For the best experience, open
https://m.punjabitribuneonline.com
on your mobile browser.
Advertisement

ਰਫ਼ਾਹ ਹਮਲੇ ਦੇ ਖ਼ਤਰੇ

07:49 AM Feb 14, 2024 IST
ਰਫ਼ਾਹ ਹਮਲੇ ਦੇ ਖ਼ਤਰੇ
Advertisement

ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਦੋ ਯਹੂਦੀ ਬੰਦੀਆਂ ਦੀ ਨਾਟਕੀ ਰਿਹਾਈ ਦਾ ਹਵਾਲਾ ਦਿੰਦੇ ਹੋਏ ਆਖਿਆ ਕਿ ਫ਼ੌਜੀ ਦਬਾਓ ਬਣਾ ਕੇ ਰੱਖਿਆ ਜਾਣਾ ਚਾਹੀਦਾ ਹੈ। ਅਜੇ ਵੀ 100 ਤੋਂ ਵੱਧ ਇਜ਼ਰਾਇਲੀ ਨਾਗਰਿਕ ਹਮਾਸ ਨਾਲ ਜੁੜੇ ਗਰੁੱਪਾਂ ਨੇ ਬੰਦੀ ਬਣਾਏ ਹੋਏ ਹਨ। ਗਾਜ਼ਾ ਪੱਟੀ ਦੇ ਦੱਖਣੀ ਸ਼ਹਿਰ ਰਫ਼਼ਾਹ ਵਿਚ ਕੀਤੇ ਗਏ ਇਸ ਫ਼ੌਜੀ ਅਪਰੇਸ਼ਨ ਵਿਚ ਕਰੀਬ 70 ਫ਼ਲਸਤੀਨੀ ਮਾਰੇ ਗਏ ਹਨ; ਇਜ਼ਰਾਈਲ ਨੇ ਦਾਅਵਾ ਕੀਤਾ ਹੈ ਕਿ ਮਾਰੇ ਗਏ ਲੋਕਾਂ ’ਚੋਂ ਕਈ ਅਤਿਵਾਦੀ ਸਨ। ਉੱਧਰ, ਗਾਜ਼ਾ ਦੇ ਮੰਤਰਾਲੇ ਨੇ ਆਖਿਆ ਕਿ ਮਰਨ ਵਾਲਿਆਂ ’ਚੋਂ 70 ਫ਼ੀਸਦ ਤੋਂ ਵੱਧ ਆਮ ਨਾਗਰਿਕ ਸਨ। ਰਫ਼ਾਹ ਸ਼ਹਿਰ ਮਿਸਰ ਨਾਲ ਲਗਦੀ ਗਾਜ਼ਾ ਦੀ ਸਰਹੱਦ ’ਤੇ ਪੈਂਦਾ ਹੈ ਅਤੇ ਮਾਨਵੀ ਸਹਾਇਤਾ ਪਹੁੰਚਾਉਣ ਦਾ ਇਹ ਇਕੋ-ਇਕ ਲਾਂਘਾ ਬਚਿਆ ਸੀ। ਗਾਜ਼ਾ ਸ਼ਹਿਰ ’ਤੇ ਇਜ਼ਰਾਇਲੀ ਬੰਬਾਰੀ ਹੋਣ ਤੋਂ ਬਾਅਦ ਲਗਭਗ 15 ਲੱਖ ਫ਼ਲਸਤੀਨੀ ਨਾਗਰਿਕਾਂ ਨੇ ਰਫ਼ਾਹ ਵਿਚ ਪਨਾਹ ਲਈ ਸੀ। ਇਸ ਤੋਂ ਪਹਿਲਾਂ ਇਜ਼ਰਾਈਲ ਦੇ ਜ਼ਮੀਨੀ ਹਮਲੇ ਦੀਆਂ ਤਿਆਰੀਆਂ ਸਬੰਧੀ ਕੌਮਾਂਤਰੀ ਭਾਈਚਾਰੇ ਦੇ ਵਿਰੋਧ ਨੂੰ ਵੀ ਨੇਤਨਯਾਹੂ ਨੇ ਦਰਕਿਨਾਰ ਕਰ ਦਿੱਤਾ ਹੈ। 7 ਅਕਤੂਬਰ ਨੂੰ ਹਮਾਸ ਦੇ ਹਮਲੇ ਤੋਂ ਬਾਅਦ ਇਜ਼ਰਾਈਲ ਨੇ ਜਿਸ ਕਦਰ ਫ਼ਲਸਤੀਨੀਆਂ ਉੱਤੇ ਹਮਲੇ ਕੀਤੇ ਜਾ ਰਹੇ ਹਨ, ਹੁਣ ਉਸ ਦਾ ਨੇੜ ਭਵਿੱਖ ਵਿਚ ਕੋਈ ਅੰਤ ਨਜ਼ਰ ਨਹੀਂ ਆ ਰਿਹਾ।
