For the best experience, open
https://m.punjabitribuneonline.com
on your mobile browser.
Advertisement

ਗਿੱਧੇ ਵਿੱਚ ਨੱਚਦੀ ਦੀ...

07:52 AM Nov 30, 2024 IST
ਗਿੱਧੇ ਵਿੱਚ ਨੱਚਦੀ ਦੀ
Advertisement

ਬਹਾਦਰ ਸਿੰਘ ਗੋਸਲ

Advertisement

ਕਦੇ ਸਮਾਂ ਹੁੰਦਾ ਸੀ ਜਦੋਂ ਪੰਜਾਬ ਦੇ ਪਿੰਡਾਂ ਦੇ ਵਿਆਹ ਬਹੁਤ ਦਿਲਚਸਪ ਅਤੇ ਭਾਈਚਾਰਕ ਸਾਂਝ ਵਾਲੇ ਹੁੰਦੇ ਸਨ। ਜਦੋਂ ਪਿੰਡ ਦੇ ਕਿਸੇ ਇੱਕ ਘਰ ਵਿੱਚ ਮੁੰਡੇ ਜਾਂ ਕੁੜੀ ਦਾ ਵਿਆਹ ਹੁੰਦਾ ਤਾਂ ਇਸ ਨੂੰ ਸਾਰੇ ਭਾਈਚਾਰੇ ਦਾ ਵਿਆਹ ਸਮਝਿਆ ਜਾਂਦਾ ਸੀ। ਪੂਰੇ ਪਿੰਡ ਵਿੱਚ ਹੀ ਵਿਆਹ ਵਰਗਾ ਮਾਹੌਲ ਬਣ ਜਾਂਦਾ ਸੀ। ਇਹ ਸਭ ਘਰਾਂ ਤੇ ਪਰਿਵਾਰਾਂ ਦਾ ਸਾਂਝਾ ਕਾਰਜ ਹੁੰਦਾ ਸੀ। ਭਾਵੇਂ ਵਿਆਹ ਵਾਲੇ ਘਰ ਵਿੱਚ ਉਸ ਸਮੇਂ ਸਹੂਲਤਾਂ ਦੀ ਘਾਟ ਹੁੰਦੀ ਸੀ, ਪਰ ਪੂਰੇ ਪਿੰਡ ਦੇ ਲੋਕਾਂ ਦੇ ਸਹਿਯੋਗ ਕਾਰਨ ਕਿਸੇ ਸਹੂਲਤ ਦੀ ਘਾਟ ਕਦੇ ਵੀ ਮਹਿਸੂਸ ਨਹੀਂ ਸੀ ਹੁੰਦੀ। ਪਿੰਡ ਵਿੱਚ ਵਿਆਹ ਦੀ ਇੰਨੀ ਖ਼ੁਸ਼ੀ ਹੁੰਦੀ ਸੀ ਕਿ ਕੀ ਮਰਦ ਜਾਂ ਔਰਤਾਂ ਸਭ ਨੱਚਦੇ ਟੱਪਦੇ ਨਜ਼ਰ ਆਉਂਦੇ ਸਨ।
