ਡੀਏਪੀ ਸੰਕਟ: ਮੋਗਾ ਵਿੱਚ ਖਾਦ ਡੀਲਰਾਂ ਦੀਆਂ ਦੁਕਾਨਾਂ ’ਤੇ ਛਾਪੇ
ਮਹਿੰਦਰ ਸਿੰਘ ਰੱਤੀਆਂ
ਮੋਗਾ, 10 ਨਵੰਬਰ
ਸੂਬੇ ’ਚ ਜ਼ਿਮਨੀ ਚੋਣਾਂ ਦੌਰਾਨ ਡੀਏਪੀ ਖਾਦ ਸੰਕਟ ਅਤੇ ਇਥੇ ਮੋਗਾ ਤੇ ਬਰਨਾਲਾ ਦੀਆਂ ਕਿਸਾਨ ਜਥੇਬੰਦੀਆਂ ਵਿੱਚ ਟਕਰਾਅ ਤੋਂ ਬਾਅਦ ਜਿੱਥੇ ਸਰਕਾਰ ਭੰਬਲਭੂਸੇ ਵਿੱਚ ਹੈ ਉਥੇ ਪ੍ਰਸ਼ਾਸਨਿਕ ਅਧਿਕਾਰੀ ਇਸ ਸਮੱਸਿਆ ਨਾਲ ਨਜਿੱਠਣ ਲਈ ਸਖ਼ਤ ਹੋ ਗਏ ਹਨ। ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਜ਼ਿਲ੍ਹੇ ਦੇ ਸਮੂਹ ਏਡੀਸੀਜ਼ , ਐੱਸਡੀਐੱਮਜ਼ ਤੇ ਖੇਤੀਬਾੜੀ ਵਿਭਾਗ ਅਧਿਕਾਰੀਆਂ ਨਾਲ ਜ਼ਿਲ੍ਹੇ ਭਰ ’ਚ ਖਾਦ ਵਿਕਰੇਤਾਵਾਂ, ਡੀਲਰਾਂ ਅਤੇ ਸਹਿਕਾਰੀ ਸਭਾਵਾਂ ਦੀ ਚੈਕਿੰਗ ਕੀਤੀ। ਭਾਵੇਂ ਛਾਪੇਮਾਰੀ ਦੌਰਾਨ ਕਿਸੇ ਡੀਲਰ ਖ਼ਿਲਾਫ਼ ਕੋਈ ਖਾਸ ਊਣਤਾਈ ਸਾਹਮਣੇ ਨਹੀਂ ਆਈ। ਉਨ੍ਹਾਂ ਦੱਸਿਆ ਕਿ ਜਮ੍ਹਾਂਖੋਰੀ ਤੇ ਕਾਲਾਬਾਜ਼ਾਰੀ ਦੀ ਸ਼ਿਕਾਇਤ ਲਈ ਹੈਲਪਲਾਈਨ ਨੰਬਰ 1100 ’ਤੇ ਕਾਲ ਕਰਕੇ ਜਾਂ ਵਟਸਐਪ ਨੰਬਰ 98555-01076 ’ਤੇ ਸੁਨੇਹਾ ਭੇਜ ਕੇ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ। ਖਾਦ ਸਪਲਾਇਰ ਕੰਪਨੀਆਂ ਨਾਲ ਤਾਲਮੇਲ ਕਰਕੇ ਜ਼ਿਲ੍ਹੇ ਅੰਦਰ ਫਾਸਫੋਰਸ ਖਾਦ ਦੀ ਘਾਟ ਦੀ ਪੂਰਤੀ ਲਈ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਸਖ਼ਤ ਲਹਿਜ਼ੇ ਵਿਚ ਚਿਤਾਵਨੀ ਦਿੱਤੀ ਕਿ ਚੈਕਿੰਗ ਦੌਰਾਨ ਜੇਕਰ ਕੋਈ ਦੁਕਾਨਦਾਰ ਬਗੈਰ ਬਿੱਲ ਤੋਂ ਖਾਦ, ਦਵਾਈ ਜਾਂ ਬੀਜ ਵੇਚਦਾ ਪਾਇਆ ਗਿਆ ਤਾਂ ਉਸ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਬੀਜ ਵਿਕਰੇਤਾਵਾਂ ਨੂੰ ਇਹ ਵੀ ਹਦਾਇਤ ਕੀਤੀ ਹੈ ਕਿ ਉਹ ਖਾਦ, ਕੀਟਨਾਸ਼ਕ ਰਸਾਇਣ ਜਾਂ ਬੀਜ ਵੇਚਣ ਸਮੇਂ ਕੋਈ ਹੋਰ ਬੇਲੋੜੀਆਂ ਵਸਤਾਂ ਵੀ ਕਿਸਾਨਾਂ ਨੂੰ ਨਾ ਦੇਣ। ਉਨ੍ਹਾਂ ਸਪਸ਼ਟ ਕੀਤਾ ਕਿ ਖਾਦ, ਕੀਟਨਾਸ਼ਕ ਰਸਾਇਣ ਜਾਂ ਬੀਜ ਦੀ ਕਾਲਾਬਾਜ਼ਾਰੀ ਕਰਨ ਵਾਲੇ ਦੁਕਾਨਦਾਰ ਜਾਂ ਹੋਰ ਕੋਈ ਧਿਰ ਬਖਸ਼ੀ ਨਹੀਂ ਜਾਵੇਗੀ। ਉਹ ਖੁਦ ਖਾਦ ਵਿਕਰੇਤਾਵਾਂ ਦੇ ਸਟਾਕ ਦੀ ਜਾਂਚ ਕਰਨ ਲਈ ਅਚਨਚੇਤ ਦੌਰੇ ਜਾਰੀ ਰੱਖਣਗੇ ਅਤੇ ਸਮੂਹ ਐੱਸਡੀਐੱਮਜ਼ ਵੀ ਆਪਣੀ ਸਬ ਡਿਵੀਜ਼ਨ ਅੰਦਰ ਖਾਦ ਵਿਕਰੇਤਾਵਾਂ ਦੇ ਸਟਾਕ ਦੀ ਚੈਕਿੰਗ ਕਰਦੇ ਰਹਿਣਗੇ। ਉਨ੍ਹਾਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਹਦਾਇਤ ਕਰਦਿਆਂ ਕਿਹਾ ਕਿ ਜੇ ਕਿਸੇ ਖਾਦ ਵਿਕਰੇਤਾ ਵੱਲੋਂ ਖਾਦ ਦੀ ਜਮ੍ਹਾਂਖੋਰੀ ਜਾ ਕਾਲਾਬਾਜ਼ਾਰੀ ਕੀਤੀ ਜਾਂਦੀ ਹੈ, ਤਾਂ ਉਸ ਖ਼ਿਲਾਫ਼ ਬਣਦੀ ਕਾਰਵਾਈ ਤੁਰੰਤ ਅਮਲ ਵਿੱਚ ਲਿਆਂਦੀ ਜਾਵੇ।