਕਾਨ ਤੋਂ ਮੈਨੂੰ ਝੁਮਕੇ ਲੈ ਕੇ ਦਿੱਤੇ ਤੇ ਬਾਈਕ ਸ਼ਹਿਰੋਂ ਬਾਹਰ ਕਿਸੇ ਖੁੱਲ੍ਹੀ ਥਾਂ ’ਤੇ ਜਾ ਕੇ ਰੋਕ ਲਈ। ਕੇਕ ਬਾਈਕ ’ਤੇ ਰੱਖਿਆ। ਮੋਮਬੱਤੀਆਂ ਜਗਾਈਆਂ ਤੇ ਮੇਰੇ ਕੋਲੋਂ ਕੇਕ ਕਟਵਾਇਆ। ਕੇਕ ਮੇਰੇ ਮੂੰਹ ਲਾਉਂਦਿਆਂ, ਉਹਨੇ ਮੇਰਾ ਮੱਥਾ ਚੁੰਮ ਲਿਆ।
‘‘ਸੱਚੀਂ ਜੇ ਮੈਨੂੰ ਪਤਾ ਹੁੰਦਾ ਆਪਾਂ ਬਹੁਤ ਵੱਡੀ ਸੈਲੀਬ੍ਰੇਸ਼ਨ ਕਰਦੇ।’’ ਕੁੰਵਰ ਵਾਰ-ਵਾਰ ਮੁਆਫ਼ੀ ਮੰਗਦਾ ਰਿਹਾ। ਉਸ ਦੀ ਮੁਹੱਬਤ ਅੱਗੇ ਮੇਰੀ ਹਰ ਨਾਰਾਜ਼ਗੀ ਦੂਰ ਹੋ ਗਈ। ਖੁੱਲ੍ਹੇ ਆਸਮਾਨ ਦੇ ਹੇਠਾਂ ਤਾਰਿਆਂ ਦੀ ਲੋਏ ਮਨਾਇਆ ਇਹ ਦਨਿ ਮੈਨੂੰ ਸਭ ਦਨਿਾਂ ਤੋਂ ਵੱਧ ਪਿਆਰਾ ਲੱਗਾ। ਪਰ ਜਦੋਂ ਕਦੇ ਪਾਰਕ ਕੋਲੋਂ ਲੰਘਦੀ, ਉਨ੍ਹਾਂ ਬੂਟਿਆਂ ਦੀ ਯਾਦ ਆ ਜਾਂਦੀ। ਬੂਟੇ ਯਾਦ ਆਉਂਦੇ ਤਾਂ ਰਿਸ਼ਮ ਦਾ ਚੇਤਾ ਆ ਜਾਂਦਾ। ਫਿਰ ਸਾਂਵਲੀ ਕੁੜੀ… ਉਸ ਕਵਿਤਾ ਵਿਚਲੇ ਨਕਸ਼… ਮੇਰੀ ਕਲਪਨਾ ਵਿੱਚ ਵਸਿਆ ਰਿਸ਼ਮ ਦਾ ਚਿਹਰਾ… ਮੇਰਾ ਸਿਰ ਘੁੰਮ ਜਾਂਦਾ। ਮਨ ਕਰਦਾ ਕੁੰਵਰ ਨੂੰ ਆਖਾਂ, ਮੈਨੂੰ ਰਿਸ਼ਮ ਦਾ ਜ਼ਿਕਰ ਚੰਗਾ ਨਹੀਂ ਲੱਗਦਾ। ਪਰ ਕੁੰਵਰ ਦੇ ਮੋਹ ਅੱਗੇ ਮੈਂ ਹਾਰ ਜਾਂਦੀ। ਮੈਨੂੰ ਇਹ ਗੱਲ ਛੋਟੀ-ਛੋਟੀ ਲੱਗਣ ਲੱਗ ਜਾਂਦੀ। ਉਹ ਬੜੀਆਂ ਡੂੰਘੀਆਂ ਗੱਲਾਂ ਕਰਦਾ। ਹਰ ਚੀਜ਼ ਨੂੰ ਕਿਸੇ ਹੋਰ ਨਜ਼ਰ ਤੋਂ ਦੇਖਦਾ। ਮੇਰੇ ਮੰਮੀ ਵੱਲ ਜਾਂਦੇ ਤਾਂ ਘਰ ਦੇ ਬੇਟੇ ਵਾਂਗ ਪੇਸ਼ ਆਉਂਦਾ। ਮੰਮੀ ਦੇ ਰੁਕੇ ਹੋਏ ਕੰਮ ਪੂਰੇ ਕਰ ਆਉਂਦਾ। ਘਰ ਦੀਆਂ ਖ਼ਰਾਬ ਹੋਈਆਂ ਚੀਜ਼ਾਂ ਠੀਕ ਕਰਵਾਉਂਦਾ।
ਇਹੋ ਜਿਹੇ ਸਾਥ ਨੂੰ ਕੌਣ ਕੁੜੀ ਨਹੀਂ ਚਾਹੇਗੀ?