ਔਰਤਾਂ ਕਿਸੇ ਘਰ ਵਿਆਹ ਆਇਆ ਸੁਣ ਕੇ ਪਹਿਲਾ ਹੀ ਗੀਤ ਗਾਉਣੇ ਸ਼ੁਰੂ ਕਰ ਦਿੰਦੀਆਂ ਸਨ। ਇਹ ਗੀਤ ਵੀ ਕੁੜੀਆਂ ਅਤੇ ਮੁੰਡਿਆਂ ਦੇ ਵਿਆਹ ਲਈ ਵੱਖਰੇ-ਵੱਖਰੇ ਹੁੰਦੇ ਸਨ ਅਤੇ ਔਰਤਾਂ ਇਸ ਕੰਮ ਵਿੱਚ ਬਹੁਤ ਮਾਹਰ ਹੁੰਦੀਆਂ ਸਨ। ਕੁੜੀਆਂ ਦੇ ਵਿਆਹ ਵਿੱਚ ਜਾਂਝੀਆਂ ਨੂੰ ਦੇਣ ਵਾਲੀਆਂ ਸਿੱਠਣੀਆਂ ਦੀ ਤਿਆਰੀ ਕੀਤੀ ਜਾਂਦੀ, ਪਰ ਜੇ ਵਿਆਹ ਮੁੰਡੇ ਦਾ ਹੁੰਦਾ ਤਾਂ ਔਰਤਾਂ ਲਈ ਖ਼ੁਸ਼ੀ ਹੋਰ ਵੀ ਦੂਣੀ ਹੋ ਜਾਂਦੀ ਕਿਉਂਕਿ ਉਨ੍ਹਾਂ ਦਿਨਾਂ ਵਿੱਚ ਪਿੰਡ ਦੇ ਸਾਰੇ ਹੀ ਮਰਦ ਬਾਰਾਤ ਚਲੇ ਜਾਂਦੇ ਸਨ। ਬਾਰਾਤਾਂ ਵੀ ਦੂਜੇ ਪਿੰਡ ਜਾ ਕੇ ਦੋ-ਤਿੰਨ ਦਿਨ ਰਹਿੰਦੀਆਂ ਅਤੇ ਇਸ ਤਰ੍ਹਾਂ ਪਿੱਛੇ ਰਹਿ ਗਈਆਂ ਔਰਤਾਂ ਨੂੰ ਦੋ ਤਿੰਨ ਦਿਨ ਰੱਜ ਕੇ ਨੱਚਣ-ਟੱਪਣ ਅਤੇ ਗੀਤ ਗਾਉਣ ਦਾ ਮੌਕਾ ਮਿਲ ਜਾਂਦਾ ਸੀ।
ਮੁੰਡਿਆਂ ਦੇ ਵਿਆਹਾਂ ਲਈ ਔਰਤਾਂ ਵਾਸਤੇ ਜੰਝ ਚੜ੍ਹਨ ਸਮੇਂ ਦੇ ਸ਼ਗਨਾਂ ਦੇ ਗੀਤਾਂ ਸਮੇਤ ਜੰਝ ਜਾਣ ਤੋਂ ਬਾਅਦ ਗਿੱਧਿਆਂ ਦੇ ਪਿੜਾਂ ਵਿੱਚ ਨੱਚਣ-ਟੱਪਣ ਅਤੇ ਬੋਲੀਆਂ ਪਾਉਣ ਦਾ ਖ਼ਾਸ ਚਾਅ ਹੁੰਦਾ ਸੀ। ਇਹੀ ਕਾਰਨ ਸੀ ਕਿ ਉਹ ਘਰ ਦੇ ਮਰਦਾਂ ਦੀ ਗ਼ੈਰ ਹਾਜ਼ਰੀ ਵਿੱਚ ਦੂਜੀਆਂ ਔਰਤਾਂ ਅਤੇ ਨਾਨਕਾ ਮੇਲ ਵਿੱਚ ਆਈਆਂ ਔਰਤਾਂ ਨਾਲ ਮਿਲ ਕੇ ਗਿੱਧਿਆਂ ਦੇ ਪਿੜਾਂ ਵਿੱਚ ਖ਼ੂਬ ਧਮਾਲਾਂ ਪਾਉਂਦੀਆਂ ਸਨ। ਇਸ ਮੌਕੇ ਲਈ ਉਹ ਚੁਣ-ਚੁਣ ਕੇ ਖ਼ਾਸ ਬੋਲੀਆਂ ਤਿਆਰ ਕਰਦੀਆਂ ਸਨ, ਪਰ ਇਹ ਬੋਲੀਆਂ ਬਹੁਤ ਹੀ ਰੋਚਕ, ਰੁਮਾਂਟਿਕ ਅਤੇ ਇੱਕ ਦੂਜੀ ਨੂੰ ਟਕੋਰਾਂ ਕਰਨ ਵਾਲੀਆਂ ਹੁੰਦੀਆਂ ਸਨ। ਜਦੋਂ ਗਿੱਧੇ ਦਾ ਪਿੜ ਜੰਮਦਾ ਤਾਂ ਸਾਰੇ ਪਿੰਡ ਦੀਆਂ ਔਰਤਾਂ ਅਤੇ ਮੇਲਣਾਂ ਇਸ ਵਿੱਚ ਹਾਜ਼ਰ ਹੁੰਦੀਆਂ ਅਤੇ ਕਿਸੇ ਵੀ ਹਾਲਤ ਵਿੱਚ ਇਸ ਪਿੜ ਤੋਂ ਦੂਰ ਨਾ ਹੁੰਦੀਆਂ। ਮੁਟਿਆਰਾਂ ਵੱਖ-ਵੱਖ ਕਿਸਮ ਦੇ ਸਾਂਗ ਰਚਾ ਕੇ ਅਤੇ ਨਵੀਆਂ-ਨਵੀਆਂ ਬੋਲੀਆਂ ਪਾ ਕੇ ਸਭ ਦੇ ਢਿੱਡਾਂ ਵਿੱਚ ਪੀੜਾਂ ਪਾ ਦਿੰਦੀਆਂ ਸਨ। ਜਿਸ ਤਰ੍ਹਾਂ ਕਿ ਕਿਸੇ ਗਿੱਧੇ ਦੇ ਪਿੜ ਵਿੱਚ ਕੋਈ ਮੁਟਿਆਰ ਮੜਾਸਾ ਬੰਨ੍ਹ ਕੇ ਆਜੜੀ ਬਣ ਜਾਂਦੀ ਅਤੇ ਦਿਖਾਵੇਂ ਦੇ ਤੌਰ ’ਤੇ ਭੇਡਾਂ ਚਾਰਨ ਲੱਗਦੀ ਅਤੇ ਨਾਲ ਹੀ ਬੋਲੀ ਪਾਉਂਦੀ;
ਮੋੜੀ ਮੋੜੀ ਵੇ ਗੁਲਜ਼ਾਰੀ
ਭੇਡਾਂ ਦੂਰ ਗਈਆਂ।
ਇਸੇ ਤਰ੍ਹਾਂ ਕੋਈ ਹੋਰ ਮੁਟਿਆਰ ਗਿੱਧੇ ਵਿੱਚ ਵਣਜਾਰੇ ਦਾ ਦ੍ਰਿਸ਼ ਪੇਸ਼ ਕਰਦੀ ਹੋਈ ਕੋਈ ਨਵੀਂ ਬੋਲੀ ਪਾਉਂਦੀ;
ਵਣਜਾਰਾ ਆਇਆ ਨੀਂ
ਰੰਗੀਨ ਡੰਡਾ ਫੜ ਕੇ
ਉਹ ਚਾੜ੍ਹ ਕੇ ਵੰਗਾਂ
ਮੁੜ ਗਿਆ ਨੀਂ
ਸਮਰਾਲੇ ਵਾਲੀ ਸੜਕੇ।
ਇਸ ਤਰ੍ਹਾਂ ਗਿੱਧਿਆਂ ਵਿੱਚ ਪੇਸ਼ ਕੀਤੇ ਇਹ ਦ੍ਰਿਸ਼ ਮਨ ਨੂੰ ਮੋਹ ਲੈਣ ਵਾਲੇ ਹੁੰਦੇ ਸਨ। ਇਸੇ ਤਰ੍ਹਾਂ ਇੱਕ ਹੋਰ ਬੋਲੀ ਪਾਈ ਜਾਂਦੀ:
