ਸਰਾਪੀ ਖੁਸ਼ੀ
ਪਿੱਛੇ ਜਿਹੇ ਇੱਕ ਪੰਜਾਬੀ ਨੇ ਮੇਰੇ ਘਰ ਦੇ ਨੇੜੇ ਘਰ ਖਰੀਦਿਆ। ਕੁਝ ਸਮਾਂ ਤਾਂ ਅਣਜਾਣਪੁਣੇ ਵਿੱਚ ਲੰਘ ਗਿਆ। ਫਿਰ ਉਹਦੇ ਬੱਚੇ ਮੇਰੇ ਬੱਚਿਆਂ ਨੂੰ ਹੈਲੋ
ਹਾਏ ਕਰਨ ਲੱਗ ਪਏ। ਖੁੱਲ੍ਹਦੀ ਖੁੱਲ੍ਹਦੀ ਵਾਕਫੀਅਤ ਮੇਰੀ ਤੇ ਉਹਦੀ ਘਰਵਾਲੀ ਵਿੱਚ ਹੋ ਗਈ। ਇੱਕ ਦਨਿ ਉਹ ਆਪਣੇ ਵਿਹੜੇ ਦਾ ਘਾਹ ਕੱਟ ਰਿਹਾ ਸੀ ਕਿ ਮੈਂ ਆਪਣੇ ਘਰ ਪਹੁੰਚ ਗਿਆ। ਸਾਡੀ ਦੋਹਾਂ ਦੀ ਹੈਲੋ ਹੈਲੋ ਹੋ ਗਈ। ਮੈਂ ਉਸ ਨੂੰ ਉਹਦੇ ਬਾਰੇ ਪੁੱਛ ਬੈਠਾ,
‘‘ਕਿੱਧਰੋਂ ਆਏ ਹੋ?’’
‘‘ਤੁਹਾਡਾ ਮਤਲਬ, ਪਹਿਲਾਂ ਕਿੱਥੇ ਰਹਿੰਦੇ ਸਾਂ ਅਸੀਂ?’’
‘‘ਹਾਂ, ਇਹੀ ਸਮਝ ਲਓ।’’
‘‘ਪਹਿਲਾਂ ਅਸੀਂ ਲਿਵਰਪੂਲ ਸਾਂ। ਹੁਣ ਇਹ ਘਰ ਲਿਆ ਏ।’’
‘‘ਬੜੀ ਖੁਸ਼ੀ ਹੋਈ, ਵੀਰ ਜੀ। ਪੰਜਾਬ ਤੋਂ ਕਿੱਥੋਂ ਹੋ?’’
‘‘ਭਾਅ ਜੀ, ਅਸੀਂ ਜ਼ਿਲ੍ਹਾ ਨਵਾਂ ਸ਼ਹਿਰ ਦੇ ਹਾਂ। ਹੁਣ ਅਸੀਂ ਕੁਝ ਦਨਿ ਪਹਿਲਾਂ ਪਿੰਡੋਂ ਹੀ ਆਏ ਹਾਂ। ਘਰ ਪਹਿਲਾਂ ਖਰੀਦ ਗਏ ਸੀ। ਸ਼ਿਫਟ ਹੁਣ ਕੀਤਾ ਏ। ਪੁਰਾਣਾ ਘਰ ਮੁੰਡੇ ਵਹੁਟੀ ਨੂੰ ਦੇ ਆਏ ਹਾਂ।’’
‘‘ਕੀ ਪਹਿਲਾਂ ਸਾਰੇ ਇਕੱਠੇ ਰਹਿੰਦੇ ਸੀ?’’
‘‘ਹਾਂ! ਪਹਿਲਾਂ ਲੜਕਾ ਵਿਆਹਿਆ ਨਹੀਂ ਸੀ। ਹੁਣ ਉਹਦਾ ਵਿਆਹ ਹੋ ਗਿਆ। ਉੱਧਰ ਨੂੰ ਵਿਆਹ ਕਰਨ ਹੀ ਗਏ ਸਾਂ।’’
‘‘ਕਿੰਨੀ ਕੁ ਦੇਰ ਤੋਂ ਆਸਟਰੇਲੀਆ ਵਿੱਚ ਰਹਿੰਦੇ ਹੋ?’’
‘‘ਭਾਅ ਜੀ, ਮੈਂ ਪੰਜਾਬ ਤੋਂ ਬੀ.ਏ. ਕਰਕੇ 1988 ਵਿੱਚ ਨਿਊਜ਼ੀਲੈਂਡ ਆ ਗਿਆ ਸੀ। ਕੁਝ ਚਿਰ ਬਾਅਦ ਉੱਥੇ ਪੱਕਾ ਹੋਇਆ। ਉੱਥੇ ਕੰਮ ਕਾਰ ਦੇ ਮੌਕੇ ਸੀਮਤ ਸਨ। ਮੇਰੀ ਹਮੇਸ਼ਾਂ ਕੋਸ਼ਿਸ਼ ਇਹੀ ਸੀ ਕਿ ਕਿਸੇ ਹੀਲੇ ਆਸਟਰੇਲੀਆ ਆ ਕੇ ਪੱਕੇ ਡੇਰੇ ਲਾਏ ਜਾਣ। ਨਿਊਜ਼ੀਲੈਂਡ ਪੱਕਾ ਹੋਣ ਤੋਂ ਬਾਅਦ ਮਾਪਿਆਂ ਨੇ ਵਿਆਹ ਲਈ ਜ਼ੋਰ ਪਾ ਦਿੱਤਾ ਸੀ। ਮੇਰੀਆਂ ਤਿੰਨ ਭੈਣਾਂ ਹਨ ਤੇ ਮੈਂ ਇਕੱਲਾ ਹੀ ਉਨ੍ਹਾਂ ਦਾ ਭਰਾ ਹਾਂ। ਮਾਪੇ ਚਾਹੁੰਦੇ ਸਨ ਕਿ ਮੈਂ ਵਿਆਹ ਕਰਵਾ ਲਵਾਂ। ਉਨ੍ਹਾਂ ਦੇ ਜ਼ੋਰ ਪਾਉਣ ਤੋਂ ਬਾਅਦ ਮੈਂ ਪੰਜ ਕੁ ਸਾਲ ਬਾਅਦ ਪੰਜਾਬ ਗਿਆ ਸੀ। ਲੜਕੀ ਮਾਪਿਆਂ ਨੇ ਲੱਭੀ ਹੋਈ ਸੀ। ਮੇਰੇ ਜਾਂਦੇ ਸਾਰ ਮੇਰਾ ਵਿਆਹ ਕਰ ਦਿੱਤਾ ਸੀ। ਮੈਂ ਮਹੀਨਾ ਕੁ ਪੰਜਾਬ ਰਹਿ ਕੇ ਵਾਪਸ ਨਿਊਜ਼ੀਲੈਂਡ ਆ ਗਿਆ ਸੀ। ਆ ਕੇ ਚਾਰ ਕੁ ਮਹੀਨਿਆਂ ਬਾਅਦ ਹੀ ਮੈਂ ਆਪਣੀ ਘਰਵਾਲੀ ਨੂੰ ਵੀ ਸੱਦ ਲਿਆ। ਦੋ ਸਾਲ ਬਾਅਦ ਸਾਡੇ ਲੜਕਾ ਹੋਇਆ ਸੀ। ਸਮਾਂ ਬੀਤਦਾ ਗਿਆ। ਕੋਸ਼ਿਸ਼ ਸੀ ਆਸਟਰੇਲੀਆ ਆਉਣ ਦੀ। ਕਾਨੂੰਨੀ ਕਾਰਵਾਈ ਆਪਣਾ ਸਮਾਂ ਲੈਂਦੀ ਰਹੀ। ਨਿਊਜ਼ੀਲੈਂਡ ਵਿੱਚ ਕੁਝ ਟੱਬਰਾਂ ਨਾਲ ਸਾਂਝ ਵੀ ਪੈ ਗਈ ਸੀ। ਇੱਕ ਸਮਾਂ ਐਸਾ ਆਇਆ ਕਿ ਉੱਥੋਂ ਕੁਝ ਪਰਿਵਾਰ ਕੈਨੇਡਾ ਨੂੰ ਚਲੇ ਗਏ ਤੇ ਇੱਕ ਦੋ ਆਸਟਰੇਲੀਆ ਨੂੰ ਆ ਗਏ ਸੀ। ਇੰਨੇ ਸਮੇਂ ਵਿੱਚ ਸਾਡੇ ਇੱਕ ਔਲਾਦ ਹੋਰ ਵੀ ਹੋ ਗਈ ਸੀ। ਇਹ ਵੀ ਲੜਕਾ ਹੀ ਸੀ। ਪਰਿਵਾਰ ਹੁਣ ਉੱਥੇ ਇਕੱਲਾ ਇਕੱਲਾ ਮਹਿਸੂਸ ਕਰ ਰਿਹਾ ਸੀ। ਆਖਰਕਾਰ ਅਸੀਂ ਆਸਟਰੇਲੀਆ ਦੇ ਕਸਬੇ ਵੂਲਗੂਲਗਾ ਪਹੁੰਚ ਗਏ ਸੀ। ਮੇਰੇ ਦੋਵੇਂ ਲੜਕੇ ਹੁਣ ਜਵਾਨ ਹੋ ਗਏ ਸਨ। ਲੋੜੀਂਦੀ ਪੜ੍ਹਾਈ ਵੀ ਤਕਰੀਬਨ ਪੂਰੀ ਕਰ ਹੀ ਚੁੱਕੇ ਸਨ। ਵੱਡਾ ਤਾਂ ਨੌਕਰੀ ’ਤੇ ਲੱਗ ਗਿਆ ਸੀ ਤੇ ਛੋਟਾ ਆਪਣੇ ਕੋਰਸ ਦੇ ਆਖਰੀ ਸਾਲ ਵਿੱਚ ਪੜ੍ਹਦਾ ਸੀ। ਮੇਰੇ ਮਾਪੇ ਹੁਣ ਪੰਜਾਬ ਵਿੱਚ ਬੁਢਾਪੇ ਵੱਲ ਵਧ ਰਹੇ ਸਨ। ਜ਼ਮੀਨ ਚੰਗੀ ਹੈ। ਮੇਰੇ ਮਾਪੇ ਸੀਰੀ ਰੱਖ ਕੇ ਖੇਤੀ ਕਰਦੇ ਸਨ। ਉਹ ਮੈਨੂੰ ਮਿਲਣ ਲਈ ਤਰਸਦੇ ਰਹਿੰਦੇ ਸਨ। ਇਸ ਲਈ ਮੈਂ ਕਦੀ ਇਕੱਲਾ ਤੇ ਕਦੀ ਆਪਣੇ ਪਰਿਵਾਰ ਨਾਲ ਪੰਜਾਬ ਗੇੜਾ ਮਾਰਦਾ ਰਹਿੰਦਾ ਸਾਂ।’’
‘‘ਤੁਹਾਡੀਆਂ ਭੈਣਾ ਵੀ ਤਾਂ ਮਾਪਿਆਂ ਪਾਸ ਆਉਂਦੀਆਂ ਰਹਿੰਦੀਆਂ ਹੋਣਗੀਆਂ? ਉਹ ਤਾਂ ਪੰਜਾਬ ਵਿੱਚ ਹੀ ਹਨ?’’
‘‘ਇੱਕ ਇਟਲੀ ਵਿੱਚ ਏ ਤੇ ਦੋ ਪੰਜਾਬ ਵਿੱਚ ਹਨ। ਇਟਲੀ ਵਾਲੀ ਬਹੁਤ ਘੱਟ ਪੰਜਾਬ ਆਉਂਦੀ ਏ ਕਿਉਂਕਿ ਜਵਾਈ ਨੂੰ ਇਟਲੀ ਸੈੱਟ ਹੋਣ ਲਈ ਏਜੈਂਟਾਂ ਨੂੰ ਕਾਫ਼ੀ ਪੈਸੇ ਦੇਣੇ ਪਏ ਸਨ। ਉਹ ਹਵਾਈ ਕਿਰਾਇਆਂ ’ਤੇ ਬਹੁਤ ਘੱਟ ਪੈਸਾ ਖਰਚਦੇ ਹਨ। ਬੜੀ ਮੁਸ਼ਕਿਲ ਨਾਲ ਕਾਫ਼ੀ ਸਾਲਾਂ ਬਾਅਦ ਸੈੱਟ ਹੋਏ ਸਨ। ਦੂਜੀਆਂ ਦੋਹਾਂ ਭੈਣਾਂ ਵਿੱਚ ਇੱਕ ਦੇ ਸਹੁਰੇ ਚੰਗੇ ਹਨ ਤੇ ਇੱਕ ਦੇ ਘਟੀਆ ਹਨ। ਇਸ ਪ੍ਰਕਾਰ ਇੱਕ ਤਾਂ ਮਾਂ ਪਿਓ ਪਾਸ ਅਕਸਰ ਗੇੜਾ ਮਾਰ ਜਾਂਦੀ ਏ। ਦੂਜੀ ਦੇ ਸਹੁਰੇ ਲੋਭੀ ਹਨ। ਉਹ ਨਿਰੇ ਪੈਸੇ ਦੇ ਪੁੱਤ ਹਨ। ਜਦ ਤੱਕ ਕੁਝ ਮਿਲਦਾ ਰਹੇ ਤਦ ਤੱਕ ਹੀ ਚੱਕਰ ਲਗਾਉਂਦੇ ਰਹਿੰਦੇ ਹਨ। ਨਹੀਂ ਤਾਂ ਉਹ ਆਉਂਦੇ ਹੀ ਨਹੀਂ। ਪਹਿਲਾਂ ਪਹਿਲਾਂ ਤਾਂ ਉਹਨੂੰ ਬਹੁਤ ਤੰਗ ਪਰੇਸ਼ਾਨ ਕਰਦੇ ਰਹੇ ਸੀ। ਹੁਣ ਕੁਝ ਸਮੇਂ ਤੋਂ ਇਸ ਲਈ ਚੁੱਪ ਰਹਿਣ ਲੱਗ ਪਏ ਕਿਉਂਕਿ ਨਿਆਣੇ ਝਾਟਾ ਪੁੱਟਣ ਨੂੰ ਪੈਂਦੇ ਐ। ਨਿਆਣੇ ਮਾਂ ਦੀ ਵੱਧ ਵਫ਼ਾਦਾਰੀ ਕਰਨ ਲੱਗ ਪੈਂਦੇ ਨੇ ਤੇ ਫਿਰ ਬਾਪ ਅਤੇ ਘਰ ਵਿੱਚ ਹੋਰ ਐਰੇ ਗੈਰੇ ਨੂੰ ਵੀ ਚੁੱਪ ਹੀ ਰਹਿਣਾ ਪੈਂਦਾ ਏ। ਹੁਣ ਮੇਰੇ ਮਨ ’ਤੇ ਦੋ ਵੱਡੇ ਬੋਝ ਸਨ।’’
‘‘ਉਹ ਕੀ?’’
