For the best experience, open
https://m.punjabitribuneonline.com
on your mobile browser.
Advertisement

ਪੰਜਾਬ ’ਚ ਤੀਜੀ ਵਾਰ ਹੜ੍ਹ ਆਉਣ ਦਾ ਖ਼ਤਰਾ

06:59 AM Aug 24, 2023 IST
ਪੰਜਾਬ ’ਚ ਤੀਜੀ ਵਾਰ ਹੜ੍ਹ ਆਉਣ ਦਾ ਖ਼ਤਰਾ
ਪਠਾਨਕੋਟ ਦੇ ਸਿਵਲ ਹਸਪਤਾਲ ਅੰਦਰ ਦਾਖ਼ਲ ਮੀਂਹ ਦਾ ਪਾਣੀ। -ਫੋਟੋ: ਐਨ.ਪੀ.ਧਵਨ
Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 23 ਅਗਸਤ
ਹਿਮਾਚਲ ਪ੍ਰਦੇਸ਼ ’ਚ ਪਏ ਤੇਜ਼ ਮੀਂਹ ਕਾਰਨ ਪੰਜਾਬ ਵਿਚ ਤੀਜੀ ਵਾਰ ਹੜ੍ਹ ਆਉਣ ਦਾ ਖ਼ਤਰਾ ਬਣ ਗਿਆ ਹੈ। ਪਹਾੜਾਂ ’ਤੇ ਪਏ ਮੀਂਹ ਕਾਰਨ ਪੰਜਾਬ ਹੁਣ ਹਾਈ ਅਲਰਟ ’ਤੇ ਹੈ। ਆਉਂਦੇ 24 ਘੰਟੇ ਸੂਬੇ ਲਈ ਕਾਫ਼ੀ ਅਹਿਮ ਦੱਸੇ ਜਾ ਰਹੇ ਹਨ ਕਿਉਂਕਿ ਡੈਮਾਂ ਵਿਚ ਪਹਾੜਾਂ ਤੋਂ ਪਾਣੀ ਦੀ ਆਮਦ ’ਚ ਇਕਦਮ ਵਾਧਾ ਹੋ ਗਿਆ ਹੈ। ਪੰਜਾਬ ਸਰਕਾਰ ਨੂੰ ਡਰ ਹੈ ਕਿ ਪਿਛਲੇ ਦਿਨਾਂ ਵਾਂਗ ਪਹਾੜਾਂ ਤੋਂ ਅਣਕਿਆਸੀ ਮਾਤਰਾ ’ਚ ਡੈਮਾਂ ਵਿਚ ਪਾਣੀ ਆਇਆ ਤਾਂ ਹੜ੍ਹਾਂ ਦੇ ਨਵੇਂ ਖ਼ਤਰੇ ਨੂੰ ਟਾਲਣਾ ਮੁਸ਼ਕਲ ਹੋ ਜਾਵੇਗਾ। ਪੰਜਾਬ ਵਿਚ 9 ਅਤੇ 10 ਜੁਲਾਈ ਨੂੰ ਆਏ ਹੜ੍ਹ ਕਾਰਨ ਹਾਲਾਤ ਅਜੇ ਸੰਭਲੇ ਨਹੀਂ ਸਨ ਕਿ ਦੂਸਰੇ ਹੜ੍ਹ ਨੇ ਹੱਲਾ ਬੋਲ ਦਿੱਤਾ ਸੀ। ਹੁਣ ਜਦੋਂ ਦੂਸਰੇ ਹੜ੍ਹਾਂ ਦਾ ਪਾਣੀ ਘਟਣਾ ਸ਼ੁਰੂ ਹੋਇਆ ਹੈ ਤਾਂ ਡੈਮਾਂ ਵਿਚ ਵਧੇ ਪਾਣੀ ਨੇ ਨਵਾਂ ਖ਼ਤਰਾ ਖੜ੍ਹਾ ਕਰ ਦਿੱਤਾ ਹੈ।
ਮੌਸਮ ਵਿਭਾਗ ਨੇ ਪੰਜਾਬ ਵਿਚ ਵੀ ਆਉਂਦੇ ਤਿੰਨ-ਚਾਰ ਦਿਨ ਮੀਂਹ ਦੀ ਪੇਸ਼ੀਨਗੋਈ ਕੀਤੀ ਹੈ। ਬੀਤੇ 24 ਘੰਟਿਆਂ ਵਿਚ ਸੂਬੇ ਵਿਚ 186.03 ਐੱਮਐੱਮ ਵਰਖਾ ਹੋਈ ਹੈ। ਸੂਬੇ ’ਚ ਏਨੇ ਪੁਖ਼ਤਾ ਪ੍ਰਬੰਧ ਨਹੀਂ ਹਨ ਕਿ ਉਹ ਤਾਜ਼ੇ ਹੜ੍ਹਾਂ ਦੀ ਮਾਰ ਝੱਲਣ ਦੇ ਸਮਰੱਥ ਹੋਵੇ। ਅੰਮ੍ਰਿਤਸਰ, ਫ਼ਿਰੋਜ਼ਪੁਰ, ਫ਼ਤਿਹਗੜ੍ਹ ਸਾਹਿਬ, ਫ਼ਾਜ਼ਿਲਕਾ, ਗੁਰਦਾਸਪੁਰ, ਮੋਗਾ, ਪਟਿਆਲਾ, ਰੋਪੜ ਅਤੇ ਤਰਨ ਤਾਰਨ ਵਿਚ ਮੀਂਹ ਪਿਆ ਹੈ। ਫ਼ਾਜ਼ਿਲਕਾ ਜ਼ਿਲ੍ਹੇ ਵਿਚ ਇੱਕ ਵਿਅਕਤੀ ਹੜ੍ਹ ਦੇ ਪਾਣੀ ਵਿਚ ਰੁੜ੍ਹ ਗਿਆ ਹੈ। ਫ਼ਾਜ਼ਿਲਕਾ ਦੇ ਦਰਜਨਾਂ ਪਿੰਡਾਂ ਵਿਚ ਹੜ੍ਹਾਂ ਦਾ ਕਹਿਰ ਜਾਰੀ ਹੈ। ਪਸ਼ੂ ਧਨ ਅਤੇ ਘਰਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ।
ਡੈਮਾਂ ਵਿਚ ਪਾਣੀ ਖ਼ਤਰੇ ਦੇ ਨਿਸ਼ਾਨ ਵੱਲ ਮੁੜ ਵਧਣ ਲੱਗਾ ਹੈ। ਪਿਛਲੇ ਦਿਨਾਂ ਵਿਚ ਡੈਮਾਂ ਤੋਂ ਪਾਣੀ ਛੱਡ ਕੇ ਪਾਣੀ ਦਾ ਪੱਧਰ ਕਾਫ਼ੀ ਘਟਾਇਆ ਗਿਆ ਸੀ ਤਾਂ ਜੋ ਪਹਾੜਾਂ ’ਚੋਂ ਆਉਣ ਵਾਲੇ ਨਵੇਂ ਪਾਣੀ ਨੂੰ ਝੱਲਿਆ ਜਾ ਸਕੇ। ਭਾਖੜਾ ਡੈਮ ਵਿਚ ਕਰੀਬ ਦੋ ਫੁੱਟ ਪਾਣੀ ਦਾ ਪੱਧਰ ਵਧ ਗਿਆ ਹੈ। ਅੱਜ ਪਾਣੀ ਦਾ ਪੱਧਰ 1674.18 ਫੁੱਟ ’ਤੇ ਪਹੁੰਚ ਗਿਆ ਜੋ ਲੰਘੇ ਕੱਲ੍ਹ 1672.29 ਫੁੱਟ ਸੀ। ਕੁੱਝ ਦਿਨ ਪਹਿਲਾਂ ਭਾਖੜਾ ਡੈਮ ਦਾ ਪਾਣੀ 1678.6 ਫੁੱਟ ਨੂੰ ਛੂਹ ਗਿਆ ਸੀ। ਭਾਖੜਾ ਡੈਮ ਵਿਚ ਅੱਜ ਪਹਾੜਾਂ ’ਚੋਂ 1.28 ਲੱਖ ਕਿਊਸਿਕ ਪਾਣੀ ਆ ਰਿਹਾ ਹੈ ਜਿਸ ਦੀ ਮਾਤਰਾ ਦੋ ਦਿਨ ਪਹਿਲਾਂ ਸਿਰਫ਼ 36 ਹਜ਼ਾਰ ਕਿਊਸਿਕ ਰਹਿ ਗਈ ਸੀ। ਪੌਂਗ ਡੈਮ ਵਿਚ ਪਾਣੀ ਦਾ ਪੱਧਰ 1390.9 ਫੁੱਟ ’ਤੇ ਪਹੁੰਚ ਗਿਆ ਜੋ ਕੱਲ੍ਹ ਤੱਕ 1389.65 ਫੁੱਟ ਸੀ। ਪੌਂਗ ਡੈਮ ਵਿਚ ਪਹਾੜਾਂ ਤੋਂ ਪਾਣੀ ਦੀ ਮਾਤਰਾ ਦੁਪਹਿਰ ਤੋਂ ਪਹਿਲਾਂ 1.93 ਲੱਖ ਕਿਊਸਿਕ ’ਤੇ ਪਹੁੰਚ ਗਈ ਸੀ ਜੋ ਤਿੰਨ ਵਜੇ ਮੁੜ 1.38 ਲੱਖ ਕਿਊਸਿਕ ’ਤੇ ਆ ਗਈ। ਦੋ ਦਿਨ ਪਹਿਲਾਂ ਪੌਂਗ ਡੈਮ ਵਿਚ ਪਾਣੀ ਦੀ ਆਮਦ 23 ਹਜ਼ਾਰ ਕਿਊਸਿਕ ਹੀ ਸੀ।
ਪੌਂਗ ਡੈਮ ਤੋਂ ਬਿਆਸ ਦਰਿਆ ਵਿਚ ਪਾਣੀ 67340 ਕਿਊਸਿਕ ਅਤੇ ਭਾਖੜਾ ਡੈਮ ਤੋਂ ਸਤਲੁਜ ਵਿਚ 58400 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਪਹਾੜਾਂ ਤੋਂ ਪਾਣੀ ਦੀ ਮਾਤਰਾ ਜ਼ਿਆਦਾ ਵਧਦੀ ਹੈ ਤਾਂ ਡੈਮਾਂ ’ਚੋਂ ਮੁੜ ਵੱਧ ਪਾਣੀ ਛੱਡਣਾ ਮਜਬੂਰੀ ਬਣ ਜਾਵੇਗਾ ਜਿਸ ਨਾਲ ਪੰਜਾਬ ਨੂੰ ਮੁੜ ਨਵਾਂ ਡੋਬਾ ਝੱਲਣਾ ਪੈ ਸਕਦਾ ਹੈ। ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਜੇਕਰ ਭਲਕੇ ਹਿਮਾਚਲ ਵਿਚ ਭਾਰੀ ਮੀਂਹ ਪਿਆ ਤਾਂ ਡੈਮਾਂ ’ਚੋਂ ਆਉਂਦੇ ਦਿਨਾਂ ਵਿਚ ਮੁੜ ਦਰਿਆਵਾਂ ਵਿਚ ਪਾਣੀ ਛੱਡਣਾ ਪੈ ਸਕਦਾ ਹੈ।