ਕਾਲੇ ਰੰਗ ਦੀ ਕੁੜਤੀ ਪਾ ਕੇ
ਜਦੋਂ ਪਿੰਡ ਵਿੱਚ ਜਾਵਾਂ
ਪਿੰਡ ਦੇ ਗੱਭਰੂ ਕਹਿਣ ਮੋਰਨੀ
ਮੈਂ ਨਾ ਅੱਖ ਮਿਲਾਵਾਂ
ਵਿੱਚ ਦੀ ਮੁੰਡਿਆਂ ਦੇ
ਸੱਪ ਬਣ ਕੇ ਲੰਘ ਜਾਵਾਂ।
ਇਨ੍ਹਾਂ ਬੋਲੀਆਂ ਵਿੱਚ ਗੱਭਰੂ ਕੀ, ਬੁੱਢੇ ਕੀ, ਕੋਈ ਵੀ ਨਹੀਂ ਸੀ ਬਖ਼ਸ਼ੇ ਜਾਂਦੇ। ਇਸੇ ਤਰ੍ਹਾਂ ਦਿਓਰ-ਭਾਬੀ ਬਾਰੇ ਬੋਲੀਆਂ ਆਮ ਹੀ ਸੁਣੀਆਂ ਜਾਂਦੀਆਂ ਸਨ। ਅਨੇਕਾਂ ਬੋਲੀਆਂ ਸਾਨੂੰ ਦਿਓਰ-ਭਾਬੀ ਦੇ ਬਾਰੇ ਵਿੱਚ ਮਿਲਦੀਆਂ ਹਨ। ਜਿਵੇਂ;
ਖੱਟਣ ਗਿਆ ਸੀ, ਕੀ ਖੱਟ ਲਿਆਂਦਾ
ਖੱਟ ਕੇ ਲਿਆਂਦੀ ਤਰ ਵੇ
ਦਿਓਰਾ ਵੇ ਤੂੰ ਬੜਾ ਮੀਸਣਾ
ਮੈਂ ਇੱਲਤਾਂ ਦੀ ਜੜ ਵੇ।
ਪੰਜਾਬ ਦੇ ਪਿੰਡਾਂ ਵਿੱਚ ਮੁਟਿਆਰਾਂ ਦੇ ਜੋਬਨ ਅਤੇ ਖੂਹ ਤੋਂ ਪਾਣੀ ਭਰਦੀਆਂ ਨਾਰਾਂ ਦੀ ਗੱਲ ਆਮ ਹੀ ਚੱਲਦੀ ਰਹਿੰਦੀ ਸੀ, ਪਰ ਜਦੋਂ ਪਿੰਡ ਵਿੱਚ ਕਿਸੇ ਘਰ ’ਤੇ ਚੁਬਾਰਾ ਪੈ ਗਿਆ ਤਾਂ ਇਨ੍ਹਾਂ ਮੁਟਿਆਰਾਂ ਦੇ ਜੋਬਨ ਅਤੇ ਖੂਹ ਤੋਂ ਪਾਣੀ ਭਰਨ ਨੂੰ ਚੁਬਾਰਿਆਂ ਨਾਲ ਵੀ ਜੋੜ ਦਿੱਤਾ ਗਿਆ। ਜਿਵੇਂ ਗਿੱਧੇ ਵਿੱਚ ਬੋਲੀ ਪਾਈ ਜਾਂਦੀ ਸੀ;
ਪਿੰਡਾਂ ਵਿੱਚੋਂ ਪਿੰਡ ਸੁਣੀਂਦਾ ਰੜਕੀ
ਬਈ ਉੱਥੋਂ ਦੀ ਇੱਕ ਨਾਰ ਸੁਣੀਂਦੀ
ਖੂਹ ਤੋਂ ਪਾਣੀ ਭਰਦੀ।
ਉੱਚਾ ਚੁਬਾਰਾ ਉੱਚੀਆਂ ਪੌੜੀਆਂ।
ਸੈਂਡਲ ਪਾ ਪਾ ਚੜ੍ਹਦੀ