ਕਿਸੇ ਪਲ ਮੈਨੂੰ ਰਿਸ਼ਮ ਬਦਨਸੀਬ ਲੱਗਦੀ। ਮੈਂ ਸੋਚਦੀ, ਉਹਨੇ ਕੁੰਵਰ ਗਵਾ ਲਿਆ। ਮੈਂ ਪਾ ਲਿਆ। ਕਦੇ ਮਨ ਵਿੱਚ ਆਉਂਦਾ ਕੁੰਵਰ ਨੂੰ ਪੁੱਛਾਂ, ਤੁਸੀਂ ਇੱਕ ਕਿਉਂ ਨਾ ਹੋਏ। ਫਿਰ ਸੋਚਦੀ ਜੋ ਬੀਤ ਗਿਆ, ਉਨ੍ਹਾਂ ਗੱਲਾਂ ਨੂੰ ਯਾਦ ਕਰਵਾ ਕੇ ਮਨ ਕਿਉਂ ਦੁਖਾਉਣਾ ਉਸ ਦਾ।
* * *
ਮਨ ਵਿੱਚ ਦੁਖੀ ਤਾਂ ਮੇਰੇ ਮੰਮੀ ਵੀ ਬਹੁਤ ਨੇ।
ਉਸ ਦਨਿ ਦੇ ਉਹ ਹਰ ਰੋਜ਼ ਹਸਪਤਾਲ ਆਉਂਦੇ ਨੇ। ਉਦਾਸ ਜਿਹੀਆਂ ਨਜ਼ਰਾਂ ਨਾਲ ਮੇਰੇ ਵੱਲ ਦੇਖਦੇ ਨੇ। ਕੁਝ ਨਹੀਂ ਕਹਿੰਦੇ। ਪਰ ਜਾਣਦੀ ਹਾਂ, ਸੋਚਦੇ ਹੋਣਗੇ, ਮੇਰੀ ਧੀ ਵੀ ਮੇਰੇ ਵਾਂਗ ਹੋ ਗਈ। ਮੈਂ ਦਸਵੀਂ ਵਿੱਚ ਸਾਂ ਜਦੋਂ ਪਾਪਾ ਸਾਨੂੰ ਛੱਡ ਗਏ ਸੀ। ਮੈਂ ਜ਼ਰਾ ਸਿਆਣੀ ਹੋਈ, ਮੰਮੀ ਮੈਨੂੰ ਪਾਪਾ ਦੀਆਂ ਗੱਲਾਂ ਸੁਣਾਉਂਦੇ। ਆਖਦੇ, ‘‘ਤੈਨੂੰ ਅੰਤਾਂ ਦਾ ਪਿਆਰ ਕਰਦੇ ਸੀ ਤੇਰੇ ਪਾਪਾ। ਤੈਨੂੰ ਆਪੇ ਨਹਾਉਂਦੇ। ਤਿਆਰ ਕਰਦੇ। ਤੇਰੇ ਨਿੱਕੇ-ਨਿੱਕੇ ਵਾਲਾਂ ਨੂੰ ਵਾਹ ਕੇ ਲੂੰਡੀਆਂ ਜਿਹੀਆਂ ਕਰ ਦਿੰਦੇ ਤੇ ਫਿਰ ਮੈਨੂੰ ਆਖਦੇ- ਸੁਰਿੰਦਰ ਦੇਖ ਮੇਰੀ ਮਾਣੋ ਬਿੱਲੀ ਨੂੰ। ਤੂੰ ਰੋਟੀ ਉਨ੍ਹਾਂ ਨਾਲ ਖਾਂਦੀ। ਸੌਂਦੀ ਉਨ੍ਹਾਂ ਨਾਲ।’’