‘‘ਇੱਕ ਤਾਂ ਆਪਣੇ ਮਾਪਿਆਂ ਪਾਸ ਵਾਰ ਵਾਰ ਗੇੜਾ ਮਾਰਨ ਦਾ ਕਿਉਂਕਿ ਉਹ 80 ਨੂੰ ਟੱਪ ਚੁੱਕੇ ਹਨ। ਦੂਜਾ ਆਪਣਾ ਵੱਡਾ ਮੁੰਡਾ ਵਿਆਹੁਣ ਦਾ। ਮੇਰਾ ਮੁੰਡਾ ਟੇਫ ਕਾਲਜ ਤੋਂ ਕੰਪਿਊਟਰ ਦਾ ਕੋਰਸ ਕਰ ਚੁੱਕਾ ਸੀ ਤੇ ਉਹ ਇੱਕ ਦਫ਼ਤਰ ਵਿੱਚ ਐਡਮਨਿਸਟ੍ਰੇਟਿਵ ਅਸਿਸਟੈਂਟ ਲੱਗ ਗਿਆ ਸੀ। ਮੇਰੀ ਕੋਸ਼ਿਸ਼ ਇਹ ਸੀ ਕਿ ਮੇਰੇ ਮੁੰਡਿਆਂ ’ਤੇ ਸ਼ਹਿਰੀ ਵਾਤਾਵਰਨ ਦਾ ਬਹੁਤਾ ਅਸਰ ਨਾ ਪਵੇ ਤੇ ਉਹ ਵਿਆਹ ਵੀ ਪੰਜਾਬ ਵਿੱਚ ਹੀ ਕਰਵਾ ਲੈਣ। ਤੁਹਾਨੂੰ ਪਤਾ ਈ ਹੈ ਕਿ ਵੂਲਗੂਲਗਾ ਤਾਂ ਪਿੰਡਾਂ ਜਿਹਾ ਹੀ ਏ। ਮੈਂ ਖੁਦ ਵੀ ਗੋਰੇ ਸੱਭਿਆਚਾਰ ਤੋਂ ਦੂਰ ਹੀ ਰਿਹਾ ਹਾਂ। ਮੇਰੇ ਮਨ ਵਿੱਚ ਆਪਣੇ ਬੱਚਿਆਂ ਪ੍ਰਤੀ ਦੋ ਡਰ ਸਨ- ਇੱਕ ਤਾਂ ਇਹ ਕਿ ਗੋਰਿਆਂ ਦੇ ਵਿਆਹਾਂ ਵਿੱਚ ਟੁੱਟ ਭੱਜ ਬਹੁਤ ਹੁੰਦੀ ਏ। ਮੇਰੇ ਆਪਣੇ ਲੜਕੇ ਗੋਰਿਆਂ ਦੇ ਇਸ ਪ੍ਰਭਾਵ ਥੱਲੇ ਨਾ ਆਉਣ ਤੇ ਵਿਆਹ ਪੰਜਾਬ ਵਿੱਚ ਪਰੰਪਰਾਗਤ ਤਰੀਕੇ ਨਾਲ ਕਰਵਾਉਣ। ਦੂਜਾ ਇਹ ਕਿ ਆਪਣਾ ਬੁਢਾਪਾ ਆਸਟਰੇਲੀਆ ਵਿੱਚ ਵੀ ਪੰਜਾਬ ਵਾਂਗ ਹੀ ਗੁਜ਼ਰੇ। ਆਪਣੇ ਘਰ ਵਿੱਚ ਹੀ ਰਹੀਏ ਤੇ ਆਪਣੇ ਲੜਕੇ ਬਹੂਆਂ ਸਾਡੀ ਬੁਢਾਪੇ ਤੱਕ ਦੇਖ ਭਾਲ ਕਰਨ। ਤੁਹਾਨੂੰ ਪਤਾ ਈ ਏ ਪਿਛਲੇ ਤਿੰਨ ਸਾਲ ਤੋਂ ਕਰੋਨਾ ਨੇ ਦੁਨੀਆ ਵਾਸਤੇ ਨਵੀਆਂ ਮੁਸੀਬਤਾਂ ਖੜ੍ਹੀਆਂ ਕਰ ਦਿੱਤੀਆਂ ਸਨ। ਕੋਈ ਚਾਹੁੰਦਾ ਹੋਇਆ ਵੀ ਆਪਣੀ ਮਰਜ਼ੀ ਨਾਲ ਯਾਤਰਾ ਨਹੀਂ ਕਰ ਸਕਦਾ ਸੀ। ਸਰਕਾਰਾਂ ਦੀਆਂ ਅੰਤਾਂ ਦੀਆਂ ਪਾਬੰਦੀਆਂ ਸਨ ਤੇ ਆਪਣਾ ਡਰ ਵੀ ਸੀ। ਕਈਆਂ ਨੇ ਅੜੀ ਕਰਕੇ ਜਾਂ ਮਜਬੂਰੀ ਵਿੱਚ ਸਫ਼ਰ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਇੱਕ ਥਾਂ ’ਤੇ ਡੱਕੇ ਰਹਿ ਗਏ। ਅਸੀਂ ਵੀ ਪੰਜਾਬ ਜਾਣ ਤੋਂ ਕਾਫ਼ੀ ਦੇਰ ਰੁਕੇ ਰਹੇ। ਆਖਰ ਦਾਰਜੀ ਨੇ ਫੋਨ ਕੀਤਾ,
‘‘ਰਿੱਕੀ ਪੁੱਤ, ਹੁਣ ਕਰੋਨਾ ਦਾ ਅਸਰ ਘਟ ਗਿਆ ਏ। ਪੰਜਾਬ ਦੇ ਪਿੰਡ ਤਾਂ ਠੀਕ ਹੀ ਹਨ। ਐਵੇਂ ਅਖ਼ਬਾਰਾਂ ਲੋਕਾਂ ਨੂੰ ਡਰਾ ਰਹੀਆਂ ਹਨ। ਲੀਡਰ ਬਥੇਰੇ ਝੁਰਮਟ ਬਣਾਈ ਫਿਰਦੇ ਨੇ। ਹੜਤਾਲਾਂ ਮੁਜ਼ਾਹਰੇ ਬਥੇਰੇ ਹੋਈ ਜਾ ਰਹੇ ਨੇ। ਇਨ੍ਹਾਂ ਨੂੰ ਕਰੋਨਾ ਕੁਝ ਨਹੀਂ ਕਹਿੰਦਾ। ਹੁਣ ਤਾਂ ਆ ਕੇ ਇੱਕ ਚੱਕਰ ਮਾਰ ਜਾ। ਸਾਡੀ ਸਿਹਤ ਹੁਣ ਠੀਕ ਨਹੀਂ ਰਹਿੰਦੀ। ਕਾਕਾ ਸਾਹ ਵਾਲੀ ਚੀਜ਼ ਦਾ ਕੀ ਵਸਾਹ? ਇੱਕ ਵਾਰ ਆ ਜਾ। ਜੇ ਇੱਕ ਵਾਰ ਬੱਚੇ ਵੀ ਦਿਖਾ ਜਾਵੇਂ ਤਾਂ ਹੋਰ ਵੀ ਚੰਗਾ ਹੋਊ। ਜੁਆਕਾਂ ਨੂੰ ਦੇਖਿਆਂ ਬਹੁਤ ਚਿਰ ਹੋ ਗਿਐ। ਤੇਰੀ ਬੀਬੀ ਤਾਂ ਬਸ ਨਿਆਣਿਆਂ ਦੀਆਂ ਵੀਡੀਓਜ਼ ਹੀ ਦੇਖਦੀ ਰਹਿੰਦੀ ਏ। ਇੱਕ ਪਾਸੇ ਪਾਈ ਤਾਂ ਪੁੱਤ ਰੋਟੀ ਵੀ ਸੜ ਜਾਂਦੀ ਏ। ਰੂਬਲ ਹੁਣ ਖਾਸਾ ਤਕੜਾ ਹੋ ਗਿਆ ਏ। ਛੋਟਾ ਬਬਲਾ ਵੀ ਸੁੱਖ ਨਾਲ ਜਵਾਨ ਹੁੰਦਾ ਜਾ ਰਿਹਾ ਏ। ਇਨ੍ਹਾਂ ਨੂੰ ਨਾਲ ਲਿਆ। ਸਾਰੇ ਹੀ ਇੱਕ ਵਾਰ ਗੇੜਾ ਮਾਰ ਜਾਓ।’’
