For the best experience, open
https://m.punjabitribuneonline.com
on your mobile browser.
Advertisement

ਡੀਏਪੀ ਘਪਲਾ: ਹੁਣ ਗੇਂਦ ਮੁੱਖ ਮੰਤਰੀ ਦੇ ਪਾਲੇ ਵਿੱਚ

08:52 AM Jul 26, 2024 IST
ਡੀਏਪੀ ਘਪਲਾ  ਹੁਣ ਗੇਂਦ ਮੁੱਖ ਮੰਤਰੀ ਦੇ ਪਾਲੇ ਵਿੱਚ
Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 25 ਜੁਲਾਈ
ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਡੀਏਪੀ ਖਾਦ ਦੇ ਘਪਲੇ ਬਾਰੇ ਰਿਪੋਰਟ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਭੇਜ ਦਿੱਤੀ ਹੈ ਅਤੇ ਹੁਣ ਗੇਂਦ ਮੁੱਖ ਮੰਤਰੀ ਦਫ਼ਤਰ ਦੇ ਪਾਲੇ ਵਿੱਚ ਚਲੀ ਗਈ ਹੈ। ਦੱਸਣਯੋਗ ਹੈ ਕਿ ਡੀਏਪੀ ਤੋਂ ਬਾਅਦ ਜ਼ਿਲ੍ਹਾ ਲੁਧਿਆਣਾ ਵਿੱਚ ਜ਼ਿੰਕ ਦੇ ਨਮੂਨੇ ਵੀ ਫ਼ੇਲ੍ਹ ਹੋਏ ਹਨ। ਚੋਣ ਜ਼ਾਬਤੇ ਦੌਰਾਨ ਮਾਰਕਫੈੱਡ ਵੱਲੋਂ ਪੇਂਡੂ ਸਹਿਕਾਰੀ ਸਭਾਵਾਂ ਨੂੰ ਸਪਲਾਈ ਕੀਤੀ ਇੱਕ ਕੰਪਨੀ ਦੀ ਖਾਦ ਦੇ ਕੁੱਲ ਲਏ ਨਮੂਨਿਆਂ ’ਚੋਂ 60 ਫ਼ੀਸਦੀ ਨਮੂਨੇ ਫ਼ੇਲ੍ਹ ਹੋ ਗਏ ਸਨ। ਪੰਜਾਬ ਸਰਕਾਰ ਦੇ ਇੱਕ ਅਹਿਮ ਅਹੁਦੇ ’ਤੇ ਬੈਠਾ ਆਈਏਐੱਸ ਅਧਿਕਾਰੀ ਵੀ ਇਸ ਘਪਲੇ ’ਤੇ ਮਿੱਟੀ ਪਾਉਣ ਦੀ ਭੂਮਿਕਾ ਵਿੱਚ ਸਰਗਰਮ ਹੈ।
ਖੇਤੀ ਮਹਿਕਮੇ ਦੇ ਮੁੱਖ ਦਫ਼ਤਰ ਵਿੱਚ ਕਈ ਅਜਿਹੇ ਅਧਿਕਾਰੀ ਹਨ, ਜਿਨ੍ਹਾਂ ਦੀ ਪੂਰੀ ਨੌਕਰੀ ਹੀ ਉਸੇ ਅਹਿਮ ਸੀਟ ’ਤੇ ਰਹੀ ਹੈ ਜਿਸ ’ਤੇ ਉਹ ਤਾਇਨਾਤ ਹਨ। ਖੇਤੀ ਮਹਿਕਮੇ ਦੇ ਮੁੱਖ ਦਫ਼ਤਰ ਵਿੱਚ ਇੱਕ ਅਹਿਮ ਸੀਟ ’ਤੇ ਅਜਿਹਾ ਅਧਿਕਾਰੀ ਵੀ ਤਾਇਨਾਤ ਹੈ, ਜਿਸ ’ਤੇ ਪਹਿਲਾਂ ਵਿਜੀਲੈਂਸ ਦਾ ਇੱਕ ਕੇਸ ਦਰਜ ਹੈ। ਕਈ ਸੀਟਾਂ ਦਾ ਵਾਧੂ ਚਾਰਜ ਸੀਨੀਅਰਤਾ ਨੂੰ ਅੱਖੋਂ ਪਰੋਖੇ ਕਰ ਕੇ ਜੂਨੀਅਰ ਅਧਿਕਾਰੀਆਂ ਨੂੰ ਦਿੱਤਾ ਗਿਆ ਹੈ। ਸੂਤਰ ਦੱਸਦੇ ਹਨ ਕਿ ਪ੍ਰਾਈਵੇਟ ਡੀਲਰਾਂ ਦੀਆਂ ਅਪੀਲਾਂ ਦੀ ਤਰੀਕ ’ਤੇ ਤਰੀਕ ਪਾਏ ਜਾਣ ਨੂੰ ਲੈ ਕੇ ਵੀ ਦਾਲ ਵਿੱਚ ਕੁਝ ਕਾਲਾ ਦੱਸਿਆ ਜਾ ਰਿਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਖੇਤੀ ਮੰਤਰੀ ਖੁੱਡੀਆਂ ਨੇ ਬੀਤੇ ਦਿਨੀਂ ਖੇਤੀਬਾੜੀ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਮੀਟਿੰਗ ਵਿੱਚ ਸਭ ਨੂੰ ਤਾੜਿਆ ਹੈ ਅਤੇ ਨਿਰਦੇਸ਼ ਦਿੱਤੇ ਹਨ ਕਿ ਮਾੜੀ ਡੀਏਪੀ ਖਾਦ ਸਪਲਾਈ ਕਰਨ ਵਾਲੀ ਕੰਪਨੀ ਦੀ ਕਿਸੇ ਅਪੀਲ ਵਿੱਚ ਕੋਈ ਲਿਹਾਜ਼ਦਾਰੀ ਨਾ ਕੀਤੀ ਜਾਵੇ। ਖੇਤੀ ਮੰਤਰੀ ਨੇ ਅਲਾਟ ਕੀਤੇ ਜਿਪਸਮ ਦੀ ਟੀਚੇ ਅਨੁਸਾਰ ਵਿਕਰੀ ਨਾ ਹੋਣ ਦਾ ਵੀ ਸਖ਼ਤ ਨੋਟਿਸ ਲਿਆ ਹੈ।
ਖੇਤੀ ਮਹਿਕਮੇ ਦੇ ਡਾਇਰੈਕਟਰ ਨੇ ਸਮੂਹ ਮੁੱਖ ਖੇਤੀਬਾੜੀ ਅਫ਼ਸਰਾਂ ਨੂੰ ਇੱਕ ਪੱਤਰ ਵੀ ਭੇਜਿਆ ਹੈ, ਜਿਸ ਵਿੱਚ ਜਿਪਸਮ ਦੀ ਵਿਕਰੀ ਟੀਚੇ ਅਨੁਸਾਰ ਕਰਾਉਣ ਲਈ ਕਿਹਾ ਗਿਆ ਹੈ। ਆਲੂਆਂ ਦੀ ਕਾਸ਼ਤ ਵਾਲੇ ਰਕਬੇ ਵਿੱਚ ਵੀ ਜਿਪਸਮ ਪੈਂਦੀ ਹੈ। ਜਿਪਸਮ ਦੀ ਸਪਲਾਈ ਦਾ ਕੰਮ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਕੋਲ ਹੈ ਅਤੇ ਕਿਸਾਨਾਂ ਦੀ ਰਜਿਸਟ੍ਰੇਸ਼ਨ ਖੇਤੀ ਮਹਿਕਮੇ ਵੱਲੋਂ ਕੀਤੀ ਜਾਣੀ ਹੈ। ਖੁੱਡੀਆਂ ਵੱਲੋਂ ਗੁਲਾਬੀ ਸੁੰਡੀ ਤੋਂ ਪ੍ਰਭਾਵਿਤ ਖੇਤਾਂ ਨੂੰ ਦੇਖਣ ਲਈ 26 ਜੁਲਾਈ ਨੂੰ ਮੁਕਤਸਰ ਜ਼ਿਲ੍ਹੇ ਦੇ ਕਈ ਪਿੰਡਾਂ ਦਾ ਦੌਰਾ ਵੀ ਕੀਤਾ ਜਾ ਰਿਹਾ ਹੈ।