ਅੱਜਕੱਲ੍ਹ ਮੰਮਾਂ ਦੀਆਂ ਸੁਣਾਈਆਂ ਉਹ ਸਭ ਗੱਲਾਂ ਯਾਦ ਆਉਂਦੀਆਂ ਨੇ। ਮੇਰੀਆਂ ਅੱਖਾਂ ਸਾਹਵੇਂ ਸੋਫ਼ੀਆ ਆ ਜਾਂਦੀ ਹੈ। ਅਗਲੇ ਮਹੀਨੇ ਜਨਮ ਦਨਿ ਹੈ ਸੋਫ਼ੀਆ ਦਾ। ਤਿੰਨ ਸਾਲ ਦੀ ਹੋ ਜਾਣਾ ਉਹਨੇ। ਧਰਮਸ਼ਾਲਾ ਜਾਣ ਤੋਂ ਦੋ ਕੁ ਦਨਿ ਪਹਿਲਾਂ ਹੀ ਮੈਂ ਤੇ ਕੁੰਵਰ ਸੋਫ਼ੀਆ ਦਾ ਜਨਮ ਦਨਿ ਮਨਾਉਣ ਬਾਰੇ ਗੱਲਾਂ ਕਰ ਰਹੇ ਸਾਂ। ਹਰ ਕੰਮ ਕਿੰਨੇ ਚਾਅ ਨਾਲ ਕਰਦਾ ਹੈ ਕੁੰਵਰ। ਧਰਮਸ਼ਾਲਾ ਜਾਣ ਲਈ ਜਦੋਂ ਕਾਲਜ ਵਿੱਚ ਫਾਈਨਲ ਹੋਇਆ। ਮੈਂ ਘਰ ਆ ਕੇ ਕੁੰਵਰ ਨੂੰ ਦੱਸਿਆ।
‘‘ਚੱਲ ਆ ਫਿਰ ਕੁਝ ਨਵੇਂ ਕੱਪੜੇ ਲੈ ਲਈਏ ਤੇਰੇ ਲਈ। ਕਾਲਜ ਟ੍ਰਿੱਪ ’ਤੇ ਜਾਣਾ ਤੂੰ।’’
ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਸੀ, ਪਰ ਕੁੰਵਰ ਮੇਰੀ ਇੱਕ ਨਾ ਸੁਣੀ। ਕਿੰਨਾ ਕੁਝ ਮੱਲੋਜ਼ੋਰੀ ਲੈ ਦਿੱਤਾ। ਇੱਕ ਲੈਦਰ ਦੀ ਜੈਕਟ। ਘੜੀ। ਦੋ ਕੁੜਤੇ। ਜੁੱਤੀ।
ਕੈਮਰਾ ਫੋਟੋਆਂ ਨਾਲ ਭਰ ਕੇ ਲੈ ਕੇ ਆਈ ਸਾਂ ਮੈਂ। ਸੋਚਦੀ ਸਾਂ, ਜਾ ਕੇ ਕੁੰਵਰ ਨਾਲ ਹਰ ਫੋਟੋ ਦੀ ਯਾਦ ਸਾਂਝੀ ਕਰਾਂਗੀ। ਚਾਰ ਦਨਿ ਬਾਹਰ ਰਹਿ ਕੇ ਇਉਂ ਲੱਗ ਰਿਹਾ ਸੀ ਜਿਵੇਂ ਚਾਰ ਸਦੀਆਂ ਹੋ ਗਈਆਂ ਹੋਣ। ਜਿਉਂ-ਜਿਉਂ ਸ਼ਹਿਰ ਨੇੜੇ ਆਉਂਦਾ ਜਾ ਰਿਹਾ ਸੀ, ਕੁੰਵਰ ਤੇ ਸੋਫ਼ੀਆ ਨੂੰ ਮਿਲਣ ਦੀ ਕਾਹਲ ਵਧ ਰਹੀ ਸੀ। ਮੈਂ ਮੋਬਾਈਲ ਸਕਰੀਨ ’ਤੇ ਲੱਗੀ ਕੁੰਵਰ ਦੀ ਫੋਟੋ ਵਾਰ-ਵਾਰ ਦੇਖ ਲੈਂਦੀ।
* * *