ਨੀਂ ਲੱਕ ਉਹਦਾ ਪਤਲਾ ਜਿਹਾ
ਭਾਰ ਚੁੱਕਣ ਤੋਂ ਡਰਦੀ।
ਭਾਵੇਂ ਇਨ੍ਹਾਂ ਗਿੱਧਿਆਂ ਦੇ ਪਿੜਾਂ ਵਿੱਚ ਮੁਟਿਆਰਾਂ ਗਿੱਧਾ ਪਾ ਕੇ ਧੂਮ ਮਚਾ ਦਿੰਦੀਆਂ ਅਤੇ ਆਪਣੇ ਗਿੱਧੇ ਦੀ ਧਾਕ ਜਮਾਉਣ ਦਾ ਯਤਨ ਕਰਦੀਆਂ, ਪਰ ਦੂਜੀਆਂ ਔਰਤਾਂ ਉਸ ਨੂੰ ਸੰਭਲ ਕੇ ਨੱਚਣ ਦੀ ਮਿੱਠੀ ਅਤੇ ਪਿਆਰ ਭਰੀ ਸਲਾਹ ਵੀ ਦੇ ਦਿੰਦੀਆਂ ਅਤੇ ਕਹਿੰਦੀਆਂ;
ਨੀਂ ਤੂੰ ਨੱਚ ਨੱਚ ਨੱਚ
ਨੀਂ ਤੂੰ ਹੌਲੀ ਹੌਲੀ ਨੱਚ
ਡਿੱਗ ਪਵੇ ਨਾ ਗੁਆਂਢੀਆਂ ਦੀ ਕੰਧ ਬੱਲੀਏ
ਤੇਰਾ ਗਿੱਧਾ ਸਾਰੇ ਨਾਭੇ ’ਚ ਪਸੰਦ ਬੱਲੀਏ।
ਗਿੱਧੇ ਦੇ ਪਿੜਾਂ ਵਿੱਚ ਪਾਈਆਂ ਇਨ੍ਹਾਂ ਬੋਲੀਆਂ ਦੀ ਇਹ ਵਿਲੱਖਣਤਾ ਹੁੰਦੀ ਸੀ ਕਿ ਇਹ ਸਮਾਜ ਦੇ ਹਰ ਵਰਗ ਨਾਲ ਸਬੰਧਿਤ ਹੁੰਦੀਆਂ ਸਨ ਅਤੇ ਖ਼ਾਸ ਕਰਕੇ ਘਰੇਲੂ ਰਿਸ਼ਤਿਆਂ ਦੀ ਤਾਂ ਇਨ੍ਹਾਂ ਵਿੱਚ ਬਹੁਤ ਪੁੱਛ ਹੁੰਦੀ ਸੀ ਤਾਂ ਹੀ ਬੋਲੀ ਪਾਈ ਜਾਂਦੀ ਸੀ;
ਨੀਂ ਖੇਤ ਗਏ ਨੂੰ ਬਾਪੂ ਘੂਰਦੇ
ਘਰ ਆਏ ਤੂੰ ਤਾਇਆ
ਨੀਂ ਰਾਤੀ ਰੌਂਦੇ ਨੂੰ
ਮਿੰਨਤਾਂ ਨਾਲ ਮਨਾਇਆ।
ਕਈ ਵਾਰ ਤਾਂ ਕਈ ਬੋਲੀਆਂ ਬਹੁਤ ਹੀ ਪਿਆਰੀਆਂ, ਮਿਠਾਸ ਭਰੀਆਂ ਅਤੇ ਆਨੰਦਮਈ ਹੁੰਦੀਆਂ ਸਨ, ਜਿਨ੍ਹਾਂ ਨੂੰ ਵਾਰ-ਵਾਰ ਸੁਣਨ ਨੂੰ ਮਨ ਕਰਦਾ ਸੀ, ਜਿਵੇਂ;
ਆਇਆ ਸਾਵਣ ਦਿਲ ਪ੍ਰਚਾਵਣ
ਝੜੀ ਲੱਗ ਗਈ ਭਾਰੀ
