ਆਰਥਿਕ ਤਸਵੀਰ ਦੇ ਸ਼ੋਖ ਤੇ ਸਿਆਹ ਰੰਗ
ਭਾਰਤੀ ਰਿਜ਼ਰਵ ਬੈਂਕ ਦੇ ਖਪਤਕਾਰ ਅਤੇ ਕਾਰੋਬਾਰੀ ਨਜ਼ਰੀਏ ਦੇ ਵਕਤੀ ਸਰਵੇਖਣ ਅਕਸਰ ਵਿਕਾਸ, ਮਹਿੰਗਾਈ ਦਰ ਅਤੇ ਹੋਰਨਾਂ ਚੀਜ਼ਾਂ ਦੇ ਵਿਆਪਕ ਆਰਥਿਕ ਅੰਕੜਿਆਂ ਨਾਲੋਂ ਜਿ਼ਆਦਾ ਜਾਣਕਾਰੀਆਂ ਮੁਹੱਈਆ ਕਰਵਾਉਂਦੇ ਹਨ। ਸੱਜਰੇ ਸਰਵੇਖਣ ਦੀਆਂ ਲੱਭਤਾਂ ਵਿਚ ਵਪਾਰ ਅਤੇ ਵਿੱਤੀ ਰਾਇ ਮੋਟੇ ਤੌਰ ’ਤੇ ਵਧ ਫੁੱਲ ਰਹੇ ਅਰਥਚਾਰੇ ਦੇ ਆਸ਼ਾਵਾਦ ਨੂੰ ਦਰਸਾਇਆ ਗਿਆ ਹੈ ਜਿਸ ਦੇ ਆਧਾਰ ਵਿਚ ਚੰਗੇ ਸਥਿਰਤਾ ਪੈਮਾਨੇ ਅਤੇ ਮਜ਼ਬੂਤ ਬੈਲੇਂਸ ਸ਼ੀਟਾਂ ਮੌਜੂਦ ਹਨ। ਇਹ ਗੱਲ ਉਨ੍ਹਾਂ ਆਰਥਿਕ ਮਾਹਿਰਾਂ ਲਈ ਵੀ ਸੱਚ ਹੈ ਜਨਿ੍ਹਾਂ ਦਾ ਸਰਵੇਖਣ ਕੀਤਾ ਗਿਆ ਸੀ। ਜਿਉਂ ਜਿਉਂ ਅਰਥਚਾਰਾ ਤਿਉਹਾਰੀ ਰੁੱਤ ਵੱਲ ਵਧ ਰਿਹਾ ਹੈ, ਇਹ ਸਮੂਹਕ ਆਸ਼ਾਵਾਦ ਵਿਰਾਟ ਆਰਥਿਕ ਅੰਕੜਿਆਂ ਵਿਚ ਜਗ੍ਹਾ ਬਣਾ ਰਿਹਾ ਹੈ ਜਿਵੇਂ ਘਟ ਰਹੀ ਮਹਿੰਗਾਈ ਦਰ, ਵਧਦੀ ਸਨਅਤੀ ਪੈਦਾਵਾਰ, ਘਟ ਰਹੀ ਬੇਰੁਜ਼ਗਾਰੀ ਦਰ, ਟੈਕਸ ਮਾਲੀਏ ਵਿਚ ਇਜ਼ਾਫ਼ਾ ਅਤੇ ਵੱਖ ਵੱਖ ਖੇਤਰਾਂ ਵਿਚ ਚੰਗਾ ਵਿਕਾਸ।
ਉਂਝ, ਇਸ ਦੀਆਂ ਬਾਰੀਕੀਆਂ ਅਤੇ ਪਰਛਾਵਿਆਂ ਨੂੰ ਹਰਗਿਜ਼ ਅੱਖੋਂ ਓਹਲੇ ਨਹੀਂ ਕੀਤਾ ਜਾ ਸਕਦਾ। ਮਸਲਨ, ਸਨਅਤ ਵਿਚ ਨਿਰਮਾਣ ਖੇਤਰ ਲਗਾਤਾਰ ਪਛੜ ਰਿਹਾ ਹੈ ਅਤੇ ਇਸ ਵਿਚ ਤੇਜ਼ੀ ਦਾ ਕੋਈ ਹਕੀਕੀ ਸੰਕੇਤ ਨਜ਼ਰ ਨਹੀਂ ਆਇਆ। ਇਸ ਤਰ੍ਹਾਂ ਨਿਰਮਾਣ ਖੇਤਰ ਵਿਚ ਸਮੱਰਥਾ ਉਪਯੋਗਤਾ ਦੀ ਫ਼ੀਸਦ 70ਵਿਆਂ ਦੇ ਦਹਾਕੇ ਦੇ ਆਸ ਪਾਸ ਚੱਕਰ ਕੱਟ ਰਹੀ ਹੈ। ਪਿਛਲੇ ਸੱਤਾਂ ਅੱਠਾਂ ਸਾਲਾਂ ਤੋਂ ਇਹ ਇਵੇਂ ਹੀ ਚੱਲ ਰਹੀ ਹੈ (ਕੋਵਿਡ ਦੌਰਾਨ ਇਹ ਕੁਝ ਜਿ਼ਆਦਾ ਹੀ ਗੋਤਾ ਖਾ ਗਈ ਸੀ)। ਜੇ ਸਮੱਰਥਾ ਉਪਯੋਗ ਇਸ ਪੱਧਰ ਤੋਂ ਵਧਣ ’ਤੇ ਨਵੀਂ ਸਮੱਰਥਾ ਵਿਚ ਅਹਿਮ ਨਿਵੇਸ਼ ਸ਼ੁਰੂ ਹੋਣ ਦੀ ਉਮੀਦ ਹੈ ਤਾਂ ਅਸੀਂ ਉਸ ਵਿਕਾਸ ਦੇ ਉਭਾਰ ਨੂੰ ਨਹੀਂ ਤੱਕ ਪਾਵਾਂਗੇ।
ਇਸ ਗੱਲ ਦੀ ਪੁਸ਼ਟੀ ਨਵੇਂ ਆਰਡਰਾਂ ਬਾਰੇ ਨਿਰਮਾਣਕਾਰਾਂ ਦੀ ਰਿਪੋਰਟ ਤੋਂ ਹੋ ਗਈ ਹੈ। ਪਿਛਲੀਆਂ ਚਾਰ ਤਿਮਾਹੀਆਂ ਤੋਂ ਨਵੇਂ ਆਰਡਰਾਂ ਦੇ ਇਜ਼ਾਫ਼ੇ ਵਿਚ (ਪਿਛਲੇ ਸਾਲ ਦੇ ਨਿਸਬਤਨ) ਚੋਖੀ ਗਿਰਾਵਟ ਆਈ ਹੈ ਅਤੇ ਅਪਰੈਲ-ਜੂਨ ਤਿਮਾਹੀ ਵਿਚ ਇਹ 40 ਫ਼ੀਸਦ ਵਾਧੇ ਤੋਂ ਘਟ ਕੇ ਲਗਭਗ ਜ਼ੀਰੋ ’ਤੇ ਆ ਗਈ ਹੈ। ਅਜੀਬ ਗੱਲ ਇਹ ਹੈ ਕਿ ਇਸ ਗਿਰਾਵਟ ਦੇ ਬਾਵਜੂਦ ਕਾਰੋਬਾਰੀ ਆਸ਼ਾਵਾਦੀ ਸੂਚਕ ਅੰਕ (135.4) 2015-16 ਵਿਚ ਅੰਕੜਿਆਂ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਆਪਣੇ ਉਚਤਮ ਮੁਕਾਮ ’ਤੇ ਬਣਿਆ ਹੋਇਆ ਹੈ।