‘‘ਇਹ ਫੋਟੋ ਕਿਸਦੀ ਹੈ ਕੁੰਵਰ?’’ ਕੁੰਵਰ ਦੇ ਪੜ੍ਹਨ ਕਮਰੇ ਦੀ ਸਫ਼ਾਈ ਕਰਦਿਆਂ ਹੱਥ ਲੱਗੀ ਇੱਕ ਤਸਵੀਰ ਨੂੰ ਦੇਖਦਿਆਂ ਮੈਂ ਪੁੱਛਿਆ।
ਤਸਵੀਰ ਵਿਚਲੇ ਨਕਸ਼ ਮੇਰੇ ਲਈ ਬੇਪਛਾਣੇ ਨਹੀਂ ਸਨ। ਫਿਰ ਵੀ ਜਿਵੇਂ ਅੱਖਾਂ ਦਾ ਦੇਖਿਆ, ਮਨ ਮੰਨਣ ਨੂੰ ਰਾਜ਼ੀ ਨਹੀਂ ਸੀ।
‘‘ਉਹੀ ਸਾਂਵਲੀ ਕੁੜੀ।’’ ਕੁੰਵਰ ਨੇ ਜ਼ਰਾ ਕੁ ਹੱਸ ਕੇ ਆਖਿਆ।
‘‘ਬੜੀ ਪੁਰਾਣੀ ਏ। ਆਰਟਸ ਕੈਫ਼ੇ ਦੇ ਬਾਹਰ ਦੀ ਹੈ ਦੇਖ।’’ ਕੁੰਵਰ ਨੇ ਤਸਵੀਰ ਮੁੜ ਮੇਰੇ ਵੱਲ ਕੀਤੀ, ਪਰ ਮੈਂ ਦੇਖਿਆ ਨਾ। ਕੱਪੜਾ ਫੜ ਕੇ ਕਿਤਾਬਾਂ ਸਾਫ਼ ਕਰਨ ਲੱਗੀ।
‘‘ਇਹਦੇ ’ਚ ਕਈ ਕਿਤਾਬਾਂ ਰਿਸ਼ਮ ਦੀਆਂ ਗਿਫ਼ਟ ਕੀਤੀਆਂ ਹੋਈਆਂ ਨੇ।’’ ਕੁੰਵਰ ਨੇ ਆਖਿਆ। ਮੇਰੇ ਹੱਥ ਨੂੰ ਜਿਵੇਂ ਕਰੰਟ ਜਿਹਾ ਲੱਗਾ। ਕਿਤਾਬ ਮੇਰੇ ਹੱਥੋਂ ਛੁੱਟ ਗਈ। ਮਨ ਬੇਕਾਬੂ ਹੋ ਗਿਆ। ਜ਼ੁਬਾਨ ਜਿਵੇਂ ਰੁਕ ਨਾ ਸਕੀ।
‘‘ਕੁੰਵਰ ਜੇ ਰਿਸ਼ਮ ਕਿਸੇ ਵੀ ਪਲ ਭੁੱਲਦੀ ਨਹੀਂ ਤਾਂ ਕੀ ਲੋੜ ਸੀ ਮੇਰੇ ਨਾਲ ਵਿਆਹ ਕਰਵਾਉਣ ਦੀ।’’ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ। ਮੈਂ ਕੱਪੜਾ ਮੇਜ਼ ’ਤੇ ਸੁੱਟਿਆ ਤੇ ਕਮਰੇ ਵਿੱਚ ਆ ਕੇ ਬੈਠ ਗਈ। ਦਿਮਾਗ਼ ਵਿੱਚ ਕਈ ਕੁਝ ਚੱਲਦਾ ਰਿਹਾ। ਅੱਖਾਂ ਵਿੱਚੋਂ ਹੰਝੂ ਵਹਿੰਦੇ ਰਹੇ।
ਕੁੰਵਰ ਮੇਰੇ ਪਿੱਛੇ ਆਇਆ। ਮੇਰੇ ਮੱਥੇ ’ਤੇ ਹੱਥ ਫੇਰਿਆ। ਪੁੱਛਿਆ, ‘‘ਕੀ ਹੋਇਆ ਤੈਨੂੰ?’’