ਝੂਟੇ ਲੈਂਦੀ ਰਾਣੋ ਭਿੱਜ ਗਈ
ਭਿੱਜ ਗਈ ਜੀਤੋ ਦੀ ਫੁਲਕਾਰੀ
ਪੀਂਘ ਝੂਟਦੀ ਨਣਦ ਡਿੱਗ ਪਈ
ਨਾਲੇ ਨੂਰੀ ਨਾਭੇ ਵਾਲੀ
ਬੱਦਲਾ ਨਾ ਵਰ ਵੇ
ਹੀਰ ਭਿੱਜਗੀ ਸਿਆਲਾ ਵਾਲੀ।
ਇਨ੍ਹਾਂ ਬੋਲੀਆਂ ਨੇ ਤਾਂ ਕਈ ਪੰਜਾਬ ਦੇ ਸ਼ਹਿਰਾਂ ਨੂੰ ਵੀ ਮਸ਼ਹੂਰ ਕਰ ਦਿੱਤਾ ਜਿਵੇਂ, ਪਟਿਆਲਾ, ਨਾਭਾ, ਲੁਧਿਆਣਾ, ਮਾਛੀਵਾੜਾ ਆਦਿ ਕਿਉਂਕਿ ਇਨ੍ਹਾਂ ਸ਼ਹਿਰਾਂ ਦੇ ਨਾਂ ਪੰਜਾਬੀ ਬੋਲੀਆਂ ਵਿੱਚ ਬੋਲਦੇ ਹਨ;
ਰਾਹ ’ਤੇ ਤੇਰੀ ਬੈਠਕ ਗੋਰੀਏ
ਵਿੱਚ ਸੋਨੇ ਦੀਆਂ ਸੀਖਾਂ
ਤੇਰੇ ਯਾਰ ਦੀਆਂ ਨਾਭੇ ਪੈਣ ਤਰੀਕਾਂ।
ਕਿਸੇ ਵੀ ਔਰਤ ਲਈ ਉਸ ਦੇ ਪਤੀ ਦਾ ਪਿਆਰ, ਇਨ੍ਹਾਂ ਬੋਲੀਆਂ ਵਿੱਚ ਆਮ ਕਰਕੇ ਬਹੁਤ ਝਲਕਦਾ ਸੀ। ਅਜਿਹੀਆਂ ਬੋਲੀਆਂ ਬਹੁਤ ਸੁਣਨ ਨੂੰ ਮਿਲਦੀਆਂ ਸਨ ਜਿਵੇਂ;
ਕੋਠੇ ਉੱਤੇ ਕੋਠੜਾ ਮੈਂ ਕੋਠੇ ’ਤੇ ਚੜ੍ਹ ਗਈ
ਜਦੋਂ ਮਾਹੀ ਨੂੰ ਦੇਖਿਆ ਧੜੱਮ ਡਿੱਗ ਪਈ
ਮੈਨੂੰ ਨਾ ਬੁਲਾਇਓ ਜੀ, ਮੇਰਾ ਨਹੀਂ ਟਿਕਾਣੇ ਜੀ।
ਪੰਜਾਬੀ ਬੋਲੀਆਂ ਵਿੱਚ ਬੋਤਾ ਪ੍ਰਧਾਨ ਰਿਹਾ ਹੈ। ਬੋਤੇ ਨੂੰ ਪੰਜਾਬੀ ਬੋਲੀਆਂ ਨੇ ਬਹੁਤ ਹੀ ਸਮਾਜਿਕ ਸਤਿਕਾਰ ਦਿੱਤਾ ਹੈ ਜਿਵੇਂ;
ਆ ਵੇ ਨਾਜਰਾ ਜਾ ਵੇ ਨਾਜਰਾ
ਬੋਤਾ ਬੰਨ੍ਹ ਦਰਵਾਜ਼ੇ
ਬੋਤੇ ਤੇਰੇ ਨੂੰ ਭੋਂ ਦਾ ਟੋਕਰਾ
ਤੈਨੂੰ ਦੋ ਪ੍ਰਸ਼ਾਦੇ
ਗਿੱਧੇ ਵਿੱਚ ਨੱਚਦੀ ਦੀ
