‘ਦੰਗਲ’ ਦੀ ਬਾਲ ਕਲਾਕਾਰ ਸੁਹਾਨੀ ਭਟਨਾਗਰ ਦਾ ਦੇਹਾਂਤ
ਨਵੀਂ ਦਿੱਲੀ, 17 ਫਰਵਰੀ
ਅਦਾਕਾਰ ਆਮਿਰ ਖ਼ਾਨ ਦੀ ਭੂਮਿਕਾ ਵਾਲੀ ਹਿੰਦੀ ਫਿਲਮ ‘ਦੰਗਲ’ ਵਿੱਚ ਪਹਿਲਵਾਨ ਬਬੀਤਾ ਫੋਗਾਟ ਦੇ ਬਚਪਨ ਦੀ ਭੂਮਿਕਾ ਨਿਭਾਉਣ ਵਾਲੀ ਅਦਾਕਾਰਾ ਸੁਹਾਨੀ ਭਟਨਾਗਰ ਦਾ 19 ਸਾਲ ਦੀ ਉਮਰ ’ਚ ਦੇਹਾਂਤ ਹੋ ਗਿਆ। ਸੁਹਾਨੀ ਦੇ ਇੱਕ ਕਰੀਬੀ ਰਿਸ਼ਤੇਦਾਰ ਨੇ ਪੁਸ਼ਟੀ ਕਰਦਿਆਂ ਦੱਸਿਆ, ‘‘ਉਸ ਨੇ ਸ਼ੁੱਕਰਵਾਰ ਸ਼ਾਮ ਨੂੰ ਦਿੱਲੀ ਦੇ ਏਮਜ਼ ਵਿੱਚ ਆਖ਼ਰੀ ਸਾਹ ਲਿਆ।’’ ਪਰਿਵਾਰ ਦੇ ਕਰੀਬੀਆਂ ਨੇ ਸੁਹਾਨੀ ਦੇ ਦੇਹਾਂਤ ਸਬੰਧੀ ਵਿਸਥਾਰ ’ਚ ਜਾਣਕਾਰੀ ਨਹੀਂ ਦਿੱਤੀ ਪਰ ਮੀਡੀਆ ਰਿਪੋਰਟਾਂ ਅਨੁਸਾਰ ਲੱਤ ’ਚ ਫਰੈਕਚਰ ਮਗਰੋਂ ਉਸ ਨੂੰ ਏਮਜ਼ ’ਚ ਭਰਤੀ ਕਰਵਾਇਆ ਗਿਆ ਸੀ। ਹਸਪਤਾਲ ਦੇ ਇੱਕ ਸੂਤਰ ਨੇ ਦੱਸਿਆ ਕਿ ਸੁਹਾਨੀ ਨੂੰ ਸੱਤ ਫਰਵਰੀ ਨੂੰ ਏਮਜ਼ ਵਿੱਚ ਭਰਤੀ ਕਰਵਾਇਆ ਗਿਆ ਸੀ ਅਤੇ 16 ਫਰਵਰੀ ਨੂੰ ਉਸ ਨੇ ਦਮ ਤੋੜ ਦਿੱਤਾ। ਫਰੀਦਾਬਾਦ ਵਿੱਚ ਜਨਮੀ ਸੁਹਾਨੀ, 2016 ਵਿੱਚ ਪਹਿਲਵਾਨ ਮਹਾਵੀਰ ਫੋਗਾਟ ਦੇ ਜੀਵਨ ’ਤੇ ਬਣੀ ਫਿਲਮ ‘ਦੰਗਲ’ ਦਾ ਪ੍ਰਮੁੱਖ ਚਿਹਰਾ ਸੀ, ਜੋ ਆਪਣੀਆਂ ਦੋਵੇਂ ਧੀਆਂ ਨੂੰ ਕੁਸ਼ਤੀ ਵਿੱਚ ਸਫ਼ਲ ਬਣਾਉਂਦਾ ਹੈ। ਫਿਲਮ ਵਿੱਚ ਜ਼ਾਇਰਾ ਵਸੀਮ ਨੇ ਗੀਤਾ ਫੋਗਾਟ ਦੇ ਬਚਪਨ ਦੀ ਭੂਮਿਕਾ ਨਿਭਾਈ ਸੀ, ਜਦਕਿ ਸੁਹਾਨੀ ਬਬੀਤਾ ਫੋਗਾਟ ਦੇ ਬਚਪਨ ਦੇ ਕਿਰਦਾਰ ’ਚ ਨਜ਼ਰ ਆਈ ਸੀ। ਸੁਹਾਨੀ ਨੂੰ ਸ਼ਰਧਾਂਜਲੀ ਦਿੰਦਿਆਂ ਆਮਿਰ ਖ਼ਾਨ ਪ੍ਰੋਡਕਸ਼ਨ ਨੇ ਐਕਸ ’ਤੇ ਕਿਹਾ, ‘‘ਸਾਡੀ ਸੁਹਾਨੀ ਦੇ ਦੇਹਾਂਤ ਦੀ ਖ਼ਬਰ ਸੁਣ ਕੇ ਬੇਹੱਦ ਦੁੱਖ ਹੋਇਆ। ਉਸ ਦੀ ਮਾਂ ਪੂਜਾ ਅਤੇ ਪੂਰੇ ਪਰਿਵਾਰ ਨਾਲ ਸਾਡੀ ਦਿਲੀਂ ਹਮਦਰਦੀ ਹੈ।’’ ਫਿਲਮ ਦੇ ਨਿਰਦੇਸ਼ਕ ਨਿਤੇਸ਼ ਤਿਵਾੜੀ ਨੇ ਵੀ ਸੁਹਾਨੀ ਨੂੰ ਸ਼ਰਧਾਂਜਲੀ ਭੇਟ ਕੀਤੀ। ਸੁਹਾਨੀ ਨੇ ਆਪਣੀ ਪੜ੍ਹਾਈ ਪੂਰੀ ਕਰਨ ਲਈ ਫਿਲਮਾਂ ਤੋਂ ਕੁੱਝ ਸਮੇਂ ਲਈ ਦੂਰੀ ਬਣਾ ਲਈ ਸੀ। -ਪੀਟੀਆਈ