ਇਜ਼ਰਾਈਲ ਦੇ ਫ਼ੌਜੀ ਹਮਲੇ ਵਿਚ ਹੁਣ ਤੱਕ 28 ਹਜ਼ਾਰ ਤੋਂ ਵੱਧ ਫ਼ਲਸਤੀਨੀ ਮਾਰੇ ਜਾ ਚੁੱਕੇ ਹਨ ਅਤੇ ਗਾਜ਼ਾ ਪੱਟੀ ਦੇ ਜਿ਼ਆਦਾਤਰ ਇਲਾਕੇ ਤਬਾਹ ਕਰ ਦਿੱਤੇ ਗਏ ਹਨ। ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰਾਂ ਬਾਰੇ ਕਮਿਸ਼ਨ ਦੇ ਮੁਖੀ ਨੇ ਰਫ਼ਾਹ ਸ਼ਹਿਰ ’ਤੇ ਇਜ਼ਰਾਇਲੀ ਹਮਲੇ ਨੂੰ ਬਹੁਤ ਹੀ ਖੌਫ਼ਨਾਕ ਕਰਾਰ ਦਿੱਤਾ ਹੈ ਅਤੇ ਇਹ ਵੀ ਆਖਿਆ ਕਿ ਸਾਰੇ ਪ੍ਰਭਾਵਸ਼ਾਲੀ ਆਗੂਆਂ ਨੂੰ ਇਜ਼ਰਾਈਲ ’ਤੇ ਦਬਾਓ ਪਾਉਣਾ ਚਾਹੀਦਾ ਹੈ। ਉਨ੍ਹਾਂ ਦਾ ਇਸ਼ਾਰਾ ਪੱਛਮੀ ਦੇਸ਼ਾਂ ਦੇ ਦੋਹਰੇ ਮਿਆਰਾਂ ਵੱਲ ਸੀ ਜੋ ਇਜ਼ਰਾਇਲੀ ਫ਼ੌਜੀ ਹਮਲੇ ਵਿਚ ਹੋ ਰਹੇ ਜਾਨੀ ਨੁਕਸਾਨ ਬਾਰੇ ਚਿੰਤਾ ਤਾਂ ਪ੍ਰਗਟ ਕਰਦੇ ਹਨ ਪਰ ਉਹ ਇਜ਼ਰਾਈਲ ਖਿਲਾਫ਼ ਸਖ਼ਤ ਕਦਮ ਪੁੱਟਣ ਤੋਂ ਲਗਾਤਾਰ ਗੁਰੇਜ਼ ਕਰ ਰਹੇ ਹਨ। ਹੁਣ ਜਦੋਂ ਇਜ਼ਰਾਈਲ ਦੇ ਜ਼ਮੀਨੀ ਹਮਲੇ ਦੇ ਆਸਾਰ ਵਧ ਰਹੇ ਹਨ ਤਾਂ ਇਸ ਟਕਰਾਅ ਨੂੰ ਹੋਰ ਫੈਲਣ ਤੋਂ ਬਚਣ ਅਤੇ ਮਾਨਵੀ ਗੋਲੀਬੰਦੀ ਕਰਾਉਣ ਲਈ ਬੰਦੀਆਂ ਦੀ ਰਿਹਾਈ ਦੇ ਯਤਨ ਤੇਜ਼ ਕੀਤੇ ਜਾਣੇ ਚਾਹੀਦੇ ਹਨ।
ਇਸ ਖਿੱਤੇ ਵਿਚ ਵਾਪਰ ਰਹੀਆਂ ਖੌਫ਼ਨਾਕ ਘਟਨਾਵਾਂ ਪ੍ਰਤੀ ਕੌਮਾਂਤਰੀ ਭਾਈਚਾਰਾ ਅੱਖਾਂ ਬੰਦ ਕਰ ਕੇ ਨਹੀਂ ਬੈਠ ਸਕਦਾ ਅਤੇ ਇਸ ਵਲੋਂ ਹਮਾਸ ਨੂੰ ਰਾਕੇਟ ਹਮਲੇ ਅਤੇ ਇਜ਼ਰਾਈਲ ਨੂੰ ਆਪਣੇ ਫ਼ੌਜੀ ਅਪਰੇਸ਼ਨ ਬੰਦ ਕਰਨ ਲਈ ਮਜਬੂਰ ਕਰਨਾ ਚਾਹੀਦਾ ਹੈ; ਨਾਲ ਹੀ ਸ਼ਾਂਤੀ ਵਾਰਤਾ ਸ਼ੁਰੂ ਕਰਾਉਣੀ ਚਾਹੀਦੀ ਹੈ। ‘ਦੋ ਮੁਲਕੀ ਹੱਲ’ ਹੀ ਇਸ ਹਿੰਸਾ ਅਤੇ ਦਮਨ ਚੱਕਰ ਨੂੰ ਰੁਕਵਾਉਣ ਦਾ ਜ਼ਾਮਨ ਬਣ ਸਕਦਾ ਹੈ। ਇਜ਼ਰਾਈਲ ਦੀ ਘਾਤਕ ਕਾਰਵਾਈ ਇਸ ਕਰ ਕੇ ਵੀ ਬੰਦ ਕਰਵਾਉਣੀ ਚਾਹੀਦੀ ਹੈ ਤਾਂ ਕਿ ਇਹ ਜੰਗ ਹੋਰ ਇਲਾਕਿਆਂ ਤੱਕ ਨਾ ਫੈਲ ਜਾਵੇ। ਇਸ ਸਬੰਧ ਵਿਚ ਸਬੰਧਿਤ ਧਿਰਾਂ ਨੂੰ ਤੁਰੰਤ ਪਹਿਲਕਦਮੀ ਕਰਨੀ ਚਾਹੀਦੀ ਹੈ। ਇਜ਼ਰਾਈਲ ਦੀਆਂ ਵਧੀਕੀਆਂ ਨੂੰ ਹਰ ਹਾਲ ਠੱਲ੍ਹ ਪੈਣੀ ਚਾਹੀਦੀ ਹੈ।

Advertisement

Advertisement
Author Image

sukhwinder singh

View all posts

Advertisement
Advertisement
×