‘‘ਕੁੰਵਰ, ਮੇਰੇ ਕੋਲੋਂ ਨਹੀਂ ਸੁਣਿਆ ਜਾਂਦਾ ਵਾਰ-ਵਾਰ ਕਿਸੇ ਹੋਰ ਦਾ ਜ਼ਿਕਰ।’’ ਹੰਝੂ ਹੋਰ ਤੇਜ਼ ਹੋ ਗਏ।
ਮਨ ਦੀ ਗੱਲ ਜ਼ੁਬਾਨ ’ਤੇ ਆ ਗਈ।
‘‘ਪਰ ਉਹ ਮੇਰਾ ਸਿਰਫ਼ ਅਤੀਤ ਹੈ। ਮੇਰੇ ਮਨ ਵਿੱਚ ਉਸ ਤਰ੍ਹਾਂ ਦੀ ਕੋਈ ਗੱਲ ਨਹੀਂ। ਮੇਰੇ ਲਈ ਜੋ ਹੈ ਬੱਸ ਤੂੰ ਹੈਂ।’’
ਕੁੰਵਰ ਉਸ ਦਨਿ ਬਹੁਤ ਪਛਤਾਇਆ। ਉਹ ਤੜਫ਼ ਉੱਠਿਆ ਇਹ ਜਾਣ ਕੇ ਕਿ ਰਿਸ਼ਮ ਦਾ ਜ਼ਿਕਰ ਮੈਨੂੰ ਤੜਫ਼ਾਉਂਦਾ ਹੈ। ਅਸੀਂ ਬਹੁਤ ਦੇਰ ਤੀਕ ਇਸ ਗੱਲ ਵਿੱਚ ਉਲਝੇ ਰਹੇ।
‘‘ਮੈਂ ਕਦੇ ਨਾਮ ਵੀ ਨਹੀਂ ਲਵਾਂਗਾ ਉਹਦਾ।’’ ਕੁੰਵਰ ਨੇ ਵਾਅਦਾ ਕੀਤਾ। ਮੈਂ ਮੁੜ ਰਿਸ਼ਮ ਸ਼ਬਦ ਉਹਦੀ ਜ਼ੁਬਾਨ ’ਤੇ ਕਦੇ ਨਾ ਸੁਣਿਆ। ਮੈਂ ਸੌਖਾ ਸਾਹ ਲਿਆ। ਸੋਚਿਆ ਸ਼ਾਇਦ ਰਿਸ਼ਮ ਉਹਦੇ ਦਿਮਾਗ਼ ਵਿੱਚੋਂ ਨਿਕਲ ਗਈ ਹੈ।
* * *
ਪੂਰੇ ਹਫ਼ਤੇ ਤੋਂ ਖ਼ਾਮੋਸ਼ ਸੀ ਕੁੰਵਰ।
ਇੱਕ ਵੀ ਲਫ਼ਜ਼ ਨਹੀਂ ਬੋਲਿਆ ਉਹਨੇ। ਮੈਂ ਪੰਜ ਦਨਿ ਆਈ.ਸੀ.ਯੂ. ਦੇ ਬਾਹਰ ਬੈਠੀ ਉਡੀਕਦੀ ਰਹੀ ਕਿ ਕਦ ਕੁੰਵਰ ਅੱਖਾਂ ਖੋਲ੍ਹੇ। ਮੈਂ ਦੇਖਾਂ ਉਸ ਨੂੰ।
ਕੁੰਵਰ ਨੂੰ ਹੋਸ਼ ਆਈ। ਮੈਂ ਦੌੜੀ ਗਈ। ਉਹ ਕੁਝ ਬੋਲ ਰਿਹਾ ਸੀ। ਬਹੁਤ ਹੌਲੀ। ਮੈਂ ਕੰਨ ਕੋਲ ਨੂੰ ਕਰਕੇ ਸੁਣਨ ਦੀ ਕੋਸ਼ਿਸ਼ ਕੀਤੀ।
‘‘ਰਿਸ਼ਮ!’’
ਇੱਕ ਹੀ ਬੋਲ ਮੇਰੇ ਕੰਨੀਂ ਪਿਆ।
‘‘ਆਪਾਂ ਦੋਵੇਂ ਮਿਲ ਕੇ ਆਵਾਂਗੇ ਉਹਨੂੰ। ਕੁੰਵਰ ਤੂੰ ਠੀਕ ਹੋ ਕੇ ਘਰ ਤਾਂ ਚੱਲ।’’
ਪਰ ਕੁੰਵਰ ਫੇਰ ਦੁਬਾਰਾ…। ਉਸ ਦੇ ਆਖ਼ਰੀ ਵਾਰ ਬੋਲੇ ਲਫ਼ਜ਼ ਹਰ ਪਲ ਮੇਰੇ ਜ਼ਿਹਨ ਵਿੱਚ ਘੁੰਮਦੇ ਰਹਿੰਦੇ ਨੇ। ‘‘ਰਿਸ਼ਮ ਮੇਰੇ ਦਿਮਾਗ਼ ਵਿੱਚ ਨਹੀਂ ਮੇਰੇ ਦਿਲ ਵਿੱਚ ਸੀ।’’
ਮੈਨੂੰ ਲੱਗਦਾ, ਜਿਵੇਂ ਕੁੰਵਰ ਤਨਜ਼ ਨਾਲ ਮੇਰੇ ਉੱਤੇ ਹੱਸ ਰਿਹਾ ਹੋਵੇ।
ਸੰਪਰਕ: 94632-15168