ਧਮਕ ਸੁਣੇ ਦਰਵਾਜ਼ੇ।
ਕਈ ਵਾਰ ਕਿਸੇ ਮੁਟਿਆਰ ਦੇ ਪਤੀ ਦਾ ਕੱਦ ਬਹੁਤ ਛੋਟਾ ਹੁੰਦਾ ਤਾਂ ਕਹਿ ਦਿੰਦੀ ਸੀ;
ਬਾਰੀ ਬਰਸੀ ਖੱਟਣ ਗਿਆ ਸੀ
ਖੱਟ ਕੇ ਲਿਆਂਦੇ ਡੇਲੇ
ਨੀਂ ਜਾਮਣ ਦੀ ਗਿਟਕ ਜਿਹਾ
ਮੇਰੇ ਸਾਹਮਣੇ ਤੜਾ-ਤੜ ਬੋਲੇ।
ਗਿੱਧੇ ਵਿੱਚ ਕਈ ਵਾਰ ਕਈ ਔਰਤਾਂ ਆਨੇ-ਬਹਾਨੇ ਕਰ ਕੇ ਗਿੱਧੇ ਦੇ ਪਿੜ ਵਿੱਚ ਨਹੀਂ ਨੱਚਦੀਆਂ ਤਾਂ ਦੂਜੀਆਂ ਉਨ੍ਹਾਂ ਨੂੰ ਕਈ ਟਕੋਰਾਂ ਲਗਾ ਦਿੰਦੀਆਂ;
ਫੀਤਾ ਫੀਤਾ ਫੀਤਾ
ਨੀਂ ਇਹਨੇ ਕੀ ਨੱਚਣਾ
ਦੁੱਧ ਬੱਕਰੀ ਦਾ ਪੀਤਾ।
ਅੱਜਕੱਲ੍ਹ ਇਹ ਸਭ ਕੁਝ ਬੀਤੇ ਸਮੇਂ ਦੀਆਂ ਗੱਲਾਂ ਲੱਗਦੀਆਂ ਹਨ। ਵਿਆਹਾਂ ਵਿੱਚ ਉਹ ਰੰਗ ਨਹੀਂ ਰਹੇ। ਬਰਾਤਾਂ ਕੁਝ ਘੰਟੇ ਹੀ ਰਹਿੰਦੀਆਂ ਹਨ। ਗਿੱਧਿਆਂ ਦੇ ਪਿੜ ਵਿੱਚ ਨੱਚਣ ਵਾਲੀਆਂ ਸਾਰੀਆਂ ਔਰਤਾਂ ਹੀ ਬਰਾਤ ਆ ਜਾਂਦੀਆਂ ਹਨ। ਮੈਰੇਜ ਪੈਲੇਸਾਂ ਵਿੱਚ ਉੱਚੀ ਬੋਲਦੇ ਡੀਜੇ ਔਰਤਾਂ ਨੂੰ ਬੋਲੀ ਪਾਉਣ ਦਾ ਸਮਾਂ ਹੀ ਨਹੀਂ ਦਿੰਦੇ। ਵਿਆਹਾਂ ਵਿੱਚ ਖ਼ਰਚੇ ਵਧ ਗਏ ਹਨ, ਸਮਾਂ ਘਟ ਗਿਆ ਹੈ। ਇਸ ਨਾਲ ਗਿੱਧੇ ਦੀਆਂ ਬੋਲੀਆਂ ਦਾ ਆਨੰਦ ਖ਼ਤਮ ਹੋ ਗਿਆ ਹੈ।
ਸੰਪਰਕ: 98764-52223

Advertisement

Advertisement
Author Image

joginder kumar

View all posts

Advertisement