For the best experience, open
https://m.punjabitribuneonline.com
on your mobile browser.
Advertisement

ਕਾਂਗਰਸ ਦੇ ਖ਼ਤਰਨਾਕ ਇਰਾਦੇ ਜੱਗ ਜ਼ਾਹਿਰ ਹੋਏ: ਮੋਦੀ

06:50 AM Apr 25, 2024 IST
ਕਾਂਗਰਸ ਦੇ ਖ਼ਤਰਨਾਕ ਇਰਾਦੇ ਜੱਗ ਜ਼ਾਹਿਰ ਹੋਏ  ਮੋਦੀ
ਅੰਬਿਕਾਪੁਰ ’ਚ ਰੈਲੀ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ। -ਫੋਟੋ: ਪੀਟੀਆਈ
Advertisement

* ਵਿਰੋਧੀ ਧਿਰ ਦਾ ਲੋਕਾਂ ਨੂੰ ਲੁੱਟਣ ਦਾ ‘ਜ਼ਿੰਦਗੀ ਕੇ ਸਾਥ ਭੀ, ਜ਼ਿੰਦਗੀ ਕੇ ਬਾਅਦ ਭੀ’ ਮੰਤਰ ਬਣ ਗਿਐ: ਪ੍ਰਧਾਨ ਮੰਤਰੀ
* ਕਾਂਗਰਸ ਨੇ ਪਿਤਰੋਦਾ ਦੇ ਬਿਆਨ ਤੋਂ ਪੱਲਾ ਝਾੜਿਆ
* ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਨੇ ‘ਗੋਦੀ ਮੀਡੀਆ’ ’ਤੇ ਬਿਆਨ ਤੋੜ-ਮਰੋੜ ਕੇ ਪੇਸ਼ ਕਰਨ ਦੇ ਲਾਏ ਦੋਸ਼

Advertisement

ਅੰਬਿਕਾਪੁਰ/ਸਾਗਰ/ਨਵੀਂ ਦਿੱਲੀ, 24 ਅਪਰੈਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੈਮ ਪਿਤਰੋਦਾ ਦੇ ਵਿਰਾਸਤੀ ਟੈਕਸ ਵਾਲੇ ਬਿਆਨ ’ਤੇ ਕਾਂਗਰਸ ਨੂੰ ਘੇਰਦਿਆਂ ਕਿਹਾ ਹੈ ਕਿ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਦੇ ਲੋਕਾਂ ਦੀ ਸੰਪਤੀ ਅਤੇ ਹੱਕ ਖੋਹਣ ਦੇ ਖ਼ਤਰਨਾਕ ਇਰਾਦੇ ਜੱਗ ਜ਼ਾਹਿਰ ਹੋ ਗਏ ਹਨ। ਛੱਤੀਸਗੜ੍ਹ ਦੇ ਅੰਬਿਕਾਪੁਰ ਅਤੇ ਮੱਧ ਪ੍ਰਦੇਸ਼ ਦੇ ਸਾਗਰ ’ਚ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਦਾਅਵਾ ਕੀਤਾ ਕਿ ਕਾਂਗਰਸ ਲੋਕਾਂ ਦੀ ਸੰਪਤੀ ਅਤੇ ਕਮਾਈ ਲੁੱਟ ਕੇ ਆਪਸ ’ਚ ਵੰਡ ਲਵੇਗੀ। ਉਨ੍ਹਾਂ ਕਿਹਾ,‘‘ਵਿਰੋਧੀ ਧਿਰ ਦਾ ਲੋਕਾਂ ਨੂੰ ਲੁੱਟਣ ਦਾ ‘ਜ਼ਿੰਦਗੀ ਕੇ ਸਾਥ ਭੀ, ਜ਼ਿੰਦਗੀ ਕੇ ਬਾਅਦ ਭੀ’ ਮੰਤਰ ਬਣ ਗਿਆ ਹੈ।’’ ਚੋਣ ਰੈਲੀਆਂ ’ਚ ਮੋਦੀ ਨੇ ਕਿਹਾ ਕਿ ਕਾਂਗਰਸ ਦਾ ਲੁਕਵਾਂ ਏਜੰਡਾ ਸਾਹਮਣੇ ਆ ਗਿਆ ਹੈ ਅਤੇ ਪਾਰਟੀ ਦੇਸ਼ ਦੇ ਸਮਾਜਿਕ ਤਾਣੇ-ਬਾਣੇ ਅਤੇ ਪਰਿਵਾਰਕ ਕਦਰਾਂ-ਕੀਮਤਾਂ ਤੋਂ ਥਿੜਕ ਗਈ ਹੈ। ਉਹ ਲੋਕਾਂ ਦੀ ਸੰਪਤੀ ਅਤੇ ਜ਼ਿੰਦਗੀ ਭਰ ਦੀ ਕਮਾਈ ਕਾਨੂੰਨੀ ਢੰਗ ਨਾਲ ਲੁੱਟਣਾ ਚਾਹੁੰਦੇ ਹਨ। ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਸੈਮ ਪਿਤਰੋਦਾ ਦੇ ਬਿਆਨ ਮਗਰੋਂ ਗਰਮਾਈ ਸਿਆਸਤ ਨੂੰ ਸ਼ਾਂਤ ਕਰਨ ਲਈ ਕਾਂਗਰਸ ਤੁਰੰਤ ਹਰਕਤ ’ਚ ਆਈ ਅਤੇ ਉਨ੍ਹਾਂ ਪਿਤਰੋਦਾ ਦੇ ਬਿਆਨ ਤੋਂ ਆਪਣੇ ਆਪ ਨੂੰ ਵੱਖ ਕਰ ਲਿਆ ਅਤੇ ਕਿਹਾ ਕਿ ਜੇ ਕਾਂਗਰਸ ਸੱਤਾ ’ਚ ਆਈ ਤਾਂ ਉਸ ਦਾ ਅਜਿਹਾ ਕੋਈ ਟੈਕਸ ਲਾਉਣ ਦੀ ਯੋਜਨਾ ਨਹੀਂ ਹੈ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ‘ਐਕਸ’ ’ਤੇ ਕਿਹਾ ਕਿ ਪਿਤਰੋਦਾ ਦੇ ਬਿਆਨ ਨੂੰ ਸਨਸਨੀਖੇਜ਼ ਬਣਾ ਕੇ ਅਤੇ ਬਿਨਾਂ ਕਿਸੇ ਸੰਦਰਭ ਦੇ ਇਸ ਨੂੰ ਚੁੱਕ ਕੇ ਮੋਦੀ ਵੱਲੋਂ ਆਪਣੇ ਕੂੜ ਪ੍ਰਚਾਰ ਤੋਂ ਧਿਆਨ ਵੰਡਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਿਤਰੋਦਾ ਨੇ ਸੰਪਤੀ ਦੀ ਮੁੜ ਵੰਡ ਦੇ ਮੁੱਦੇ ’ਤੇ ਚਰਚਾ ਕਰਦੇ ਹੋਏ ਅਮਰੀਕਾ ਵਿੱਚ ਲਗਦੇ ਵਿਰਾਸਤੀ ਟੈਕਸ ਬਾਰੇ ਗੱਲ ਕੀਤੀ ਸੀ। ਅੰਬਿਕਾਪੁਰ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ,‘‘ਸ਼ਾਹੀ ਪਰਿਵਾਰ ਦੇ ਸ਼ਹਿਜ਼ਾਦੇ ਦੇ ਸਲਾਹਕਾਰ, ਜੋ ਸ਼ਹਿਜ਼ਾਦੇ ਦੇ ਪਿਤਾ ਦਾ ਵੀ ਸਲਾਹਕਾਰ ਸੀ, ਨੇ ਕਿਹਾ ਹੈ ਕਿ ਮੱਧ ਵਰਗ ਅਤੇ ਸਖ਼ਤ ਮਿਹਨਤ ਨਾਲ ਕਮਾਉਣ ਵਾਲਿਆਂ ’ਤੇ ਵਧੇਰੇ ਟੈਕਸ ਲਗਣਾ ਚਾਹੀਦਾ ਹੈ।’’ ਮੋਦੀ ਦਾ ਸਿੱਧਾ ਇਸ਼ਾਰਾ ਰਾਹੁਲ ਗਾਂਧੀ ਅਤੇ ਪਿਤਰੋਦਾ ਵੱਲ ਸੀ। ਉਂਜ ਪਿਤਰੋਦਾ ਨੇ ਸਪੱਸ਼ਟ ਕਰਦਿਆਂ ਕਿਹਾ ਕਿ ਉਨ੍ਹਾਂ ਆਪਣੀ ਹੈਸੀਅਤ ’ਚ ਵਿਰਾਸਤੀ ਟੈਕਸ ਬਾਰੇ ਅਮਰੀਕਾ ’ਚ ਜੋ ਵਿਚਾਰ ਪ੍ਰਗਟਾਏ ਸਨ, ਉਸ ਨੂੰ ਕਾਂਗਰਸ ਦੇ ਮੈਨੀਫੈਸਟੋ ਬਾਰੇ ਮੋਦੀ ਵੱਲੋਂ ਫੈਲਾਏ ਜਾ ਰਹੇ ਝੂਠ ਤੋਂ ਧਿਆਨ ਵੰਡਾਉਣ ਲਈ ਗੋਦੀ ਮੀਡੀਆ ਨੇ ਤੋੜ-ਮਰੋੜ ਕੇ ਪੇਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਮੋਦੀ ਦਾ ਮੰਗਲਸੂਤਰ ਅਤੇ ਸੋਨਾ ਖੋਹਣ ਦੇ ਬਿਆਨ ਹਕੀਕਤ ਤੋਂ ਕੋਹਾਂ ਦੂਰ ਹਨ। ਪਿਤਰੋਦਾ ਨੇ ‘ਐਕਸ’ ’ਤੇ ਕਿਹਾ,‘‘ਮੈਂ ਟੀਵੀ ’ਤੇ ਸਾਧਾਰਨ ਗੱਲਬਾਤ ਦੌਰਾਨ ਅਮਰੀਕਾ ’ਚ ਉਥੋਂ ਦੇ ਵਿਰਾਸਤੀ ਟੈਕਸ ਦੀ ਮਿਸਾਲ ਦਿੰਦਿਆਂ ਸਿਰਫ਼ ਜ਼ਿਕਰ ਕੀਤਾ ਸੀ। ਕੀ ਮੈਂ ਤੱਥ ਵੀ ਨਹੀਂ ਰੱਖ ਸਕਦਾ ਹਾਂ? ਮੈਂ ਕਿਹਾ ਸੀ ਕਿ ਅਜਿਹੇ ਮੁੱਦੇ ਹਨ ਜਿਨ੍ਹਾਂ ਬਾਰੇ ਲੋਕਾਂ ਨੂੰ ਬਹਿਸ ਅਤੇ ਵਿਚਾਰ ਵਟਾਂਦਰਾ ਕਰਨਾ ਹੋਵੇਗਾ। ਇਸ ਬਿਆਨ ਦਾ ਕਾਂਗਰਸ ਸਮੇਤ ਕਿਸੇ ਵੀ ਪਾਰਟੀ ਦੀ ਨੀਤੀ ਨਾਲ ਕੁਝ ਵੀ ਲੈਣਾ-ਦੇਣਾ ਨਹੀਂ ਹੈ।’’ ਭਾਜਪਾ ਦੇ ਤਿੱਖੇ ਹਮਲੇ ਦਰਮਿਆਨ ਕਾਂਗਰਸ ਆਖਦੀ ਆ ਰਹੀ ਹੈ ਕਿ ਉਸ ਦੇ ਮੈਨੀਫੈਸਟੋ ’ਚ ਸੰਪਤੀ ਦੀ ਵੰਡ ਬਾਰੇ ਕੋਈ ਜ਼ਿਕਰ ਨਹੀਂ ਹੈ ਅਤੇ ਉਹ ਸਿਰਫ਼ ਵਿਆਪਕ ਸਮਾਜਿਕ-ਆਰਥਿਕ ਜਾਤੀ ਜਨਗਣਨਾ ਦੇ ਪੱਖ ’ਚ ਹੈ। ਪਿਤਰੋਦਾ ਦੇ ਬਿਆਨ ਨਾਲ ਭਾਜਪਾ ਨੂੰ ਨਵਾਂ ਮਸਾਲਾ ਮਿਲ ਗਿਆ ਹੈ ਅਤੇ ਉਸ ਦੇ ਆਗੂਆਂ ਨੇ ਇਸ ਦਾ ਲਾਹਾ ਲੈਂਦਿਆਂ ਲੋਕ ਸਭਾ ਚੋਣਾਂ ਦੇ 26 ਅਪਰੈਲ ਨੂੰ ਦੂਜੇ ਪੜਾਅ ਤੋਂ ਪਹਿਲਾਂ ਕਾਂਗਰਸ ਖ਼ਿਲਾਫ਼ ਹਮਲੇ ਤੇਜ਼ ਕਰ ਦਿੱਤੇ ਹਨ। ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ‘ਐਕਸ’ ’ਤੇ ਕਿਹਾ,‘‘ਕਾਂਗਰਸ ਦੀ ਜਿਊਂਦੇ ਰਹਿੰਦਿਆਂ ਟੈਕਸ ਅਤੇ ਫਿਰ ਮੌਤ ਮਗਰੋਂ ਵਿਰਾਸਤੀ ਟੈਕਸ ਲਾਉਣ ਦੀ ਯੋਜਨਾ ਹੈ। ਉਸ ਦਾ ਉਦੇਸ਼ ਮੱਧ ਵਰਗ ਨੂੰ ਢਾਹ ਲਾਉਣਾ ਹੈ ਤਾਂ ਜੋ ਉਹ ਆਪਣੀ ਬੱਚਤ ਜਾਂ ਮਾੜੀ-ਮੋਟੀ ਕਮਾਈ ਬੱਚਿਆਂ ਨੂੰ ਨਾ ਦੇ ਸਕਣ। ਡਾਕਟਰ ਐੱਮਐੱਮਐੱਸ (ਮਨਮੋਹਨ ਸਿੰਘ) ਦੀ ਸੰਗਠਤ ਅਤੇ ਕਾਨੂੰਨੀ ਲੁੱਟ ਲਾਗੂ ਹੋਵੇਗੀ। ਕਾਂਗਰਸ ਦਾ ਟੈਕਸ ਅਤਿਵਾਦ।’’ ਭਾਜਪਾ ਦੇ ਕੌਮੀ ਤਰਜਮਾਨ ਸੁਧਾਂਸ਼ੂ ਤ੍ਰਿਵੇਦੀ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ,‘‘ਸੈਮ ਪਿਤਰੋਦਾ ਨੇ ਕਾਂਗਰਸ ਦੇ ਨਾਪਾਕ ਇਰਾਦੇ ਦਾ ਖ਼ੁਲਾਸਾ ਕਰ ਦਿੱਤਾ ਹੈ। ਸਾਡਾ ਬੱਚਤ ਆਧਾਰਿਤ ਅਰਥਚਾਰਾ ਹੈ। ਭਾਰਤ ’ਚ ਇਕ ਪੀੜ੍ਹੀ ਸਖ਼ਤ ਮਿਹਨਤ ਕਰਕੇ ਕਮਾਉਂਦੀ ਹੈ। ਦੂਜੀ ਪੀੜ੍ਹੀ ਉਸ ਨੂੰ ਹੋਰ ਮਜ਼ਬੂਤ ਬਣਾਉਂਦੀ ਹੈ ਅਤੇ ਫਿਰ ਤੀਜੀ ਪੀੜ੍ਹੀ ਕੁਝ ਸੁਖਾਲਾ ਮਹਿਸੂਸ ਕਰਦੀ ਹੈ। ਪਰ ਕਾਂਗਰਸ ਲੋਕਾਂ ਦੀ ਖੁਸ਼ੀ ਅਤੇ ਸ਼ਾਂਤੀ ਖੋਹ ਲੈਣਾ ਚਾਹੁੰਦੀ ਹੈ। ਸੈਮ ਪਿਤਰੋਦਾ ਸੋਨੇ ’ਤੇ ਟੈਕਸ ਲਾਉਣ ਬਾਰੇ ਗੱਲ ਕਰ ਰਿਹਾ ਹੈ।’’ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਪਿਤਰੋਦਾ ਦੇ ਬਿਆਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਸ ਨਾਲ ਕਾਂਗਰਸ ਦੀ ਤੁਸ਼ਟੀਕਰਨ ਦੀ ਸਿਆਸਤ ਦਾ ਪਰਦਾਫਾਸ਼ ਹੋ ਗਿਆ ਹੈ। ‘ਪਿਤਰੋਦਾ ਦੇ ਬਿਆਨ ਨਾਲ ਕਾਂਗਰਸ ਦੇ ਇਰਾਦੇ ਦੀ ਪੁਸ਼ਟੀ ਹੋ ਗਈ ਹੈ ਕਿ ਉਹ ਬਹੁਗਿਣਤੀ ਦੀ ਸੰਪਤੀ ਜ਼ਬਤ ਕਰਕੇ ਘੱਟ ਗਿਣਤੀਆਂ ’ਚ ਵੰਡ ਦੇਣਗੇ। -ਪੀਟੀਆਈ

‘ਇੰਡੀਆ ਗੱਠਜੋੜ ’ਚ ਬਣ ਸਕਦੇ ਨੇ ਪੰਜ ਸਾਲ ’ਚ ਪੰਜ ਪ੍ਰਧਾਨ ਮੰਤਰੀ’

ਹਰਦਾ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਵਿਰੋਧੀ ਧਿਰਾਂ ਦਾ ਗੱਠਜੋੜ ‘ਇੰਡੀਆ’ ਆਪਣੇ ਲੀਡਰਸ਼ਿਪ ਮੁੱਦੇ ਨੂੰ ਸੁਲਝਾਉਣ ਲਈ ‘ਇਕ ਸਾਲ, ਇਕ ਪੀਐੱਮ’ ਫਾਰਮੂਲੇ ’ਤੇ ਵਿਚਾਰ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਭ ਤੋਂ ਵੱਡੇ ਲੋਕਤੰਤਰ ’ਚ ਅਜਿਹਾ ਪ੍ਰਬੰਧ ਹੋ ਗਿਆ ਤਾਂ ਪੂਰੀ ਦੁਨੀਆ ਉਸ ਦਾ ਮਖੌਲ ਉਡਾਏਗੀ। ਮੱਧ ਪ੍ਰਦੇਸ਼ ਦੇ ਹਰਦਾ ’ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਵੋਟਰਾਂ ਨੂੰ ਸਵਾਲ ਕੀਤਾ ਕਿ ਕੀ ਉਹ ਪੰਜ ਸਾਲਾਂ ’ਚ ਪੰਜ ਪ੍ਰਧਾਨ ਮੰਤਰੀ ਸਹਿਣ ਕਰਨ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਇਹ ਵਿਰੋਧੀ ਧਿਰ ਦੀ ਖ਼ਤਰਨਾਕ ਖੇਡ ਹੈ ਜਿਸ ’ਚ ਕਾਂਗਰਸ ਸਭ ਤੋਂ ਵੱਡੀ ਭਾਈਵਾਲ ਹੈ। ਉਨ੍ਹਾਂ ਕਿਹਾ ਕਿ ਭਾਜਪਾ ’ਚ ਲੀਡਰਸ਼ਿਪ ਦੇ ਮੁੱਦੇ ’ਤੇ ਸਪੱਸ਼ਟਤਾ ਹੈ ਪਰ ‘ਇੰਡੀਆ’ ਗੱਠਜੋੜ ’ਚ ਅਜਿਹਾ ਨਹੀਂ ਹੈ। ‘ਲੋਕਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇੰਡੀ ਗੱਠਜੋੜ ਦੇ ਆਗੂ ਦੇਸ਼ ਦੀ ਵਾਗਡੋਰ ਕਿਸ ਨੂੰ ਸੌਂਪਣਾ ਚਾਹੁੰਦੇ ਹਨ। ਭਾਜਪਾ ’ਚ ਤਾਂ ਮੋਦੀ ਨੂੰ ਲੈ ਕੇ ਸਪੱਸ਼ਟ ਹੈ ਪਰ ਉਨ੍ਹਾਂ ਦਾ ਕੁਝ ਵੀ ਪਤਾ ਨਹੀਂ ਹੈ।’ ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਪੀਐੱਮ ਦੀ ਕੁਰਸੀ ਦੀ ਨਿਲਾਮੀ ਕਰਨ ’ਚ ਰੁੱਝੇ ਹੋਏ ਹਨ। ਉਨ੍ਹਾਂ ਲੋਕਾਂ ਨੂੰ ‘ਮੁੰਗੇਰੀਲਾਲ ਕੇ ਸਪਨੇ’ ਵਾਂਗ ਦਿਨ ’ਚ ਸੁਪਨੇ ਲੈ ਰਹੇ ਆਗੂਆਂ ਤੋਂ ਚੌਕਸ ਰਹਿਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਕਰਨਾਟਕ ’ਚ ਮੁਸਲਮਾਨਾਂ ਨੂੰ ਵੀ ਓਬੀਸੀ ਤਹਿਤ ਰਾਖਵਾਂਕਰਨ ਦੇਣ ਦਾ ਐਲਾਨ ਕੀਤਾ ਹੈ ਜਿਸ ਨਾਲ ਦੇਸ਼ ਦੇ ਸਾਰੇ ਓਬੀਸੀਜ਼ ਨੂੰ ਚੌਕਸ ਹੋ ਜਾਣਾ ਚਾਹੀਦਾ ਹੈ। ਮੋਦੀ ਨੇ ਕਿਹਾ ਕਿ ਸੰਵਿਧਾਨ ਨਿਰਮਾਤਾਵਾਂ ਨੇ ਸਪੱਸ਼ਟ ਤੌਰ ’ਤੇ ਫ਼ੈਸਲਾ ਲਿਆ ਸੀ ਕਿ ਰਾਖਵਾਂਕਰਨ ਧਰਮ ਦੇ ਆਧਾਰ ’ਤੇ ਨਹੀਂ ਦਿੱਤਾ ਜਾ ਸਕਦਾ ਹੈ ਪਰ ਕਾਂਗਰਸ ਦੇ ਐਲਾਨ ਸੰਵਿਧਾਨ ਦੀ ਭਾਵਨਾ ਖ਼ਿਲਾਫ਼ ਹਨ। ਉਨ੍ਹਾਂ ਕਾਂਗਰਸ ’ਤੇ ਧਰਮਨਿਰਪੱਖਤਾ ਦੇ ਨਾਮ ’ਤੇ ਵੋਟ ਬੈਂਕ ਦੀ ਸਿਆਸਤ ਕਰਨ ਦੇ ਦੋਸ਼ ਲਾਏ ਅਤੇ ਕਿਹਾ ਕਿ ਉਹ ਸਮਾਜਿਕ ਨਿਆਂ ਦੇ ਵਿਚਾਰ ਦੀ ਹੱਤਿਆ ਕਰ ਰਹੀ ਹੈ। -ਪੀਟੀਆਈ

ਪੁਰਾਣੇ ਬਿਆਨ ਨਸ਼ਰ ਕਰਕੇ ਕਾਂਗਰਸ ਨੇ ਦਿੱਤਾ ਮੋੜਵਾਂ ਜਵਾਬ