ਮੈਂ ਕਿਹਾ, ‘‘ਦਾਰ ਜੀ, ਚਿੰਤਾ ਨਾ ਕਰੋ। ਆ ਤਾਂ ਅਸੀਂ ਪਿਛਲੇ ਸਾਲ ਹੀ ਜਾਣਾ ਸੀ, ਪਰ ਕਰੋਨਾ ਨੇ ਸਭ ਨੂੰ ਗਧੀ ਗੇੜ ਪਾਈ ਛੱਡਿਆ। ਕਰੋਨਾ ਸਾਡੇ ਆਸਟਰੇਲੀਆ ਵਿੱਚ ਓਨਾ ਨਹੀਂ ਜਿੰਨਾ ਇਹ ਯੂਰਪ, ਏਸ਼ੀਆ ਤੇ ਅਮਰੀਕਾ ਵਿੱਚ ਏ। ਇਹ ਪੰਜਾਬ ਨਾਲੋਂ ਭਾਰਤ ਦੇ ਦੂਜੇ ਹਿੱਸਿਆਂ ਵਿੱਚ ਕਿਤੇ ਜ਼ਿਆਦਾ ਏ। ਹੁਣ ਅਸੀਂ ਆਉਣ ਬਾਰੇ ਸੋਚ ਰਹੇ ਹਾਂ। ਕੰਮ ਦੋ ਹਨ- ਇੱਕ ਤਾਂ ਤੁਹਾਨੂੰ ਮਿਲਣਾ ਏ ਤੇ ਦੂਜਾ ਵੱਡਾ ਕੰਮ ਏ ਰੂਬਲ ਵਾਸਤੇ ਪੰਜਾਬ ਵਿੱਚੋਂ ਕੋਈ ਲੜਕੀ ਲੱਭਣੀ। ਇੱਧਰ ਜੰਮੇ ਨਿਆਣੇ ਮਾਪਿਆਂ ਦੇ ਕਹੇ ’ਤੇ ਵਿਆਹ ਬਹੁਤ ਘੱਟ ਕਰਵਾਉਂਦੇ ਨੇ। ਸਾਡੇ ਬੱਚੇ ਇੱਧਰ ਵੱਡੇ ਸ਼ਹਿਰਾਂ ਵਿੱਚ ਨਹੀਂ ਰਹੇ। ਵੂਲਗੂਲਗਾ ਇੱਕ ਪਿੰਡ ਏ, ਦਾਰ ਜੀ। ਲੱਗਦਾ ਇੰਝ ਏ ਕਿ ਰੂਬਲ ਪੰਜਾਬ ਦੀ ਲੜਕੀ ਪਸੰਦ ਕਰ ਲਊ। ਇੱਕ ਹੋਰ ਗੱਲ ਇਹ ਹੈ ਕਿ ਇਹ ਖੁਦ ਇੱਥੇ ਗਰਾਫਟਨ ਦੇ ਇੱਕ ਦਫ਼ਤਰ ਵਿੱਚ ਕਲਰਕ ਹੈ। ਇਸ ਨੂੰ ਸਿਡਨੀ, ਮੈਲਬੌਰਨ ਤੇ ਬ੍ਰਿਸਬੇਨ ਜਿਹੇ ਸ਼ਹਿਰਾਂ ਦੀ ਹਵਾ ਨਹੀਂ ਲੱਗੀ। ਅਸੀਂ ਛੋਟੇ ਨੂੰ ਇੱਥੇ ਛੱਡ ਆਵਾਂਗੇ ਤੇ ਦੋ ਮਹੀਨੇ ਲਈ ਪੰਜਾਬ ਆਵਾਂਗੇ। ਬੀਜੀ ਨੂੰ ਵੀ ਕਹੋ ਕਿ ਉਹ ਰੂਬਲ ਲਈ ਕੋਈ ਲੜਕੀ ਲੱਭੇ। ਆਪਾਂ ਝੱਟ ਮੰਗਣੀ ਪਟ ਵਿਆਹ ਕਰ ਦੇਣਾ ਏ। ਬਹੁਤਾ ਰੌਲਾ ਪਾਉਣ ਦੀ ਲੋੜ ਨਹੀਂ।’’
‘‘ਤੁਸੀਂ ਤਾਂ ਆਪਣੀਆਂ ਲੰਬੀਆਂ ਕਹਾਣੀਆਂ ਪਾ ਬੈਠੇ। ਮੈਂ ਤਾਂ ਤੁਹਾਡੇ ਬਾਰੇ ਸੰਖੇਪ ਜਿਹਾ ਜਵਾਬ ਚਾਹੁੰਦਾ ਸੀ।’’ ਮੈਂ ਆਪਣੇ ਗੁਆਂਢੀ ਨੂੰ ਕਿਹਾ।
‘‘ਵੀਰ, ਆਪਾਂ ਹੁਣ ਵਾਕਿਫ਼ ਤਾਂ ਹੋ ਹੀ ਗਏ ਹਾਂ। ਚਾਹ ਬਣਦੀ ਪਈ ਏ। ਚਾਹ ਪੀਂਦੇ ਹਾਂ ਤੇ ਆਪਣੇ ਬਾਰੇ ਹੋਰ ਗੱਲਬਾਤ ਕਰਦੇ ਹਾਂ।’’ ਇੰਨੇ ਨੂੰ ਉਸ ਦੀ ਘਰਵਾਲੀ ਚਾਹ ਦੇ ਦੋ ਕੱਪ ਦੇ ਗਈ।
“ਫਿਰ ਕੀ ਹੋਇਆ?”
‘‘ਪੁੱਤ ਮੈਂ ਫੋਨ ਤੇਰੀ ਮਾਂ ਨੂੰ ਦਿੰਦਾ ਹਾਂ, ਇਹ ਗੱਲ ਤੂੰ ਉਹਦੇ ਨਾਲ ਆਪ ਕਰ।’’ ਮੇਰੇ ਪਿਤਾ ਜੀ ਕਹਿਣ ਲੱਗੇ।
‘‘ਚੰਗਾ ਮੈਂ ਵੀ ਫੋਨ ਇੱਧਰੋਂ ਪਾਲਾਂ ਨੂੰ ਦਿੰਦਾ ਹਾਂ। ਸੱਸ-ਨੂੰਹ ਗੱਲ ਕਰਨ ਤੇ ਕਿਸੇ ਬੰਨੇ ਕੰਢੇ ਪਹੁੰਚਣ।’’ ਮੈਂ ਕਿਹਾ।
‘‘ਪਾਲੀ ਬੇਟੇ, ਸਤਿ ਸ੍ਰੀ ਅਕਾਲ।’’
‘‘ਬੀਜੀ, ਪੈਰੀਂ ਪੈਂਦੀ ਆਂ। ਅਸੀਂ ਸਕੀਮ ਬਣਾਈ ਏ ਕਿ ਰੂਬਲ ਨੂੰ ਪੰਜਾਬ ਲਿਆ ਕੇ ਇਹਦੇ ਸਿਹਰੇ ਬੰਨ੍ਹ ਦੇਈਏ। ਇਹ ਕੰਮ ਵਧੀਆ ਹੋਊ ਜੇ ਤੁਸੀਂ ਕੋਈ ਕੁੜੀ ਲੱਭ ਛੱਡੋ। ਇੱਧਰ ਜੰਮੇ ਨਿਆਣੇ ਮਾਪਿਆਂ ਨਾਲੋਂ ਜ਼ਿਆਦਾ ਟੁੱਟ ਜਾਂਦੇ ਨੇ। ਇੱਧਰ ਜੰਮੇ ਨਿਆਣੇ ਜਦ ਸ਼ੁਰੂ ਸ਼ੁਰੂ ਵਿੱਚ ਜਜ਼ਬਾਤੀ ਹੋ ਕੇ ਆਪਣੀਆਂ ਮਨਮਰਜ਼ੀਆਂ ਕਰ ਬਹਿੰਦੇ ਨੇ। ਦੋ ਕੁ ਸਾਲ ਬਾਅਦ ਅਣਬਣ ਸ਼ੁਰੂ ਹੋ ਜਾਂਦੀ ਏ। ਆਕੜ ਦੋਹੀਂ ਪਾਸੀਂ ਬਰਾਬਰ ਦੀ ਹੁੰਦੀ ਏ। ਘਰ ਦੇ ਕੰਮ ਵੰਡ ਕੇ ਕਰਦੇ ਹਨ। ਵਾਧੂ ਕੰਮ ਨੂੰ ਹੱਥ ਨਹੀਂ ਲਗਾਉਂਦੇ। ਅੱਬਲ ਤਾਂ ਘਰ ਰੋਟੀ ਬਣਾਉਂਦੇ ਹੀ ਨਹੀਂ। ਬਾਹਰ ਖਾਣ ਤੁਰੇ ਰਹਿੰਦੇ ਨੇ। ਜੇ ਬਣਾਉਣ ਤਾਂ ਇੱਕ ਜਣਾ ਖਾਣਾ ਬਣਾਉਂਦਾ ਏ ਤੇ ਇੱਕ ਜਣਾ ਬਰਤਨ ਸਾਫ਼ ਕਰਦਾ
