For the best experience, open
https://m.punjabitribuneonline.com
on your mobile browser.
Advertisement

ਹਿੰਦ-ਪ੍ਰਸ਼ਾਂਤ ਖ਼ਿੱਤੇ ’ਚ ਟਕਰਾਅ ਦੇ ਕਾਲੇ ਬੱਦਲ ਛਾਏ: ਮੋਦੀ

10:43 PM Jun 29, 2023 IST
ਹਿੰਦ ਪ੍ਰਸ਼ਾਂਤ ਖ਼ਿੱਤੇ ’ਚ ਟਕਰਾਅ ਦੇ ਕਾਲੇ ਬੱਦਲ ਛਾਏ  ਮੋਦੀ
Advertisement

ਵਾਸ਼ਿੰਗਟਨ, 23 ਜੂਨ

Advertisement

ਮੁੱਖ ਅੰਸ਼

  • ਚੀਨ ਅਤੇ ਪਾਕਿਸਤਾਨ ‘ਤੇ ਅਸਿੱਧੇ ਢੰਗ ਨਾਲ ਵਰ੍ਹੇ ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਿੰਦ-ਪ੍ਰਸ਼ਾਂਤ ਖ਼ਿੱਤੇ ‘ਚ ਚੀਨ ਦੀਆਂ ਵਧਦੀਆਂ ਫ਼ੌਜੀ ਸਰਗਰਮੀਆਂ ਦਰਮਿਆਨ ਉਸ ‘ਤੇ ਅਸਿੱਧੇ ਢੰਗ ਨਾਲ ਹਮਲਾ ਬੋਲਦਿਆਂ ਕਿਹਾ ਹੈ ਕਿ ਰਣਨੀਤਕ ਤੌਰ ‘ਤੇ ਅਹਿਮ ਇਸ ਖ਼ਿੱਤੇ ‘ਤੇ ਦਬਾਅ ਅਤੇ ਟਕਰਾਅ ਦੇ ਕਾਲੇ ਬੱਦਲ ਛਾਏ ਹੋਏ ਹਨ। ਅਮਰੀਕੀ ਕਾਂਗਰਸ (ਸੰਸਦ) ਦੇ ਸਾਂਝੇ ਇਜਲਾਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਆਲਮੀ ਪ੍ਰਬੰਧ ਸੰਯੁਕਤ ਰਾਸ਼ਟਰ ਚਾਰਟਰ ਦੇ ਸਿਧਾਂਤਾਂ, ਵਿਵਾਦਾਂ ਦੇ ਸ਼ਾਂਤਮਈ ਹੱਲ ਅਤੇ ਖੁਦਮੁਖਤਿਆਰੀ ਤੇ ਖੇਤਰੀ ਅਖੰਡਤਾ ਦੇ ਸਨਮਾਨ ‘ਤੇ ਆਧਾਰਿਤ ਹੈ। ਸ੍ਰੀ ਮੋਦੀ ਨੇ ਦੂਜੀ ਵਾਰ ਅਮਰੀਕੀ ਸੰਸਦ ਨੂੰ ਸੰਬੋਧਨ ਕਰਕੇ ਇਤਿਹਾਸ ਸਿਰਜਿਆ ਹੈ। ਸ੍ਰੀ ਮੋਦੀ ਨੇ ਅੰਗਰੇਜ਼ੀ ‘ਚ ਕਰੀਬ 60 ਮਿੰਟ ਦੇ ਆਪਣੇ ਭਾਸ਼ਨ ‘ਚ ਪਾਕਿਸਤਾਨ ‘ਤੇ ਵੀ ਹਮਲਾ ਬੋਲਦਿਆਂ ਕਿਹਾ ਕਿ ਅਤਿਵਾਦ ਮਨੁੱਖਤਾ ਦਾ ਦੁਸ਼ਮਣ ਹੈ ਅਤੇ ਇਸ ਨਾਲ ਸਿੱਝਣ ‘ਚ ਕੋਈ ‘ਕਿੰਤੂ-ਪ੍ਰੰਤੂ’ ਨਹੀਂ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ 9/11 ਅਤੇ 26/11 ਦੇ ਹਮਲਿਆਂ ਤੋਂ ਬਾਅਦ ਵੀ ਕੱਟੜਵਾਦ ਅਤੇ ਅਤਿਵਾਦ ਪੂਰੀ ਦੁਨੀਆ ਲਈ ਅੱਜ ਵੀ ਖ਼ਤਰਾ ਬਣਿਆ ਹੋਇਆ ਹੈ। ਉਨ੍ਹਾਂ ਮੁੰਬਈ ਅਤੇ ਪਠਾਨਕੋਟ ਹਮਲਿਆਂ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਦਾ ਵੀ ਸੱਦਾ ਦਿੱਤਾ। ਪੂਰਬੀ ਲੱਦਾਖ ‘ਚ ਭਾਰਤ ਅਤੇ ਚੀਨ ਦੀਆਂ ਫ਼ੌਜਾਂ ਵਿਚਕਾਰ ਲੰਬੇ ਸਮੇਂ ਤੋਂ ਜਾਰੀ ਟਕਰਾਅ ਬਾਰੇ ਸ੍ਰੀ ਮੋਦੀ ਨੇ ਕਿਹਾ,”ਹਿੰਦ-ਪ੍ਰਸ਼ਾਂਤ ਖ਼ਿੱਤੇ ਦੀ ਸਥਿਰਤਾ ਸਾਡੀ ਭਾਈਵਾਲੀ ਦੀਆਂ ਮੁੱਖ ਚਿੰਤਾਵਾਂ ‘ਚੋਂ ਇਕ ਹੈ।” ਉਨ੍ਹਾਂ ਕਿਹਾ ਕਿ ਭਾਰਤ ਅਤੇ ਅਮਰੀਕਾ ਅਜਿਹੇ ਮੁਕਤ, ਆਜ਼ਾਦ ਅਤੇ ਸਾਂਝੇ ਹਿੰਦ-ਪ੍ਰਸ਼ਾਂਤ ਦਾ ਨਜ਼ਰੀਆ ਰਖਦੇ ਹਨ ਜੋ ਸੁਰੱਖਿਅਤ ਸਮੁੰਦਰਾਂ ਨਾਲ ਜੁੜਿਆ ਹੋਵੇ ਅਤੇ ਜਿਥੇ ਕਿਸੇ ਦਾ ਦਾਬਾ ਨਾ ਹੋਵੇ। ਸ੍ਰੀ ਮੋਦੀ ਨੇ ਕਿਹਾ ਕਿ ਦੋਵੇਂ ਮੁਲਕ ਅਜਿਹੇ ਖ਼ਿੱਤੇ ਦੀ ਕਲਪਨਾ ਕਰਦੇ ਹਨ ਜਿਥੇ ਸਾਰੇ ਛੋਟੇ-ਵੱਡੇ ਮੁਲਕ ਆਪਣੇ ਫ਼ੈਸਲੇ ਆਜ਼ਾਦ ਅਤੇ ਕਿਸੇ ਡਰ ਤੋਂ ਬਿਨਾਂ ਕਰ ਸਕਣ। ਉਨ੍ਹਾਂ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਸ੍ਰੀਲੰਕਾ ਅਤੇ ਪਾਕਿਸਤਾਨ ਜਿਹੇ ਮੁਲਕ ਆਰਥਿਕ ਸੰਕਟ ਨਾਲ ਜੂਝ ਰਹੇ ਹਨ ਜਿਨ੍ਹਾਂ ‘ਚ ਚੀਨ ਨੇ ਬੁਨਿਆਦੀ ਢਾਂਚੇ ‘ਚ ਨਿਵੇਸ਼ ਕੀਤਾ ਹੈ। ਯੂਕਰੇਨ ‘ਚ ਜੰਗ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਜੰਗ ਸਮਾਂ ਨਹੀਂ ਹੈ ਸਗੋਂ ਸੰਵਾਦ ਤੇ ਕੂਟਨੀਤੀ ਦਾ ਦੌਰ ਹੈ ਅਤੇ ਖ਼ੂਨ-ਖ਼ਰਾਬੇ ਨੂੰ ਰੋਕਣ ਲਈ ਹਰਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ। ਪ੍ਰਧਾਨ ਮੰਤਰੀ ਨੇ ਸੰਯੁਕਤ ਰਾਸ਼ਟਰ ਸਮੇਤ ਹੋਰ ਬਹੁਧਿਰੀ ਸੰਸਥਾਵਾਂ ‘ਚ ਸੁਧਾਰ ਕੀਤੇ ਜਾਣ ਦੀ ਵੀ ਵਕਾਲਤ ਕੀਤੀ। ਅਮਰੀਕਾ ਨਾਲ ਭਾਰਤ ਦੇ ਸਬੰਧਾਂ ਬਾਰੇ ਖੁੱਲ੍ਹ ਕੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਦੋਵੇਂ ਮੁਲਕਾਂ ਦੇ ਰਿਸ਼ਤਿਆਂ ਲਈ ਇਹ ਨਵੀਂ ਸਵੇਰ ਹੈ ਜੋ ਪੂਰੀ ਦੁਨੀਆ ਦੇ ਹਾਲਾਤ ਨੂੰ ਨਵਾਂ ਰੂਪ ਦੇਵੇਗੀ। ਉਨ੍ਹਾਂ ਮਹਾਤਮਾ ਗਾਂਧੀ ਅਤੇ ਮਾਰਟਿਨ ਲੂਥਰ ਕਿੰਗ ਜੂਨੀਅਰ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਅਸੀਂ ਆਜ਼ਾਦੀ, ਬਰਾਬਰੀ ਅਤੇ ਇਨਸਾਫ਼ ਲਈ ਕੰਮ ਕਰਨ ਵਾਲੇ ਕਈ ਹੋਰ ਲੋਕਾਂ ਨੂੰ ਵੀ ਯਾਦ ਕਰਦੇ ਹਾਂ। ਉਨ੍ਹਾਂ ਦੋਵੇਂ ਮੁਲਕਾਂ ਦੀਆਂ ਸਾਂਝੀਆਂ ਜਮਹੂਰੀ ਕਦਰਾਂ-ਕੀਮਤਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਭਾਰਤ ‘ਚ 2500 ਤੋਂ ਜ਼ਿਆਦਾ ਸਿਆਸੀ ਪਾਰਟੀਆਂ ਹਨ ਅਤੇ ਦੇਸ਼ ਦੇ ਵੱਖ ਵੱਖ ਸੂਬਿਆਂ ‘ਚ 20 ਤੋਂ ਵੱਧ ਪਾਰਟੀਆਂ ਦਾ ਰਾਜ ਹੈ। ਸ੍ਰੀ ਮੋਦੀ ਨੇ ਆਪਣੀ ਅਗਵਾਈ ਹੇਠ ਭਾਰਤ ‘ਚ ਲੋਕਤੰਤਰ ਨੂੰ ਢਾਹ ਲੱਗਣ ਦੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕੀਤਾ। ‘ਸਾਡੀਆਂ 22 ਭਾਸ਼ਾਵਾਂ ਅਤੇ ਹਜ਼ਾਰਾਂ ਬੋਲੀਆਂ ਹਨ ਪਰ ਫਿਰ ਵੀ ਅਸੀਂ ਇਕ ਸੁਰ ‘ਚ ਬੋਲਦੇ ਹਾਂ। ਦੁਨੀਆ ਭਰ ਦੇ ਸਾਰੇ ਧਰਮਾਂ ਦੇ ਲੋਕ ਭਾਰਤ ‘ਚ ਰਹਿੰਦੇ ਹਨ ਅਤੇ ਅਸੀਂ ਉਨ੍ਹਾਂ ਦੇ ਸਾਰੇ ਤਿਉਹਾਰਾਂ ਦਾ ਜਸ਼ਨ ਮਨਾਉਂਦੇ ਹਾਂ।’ ਉਨ੍ਹਾਂ ਕਿਹਾ ਕਿ ਜਦੋਂ ਉਹ 2014 ‘ਚ ਪ੍ਰਧਾਨ ਮੰਤਰੀ ਵਜੋਂ ਪਹਿਲੀ ਵਾਰ ਅਮਰੀਕਾ ਆਏ ਸਨ ਤਾਂ ਭਾਰਤ ਦੁਨੀਆ ਦਾ 10ਵਾਂ ਸਭ ਤੋਂ ਵੱਡਾ ਅਰਥਚਾਰਾ ਸੀ। ਪ੍ਰਧਾਨ ਮੰਤਰੀ ਨੇ ਦਾਅਵਾ ਕੀਤਾ ਕਿ ਅੱਜ ਭਾਰਤ ਪੰਜਵਾਂ ਸਭ ਤੋਂ ਵੱਡਾ ਅਰਥਚਾਰਾ ਹੈ ਅਤੇ ਉਹ ਛੇਤੀ ਹੀ ਤੀਜਾ ਸਭ ਤੋਂ ਵੱਡਾ ਅਰਥਚਾਰਾ ਬਣ ਜਾਵੇਗਾ। ‘ਜਦੋਂ ਭਾਰਤ ਤਰੱਕੀ ਕਰਦਾ ਹੈ ਤਾਂ ਪੂਰੀ ਦੁਨੀਆ ਤਰੱਕੀ ਕਰਦੀ ਹੈ। ਆਖਰਕਾਰ ਦੁਨੀਆ ਦੀ 16.66 ਫ਼ੀਸਦ ਅਬਾਦੀ ਸਾਡੇ ਮੁਲਕ ‘ਚ ਹੈ।’ ਉਨ੍ਹਾਂ ਕਿਹਾ ਕਿ ਜਦੋਂ ਭਾਰਤੀ ਵਧੇਰੇ ਹਵਾਈ ਸਫ਼ਰ ਕਰਦੇ ਹਨ ਤਾਂ ਇਕ ਜਹਾਜ਼ ਦੇ ਨਿਰਮਾਣ ਦੇ ਆਰਡਰ ਨਾਲ ਅਮਰੀਕਾ ਦੇ 44 ਸੂਬਿਆਂ ‘ਚ 10 ਲੱਖ ਤੋਂ ਵੱਧ ਨੌਕਰੀਆਂ ਪੈਦਾ ਹੁੰਦੀਆਂ ਹਨ। ਪ੍ਰਧਾਨ ਮੰਤਰੀ ਮੋਦੀ ਨੇ ਅਮਰੀਕਾ ‘ਚ ਭਾਰਤੀ ਭਾਈਚਾਰੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਾਰਤੀਆਂ ਨੇ ਸਿਰਫ਼ ‘ਸਪੈਲਿੰਗ ਬੀ’ ਮੁਕਾਬਲੇ ‘ਚ ਹੀ ਨਹੀਂ ਸਗੋਂ ਹਰ ਖੇਤਰ ‘ਚ ਆਪਣੇ ਹੁਨਰ ਦਾ ਲੋਹਾ ਮਨਵਾਇਆ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਨਾਲ ਮੁਲਕ ਦੇ ਸਬੰਧਾਂ ਨੂੰ ਮਜ਼ਬੂਤੀ ਪ੍ਰਦਾਨ ਕਰਨ ‘ਚ ਭਾਰਤੀ-ਅਮਰੀਕੀਆਂ ਨੇ ਵੱਡੀ ਭੂਮਿਕਾ ਨਿਭਾਈ ਹੈ। -ਪੀਟੀਆਈ

ਭਾਸ਼ਨ ਦੌਰਾਨ ਗੂੰਜੇ ‘ਮੋਦੀ-ਮੋਦੀ’ ਦੇ ਨਾਅਰੇ

ਭਾਰਤੀ ਅਧਿਕਾਰੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਨ ਨੂੰ ਇਤਿਹਾਸਕ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਭਾਸ਼ਨ ਦੌਰਾਨ ਸਦਨ ‘ਚ 79 ਵਾਰ ਤਾੜੀਆਂ ਵਜਾਈਆਂ ਗਈਆਂ। ਸ੍ਰੀ ਮੋਦੀ ਦੇ ਭਾਸ਼ਨ ਦੌਰਾਨ ਮੈਂਬਰਾਂ ਨੇ 15 ਵਾਰ ਖੜ੍ਹੇ ਹੋ ਕੇ ਸਨਮਾਨ ਜ਼ਾਹਿਰ ਕੀਤਾ। ਅਮਰੀਕੀ ਸੰਸਦ ਅੰਦਰ ‘ਮੋਦੀ ਮੋਦੀ’ ਦੇ ਨਾਅਰੇ ਵੀ ਲੱਗੇ। ਇਸ ਦੌਰਾਨ ਸ੍ਰੀ ਮੋਦੀ ਦੇ ਆਟੋਗ੍ਰਾਫ ਅਤੇ ਉਨ੍ਹਾਂ ਨਾਲ ਸੈਲਫੀਆਂ ਵੀ ਲਈਆਂ ਗਈਆਂ। ਸ੍ਰੀ ਮੋਦੀ ਨੇ 1.4 ਅਰਬ ਭਾਰਤੀਆਂ ਦੇ ਨੁਮਾਇੰਦੇ ਵਜੋਂ ਸੰਸਦ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਮਰੀਕੀ ਕਾਂਗਰਸ ‘ਚ ਦੋ ਵਾਰ ਭਾਸ਼ਨ ਦੇਣਾ ਹਮੇਸ਼ਾ ਸਨਮਾਨ ਅਤੇ ਮਾਣ ਦੀ ਗੱਲ ਰਹੀ ਹੈ।

ਮੋਦੀ ਨੇ ਲੁਕਵੇਂ ਰੂਪ ਵਿੱਚ ਰਾਹੁਲ ਗਾਂਧੀ ‘ਤੇ ਕਸਿਆ ਵਿਅੰਗ

ਵਾਸ਼ਿੰਗਟਨ: ਭਾਰਤ ਨਾਲ ਅਮਰੀਕਾ ਦੇ ਸਬੰਧਾਂ ਦਾ ਜਸ਼ਨ ਮਨਾਉਣ ਲਈ ਜੁੜੇ ਅਮਰੀਕੀ ਸੰਸਦ ਦੇ ਮੈਂਬਰਾਂ ਦੀ ਸ਼ਲਾਘਾ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਆਪਣੇ ਘਰ ਵਿਚ ਤਾਂ ਵਿਚਾਰਾਂ ਦੀ ਮੁਕਾਬਲੇਬਾਜ਼ੀ ਜ਼ਰੂਰ ਹੋਣੀ ਚਾਹੀਦੀ ਹੈ ਪਰ ਦੇਸ਼ ਲਈ ਬੋਲਣ ਲੱਗਿਆਂ ਲੋਕਾਂ ਨੂੰ ਇਕ ਹੋ ਜਾਣਾ ਚਾਹੀਦਾ ਹੈ। ਅਮਰੀਕੀ ਕਾਂਗਰਸ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਮੋਦੀ ਵੱਲੋਂ ਕੀਤੀਆਂ ਇਨ੍ਹਾਂ ਟਿੱਪਣੀਆਂ ਨੂੰ ਕਾਂਗਰਸ ਆਗੂ ਰਾਹੁਲ ਗਾਂਧੀ ‘ਤੇ ਲੁਕਵੇਂ ਰੂਪ ‘ਚ ਕੀਤੇ ਵਿਅੰਗ ਵਜੋਂ ਲਿਆ ਜਾ ਰਿਹਾ ਹੈ। ਰਾਹੁਲ ਗਾਂਧੀ ਵਿਦੇਸ਼ੀ ਦੌਰਿਆਂ ਉਤੇ ਅਕਸਰ ਭਾਜਪਾ ਸਰਕਾਰ ‘ਤੇ ਨਿਸ਼ਾਨਾ ਸੇਧਦੇ ਹਨ। ਜਦਕਿ ਭਾਜਪਾ ਕਈ ਵਾਰ ਰਾਹੁਲ ਵੱਲੋਂ ਕੀਤੀਆਂ ਟਿੱਪਣੀਆਂ ਨੂੰ ਵਿਦੇਸ਼ੀ ਧਰਤੀ ਉਤੇ ਦੇਸ਼ ਨੂੰ ਬਦਨਾਮ ਕਰਨ ਦੇ ਬਰਾਬਰ ਕਰਾਰ ਦੇ ਚੁੱਕੀ ਹੈ। ਮੋਦੀ ਨੇ ਸੰਸਦ ਮੈਂਬਰਾਂ ਨੂੰ ਕਿਹਾ, ‘ਮੈਂ ਵਿਚਾਰਾਂ ਤੇ ਵਿਚਾਰਧਾਰਾਵਾਂ ਦੀ ਬਹਿਸ ਨੂੰ ਸਮਝਦਾ ਹਾਂ। ਪਰ ਮੈਂ ਤੁਹਾਨੂੰ ਸਾਰਿਆਂ ਨੂੰ ਇੱਥੇ ਇਕੱਠੇ ਦੇਖ ਕੇ ਖ਼ੁਸ਼ ਹਾਂ।’ -ਪੀਟੀਆਈ

Advertisement
Tags :
Advertisement
Advertisement
×