ਕਾਂਗਰਸ ਨੇ ਵੀ ਭਾਜਪਾ ਦੇ ਹਮਲੇ ਦਾ ਜਵਾਬ ਦਿੰਦਿਆਂ ਸਾਬਕਾ ਕੇਂਦਰੀ ਮੰਤਰੀ ਜੈਯੰਤ ਸਿਨਹਾ ਸਮੇਤ ਹੋਰ ਭਾਜਪਾ ਆਗੂਆਂ ਦੇ ਪੁਰਾਣੇ ਬਿਆਨ ਸਾਂਝੇ ਕੀਤੇ ਹਨ ਜਿਨ੍ਹਾਂ ’ਚ ਉਹ ਅਜਿਹੇ ਟੈਕਸ ਦੇ ਪੱਖ ’ਚ ਹਨ। ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਸਬੰਧਤ ਰਿਪੋਰਟਾਂ ਦਾ ‘ਐਕਸ’ ’ਤੇ ਸਕਰੀਨ ਸ਼ਾਟ ਸਾਂਝਾ ਕਰਦਿਆਂ ਦਾਅਵਾ ਕੀਤਾ ਕਿ ਸਿਨਹਾ ਨੇ 2014 ’ਚ ਵਿੱਤ ਰਾਜ ਮੰਤਰੀ ਰਹਿੰਦਿਆਂ ਜਨਤਕ ਤੌਰ ’ਤੇ ਕਿਹਾ ਸੀ ਕਿ ਉਹ ਵਿਰਾਸਤੀ ਟੈਕਸ ਲਾਗੂ ਕਰਨਾ ਚਾਹੁੰਦੇ ਹਨ ਜਦਕਿ ਤਤਕਾਲੀ ਵਿੱਤ ਮੰਤਰੀ ਅਰੁਣ ਜੇਤਲੀ ਨੇ 2018 ’ਚ ਇਸ ਧਾਰਨਾ ਦੀ ਸ਼ਲਾਘਾ ਕੀਤੀ ਸੀ। ਜੇਤਲੀ ਨੇ ਕਿਹਾ ਸੀ ਕਿ ਇਹ ਪੱਛਮੀ ਮੁਲਕਾਂ ਦੇ ਹਸਪਤਾਲਾਂ ਅਤੇ ਵਿਦਿਅਕ ਅਦਾਰਿਆਂ ਲਈ ਵੱਡੇ ਦਾਨ ਦਾ ਇੱਕ ਸਰੋਤ ਹੈ। ਜੈਰਾਮ ਰਮੇਸ਼ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ 1985 ’ਚ ਅਸਟੇਟ ਡਿਊਟੀ ਖ਼ਤਮ ਕੀਤੀ ਸੀ ਜਦਕਿ ਮੋਦੀ ਸਰਕਾਰ ਇਸ ਨੂੰ ਲਾਗੂ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ 2017 ’ਚ ਰਿਪੋਰਟਾਂ ਆਈਆਂ ਸਨ ਕਿ ਮੋਦੀ ਸਰਕਾਰ ਵਿਰਾਸਤੀ ਟੈਕਸ ਲਾਗੂ ਕਰਨ ਜਾ ਰਹੀ ਹੈ। ਉਨ੍ਹਾਂ ਪੋਸਟ ’ਚ ਇਕ ਹੋਰ ਖ਼ਬਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਦਾ ਇਰਾਦਾ 2019 ਦੇ ਬਜਟ ’ਚ ਵਿਰਾਸਤੀ ਟੈਕਸ ਲਾਗੂ ਕਰਨ ਦਾ ਸੀ। ਉਨ੍ਹਾਂ ਮੋਦੀ ਨੂੰ ਸਵਾਲ ਦਾਗ਼ਦਿਆਂ ਕਿਹਾ ਕਿ ਇਸ ਮੁੱਦੇ ਬਾਰੇ ਭਾਜਪਾ ਦਾ ਕੀ ਸਟੈਂਡ ਹੈ। ਕਾਂਗਰਸ ਆਗੂ ਨੇ ਸਿਨਹਾ ਦੇ ਫੋਰਬਸ ਇੰਡੀਆ ਨਾਲ ਸਬੰਧਤ 2013 ਦੇ ਪੁਰਸਕਾਰ ਸਮਾਗਮ ’ਚ ਦਿੱਤੇ 15 ਮਿੰਟ ਦਾ ਭਾਸ਼ਨ ਵੀ ਨਸ਼ਰ ਕੀਤਾ ਹੈ ਜਿਸ ’ਚ ਉਹ ਵਿਰਾਸਤੀ ਟੈਕਸ ਦਾ ਪੱਖ ਪੂਰਦੇ ਨਜ਼ਰ ਆ ਰਹੇ ਹਨ। ਬਾਅਦ ’ਚ ਜੈਰਾਮ ਰਮੇਸ਼ ਨੇ ਭਾਜਪਾ ਦੇ ਆਈਟੀ ਵਿਭਾਗ ਦੇ ਮੁਖੀ ਅਮਿਤ ਮਾਲਵੀਆ ਦੀ 2014 ’ਚ ਪੋਸਟ ਦਾ ਸਕਰੀਨ ਸ਼ਾਟ ਵੀ ਸਾਂਝਾ ਕੀਤਾ ਜਿਸ ’ਚ ਉਨ੍ਹਾਂ ਸਿਨਹਾ ਦੇ ਵਿਰਾਸਤੀ ਸੰਪਤੀ ’ਤੇ ਟੈਕਸ ਲਾਉਣ ਦੇ ਵਿਚਾਰ ਦੀ ਹਮਾਇਤ ਕੀਤੀ ਸੀ। ਇਕ ਹੋਰ ਪੋਸਟ ’ਚ ਉਨ੍ਹਾਂ ਕਿਹਾ ਕਿ ਕਾਂਗਰਸ ਦੇ ਨਿਆਂ ਪੱਤਰ ’ਚ ਸੰਪਤੀ ਲੈ ਕੇ ਅੱਗੇ ਵੰਡਣ ਬਾਰੇ ਕੋਈ ਜ਼ਿਕਰ ਨਹੀਂ ਹੈ ਸਗੋਂ ਇਹ 1999 ਅਤੇ 1996 ਦੀਆਂ ਲੋਕ ਸਭਾ ਚੋਣਾਂ ਸਮੇਂ ਭਾਜਪਾ ਦੇ ਚੋਣ ਮਨੋਰਥ ਪੱਤਰਾਂ ’ਚ ਨਜ਼ਰ ਆਉਂਦਾ ਰਿਹਾ ਸੀ। ਉਨ੍ਹਾਂ ਭਾਜਪਾ ਦੇ ਮੈਨੀਫੈਸਟੋ ਦਾ ਸਕਰੀਨ ਸ਼ਾਟ ਸਾਂਝਾ ਕਰਦਿਆਂ ਕਿਹਾ ਕਿ ਕੀ ਹੁਣ ਵੀ ਮੋਦੀ ਸੋਚਦੇ ਹਨ ਕਿ ਸ੍ਰੀ ਵਾਜਪਾਈ ਭਾਰਤੀ ਮਹਿਲਾਵਾਂ ਦੇ ਮੰਗਲਸੂਤਰ ਖੋਹਣ ਦੀ ਕਿਸੇ ਸਾਜ਼ਿਸ਼ ਦੇ ਰਿੰਗ ਲੀਡਰ ਸਨ? ਉਨ੍ਹਾਂ ਕਿਹਾ ਕਿ ਮੰਗਲਸੂਤਰ ਦੀ ਗੱਲ ਕਰਕੇ ਮੋਦੀ ਨੇ ਦੇਸ਼ ਦੀਆਂ ਔਰਤਾਂ ਨਾਲ ਕੋਝਾ ਮਜ਼ਾਕ ਕੀਤਾ ਹੈ। ਜੈਰਾਮ ਰਮੇਸ਼ ਨੇ ਕਿਹਾ ਕਿ ਪਿਤਰੋਦਾ ਦੁਨੀਆ ਭਰ ’ਚ ਕਈਆਂ ਦੇ ਮਾਰਗਦਰਸ਼ਕ, ਦੋਸਤ, ਦਾਰਸ਼ਨਿਕ ਅਤੇ ਗਾਈਡ ਰਹੇ ਹਨ ਅਤੇ ਉਨ੍ਹਾਂ ਭਾਰਤ ਦੇ ਵਿਕਾਸ ’ਚ ਕਈ ਯੋਗਦਾਨ ਪਾਏ ਹਨ। -ਪੀਟੀਆਈ

Advertisement
Author Image

joginder kumar

View all posts

Advertisement
Advertisement
×