ਖਪਤਕਾਰ ਸਰਵੇਖਣਾਂ ਦੀਆਂ ਮੁਤਵਾਜ਼ੀ ਲੱਭਤਾਂ ਤੋਂ ਆਸ਼ਾਵਾਦੀ ਰੌਂਅ ਦੀ ਅਣਹੋਂਦ ਦਾ ਪਤਾ ਚੱਲ ਰਿਹਾ ਹੈ। ਯਕੀਨਨ, ਚਲੰਤ ਆਮ ਆਰਥਿਕ ਸਥਿਤੀ ਵਿਚ ਪਿਛਲੇ ਦੋ ਤਿੰਨ ਸਾਲਾਂ ਵਿਚ ਕਾਫ਼ੀ ਸੁਧਾਰ ਆਇਆ ਹੈ ਪਰ ਸੂਚਕ ਅੰਕ 2019 ਦੇ ਅਖੀਰ ਵਿਚ ਉਸ ਮੁਕਾਮ ਤੋਂ ਨੀਵਾਂ ਹੀ ਚੱਲ ਰਿਹਾ ਹੈ ਜਦੋਂ ਇਹ ਆਰਥਿਕ ਗਿਰਾਵਟ ਦਾ ਦੌਰ ਤੇਜ਼ ਹੋਇਆ ਸੀ। ਜਿਹੜੇ ਲੋਕੀਂ ਇਹ ਸੋਚਦੇ ਹਨ ਕਿ ਸਥਿਤੀ ਬਦ ਤੋਂ ਬਦਤਰ ਹੋ ਗਈ ਹੈ, ਉਨ੍ਹਾਂ ਦੀ ਸੰਖਿਆ ਮੌਜੂਦਾ ਸਥਿਤੀ ਵਿਚ ਸੁਧਾਰ ਦੀ ਰਾਇ ਰੱਖਣ ਵਾਲਿਆਂ ਨਾਲੋਂ ਜਿ਼ਆਦਾ ਹੈ ਹਾਲਾਂਕਿ ਅਨੁਪਾਤ ਘਟ ਰਿਹਾ ਸੀ। ਬੇਰੁਜ਼ਗਾਰੀ ਦੇ ਮਾਮਲੇ ’ਤੇ ਸਥਿਤੀ ਬਦਤਰੀਨ ਹੋਣ ਦੀ ਸੋਚ ਵਾਲਿਆਂ ਦੀ ਸੰਖਿਆ ਸਥਿਤੀ ਵਿਚ ਸੁਧਾਰ ਦੀ ਰਾਇ ਵਾਲਿਆਂ ਨਾਲੋਂ ਜਿ਼ਆਦਾ ਹੈ ਜਦਕਿ ਅਨੁਪਾਤ ਘਟ ਰਿਹਾ ਸੀ।
ਸਭ ਤੋਂ ਵੱਧ ਚਿੰਤਾ ਮਹਿੰਗਾਈ ਨੂੰ ਲੈ ਕੇ ਬਣੀ ਹੋਈ ਹੈ। 80 ਫ਼ੀਸਦ ਦਾ ਕਹਿਣਾ ਸੀ ਕਿ ਕੀਮਤਾਂ ਵਿਚ ਵਾਧੇ ਦੀ ਦਰ ਤੇਜ਼ ਹੋ ਰਹੀ ਹੈ। ਨਾ ਹੀ ਇਸ ਦੀ ਕੋਈ ਉਮੀਦ ਹੈ ਕਿ ਸਾਲ ਦੇ ਅੰਦਰ ਕੀਮਤਾਂ ’ਤੇ ਕਾਬੂ ਪਾ ਲਿਆ ਜਾਵੇਗਾ। ਖਪਤਕਾਰਾਂ ਦਾ ਕਹਿਣਾ ਸੀ ਕਿ ਜ਼ਰੂਰੀ ਚੀਜ਼ਾਂ ਉਪਰ ਉਨ੍ਹਾਂ ਦੇ ਖਰਚੇ ਵਧ ਗਏ ਹਨ; ਦੂਜੇ ਪਾਸੇ ਗ਼ੈਰ-ਜ਼ਰੂਰੀ ਚੀਜ਼ਾਂ ਉਪਰ ਖਰਚੇ ਘਟੇ ਹਨ। ਇਸ ਦਾ ਹਾਂ-ਪੱਖ ਇਹ ਹੈ ਕਿ ਦੋ ਮਹੀਨਿਆਂ ਬਾਅਦ ਹੋਣ ਵਾਲੇ ਸਰਵੇਖਣ ਤੋਂ ਬਾਅਦ ਅਗਲੇ ਸਰਵੇਖਣ ਤੱਕ ਖਪਤਕਾਰ ਰਾਇ ਦਾ ਨਾਂਹ-ਮੁਖੀ ਝੁਕਾਅ ਘਟਿਆ ਹੈ; ਹਾਲਾਂਕਿ ਬਹੁਤ ਸਾਰੇ ਲੋਕਾਂ ਦੇ ਹਾਲਾਤ ਔਖੇ ਬਣੇ ਹੋਏ ਹਨ ਪਰ ਉਨ੍ਹਾਂ ਦੀ ਸੰਖਿਆ ਜਨ ਸਮੂਹ ਦਾ ਇਕ ਹਿੱਸਾ ਹੀ ਹੈ। ਇਸ ਦੇ ਨਾਲ ਹੀ ਪਿਛਲੇ ਕੁਝ ਸਮੇਂ ਤੋਂ ਭਵਿੱਖ ਨੂੰ ਲੈ ਕੇ ਆਸ਼ਾਵਾਦ ਬਣਿਆ ਹੋਇਆ ਸੀ; ਲਗਭਗ ਸਾਰੇ ਮਾਮਲਿਆਂ ਵਿਚ ਭਵਿੱਖੀ ਉਮੀਦਾਂ ਦੀ ਸਕੋਰ ਮੌਜੂਦਾ ਸਥਿਤੀ ਨਾਲੋਂ ਬਿਹਤਰ ਬਣਿਆ ਹੋਇਆ ਸੀ।
ਕੁਝ ਹੋਰ ਬਾਰੀਕੀਆਂ ’ਤੇ ਵੀ ਟਿੱਪਣੀ ਕਰਨੀ ਬਣਦੀ ਹੈ ਹਾਲਾਂਕਿ ਰੁਜ਼ਗਾਰ ਦੀ ਸਥਿਤੀ ਵਿਚ ਸੁਧਾਰ ਆਇਆ ਹੈ ਪਰ ਇਹ ਮੁੱਖ ਤੌਰ ’ਤੇ ਇਸ ਕਰ ਕੇ ਹੈ ਕਿਉਂਕਿ ਸਵੈ ਰੁਜ਼ਗਾਰ ਦੀਆਂ ਸਫ਼ਾਂ ਵਿਚ ਵਾਧਾ ਹੋਇਆ ਹੈ ਜਦਕਿ ਤਨਖ਼ਾਹਦਾਰ ਕਾਮਿਆਂ ਦੀ ਗਿਣਤੀ ਵਿਚ ਕਮੀ ਆਈ ਹੈ। ਇਸ ਦਾ ਇਹ ਮਤਲਬ ਹੋ ਸਕਦਾ ਹੈ ਕਿ ਸਵੈ-ਰੁਜ਼ਗਾਰ ਵੰਨਗੀ ਉਨ੍ਹਾਂ ਲੋਕਾਂ ਨੂੰ ਸਮੋਣ ਦਾ ਲੇਬਰ ਸਿੰਕ ਬਣ ਗਿਆ ਹੈ ਜੋ ਤਨਖ਼ਾਹਦਾਰ ਉਜਰਤ ਹਾਸਲ ਕਰਨ ਵਿਚ ਸਫ਼ਲ ਨਹੀਂ ਹੁੰਦੇ ਜਾਂ ਫਿਰ ਇਤਫ਼ਾਕੀਆ ਲੇਬਰ ਨੂੰ ਵੀ ਅਤੇ ਜਨਿ੍ਹਾਂ ਨੂੰ ਆਪਣੇ ਪਿਤਾ ਪੁਰਖੀ ਕੰਮ ਧੰਦਿਆਂ ਨੂੰ ਅਪਣਾਉਣਾ ਪੈਂਦਾ ਹੈ। ਜੇ ਹਾਲਾਤ ਇੱਦਾਂ ਦੇ ਹਨ ਤਾਂ ਰੁਜ਼ਗਾਰ ਦੇ ਮੋਰਚੇ ’ਤੇ ਬਿਹਤਰੀ ਦੇ ਅੰਕੜੇ ਛਲਾਵਾ ਹੋ ਸਕਦੇ ਹਨ।
