For the best experience, open
https://m.punjabitribuneonline.com
on your mobile browser.
Advertisement

ਡੀਏਪੀ ਦੀ ਕਾਲਾਬਾਜ਼ਾਰੀ: ਪੰਜਾਬ ਸਰਕਾਰ ਵੱਲੋਂ ਤਿੰਨ ਅਧਿਕਾਰੀ ਮੁਅੱਤਲ

07:59 AM Nov 08, 2024 IST
ਡੀਏਪੀ ਦੀ ਕਾਲਾਬਾਜ਼ਾਰੀ  ਪੰਜਾਬ ਸਰਕਾਰ ਵੱਲੋਂ ਤਿੰਨ ਅਧਿਕਾਰੀ ਮੁਅੱਤਲ
Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 7 ਨਵੰਬਰ
ਪੰਜਾਬ ਸਰਕਾਰ ਨੇ ਡੀਏਪੀ ਖਾਦ ਦੀ ਜਮ੍ਹਾਂਖੋਰੀ ਦੇ ਮਾਮਲੇ ਵਿਚ ਤਿੰਨ ਉੱਚ ਅਧਿਕਾਰੀ ਮੁਅੱਤਲ ਕਰ ਦਿੱਤੇ ਹਨ। ਮਾਮਲਾ ਜ਼ਿਲ੍ਹਾ ਫ਼ਿਰੋਜ਼ਪੁਰ ਵਿਚ ਡੀਏਪੀ ਖਾਦ ਦੀ ਜਮ੍ਹਾਂਖੋਰੀ ਦਾ ਹੈ ਜਿਸ ਦੀ ਗੁਪਤ ਸੂਚਨਾ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਮਿਲੀ ਸੀ। ਖੇਤੀ ਮੰਤਰੀ ਨੇ ਜਮ੍ਹਾਂਖੋਰੀ ਕਰਨ ਵਾਲੀ ਫ਼ਰਮ ਖ਼ਿਲਾਫ਼ ਵੀ ਪੁਲੀਸ ਕੇਸ ਕਰਨ ਦੇ ਹੁਕਮ ਦਿੱਤੇ ਹਨ। ਖੇਤੀ ਮਹਿਕਮੇ ਦੇ ਵਧੀਕ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਫ਼ਿਰੋਜ਼ਪੁਰ ਦੇ ਮੁੱਖ ਖੇਤੀਬਾੜੀ ਅਫ਼ਸਰ (ਸੀ.ਏ.ਓ.) ਜਗੀਰ ਸਿੰਘ ਨੂੰ ਡਿਊਟੀ ਵਿੱਚ ਕੁਤਾਹੀ ਵਰਤਣ ਦੇ ਦੋਸ਼ ਵਿੱਚ ਤੁਰੰਤ ਮੁਅੱਤਲ ਕਰ ਦਿੱਤਾ ਹੈ। ਇਸੇ ਤਰ੍ਹਾਂ ਮਾਰਕਫੈੱਡ ਨੇ ਵੀ ਇਸ ਮਾਮਲੇ ’ਚ ਫ਼ੌਰੀ ਕਦਮ ਚੁੱਕਦਿਆਂ ਫ਼ਿਰੋਜ਼ਪੁਰ ਦੇ ਜ਼ਿਲ੍ਹਾ ਮੈਨੇਜਰ ਕਮਲਦੀਪ ਸਿੰਘ ਅਤੇ ਖਾਦ ਸਪਲਾਈ ਅਫ਼ਸਰ ਵਿਕਾਸ ਕੁਮਾਰ ਨੂੰ ਮੁਅੱਤਲ ਕੀਤਾ ਹੈ। ਕੱਲ੍ਹ ਮਾਰਕਫੈੱਡ ਵੱਲੋਂ ਇਨ੍ਹਾਂ ਦੋਵਾਂ ਅਧਿਕਾਰੀਆਂ ਨੂੰ ਚਾਰਜਸ਼ੀਟ ਜਾਰੀ ਕੀਤੀ ਗਈ ਸੀ। ਐੱਸ.