ਡੀਏਪੀ ਖਾਦ ਦੀ ਜਮ੍ਹਾਂਖੋਰੀ ਖ਼ਿਲਾਫ਼ ਸਖ਼ਤ ਕਾਰਵਾਈ ਦੇ ਨਿਰਦੇਸ਼
ਪੱਤਰ ਪ੍ਰੇਰਕ
ਕਪੂਰਥਲਾ, 9 ਨਵੰਬਰ
ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਅੱਜ ਕਿਹਾ ਕਿ ਜ਼ਿਲ੍ਹੇ ਭਰ ਵਿਚ ਲੋੜੀਂਦੀ ਮਾਤਰਾ ’ਚ ਡੀਏਪੀ ਤੇ ਹੋਰ ਖਾਦਾਂ ਦੀ ਉਪਲਬੱਧਤਾ ਹੈ ਤੇ ਕਿਸੇ ਵੀ ਡੀਲਰ ਵੱਲੋਂ ਖਾਦ ਦੀ ਜਮ੍ਹਾਂਖੋਰੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਹਿਕਾਰੀ ਸੁਸਾਇਟੀਆਂ ਤੇ ਡੀਲਰਾਂ ਰਾਹੀਂ ਕਿਸਾਨਾਂ ਨੂੰ ਖਾਦ ਮੁਹੱਈਆ ਕਰਵਾਈ ਜਾ ਰਹੀ ਹੈ ਤੇ ਜੇਕਰ ਕਿਸੇ ਡੀਲਰ ਵਲੋਂ ਜਮ੍ਹਾਂਖੋਰੀ ਕੀਤੀ ਪਾਈ ਗਈ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੀਆਂ ਜ਼ਿਲ੍ਹਾ ਪੱਧਰੀ ਤੇ ਉਪ ਮੰਡਲ ਪੱਧਰੀ ਟੀਮਾਂ ਵੱਲੋਂ ਖਾਦ ਵਿਕਰੇਤਾਵਾਂ ਦੀ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਕਿਸਾਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਹਦਾਇਤ ਕੀਤੀ ਕਿ ਜੇਕਰ ਕੋਈ ਖਾਦ ਵਿਕਰੇਤਾ ਸਰਕਾਰ ਵੱਲੋਂ ਨਿਰਧਾਰਿਤ ਰੇਟ ਤੋਂ ਵੱਧ ਵਸੂਲਦਾ ਹੈ ਜਾਂ ਕੋਈ ਟੈਗਿੰਗ ਕਰਦਾ ਹੈ ਤਾਂ ਉਸ ਵਿਰੁੱਧ ਖਾਦ ਕੰਟਰੋਲ ਆਰਡਰ 1985 ਤਹਿਤ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸੇ ਦੌਰਾਨ ਅੱਜ ਖੇਤੀਬਾੜੀ ਵਿਭਾਗ ਦੀਆਂ ਵੱਖ-ਵੱਖ ਟੀਮਾਂ ਵੱਲੋਂ ਜ਼ਿਲ੍ਹੇ ਵਿੱਚ ਖਾਦ ਵਿਕਰੇਤਾਵਾਂ ਦੀ ਜਾਂਚ ਕੀਤੀ ਗਈ। ਮੁੱਖ ਖੇਤੀਬਾੜੀ ਅਫਸਰ ਡਾ ਬਲਬੀਰ ਚੰਦ ਦੀ ਅਗਵਾਈ ’ਚ ਟੀਮਾਂ ਵਲੋਂ ਮੈਸਰਜ ਕਸਤੂਰੀ ਲਾਲ ਤੇ ਸੁਭਾਸ਼ ਚੰਦਰ, ਮੈਸਰਜ਼ ਅਮੀ ਚੰਦ ਸ਼ਾਦੀ ਰਾਮ, ਮੈਸਰਜ਼ ਬ੍ਰਿਜ ਮੋਹਣ ਐਂਡ ਬ੍ਰਦਰਜ਼, ਮੈਸਰਜ਼ ਮਨੋਹਰ ਲਾਲ ਪਾਠਕ ਐਂਡ ਸੰਨਜ਼ ਤੇ ਮੈਸਰਜ਼ ਦੀਨਾ ਨਾਥ ਰਾਮ ਸਰੂਪ ਆਦਿ ਡੀਲਰਾਂ ਦੀ ਜਾਂਚ ਕੀਤੀ ਗਈ।
ਇਸ ਤੋਂ ਇਲਾਵਾ ਸੁਲਤਾਨਪੁਰ ਲੋਧੀ ਵਿਖੇ ਖੇਤੀਬਾੜੀ ਅਫਸਰ ਗੁਰਪ੍ਰੀਤ ਸਿੰਘ ਤੇ ਡਾ. ਜਸਪਾਲ ਸਿੰਘ ਧੰਜੂ ਖੇਤੀਬਾੜੀ ਵਿਕਾਸ ਅਫਸਰ ਦੀ ਅਗਵਾਈ ਵਿਚ ਟੀਮਾਂ ਵਲੋਂ ਵਿਆਪਕ ਪੱਧਰ ’ਤੇ ਡੀਲਰਾਂ ਦੀ ਜਾਂਚ ਕੀਤੀ ਗਈ।