Advertisement

ਸਹਿਕਾਰਤਾ ਕਮੇਟੀ ਵੱਲੋਂ ਰਿਕਾਰਡ ਤਲਬ

ਪੰਜਾਬ ਵਿਧਾਨ ਸਭਾ ਦੀ ਸਹਿਕਾਰਤਾ ਅਤੇ ਹੋਰ ਗਤੀਵਿਧੀਆਂ ਬਾਰੇ ਕਮੇਟੀ ਨੇ ਡੀਏਪੀ ਖਾਦ ਦੇ ਘਪਲੇ ਦਾ ਸਖ਼ਤ ਨੋਟਿਸ ਲਿਆ ਹੈ ਅਤੇ ਇਸ ਕਮੇਟੀ ਨੇ ਮਾਰਕਫੈੱਡ ਤੋਂ ਡੀਏਪੀ ਖਾਦ ਦੀ ਸਪਲਾਈ ਦਾ ਰਿਕਾਰਡ ਤਲਬ ਕੀਤਾ ਹੈ। ਸੂਤਰਾਂ ਮੁਤਾਬਕ ਕਮੇਟੀ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਮਾਰਕਫੈੱਡ ਦੇ ਮੈਨੇਜਿੰਗ ਡਾਇਰੈਕਟਰ ਨੂੰ 30 ਜੁਲਾਈ ਨੂੰ ਕਮੇਟੀ ਅੱਗੇ ਨਿੱਜੀ ਤੌਰ ’ਤੇ ਪੇਸ਼ ਹੋਣ ਲਈ ਕਿਹਾ ਹੈ।

Advertisement
Author Image

joginder kumar

View all posts

Advertisement
Advertisement
×