ਡੀ.ਐਮ. ਦੀ ਅਗਵਾਈ ਵਿੱਚ ਟੀਮ ਵੱਲੋਂ ਫ਼ਿਰੋਜ਼ਪੁਰ ਵਿੱਚ ਮੈਸਰਜ਼ ਸਚਦੇਵਾ ਟਰੇਡਰਜ਼ ਦੇ ਗੁਦਾਮਾਂ ਦੀ ਚੈਕਿੰਗ ਕੀਤੀ ਗਈ ਸੀ ਅਤੇ ਲਗਪਗ 161.8 ਐੱਮ.ਟੀ. (3,236 ਬੋਰੀਆਂ) ਡੀ.ਏ.ਪੀ. ਖਾਦ ਗੈਰ-ਕਾਨੂੰਨੀ ਢੰਗ ਨਾਲ ਸਟੋਰ ਕੀਤੀ ਪਾਈ ਗਈ ਸੀ। ਇਹ ਫ਼ਰਮ ਆਪਣੇ ਗੁਦਾਮਾਂ ਵਿੱਚ ਇਸ ਡੀ.ਏ.ਪੀ. ਦੇ ਭੰਡਾਰਨ ਬਾਰੇ ਪੁਖ਼ਤਾ ਰਿਕਾਰਡ ਪੇਸ਼ ਕਰਨ ਵਿੱਚ ਨਾਕਾਮ ਰਹੀ। ਮਾਰਕਫੈੱਡ ਦੇ ਮੈਨੇਜਿੰਗ ਡਾਇਰੈਕਟਰ ਗਿਰੀਸ਼ ਦਿਆਲਨ ਨੇ ਕਿਹਾ ਕਿ ਚਾਰਜਸ਼ੀਟ ਜਾਰੀ ਕਰਨ ਮਗਰੋਂ ਅੱਜ ਜ਼ਿਲ੍ਹਾ ਮੈਨੇਜਰ ਫ਼ਿਰੋਜ਼ਪੁਰ ਅਤੇ ਖਾਦ ਸਪਲਾਈ ਅਫ਼ਸਰ ਨੂੰ ਮੁਅੱਤਲ ਕਰ ਦਿੱਤਾ ਹੈ ਕਿਉਂਕਿ ਉਨ੍ਹਾਂ ਵੱਲੋਂ ਮੁੱਖ ਦਫ਼ਤਰ ਨੂੰ ਸਮੁੱਚੀ ਕਮੀ ਬਾਰੇ ਵੇਲੇ ਸਿਰ ਕੋਈ ਜਾਣਕਾਰੀ ਨਹੀਂ ਦਿੱਤੀ। ਜ਼ਿਲ੍ਹਾ ਮੈਨੇਜਰ ਦੀ ਮੁਅੱਤਲੀ ਦੌਰਾਨ ਤਾਇਨਾਤੀ ਮੁੱਖ ਦਫ਼ਤਰ ਤੇ ਖਾਦ ਸਪਲਾਈ ਅਫ਼ਸਰ ਦੀ ਤਾਇਨਾਤੀ ਜ਼ਿਲ੍ਹਾ ਮਾਰਕਫੈੱਡ ਦਫ਼ਤਰ ਲੁਧਿਆਣਾ ਰਹੇਗੀ। ਉਧਰ ਖੇਤੀ ਮਹਿਕਮੇ ਨੇ ਫ਼ਿਰੋਜ਼ਪੁਰ ਦੇ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਜਗੀਰ ਸਿੰਘ ਨੂੰ ਚਾਰਜਸ਼ੀਟ ਕੀਤਾ ਤੇ ਅੱਜ ਮੁਅੱਤਲੀ ਕੀਤੀ ਗਈ। ਇਸ ਅਫ਼ਸਰ ਦੀ ਮੁਅੱਤਲੀ ਦੌਰਾਨ ਤਾਇਨਾਤੀ ਮੁੱਖ ਦਫ਼ਤਰ ’ਚ ਰਹੇਗੀ।

Advertisement

ਕੀ ਹੈ ਮਾਮਲਾ?

ਫ਼ਿਰੋਜ਼ਪੁਰ ਵਿਚ 3 ਨਵੰਬਰ ਨੂੰ ਕਰਿਭਕੋ ਦਾ ਰੈਕ ਲੱਗਿਆ ਸੀ ਜਿਸ ’ਚੋਂ ਮਾਰਕਫੈੱਡ ਨੂੰ ਡੀਏਪੀ ਖਾਦ 1845 ਬੋਰੀਆਂ ਘੱਟ ਪ੍ਰਾਪਤ ਹੋਈਆਂ ਸਨ। ਦੋ ਦਿਨ ਬਾਅਦ ਐੱਸਡੀਐੱਮ ਦੀ ਅਗਵਾਈ ਵਾਲੀ ਟੀਮ ਨੇ ਛਾਪੇਮਾਰੀ ਕੀਤੀ ਸੀ। ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਦੀ ਕਾਰਵਾਈ ਮਗਰੋਂ ਹਿਲਜੁਲ ਹੋਣੀ ਸ਼ੁਰੂ ਹੋਈ ਸੀ। ਮਾਰਕਫੈੱਡ ਦੇ ਜ਼ਿਲ੍ਹਾ ਪੱਧਰੀ ਅਫ਼ਸਰਾਂ ਨੇ ਮੁੱਖ ਦਫ਼ਤਰ ਨੂੰ ਘੱਟ ਖਾਦ ਮਿਲੀ ਹੋਣ ਬਾਰੇ ਓਹਲਾ ਰੱਖਿਆ। ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਨੇ ਜਾਣਕਾਰੀ ਦਿੱਤੀ ਸੀ ਕਿ ਮਾਰਕਫੈੱਡ ਦੇ ਅਧਿਕਾਰੀਆਂ ਨੇ ਨਾ ਤਾਂ ਰੈਕ ਪੁਆਇੰਟ ਦੀ ਵਿਜ਼ਿਟ ਕੀਤੀ ਅਤੇ ਨਾ ਹੀ ਖਾਦ ਦੀ ਸਪਲਾਈ ਨੂੰ ਮੌਨੀਟਰ ਕੀਤਾ। ਮਾਰਕਫੈੱਡ ਦੀ ਚਾਰਜਸ਼ੀਟ ਅਨੁਸਾਰ ਇਨ੍ਹਾਂ ਅਧਿਕਾਰੀਆਂ ਨੂੰ 30 ਅਕਤੂਬਰ ਨੂੰ ਹੀ ਫ਼ਿਰੋਜ਼ਪੁਰ ਵਿਚ ਲੱਗਣ ਵਾਲੇ ਰੈਕ ਦੀ ਜਾਣਕਾਰੀ ਦਿੱਤੀ ਗਈ ਸੀ। ਇਸ ਦੇ ਬਾਵਜੂਦ ਦੋਵੇਂ ਅਧਿਕਾਰੀਆਂ ਨੇ ਰੈਕ ਪੁਆਇੰਟ ਤੇ ਖਾਦ ਦੀ ਸਪਲਾਈ ਨੂੰ ਮੌਨੀਟਰ ਨਹੀਂ ਕੀਤਾ ਅਤੇ ਨਾ ਹੀ ਮਹਿਕਮੇ ਵੱਲੋਂ ਕੀਤੀ ਛਾਪੇਮਾਰੀ ਤੋਂ ਜਾਣੂ ਕਰਾਇਆ।

Advertisement

Advertisement
Author Image

sukhwinder singh

View all posts

Advertisement