ਮੀਂਹ ਕਾਰਨ ਫ਼ਸਲਾਂ ਤੇ ਘਰਾਂ ਦਾ ਨੁਕਸਾਨ
ਪੱਤਰ ਪ੍ਰੇਰਕ
ਰਤੀਆ, 25 ਜੁਲਾਈ
ਲੰਘੇ ਦਨਿੀਂ ਮੀਂਹ ਦਾ ਪਾਣੀ ਖੇਤਾਂ ਦੇ ਨਾਲ ਢਾਣੀਆਂ ਅਤੇ ਲੋਕਾਂ ਦੇ ਘਰਾਂ ਅੰਦਰ ਵੜ੍ਹ ਗਿਆ। ਇਸ ਨਾਲ ਫਸਲਾਂ ਅਤੇ ਘਰਾਂ ਦਾ ਕਾਫੀ ਨੁਕਸਾਨ ਹੋਇਆ। ਇਸ ਸਬੰਧੀ ਕਾ. ਤੇਜਿੰਦਰ ਸਿੰਘ ਰਤੀਆ ਨੇ ਕਿਹਾ ਕਿ ਲੰਘੇ ਦਨਿੀਂ ਤੇਜ਼ ਬਾਰਿਸ਼ਾਂ ਦਾ ਪਾਣੀ ਭਰਨ ਸਦਕਾ ਲੋਕਾਂ ਦੇ ਖੇਤਾਂ ਅਤੇ ਘਰਾਂ ਅੰਦਰ ਪਾਣੀ ਵੜ੍ਹ ਗਿਆ। ਇਸ ਕਾਰਨ ਫਸਲਾਂ ਬਰਬਾਦ ਅਤੇ ਘਰਾਂ ਦੇ ਡਿੱਗਣ ਦਾ ਖਦਸ਼ਾ ਬਣ ਗਿਆ। ਉਨ੍ਹਾਂ ਦੱਸਿਆ ਕਿ ਪਿੰਡ ਕਲੋਠਾ, ਬਾਹਮਣਵਾਲਾ ਸਮੇਤ ਦਰਜਨਾਂ ਪਿੰਡਾਂ ਵਿੱਚ ਕਿਸਾਨਾਂ ਦਾ ਆਰਥਿਕ ਨੁਕਸਾਨ ਹੋ ਗਿਆ। ਉਨ੍ਹਾਂ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਬਰਸਾਤ ਦਾ ਜ਼ਿਆਦਾ ਪਾਣੀ ਭਰਨ ਕਾਰਨ ਹੋਏ ਨੁਕਸਾਨ ਦੀ ਤੁਰੰਤ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ।
ਮਿੰਟੋ ਬ੍ਰਿਜ ਪਾਣੀ ਭਰਨ ’ਤੇ ਹੋ ਜਾਵੇਗਾ ਬੰਦ
ਨਵੀਂ ਦਿੱਲੀ( ਪੱਤਰ ਪ੍ਰੇਰਕ):ਦਿੱਲੀ ਵਿੱਚ ਮੀਂਹਾਂ ਦੌਰਾਨ ਮਿੰਟੋ ਬ੍ਰਿਜ ਹੇਠਾਂ ਪਾਣੀ ਦਾ ਪੱਧਰ 1.5 ਮੀਟਰ ਤੱਕ ਪੁੱਜਦੇ ਹੀ ਇਸ ਪੁਲ ਹੇਠੋਂ ਦੀ ਲੰਘਣ ਦੀ ਮਨਾਹੀ ਹੋਵੇਗੀ ਤੇ ਜੇ ਮਨਾਹੀ ਦੇ ਬਾਵਜੂਦ ਕੋਈ ਵੀ ਉੱਥੋਂ ਦੀ ਲੰਘਦਾ ਹੈ ਤਾਂ ਉਸ ਖ਼ਿਲਾਫ਼ ਕਾਰਵਾਈ ਕਰਦੇ ਹੋਏ ਕੇਸ ਦਰਜ ਕੀਤਾ ਜਾਵੇਗਾ। ਪ੍ਰਸ਼ਾਸਨ ਵੱਲੋਂ ਇਹ ਇਹਤਿਆਤ ਕਦਮ ਇਸ ਲਈ ਚੁੱਕਿਆ ਗਿਆ ਕਿ ਬੀਤੇ ਦਨਿੀਂ ਭਾਰੀ ਮੀਂਹ ਮਗਰੋਂ ਪੁਲ ਹੇਠਾਂ ਭਰੇ ਪਾਣੀ ਵਿੱਚ ਸ਼ੰਕਰ ਨਾਂ ਦੇ 56 ਸਾਲਾਂ ਦੇ ਵਿਅਕਤੀ ਦੀ ਮੌਤ ਡੁੱਬਣ ਕਰਕੇ ਹੋ ਗਈ ਸੀ। ਡੀਟੀਸੀ ਦੀ ਹਰੀ ਬੱਸ ਵੀ ਪਾਣੀ ਵਿੱਚ ਫਸ ਗਈ ਸੀ। ਅਧਿਕਾਰੀਆਂ ਮੁਤਾਬਕ ਡੇਢ ਮੀਟਰ ਪਾਣੀ ਭਰਨ ਮਗਰੋਂ ਉੱਥੇ ਬੈਰੀਕੇਡ ਲਾ ਦਿੱਤੇ ਜਾਣਗੇ। ਹਾਲਾਂ ਕਿ ਅਧਿਕਾਰੀਆਂ ਵੱਲੋਂ ਇੱਥੇ ਪਾਣੀ ਨਾ ਭਰਨ ਦੇਣ ਦੇ ਇੰਤਜ਼ਾਮ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ। ਪੁਲ ਹੇਠਾਂ ਪਾਣੀ ਭਰਨ ਮਗਰੋਂ ਸਿਆਸਤ ਵੀ ਜੰਮ ਕੇ ਹੋਈ ਸੀ। ਭਾਜਪਾ ਨੇ ਇਸ ਨੂੰ ਦਿੱਲੀ ਜਲ ਬੋਰਡ ਦੀ ਨਾਕਾਮੀ ਕਰਾਰ ਦਿੱਤਾ ਸੀ ਜਦੋਂ ਕਿ ਬੋਰਡ ਦੇ ਉਪ ਚੇਅਰਮੈਨ ਤੇ ਵਿਧਾਇਕ ਰਾਘਵ ਚੱਢਾ ਨੇ ਦੋਸ਼ ਲਾਇਆ ਸੀ ਕਿ ਭਾਜਪਾ ਦਫ਼ਤਰ ਵਿੱਚ ਕੰਮ ਚੱਲਦਾ ਹੋਣ ਕਰਕੇ ਪਾਣੀ ਭਰਿਆ ਸੀ। ਨਵੀਂ ਦਿੱਲੀ ਰੇਲਵੇ ਸਟੇਸ਼ਨ ਦੀ ਮੁੱਖ ਸੜਕ ਇਸੇ ਪੁਲ ਹੇਠੋਂ ਕਨਾਟ ਪਲੈਸ ਨੂੰ ਮਿਲਦੀ ਹੈ ਤੇ ਕਦੇ ਇਹ ਪੁਲ ਦਿੱਲੀ ਦਾ ਮਸ਼ਹੂਰ ਸਥਾਨ ਮੰਨਿਆ ਜਾਂਦਾ ਸੀ।