ਏ। ਇੱਕ ਜਣਾ ਧੋਣ ਲਈ ਕੱਪੜੇ ਮਸ਼ੀਨ ਵਿੱਚ
ਪਾਉਂਦਾ ਏ ਤੇ ਦੂਜਾ ਰਸੋਈ ਵਾਲੇ ਬਨਿ ਦੇ ਕਚਰੇ
ਨੂੰ ਬਾਹਰ ਵੱਡੇ ਬਨਿ ਵਿੱਚ ਪਾਉਣ ਲੈ ਕੇ ਜਾਂਦਾ ਏ।
ਇੱਕ ਜਣਾ ਘਰ ਨੂੰ ਵੈਕਿਊਮ ਕਰਦਾ ਏ ਤੇ ਦੂਜਾ
ਕੱਪੜੇ ਪ੍ਰੈੱਸ ਕਰਦਾ ਏ। ਬੈਂਕ ਦੇ ਖਾਤੇ ਅਲੱਗ
ਅਲੱਗ ਰੱਖਦੇ ਹਨ। ਇੱਕ ਦੂਜੇ ’ਤੇ ਵਿਸ਼ਵਾਸ ਬਹੁਤ
ਸੋਚ ਸੋਚ ਕੇ ਕਰਨਾ ਸ਼ੁਰੂ ਕਰਦੇ ਹਨ। ਇੱਕ ਦਮ ਘਿਓ ਖਿਚੜੀ ਨਹੀਂ ਹੁੰਦੇ। ਘੜੀ ਵਿੱਚ ਹੀ ਰੁੱਸ ਵੀ ਜਾਂਦੇ ਹਨ। ਛੁਪ ਛੁਪ ਕੇ ਗੁੱਝੀਆਂ ਸੱਟਾਂ ਮਾਰੀ ਜਾਣਗੇ। ਅਗਲੇ ਦੇ ਸਿਰ ਵਿੱਚ ਪਾਉਣਾ ਮਧਾਣੀ ਚੀਰਾ ਤੇ ਦੱਸਣੀਆਂ ਝਰੀਟਾਂ। ਸੈਹਾ ਆਪਦੇ ਦਾਅ ਨੂੰ ਤੇ ਕੁੱਤਾ ਆਪਦੇ ਨੂੰ। ਬਹੁਤਿਆਂ ਦੇ ਮਾਪੇ ਲੋਕਲ ਹੀ ਹੁੰਦੇ ਹਨ। ਰੁੱਸ ਕੇ ਮਾਪਿਆਂ ਵੱਲ ਦੌੜ ਜਾਣਾ ਆਮ ਵਰਤਾਰਾ ਏ। ਘਰਵਾਲਾ ਮਨਾਉਣ ਤੁਰਿਆ ਰਹਿੰਦਾ ਏ। ਇਹ ਜੋੜੇ ਸਿਆਣਿਆਂ ਨੂੰ ਬੁਲਾ ਕੇ ਰਾਜ਼ੀ ਨਹੀਂ। ਸਿਆਣੇ ਬੁਢਾਪਾ ਘਰਾਂ ਵਿੱਚ ਧੱਕੇ ਖਾਂਦੇ ਫਿਰਦੇ ਰਹਿੰਦੇ ਹਨ। ਬੰਦਾ ਕਰੇ ਤਾਂ ਕੀ ਕਰੇ। ਰਿਸ਼ਤਾ ਕਰਨ ਵੇਲੇ ਇਹ ਮੁੰਡੇ ਕੁੜੀਆਂ ਜਜ਼ਬਾਤਾਂ ਦੇ ਵਹਿਣ ਵਿੱਚ ਵਹਿ ਤੁਰਦੇ ਹਨ। ਉਦੋਂ ਇਹ ਇੱਕ ਦੂਜੇ ਲਈ ਚੰਨ ਤਾਰੇ ਤੋੜ ਕੇ ਲਿਆਉਣ ਦੇ ਵਾਅਦੇ ਕਰਦੇ ਹਨ। ਸ਼ਾਦੀ ਤੋਂ ਬਾਅਦ ਦੋ ਕੁ ਸਾਲ ਬਾਅਦ ਜ਼ਮੀਨ ’ਤੇ ਆਉਂਦੇ ਹਨ। ਫਿਰ ਲੜਾਈਆਂ, ਨਿਘੋਚਾਂ, ਟੁੱਟ ਭੱਜ ਸ਼ੁਰੂ। ਆਪ ਦੁਖੀ ਮਾਪੇ ਦੁਖੀ। ਸ਼ਰੀਕਾਂ ਦੀ ਤੋਏ ਤੋਏ! ਦੁਨੀਆ ਦੀਆਂ ਤਾਂ ਸਤਾਰਾਂ ਅੱਖਾਂ ਤੇ ਚੌਂਤੀ ਕੰਨ ਨੇ! ਦੁਨੀਆ ਤਾਂ ਮਿੰਟਾਂ ਵਿੱਚ ਅਫ਼ਵਾਹ ਫੈਲਾ ਦਿੰਦੀ ਏ। ਬੀਜੀ ਨਵੇਂ ਨਵੇਂ ਖਿਆਲਾਂ ਨੇ ਲੋਕਾਂ ਨੂੰ ਅੰਨ੍ਹਾਂ ਕਰ ਦਿੱਤਾ ਹੈ। ਰੂਬਲ ਅਜੇ 21 ਸਾਲ ਦਾ ਹੋਇਆ ਏ। ਇਹਨੂੰ ਇੱਧਰ ਵੱਡੇ ਸ਼ਹਿਰਾਂ ਦੀ ਹਵਾ ਨਹੀਂ ਲੱਗੀ। ਦਫ਼ਤਰੀ ਨੌਕਰੀ ’ਤੇ ਲੱਗ ਗਿਐ। ਦਫ਼ਤਰ ਵੀ ਛੋਟੇ ਸ਼ਹਿਰ ਵਿੱਚ ਹੀ ਏ। ਕੋਈ ਲੜਕੀ ਪੰਜਾਬ ਤੋਂ ਲਿਆ ਕੇ ਇੱਥੇ ਕਿਸੇ ਕੰਮ ਵਿੱਚ ਸੈੱਟ ਕਰ ਦਿਆਂਗੇ। ਇੱਥੇ ਤਾਂ ਖੇਤੀ ਦੇ ਕੰਮ ਵੀ ਨੌਕਰੀਆਂ ਜਿਹੇ ਹੀ ਹਨ। ਬਲਿਊਬੇਰੀ ਦੇ ਕੰਮਾਂ ਵਿੱਚ ਅੰਤਾਂ ਦੀਆਂ ਔਰਤਾਂ ਕੰਮ ਕਰਦੀਆਂ ਹਨ। ਅਸੀਂ ਵੀ ਖੁਸ਼ ਤੇ ਇਹ ਵੀ ਖੁਸ਼। ਸਾਡਾ ਬੁਢਾਪਾ ਵੀ ਚੰਗਾ ਗੁਜ਼ਰੂ। ਟੱਬਰ ਪੰਜਾਬ ਦੇ ਹੀ ਚੰਗੇ ਨੇ। ਜਦ ਸਾਂਝੇ ਟੱਬਰ ਹੋਇਆ ਕਰਦੇ ਸਨ ਤਾਂ ਉਹ ਬੜੇ ਚੰਗੇ ਹੁੰਦੇ ਹਨ। ਨਾ ਨਿਆਣੇ ਸਾਂਭਣ ਦਾ ਫਿਕਰ ਤੇ ਨਾ ਹੀ ਬੁੱਢਿਆਂ ਨੂੰ ਆਪਣਾ ਕੋਈ ਫਿਕਰ। ਜਦ ਪੰਜਾਬ ਵਿੱਚ ਸਾਂਝੇ ਟੱਬਰ ਖਤਮ ਹੋਣ ਲੱਗੇ ਤਾਂ ਬੱਚੇ ਵੀ ਰੁਲਣ ਲਗੇ ਤੇ ਬੁੱਢੇ ਵੀ। ਪਿੰਡਾਂ ਵਿੱਚ ਬੁਢਾਪਾ ਵੈਸੇ ਵੀ ਸੋਹਣਾ ਕੱਟ ਹੋ ਜਾਂਦਾ ਸੀ। ਬੁੱਢੇ ਸੱਥਾਂ ਵਿੱਚ ਹੀ ਲੰਮਾ ਸਮਾਂ ਗੁਜ਼ਾਰ ਲੈਂਦੇ ਸਨ। ਦਾਰ ਜੀ, ਹੁਣ ਵੀ ਸੱਥ ਵਿੱਚ ਬੈਠਦੇ ਹਨ, ਤਾਸ਼ ਦੀ ਬਾਜੀ ਵੀ ਲਾ ਲੈਂਦੇ ਹਨ, ਗੁਰਦੁਆਰੇ ਤਾਂ ਜਾਂਦੇ ਹੀ ਹਨ। ਬੀਜੀ, ਅਸੀਂ ਸੀਟਾਂ ਬੁੱਕ ਕਰਵਾ ਰਹੇ ਹਾਂ। ਮੈਂ ਆਪਣੇ ਪੇਕੀਂ ਵੀ ਦੱਸ ਪਾ ਦਿੱਤੀ। ਤੁਸੀਂ ਵੀ ਗੁਆਂਢ ਵਿੱਚ ਦੱਸ ਦਿਓ। ਮੇਰੀਆਂ ਭੋਗਪੁਰ ਤੇ ਕੋਠਾਰ ਵਾਲੀਆਂ ਭੈਣਾਂ ਵੀ ਦੱਸ ਪੁੱਛ ਪਾ ਦੇਣਗੀਆਂ। ਇਵੇਂ ਕੋਈ ਚੰਗੀ ਜਿਹੀ ਕੁੜੀ ਲੱਭ ਲਓ। ਅਸੀਂ ਆਏ ਕਿ ਆਏ। ਆਉਂਦੇ ਸਾਰ ਹੀ ਵਿਆਹ ਦੀਆਂ ਤਿਆਰੀਆਂ।’’
‘‘ਚੰਗਾ ਗੁਰਪਾਲ, ਮੈਂ ਸਾਰੀ ਗੱਲ ਤੇਰੇ ਦਾਰ ਜੀ ਨਾਲ ਕਰ ਲੈਂਦੀ ਹਾਂ। ਤੂੰ ਰਿੱਕੀ ਨੂੰ ਦੱਸਦੇ ਕਿ ਅਸੀਂ ਤੁਹਾਡੀ ਉਡੀਕ ਕਰਾਂਗੇ। ਕੁੜੀ ਲੱਭਣੀ ਸ਼ੁਰੂ ਕਰ ਦਿੰਦੇ ਹਾਂ।’’
‘‘ਚੰਗਾ ਬੀਜੀ। ਅਸੀਂ ਆ ਕੇ ਵਿਆਹ ਕਰਕੇ ਵਾਪਸ ਸਿਡਨੀ ਦੇ ਲਿਵਰਪੂਲ ਇਲਾਕੇ ਵਿੱਚ ਰਹਿਣਾ ਸ਼ੁਰੂ ਕਰਾਂਗੇ।’’
ਮੈਂ ਪੂਰਾ ਮੂਡ ਵਿੱਚ ਨਹੀਂ ਸੀ, ਪਰ ਮੇਰਾ ਨਵਾਂ ਆਇਆ ਗੁਆਂਢੀ ਆਪਣੀ ਗੱਲ ਪੂਰੀ ਕਰ ਦੇਣੀ ਚਾਹੁੰਦਾ ਸੀ। ਫਿਰ ਮੈਂ ਸੋਚਿਆ ਇਹਦੀ ਪੂਰੀ ਗੱਲ ਸੁਣ ਹੀ ਲੈਂਦੇ ਹਾਂ।
‘‘ਕਿਵੇਂ ਹੋਇਆ? ਫਿਰ ਤੁਸੀਂ ਪੰਜਾਬ ਜਾ ਕੇ ਵਿਆਹ ਕਰ ਲਿਆਏ?’’
‘‘ਵੀਰ, ਮੇਰੀ ਗੱਲ ਤਾਂ ਸੁਣੋ। ਇੱਕ ਨਵਾਂ ਮਾਮਲਾ ਹੀ ਖੜ੍ਹਾ ਹੋ ਗਿਆ।’’
‘‘ਉਹ ਕੀ?’’
‘‘ਮੈਂ ਦੱਸਦਾਂ। ਦਾਰ ਜੀ ਦੇ ਜ਼ਿਆਦਾ ਬਿਮਾਰ ਹੋਣ ਦੀ ਖ਼ਬਰ ਆ ਗਈ। ਮੀਂਹ ਲਗਾਤਾਰ ਪੈ ਰਹੇ ਸਨ। ਇਸ ਨਾਲ ਪੰਜਾਬ ਵਿੱਚ ਸਰਦੀ ਵਧ ਗਈ ਸੀ। ਦਾਰਜੀ 80 ਸਾਲ ਦੇ ਹੋ ਚੁੱਕੇ ਸਨ। ਮੇਰੀ ਆਦਮਪੁਰ ਵਾਲੀ ਭੈਣ ਪਿੰਡ ਆ ਗਈ। ਦਾਰਜੀ ਦਾ ਚੈੱਕਅਪ ਕਰਵਾਇਆ। ਤੇਜ਼ ਬੁਖਾਰ ਸੀ। ਖੈਰ ਚੰਦ ਦਨਿਾਂ ਵਿੱਚ ਹੀ ਠੀਕ ਹੋ ਗਿਐ। ਮੈਂ ਆਪਣੀ ਭੈਣ ਨੂੰ ਦੱਸਿਆ ਕਿ ਅਸੀਂ ਜਨਵਰੀ ਦੇ ਅੰਤ ਵਿੱਚ ਆ ਜਾਵਾਂਗੇ—ਮੈਂ, ਪਾਲਾਂ ਤੇ ਰੂਬਲ। ਭੈਣ ਜੀ ਨੇ ਯਕੀਨ ਦੁਆ ਦਿੱਤਾ ਕਿ ਅਸੀਂ ਦਾਰ ਜੀ ਦੀ ਜ਼ਿਆਦਾ ਫਿਕਰ ਨਾ ਕਰੀਏ। ਉਹ ਪੂਰਾ ਧਿਆਨ ਰੱਖੇਗੀ।
ਨਾਲੇ ਉਹਨੇ ਦੱਸਿਆ ਕਿ ਇੱਕ ਲੜਕੀ ਵੀ ਨਜ਼ਰ
ਵਿੱਚ ਏ। ਇਹ ਲੜਕੀ ਮਹਿਮਦਪੁਰ ਪਿੰਡ ਦੀ ਸੀ।
ਇਹ ਪਿੰਡ ਵੀ ਆਦਮਪੁਰ ਦੇ ਨੇੜੇ ਹੀ ਪੈਂਦਾ ਏ।
ਲੜਕੀ ਨੇ ਪਲੱਸ ਟੂ ਕਰਕੇ ਕੰਪਿਊਟਰ ਦਾ ਕੋਰਸ ਕੀਤਾ ਹੋਇਆ ਸੀ। ਰਿਸ਼ਤਾ ਕਾਫ਼ੀ ਚੰਗਾ ਸੀ। ਕੁੜੀ ਦਾ ਕੱਦ ਕਾਠ ਤੇ ਸ਼ਕਲ ਵੀ ਕਾਫ਼ੀ ਚੰਗੇ ਸਨ। ਉਸ ਦੇ ਮਾਂ ਬਾਪ ਦੋਵੇਂ ਅਧਿਆਪਕ ਸਨ। ਨਾਮ ਏ ਸ਼ਮਿੰਦਰ। ਅਸੀਂ ਕੁਝ ਸ਼ਾਪਿੰਗ ਕੀਤੀ ਹੋਈ ਹੀ ਸੀ। ਕ੍ਰਿਸਮਿਸ ਮੂਹਰੇ ਲੱਗੀਆਂ ਸੇਲਾਂ ਨੇ ਸਾਡੀ ਕਾਫ਼ੀ ਮਦਦ ਕਰ ਦਿੱਤੀ ਸੀ। ਅਸੀਂ ਉਡਾਣ ਲਈ ਤੇ ਦਿੱਲੀ ਪਹੁੰਚ ਗਏ। ਮੇਰੇ ਚਾਚੇ ਦਾ ਮੁੰਡਾ ਟੀਨੂੰ ਸਾਨੂੰ ਦਿੱਲੀ ਤੋਂ ਲੈਣ ਆਇਆ ਹੋਇਆ ਸੀ। ਪਹੁੰਚਦੇ ਸਾਰ ਫਤਹਿ ਫਤੂਹੀ ਹੋਣ ਤੋਂ ਬਾਅਦ ਉਹਦੇ ਨਾਲ ਗੱਲਾਂ ਚੱਲ ਪਈਆਂ।’’
‘‘ਟੀਨੂੰ, ਮੰਮੀ ਡੈਡੀ ਠੀਕ ਨੇ?’’