Advertisement

ਭਗਵੰਤ ਮਾਨ ਦੀ ਡੈਮਾਂ ’ਤੇ ਨਜ਼ਰ

ਮੁੱਖ ਮੰਤਰੀ ਭਗਵੰਤ ਮਾਨ ਡੈਮਾਂ ਵਿਚ ਪਾਣੀ ਦੀ ਸਥਿਤੀ ’ਤੇ ਨਜ਼ਰ ਰੱਖ ਰਹੇ ਹਨ। ਜਲ ਸਰੋਤ ਵਿਭਾਗ ਵੱਲੋਂ ਮੁੱਖ ਮੰਤਰੀ ਦਫ਼ਤਰ ਨੂੰ ਡੈਮਾਂ ਦੇ ਪੱਧਰ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ। ਮੁੱਖ ਮੰਤਰੀ ਵੱਲੋਂ ਸੰਭਾਵੀ ਖ਼ਤਰੇ ਦੇ ਮੱਦੇਨਜ਼ਰ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ। ਡੈਮਾਂ ਵਿਚ ਵੱਧ ਤੋਂ ਵੱਧ ਪਾਣੀ ਕਿਸ ਪੱਧਰ ਤੱਕ ਰੱਖਿਆ ਜਾ ਸਕਦਾ ਹੈ, ਉਸ ਨੂੰ ਲੈ ਕੇ ਵੀ ਅਧਿਕਾਰੀ ਅਨੁਮਾਨ ਲਗਾ ਰਹੇ ਹਨ।

