For the best experience, open
https://m.punjabitribuneonline.com
on your mobile browser.
Advertisement

ਫਰੀਦਕੋਟ ਵਿੱਚ ਰਾਜਸਥਾਨ ਫੀਡਰ ਟੁੱਟਣ ਦਾ ਖ਼ਤਰਾ

09:20 AM Aug 21, 2023 IST
ਫਰੀਦਕੋਟ ਵਿੱਚ ਰਾਜਸਥਾਨ ਫੀਡਰ ਟੁੱਟਣ ਦਾ ਖ਼ਤਰਾ
ਫਰੀਦਕੋਟ ਵਿੱਚੋਂ ਲੰਘਦੀ ਰਾਜਸਥਾਨ ਫ਼ੀਡਰ ਦੇ ਖੁਰੇ ਹੋਏ ਕਿਨਾਰੇ।
Advertisement

ਜਸਵੰਤ ਜੱਸ
ਫਰੀਦਕੋਟ, 20 ਅਗਸਤ
ਮਾਲਵੇ ਦੇ ਚਾਰ ਜ਼ਿਲ੍ਹਿਆਂ ਵਿੱਚੋਂ ਗੁਜ਼ਰਦੀ ਰਾਜਸਥਾਨ ਫ਼ੀਡਰ ਦੀ ਖਸਤਾ ਹਾਲਤ ਨੇ ਲੋਕਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਇਸ ਵੇਲੇ ਨਹਿਰ ਵਿਚ ਕਰੀਬ 18000 ਕਿਊਸਿਕ ਪਾਣੀ ਵਗ ਰਿਹਾ ਹੈ ਪਰ ਨਹਿਰ ਦੇ ਕੰਢਿਆਂ ਦੀ ਹਾਲਤ ਬਹੁਤ ਕਮਜ਼ੋਰ ਹੋਣ ਕਾਰਨ ਇਸ ਦੇ ਟੁੱਟਣ ਦਾ ਖ਼ਤਰਾ ਬਣਿਆ ਹੋਇਆ ਹੈ। ਨਹਿਰੀ ਵਿਭਾਗ ਨੇ ਇਨ੍ਹਾਂ ਕੰਢਿਆਂ ਨੂੰ ਕੰਕਰੀਟ ਦਾ ਬਣਾਉਣਾ ਸੀ ਪਰ ਲੋਕਾਂ ਨੇ ਕੰਕਰੀਟ ਦੀ ਥਾਂ ਨਹਿਰਾਂ ਦੇ ਕੰਢਿਆਂ ’ਤੇ ਇੱਟਾਂ ਦੀ ਲਾਈਨਿੰਗ ਲਾਉਣ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਨਹਿਰੀ ਵਿਭਾਗ ਨੇ ਨਹਿਰ ਦੀ ਮੁਰੰਮਤ ਦਾ ਕੰਮ ਰੋਕ ਦਿੱਤਾ ਸੀ ਅਤੇ ਲਗਪਗ ਚਾਰ ਕਿਲੋਮੀਟਰ ਲੰਬੀ ਨਹਿਰ ਦੇ ਖੁਰੇ ਹੋਏ ਕੰਢਿਆਂ ਉਪਰ ਮਿੱਟੀ ਦੀਆਂ ਬੋਰੀਆਂ ਵੀ ਨਹੀਂ ਲਾਈਆਂ। ਜ਼ਿਕਰਯੋਗ ਹੈ ਕਿ ਜਿਸ ਥਾਂ ਤੋਂ ਰਾਜਸਥਾਨ ਫੀਡਰ ਦੀ ਹਾਲਤ ਖ਼ਸਤਾ ਹੈ ਉਸ ਦੇ ਆਸ-ਪਾਸ ਛੇ ਹਜ਼ਾਰ ਤੋਂ ਵੱਧ ਲੋਕ ਰਹਿ ਰਹੇ ਹਨ। ਰਾਜਸਥਾਨ ਫੀਡਰ ਦੇ ਕਿਨਾਰੇ ਕਰੀਬ ਇੱਕ ਦਰਜਨ ਥਾਵਾਂ ਤੋਂ ਖੁਰੇ ਹੋਏ ਹਨ। ਨਹਿਰੀ ਵਿਭਾਗ ਨੂੰ ਇਸ ਬਾਰੇ ਪੂਰੀ ਜਾਣਕਾਰੀ ਹੈ, ਇਸ ਦੇ ਬਾਵਜੂਦ ਕੰਢਿਆਂ ਨੂੰ ਮਜ਼ਬੂਤ ਕਰਨ ਲਈ ਕੋਈ ਕਾਰਵਾਈ ਨਹੀਂ ਕੀਤੀ ਗਈ। ਨਹਿਰੀ ਵਿਭਾਗ ਦੇ ਨਿਗਰਾਨ ਇੰਜੀਨੀਅਰ ਐਚ ਐੱਸ ਮਹਿੰਦੀਰੱਤਾ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਫੰਡਾਂ ਨਾਲ ਰਾਜਸਥਾਨ ਨਹਿਰ ਦੇ ਕਿਨਾਰੇ ਪੱਕੇ ਕਰਨ ਦੀ ਤਜਵੀਜ਼ ਹੈ। ਕਿਸੇ ਵਿਵਾਦ ਕਰਕੇ ਇਹ ਕੰਮ ਰੁਕ ਗਿਆ ਸੀ ਅਤੇ ਜਲਦ ਹੀ ਇਸ ਨੂੰ ਮੁਕੰਮਲ ਕਰਨ ਦੀ ਯੋਜਨਾ ਹੈ। ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਨਹਿਰ ਦੇ ਖਸਤਾ ਹਾਲ ਕਿਨਾਰਿਆਂ ਦਾ ਉਨ੍ਹਾਂ ਮੁਆਇਨਾ ਕੀਤਾ ਹੈ ਅਤੇ ਨਹਿਰੀ ਵਿਭਾਗ ਨੂੰ ਤੁਰੰਤ ਇਸ ਮਾਮਲੇ ਵਿਚ ਕਾਰਵਾਈ ਕਰਨ ਦੇ ਹੁਕਮ ਦਿੱਤੇ ਗਏ ਹਨ।

Advertisement

Advertisement
Author Image

sukhwinder singh

View all posts

Advertisement
Advertisement
×