‘‘ਅੰਕਲ ਜੀ ਮੰਮੀ ਡੈਡੀ ਤਾਂ ਠੀਕ ਨੇ ਪਰ ਦਾਰ ਜੀ ਰਾਤ ਦੇ ਫਿਰ ਢਿੱਲੇ ਨੇ। ਅਸੀਂ ਤੁਹਾਨੂੰ ਉੱਧਰੋਂ ਤੁਰਨ ਲੱਗਿਆਂ ਨੂੰ ਨਹੀਂ ਦੱਸਿਆ। ਅਸੀਂ ਸੋਚਿਆ ਤੁਹਾਡਾ ਸਫ਼ਰ ਕਾਹਨੂੰ ਖਰਾਬ ਕਰਨਾ।’’
‘‘ਟੀਨੂੰ, ਸੱਚ ਦੱਸ। ਦਾਰ ਜੀ ਹੈਗੇ ਵੀ ਆ ਕਿ ਨਹੀਂ? ਤੂੰ ਮੇਰੇ ਕੋਲ ਹਜੇ ਵੀ ਝੂਠ ਬੋਲ ਰਿਹਾਂ ਏ।’’
‘‘ਨਹੀਂ ਅੰਕਲ। ਐਸੀ ਕੋਈ ਗੱਲ ਨਹੀਂ ਠੀਕ ਨੇ। ਹਾਲਤ ਸੀਰੀਅਸ ਜ਼ਰੂਰ ਏ। ਤੁਹਾਨੂੰ ਮਿਲਣ ਨੂੰ ਤਰਸ ਰਹੇ ਨੇ। ਦਵਾ ਦਾਰੂ ਠੀਕ ਚੱਲ ਰਿਹਾ ਏ। ਡਾਕਟਰ ਸਵੇਰੇ ਸ਼ਾਮ ਘਰ ਆਉਂਦਾ ਏ। ਹੁਣੇ ਡੈਡੀ ਦਾ ਫੋਨ ਆਇਆ ਸੀ ਕਹਿੰਦੇ- ਠੀਕ ਹਨ।’’
‘‘ਮੇਰੀ ਗੱਲ ਕਰਵਾ ਤਾਂ ਪ੍ਰਭਜੀਤ ਨਾਲ? ਮਿਲਾ ਫੋਨ?’’
‘‘ਲਓ ਕਰੋ ਗੱਲ।’’
‘‘ਪ੍ਰਭਜੀਤ, ਸਤਿ ਸ੍ਰੀ ਅਕਾਲ।’’
‘‘ਭਾਅ ਜੀ, ਸਤਿ ਸ੍ਰੀ ਅਕਾਲ!’’
‘‘ਦਾਰਜੀ ਦਾ ਕੀ ਹਾਲ ਏ? ਟੀਨੂੰ ਦੱਸਦਾ ਏ ਕਿ ਉਹ ਪਰਸੋਂ ਤੋਂ ਫਿਰ ਕਾਫ਼ੀ ਢਿੱਲੇ ਨੇ? ਸੁਣ ਕੇ ਮੇਰੇ ਤਾਂ ਔਸਾਣ ਮਾਰੇ ਗਏ ਨੇ।’’
‘‘ਭਾਅ ਜੀ, ਦਿਲ ਵੱਡਾ ਕਰੋ। ਦਿਲ ਚੰਗਾ ਤਾਂ ਕਟੋਰੇ ਵਿੱਚ ਗੰਗਾ। ਤੁਹਾਥੋਂ ਕਾਹਦਾ ਲੁਕੋ? ਡਾਕਟਰ ਕਹਿੰਦਾ ਏ ਫੇਫੜਿਆਂ ਦਾ ਕੈਂਸਰ ਏ। ਸਕੈਨ ਹੋ ਚੁੱਕਾ ਹੈ। ਦਨਿ ਕੱਢੀ ਜਾ ਰਹੇ ਨੇ। ਤੁਸੀਂ ਪਹੁੰਚ ਜਾਓ ਤੇ ਆ ਕੇ ਦਰਸ਼ਨ ਕਰ ਲਓ। ਵਾਹਿਗੁਰੂ! ਵਾਹਿਗੁਰੂ!’’
‘‘ਫੋਨ ਸੁਣ ਕੇ ਮੈਥੋਂ ਵਾਧੂ ਗੱਲ ਨਾ ਹੋਈ। ਮੈਂ ਫੋਨ ਟੀਨੂੰ ਨੂੰ ਫੜਾ ਦਿੱਤਾ। ਟੀਨੂੰ ਗੱਡੀ ਚਲਾਉਂਦਾ ਗਿਆ। ਅਸੀਂ ਪਾਣੀਪਤ ਇੱਕ ਢਾਬੇ ’ਤੇ ਖਾਣਾ ਖਾਧਾ, ਫਿਰ ਤੁਰ ਪਏ। ਖਿਆਲਾਂ ਵਿੱਚ ਗੁਆਚੇ ਹੋਏ ਚਾਰੇ ਜਣੇ ਆਖਰ ਪਿੰਡ ਪਹੁੰਚ ਗਏ। ਜਦ ਘਰ ਅੰਦਰ ਪਹੁੰਚੇ ਤਾਂ ਮਾਂ ਵੈਣ ਪਾਉਣ ਲੱਗ ਪਈ। ਸਾਨੂੰ ਇਵੇਂ ਲੱਗਾ ਕਿ ਜਿਵੇਂ ਭਾਣਾ ਵਰਤ ਗਿਆ ਹੋਵੇ। ਅਸਲ ਵਿੱਚ ਜਜ਼ਬਾਤਾਂ ਦਾ ਇੱਕ ਉਛਾਲਾ ਪੁੱਤ ਨੂੰ ਮਿਲਣ ਨਾਲ ਤੇ ਦਾਰ ਜੀ ਦੀ ਮਾੜੀ ਹਾਲਤ ਦੇ ਸੁਮੇਲ ਤੋਂ ਪੈਦਾ ਹੋਇਆ ਸੀ। ਗੱਡੀ ਤੋਂ ਉਤਰਦੇ ਸਾਰ ਮੈਂ ਦਾਰ ਜੀ ਦੇ ਕਮਰੇ ਵੱਲ ਗਿਆ। ਦੇਖਿਆ ਕਿ ਦਾਰ ਜੀ ਦੀਆਂ ਅੱਖਾਂ ਕੁਝ ਲੱਭ ਰਹੀਆਂ ਸਨ। ਉਹ ਮੇਰਾ ਤੇ ਰੂਬਲ ਦਾ ਚਿਹਰਾ ਦੇਖਣ ਨੂੰ ਤਰਸ ਰਹੀਆਂ ਸਨ।’’
‘‘ਦਾਰਜੀ, ਦਾਰਜੀ ਮੈਂ ਆ ਗਿਆ! ਅਸੀਂ ਆ ਗਏ! ਤੁਹਾਡਾ ਪੋਤਾ! ਰੂਬਲ, ਰੂਬਲ!’’