Advertisement

ਨਰਮਾ ਪੱਟੀ ’ਚ ਗੁਲਾਬੀ ਸੁੰਡੀ ਦਾ ਖ਼ੌਫ਼

ਪੰਜਾਬ ਦੇ ਦਰਜਨਾਂ ਜ਼ਿਲ੍ਹੇ ਹੜ੍ਹਾਂ ਦੀ ਲਪੇਟ ਵਿਚ ਹਨ ਪਰ ਮਾਲਵਾ ਖ਼ਿੱਤੇ ਦੇ ਚਾਰ-ਪੰਜ ਜ਼ਿਲ੍ਹੇ ਸੁੱਕੇ ਪਏ ਹਨ। ਨਰਮਾ ਪੱਟੀ ਦੇ ਮਾਨਸਾ, ਬਠਿੰਡਾ ਅਤੇ ਮੁਕਤਸਰ ਜ਼ਿਲ੍ਹਿਆਂ ਵਿਚ ਕਿਸਾਨਾਂ ਨੂੰ ਗੁਲਾਬੀ ਸੁੰਡੀ ਦੀ ਮਾਰ ਝੱਲਣੀ ਪੈ ਰਹੀ ਹੈ। ਐਤਕੀਂ ਨਰਮੇ ਹੇਠਲਾ ਰਕਬਾ ਵੀ ਘਟਿਆ ਹੈ ਅਤੇ ਉਪਰੋਂ ਸੁੰਡੀ ਦੀ ਫ਼ਸਲ ’ਤੇ ਮਾਰ ਪਈ ਹੈ ਜਿਸ ਨਾਲ ਪੈਦਾਵਾਰ ਵਿਚ ਵੀ ਕਟੌਤੀ ਹੋਵੇਗੀ।

ਪੰਜਾਬ ਵਿੱਚ 26 ਅਗਸਤ ਤੱਕ ਸਕੂਲ ਬੰਦ

ਪੰਜਾਬ ਸਰਕਾਰ ਨੇ ਸੂਬੇ ਦੇ ਵੱਖ ਵੱਖ ਜ਼ਿਲ੍ਹਿਆਂ ਅਤੇ ਹਿਮਾਚਲ ਵਿਚ ਹੋ ਰਹੀ ਭਾਰੀ ਬਾਰਸ਼ ਦੇ ਮੱਦੇਨਜ਼ਰ 26 ਅਗਸਤ ਤੱਕ ਸਕੂਲ ਬੰਦ ਰੱਖਣ ਦਾ ਫ਼ੈਸਲਾ ਕੀਤਾ ਹੈ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਟਵੀਟ ਕਰਕੇ ਦੱਸਿਆ ਹੈ ਕਿ ਸੂਬੇ ਦੇ ਸਾਰੇ ਸਰਕਾਰੀ/ਏਡਿਡ/ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਵਿਚ 26 ਅਗਸਤ ਤੱਕ ਛੁੱਟੀਆਂ ਰਹਿਣਗੀਆਂ ਕਿਉਂਕਿ ਹੜ੍ਹਾਂ ਕਰਕੇ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਫ਼ੈਸਲਾ ਲਿਆ ਗਿਆ ਹੈ। ਲੁਧਿਆਣਾ ਜ਼ਿਲ੍ਹੇ ਦੇ ਇੱਕ ਸਕੂਲ ਵਿਚ ਛੱਤ ਡਿੱਗਣ ਕਾਰਨ ਵਾਪਰੇ ਹਾਦਸੇ ’ਚ ਅੱਜ ਇੱਕ ਅਧਿਆਪਕਾ ਰਵਿੰਦਰ ਕੌਰ ਦੀ ਮੌਤ ਹੋ ਗਈ। ਸਿੱਖਿਆ ਮੰਤਰੀ ਬੈਂਸ ਨੇ ਅਧਿਆਪਕਾ ਦੀ ਮੌਤ ’ਤੇ ਡੂੰਘਾ ਅਫ਼ਸੋਸ ਜ਼ਾਹਿਰ ਕੀਤਾ ਹੈ।

Advertisement
Author Image

sukhwinder singh

View all posts

Advertisement