ਸੌ ਦਿਨ ਬਾਅਦ ਵੀ ਨਹੀਂ ਖੁੱਲ੍ਹਿਆ ਦਮੋਰੀਆ ਪੁਲ; ਰਾਹਗੀਰ ਪ੍ਰੇਸ਼ਾਨ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 12 ਮਾਰਚ
ਤਿੰਨ ਮਹੀਨੇ ਪਹਿਲਾਂ ਰੇਲਵੇ ਲਾਈਨਾਂ ਦੀ ਉਸਾਰੀ ਲਈ ਬੰਦ ਕੀਤੇ ਸਭ ਤੋਂ ਭੀੜ ਭਾੜ ਵਾਲੇ ਦਮੋਰੀਆ ਪੁਲ ਨੂੰ ਤਿੰਨ ਮਹੀਨੇ ਬਾਅਦ ਵੀ ਆਵਾਜਾਈ ਲਈ ਨਹੀਂ ਖੋਲ੍ਹਿਆ ਗਿਆ। ਪੁਲ ਬੰਦ ਕਰਨ ਵੇਲੇ ਐਲਾਨ ਕੀਤਾ ਗਿਆ ਸੀ ਕਿ 90 ਦਿਨ ਬਾਅਦ ਇਸ ਪੁਲ ਨੂੰ ਹਰ ਹਾਲ ਵਿੱਚ ਖੋਲ੍ਹ ਦਿੱਤਾ ਜਾਏਗਾ ਪਰ ਅੱਜ 100 ਦਿਨ ਤੋਂ ਵੱਧ ਬੀਤ ਜਾਣ ਦੇ ਬਾਵਜੂਦ ਵੀ ਦਮੋਰੀਆ ਪੁਲ ਆਵਾਜਾਈ ਲਈ ਨਹੀਂ ਖੋਲ੍ਹਿਆ ਗਿਆ। ਇਹ ਰਸਤਾ ਬੰਦ ਹੋਣ ਕਾਰਨ ਸੜਕ ਕੰਢੇ ਸਥਿਤ ਦੁਕਾਨਦਾਰਾਂ ਦੇ ਕੰਮਕਾਜ ਬਿਲਕੁਲ ਠੱਪ ਪਏ ਹਨ। ਦੁਕਾਨਦਾਰਾਂ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਅਜੇ ਵੀ ਕਈ ਦਿਨ ਇਸ ਪੁਲ ਦਾ ਕੰਮ ਪੂਰਾ ਨਹੀਂ ਹੋਵੇਗਾ। ਦੱਸਣਯੋਗ ਹੈ ਕਿ ਦਮੋਰੀਆ ਪੁਲ ਦੇ ਦੋਵੇਂ ਪਾਸੇ ਦੁਕਾਨਦਾਰ ਕਾਫ਼ੀ ਪ੍ਰੇਸ਼ਾਨ ਹਨ। ਦੁਕਾਨਦਾਰ ਸਤੀਸ਼ ਕੁਮਾਰ ਨੇ ਦੱਸਿਆ ਕਿ ਤਿੰਨ ਮਹੀਨੇ ਪਹਿਲਾਂ ਰੇਲਵੇ ਲਾਈਨਾਂ ਦੇ ਵਿਕਾਸ ਕਾਰਜ ਹੋਣ ਕਾਰਨ ਇਸ ਪੁਲ ਦੀ ਆਵਾਜਾਈ ਬੰਦ ਕੀਤੀ ਗਈ ਸੀ। ਇਹ ਵਿਕਾਸ ਕਾਰਜ ਰੇਲਵੇ ਤੇ ਨਗਰ ਨਿਗਮ ਦੋਵਾਂ ਵੱਲੋਂ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਹੁਣ 100 ਦਿਨ ਤੋਂ ਬਾਅਦ ਵੀ ਇਸ ਕੰਮ ਦੀ ਉਸਾਰੀ ਪੂਰੀ ਨਹੀਂ ਹੋਈ ਹੈ। ਹਾਲਾਤ ਇਹ ਹਨ ਕਿ ਕੰਮਕਾਜ ਪੂਰੀ ਤਰ੍ਹਾਂ ਬੰਦ ਹੋ ਚੁੱਕੇ ਹਨ। ਇਸ ਇਲਾਕੇ ਵਿੱਚ ਕੋਈ ਆ ਜਾ ਨਹੀਂ ਸਕਦਾ। ਜੇ ਕਿਸੇ ਨੂੰ ਕੋਈ ਐਮਰਜੈਂਸੀ ’ਚ ਆਉਣਾ ਵੀ ਪਵੇ ਤਾਂ ਉਸ ਨੂੰ ਕਾਫ਼ੀ ਦੂਰ ਤੋਂ ਚੱਕਰ ਕੱਟ ਕੇ ਆਉਣਾ ਪੈਂਦਾ ਹੈ। ਉਹ ਸਵੇਰੇ ਆ ਕੇ ਆਪਣੀਆਂ ਦੁਕਾਨਾਂ ਖੋਲ੍ਹਦੇ ਹਨ ਤੇ ਉਸੇ ਤਰ੍ਹਾਂ ਬਿਨਾਂ ਗਾਹਕਾਂ ਤੋਂ ਹੀ ਵਾਪਸ ਚਲੇ ਜਾਂਦੇ ਹਨ। ਦੁਕਾਨਦਾਰ ਪਰਮਜੀਤ ਸਿੰਘ ਨੇ ਦੱਸਿਆ ਕਿ ਦੁਕਾਨਾਂ ਦੇ ਖ਼ਰਚੇ ਪਹਿਲਾਂ ਵਾਂਗ ਹੀ ਪੈ ਰਹੇ ਹਨ। ਉਹ ਮੰਨਦੇ ਹਨ ਕਿ ਵਿਕਾਸ ਕਾਰਜ ਹੋ ਰਿਹਾ ਹੈ ਪਰ ਅਜਿਹੇ ਵਿਕਾਸ ਕਾਰਜ ਦਾ ਕੀ ਕਰਨਾ ਜਦੋਂ ਕਿਸੇ ਦਾ ਵਪਾਰ ਹੀ ਠੱਪ ਹੋ ਜਾਏ। ਉਨ੍ਹਾਂ ਕਿਹਾ ਕਿ ਉਹ ਕਈ ਵਾਰ ਇਸ ਮੁੱਦੇ ’ਤੇ ਪ੍ਰਸ਼ਾਸਨ ਤੇ ਨਿਗਮ ਦੇ ਅਧਿਕਾਰੀਆਂ ਨੂੰ ਮਿਲ ਚੁੱਕੇ ਹਨ ਪਰ ਕੋਈ ਸੁਣਵਾਈ ਨਹੀਂ ਹੁੰਦੀ। ਕੰਮ ਦੀ ਗਤੀ ਬਹੁਤ ਹੌਲੀ ਹੈ।
ਟਰੈਫਿਕ ਜਾਮ ਲੱਗਣ ਕਾਰਨ ਸ਼ਹਿਰਵਾਸੀ ਪ੍ਰੇਸ਼ਾਨ
ਇਸੇ ਪੁਲ ਦੇ ਬੰਦ ਹੋਣ ਕਰਕੇ ਰਾਹਗੀਰ ਟਰੈਫਿਕ ਜਾਮ ਵਿੱਚ ਵੀ ਫਸ ਜਾਂਦੇ ਹਨ, ਕਿਉਂਕਿ ਸਾਰਾ ਟਰੈਫਿਕ ਘੰਟਾ ਘਰ ਵਾਲੀ ਸੜਕ ’ਤੇ ਆ ਗਿਆ ਹੈ। ਇਸ ਕਰਕੇ ਇਸ ਸੜਕ ’ਤੇ ਦਿਨ ਰਾਤ ਟਰੈਫਿਕ ਜਾਮ ਲੱਗਿਆ ਰਹਿੰਦਾ ਹੈ। ਜਿਸ ਸੜਕ ਨੂੰ ਪਾਰ ਕਰਦੇ 5 ਮਿੰਟ ਲੱਗਦੇ ਸਨ, ਉਥੇ ਹੁਣ 15 ਤੋਂ 20 ਮਿੰਟ ਤੱਕ ਇੰਤਜ਼ਾਰ ਕਰਨਾ ਪੈਂਦਾ ਹੈ।