‘‘ਮੇਰਾ ਪੁੱਤ ਮੂੰਹ ਉਰੇ ਨੂੰ ਕਰ। ਮੈਂ ਤੈਨੂੰ ਰੱਜ ਕੇ ਦੇਖ ਲਵਾਂ! ਮੈਨੂੰ ਰੂਬਲ ਵੀ ਦਿਖਾ! ਤੁਸੀਂ ਕਿੱਥੇ ਚਲੇ ਗਏ ਸੀ ਬੱਚਿਓ? ਮੈਂ ਬਸ ਤੁਹਾਨੂੰ ਦੇਖਣ ਤੱਕ ਹੀ ਜੀਅ ਰਿਹਾ ਸੀ, ਜੀਅ ਰਿਹਾ ਹਾਂ, ਮੈਂ ਦੇਖ ਲਿਆ ਤੁਹਾਨੂੰ-ਮੇਰੇ ਬੱਚਿਓ! ਮੇਰੇ ਜਿਗਰ ਦੇ ਟੋਟਿਓ...!’’
ਇੰਝ ਤਰਲੇ ਕਰਦੇ ਦਾਰਜੀ ਨੇ ਪ੍ਰਾਣ ਤਿਆਗ ਦਿੱਤੇ। ਸਾਰੇ ਘਰ ਵਿੱਚ ਰੋਣ ਧੋਣ ਸ਼ੁਰੂ ਹੋ ਗਿਐ। ਲੋਕ ਆਉਣੇ ਸ਼ੁਰੂ ਹੋ ਗਏ। ਸੱਥਰ ਵਿਛ ਗਿਐ। ਸ਼ਾਮ ਨੂੰ ਦਾਗ ਦੇ ਦਿੱਤੇ ਗਏ।’’
‘‘ਵੀਰ ਜੀ। ਤੁਹਾਡੇ ਨਾਲ ਤਾਂ ਫਿਰ ਬੜੀ ਮਾੜੀ ਵਾਪਰੀ। ਖੁਸ਼ੀ ਖੁਸ਼ੀ ਗਏ ਸੀ। ਜਾਂਦੇ ਸਾਰ ਹੀ ਗ਼ਮਾਂ ਦੇ ਸਮੁੰਦਰ ਵਿੱਚ ਡੁੱਬ ਗਏ।’’ ਮੈਂ ਗੁਆਂਢੀ ਨਾਲ ਦੁੱਖ ਸਾਂਝਾ ਕੀਤਾ।
‘‘ਫਿਰ ਕਿਵੇਂ ਹੋਇਆ?’’
‘‘ਕੀਰਤਪੁਰ ਅਸਤ ਪਾ ਆਏ। ਪਾਠ ਰਖਾ ਦਿੱਤਾ ਗਿਆ। ਭੋਗ ਗਿਆਰਵੇਂ ਦਨਿ ਪਿਆ। ਲੋਕ ਅਫ਼ਸੋਸ ਕਰਨ ਆਈ ਗਏ। ਮਹੀਨਾ ਭਰ ਮਾਹੌਲ ਸੋਗਮਈ ਰਿਹਾ।’’
‘‘ਭਾਅ ਜੀ ਫਿਰ ਰੂਬਲ ਦੇ ਵਿਆਹ ਦਾ ਕੀ ਬਣਿਆ।’’ ਮੈਂ ਪੁੱਛਿਆ।
‘‘ਵੀਰ, ਮਰਗ ਦੇ ਮਾਹੌਲ ਵਿੱਚ ਖੁਸ਼ੀ ਦਾ ਮਾਹੌਲ ਕਿਵੇਂ ਸਿਰਜਿਆ ਜਾ ਸਕਦਾ ਸੀ? ਵਿਆਹ ਤਾਂ ਪਿੱਛੇ ਹੀ ਪਾਉਣਾ ਪੈਣਾ ਸੀ, ਪਰ ਇੱਕ ਮੱਧ ਰਸਤਾ ਲੱਭਿਆ ਗਿਆ।’’
‘‘ਉਹ ਕੀ?’’
‘‘ਵਿਚਾਰ ਇਹ ਹੋਇਆ ਕਿ ਸਾਰੇ ਟੱਬਰ ਦਾ ਵਾਰ ਵਾਰ ਵਿਆਹ ਕਰਨ ਆਉਣਾ ਔਖਾ ਸੀ। ਅਦਾਲਤ ਵਿੱਚ ਜਾ ਕੇ ਕਾਗਜ਼ੀ ਵਿਆਹ ਦੀ ਕਾਰਵਾਈ ਕਰ ਲਈ ਜਾਵੇ। ਰੂਬਲ ਨੂੰ ਲੜਕੀ ਦਿਖਾ ਦਿੱਤੀ ਗਈ ਜੋ ਉਸ ਨੂੰ ਪਸੰਦ ਵੀ ਆ ਗਈ। ਲੜਕੀ ਕੁਝ ਮਹੀਨਿਆਂ ਵਿੱਚ ਵੂਲਗੂਲਗਾ ਪਹੁੰਚ ਗਈ ਸੀ। ਉੱਥੇ ਰੂਬਲ ਤੇ ਲੜਕੀ ਸ਼ਮਿੰਦਰ ਦਾ ਵਿਆਹ ਕਰ ਦਿੱਤਾ ਗਿਆ। ਫਿਰ ਅਸੀਂ ਉਨ੍ਹਾਂ ਨੂੰ ਲਿਵਰਪੂਲ ਘਰ ਖਰੀਦ ਦਿੱਤਾ। ਅਸੀਂ ਇੱਧਰ ਤੁਹਾਡੇ ਵੱਲ ਆ ਕੇ ਰਹਿਣ ਲੱਗ ਪਏ। ਇਹ ਘਰ ਅਸੀਂ ਖਰੀਦ ਹੀ ਲਿਆ ਸੀ।’’
‘‘ਵੀਰ, ਮੈਨੂੰ ਬੜੀ ਖੁਸ਼ੀ ਹੋਈ ਕਿ ਤੁਸੀਂ ਪੰਜਾਬੀ ਸਾਡੇ ਗੁਆਂਢੀ ਬਣ ਗਏ ਹੋ। ਕਿਸੇ ਪ੍ਰਕਾਰ ਦੀ ਕੋਈ ਮਦਦ ਚਾਹੀਦੀ ਹੋਵੇ ਤਾਂ ਦੱਸਣ ਤੋਂ ਗੁਰੇਜ਼ ਨਾ ਕਰਿਓ। ਅੱਜ ਕਾਫ਼ੀ ਗੱਲਾਂ ਹੋਈਆਂ।’’
‘‘ਬਹੁਤ ਚੰਗਾ ਲੱਗਾ, ਭਾਅ ਜੀ।’’
ਸੰਪਰਕ: 0437641033