ਜਨਿ੍ਹਾਂ ਹੋਰਨਾ ਅੰਕੜਿਆਂ ’ਤੇ ਵੱਡੀ ਚਰਚਾ ਹੋ ਰਹੀ ਹੈ ਉਨ੍ਹਾਂ ਵਿਚ ਬੈਂਕ ਕਰਜਿ਼ਆਂ ਵਿਚ ਭਰਵਾਂ ਵਾਧਾ ਸ਼ਾਮਲ ਹੈ। ਇਸ ਵਿਚ ਸਭ ਤੋਂ ਜਿ਼ਆਦਾ ਵਾਧਾ ਪ੍ਰਚੂਨ ਅਤੇ ਨਿੱਜੀ ਕਰਜਿ਼ਆਂ ਵਿਚ ਹੋਇਆ ਹੈ। ਇਸ ਦਾ ਕਾਰਨ ਇਹ ਹੈ ਕਿ ਬਹੁਤ ਸਾਰੀਆਂ ਕੰਪਨੀਆਂ ਕੋਲ ਕਾਫ਼ੀ ਨਕਦੀ ਹੈ ਅਤੇ ਉਨ੍ਹਾਂ ਨੂੰ ਉਧਾਰ ਲੈਣ ਦੀ ਲੋੜ ਨਹੀਂ ਪੈ ਰਹੀ ਜਦਕਿ ਜਿ਼ਆਦਾਤਰ ਖਪਤਕਾਰ ਆਪਣੀ ਭਵਿੱਖ ਦੀ ਆਮਦਨ ਪ੍ਰਤੀ ਵਧੇਰੇ ਆਸਵੰਦ ਹਨ ਜਿਸ ਕਰ ਕੇ ਉਹ ਅਸਾਸਿਆਂ ( ਆਮ ਤੌਰ ’ਤੇ ਵਾਹਨਾਂ, ਰਿਹਾਇਸ਼ੀ ਇਕਾਈਆਂ) ਦੀ ਖਰੀਦ ਫਰੋਖ਼ਤ ਲਈ ਕਰਜ਼ ਲੈਂਦੇ ਹਨ। ਆਰਬੀਆਈ ਨੇ ਖਬਰਦਾਰ ਕਰ ਕੇ ਸਹੀ ਕੰਮ ਕੀਤਾ ਹੈ ਕਿ ਇਸ ਬਿਖਮ ਕਰਜ਼ ਪੈਟਰਨ ’ਤੇ ਨਜ਼ਰ ਰੱਖਣ ਦੀ ਲੋੜ ਹੈ ਕਿਉਂਕਿ ਘਰਾਂ ਦੇ ਕਰਜਿ਼ਆਂ ਵਿਚ ਜੋਖ਼ਮ ਵਧ ਰਹੇ ਹਨ।
ਕੁੱਲ ਮਿਲਾ ਕੇ ਅਰਥਚਾਰੇ ਦੀ ਤਸਵੀਰ ਵਿਚ ਵਡੇਰੇ ਤੌਰ ’ਤੇ ਆਸ਼ਾਵਾਦ ਦੇ ਰੰਗ ਭਰੇ ਗਏ ਹਨ ਜਿਸ ਵਿਚ ਕੁਝ ਸਿਆਹ ਖੱਪੇ ਵੀ ਮੌਜੂਦ ਹਨ। ਇਸ ਲਈ ਅਰਥਚਾਰਾ ਨਵੇਂ ਪੁਰਾਣੇ ਨਾਰਮਲ ਦੀ 6 ਫ਼ੀਸਦ ਤੋਂ ਉਪਰ ਦੀ ਵਿਕਾਸ ਦਰ ਨਾਲ ਵਧ ਰਿਹਾ ਹੈ। ਮੌਜੂਦਾ ਆਲਮੀ ਪ੍ਰਸੰਗ ਦੇ ਮੱਦੇਨਜ਼ਰ ਇਹ ਵਾਕਈ ਵੱਡੀ ਗੱਲ ਹੈ ਪਰ ਨੇੜ ਭਵਿੱਖ ਵਿਚ ਅਰਥਚਾਰੇ ਦੀ ਰਫ਼ਤਾਰ ਵਿਚ ਤੇਜ਼ੀ ਆਉਣ ਦੀ ਕੋਈ ਸੰਭਾਵਨਾ ਨਹੀਂ ਹੈ।
*ਲੇਖਕ ਆਰਥਿਕ ਮਾਮਲਿਆਂ ਦਾ ਮਾਹਿਰ ਹੈ।