For the best experience, open
https://m.punjabitribuneonline.com
on your mobile browser.
Advertisement

ਝੱਖੜ ਤੇ ਮੀਂਹ ਕਾਰਨ ਬਾਸਮਤੀ ਤੇ ਝੋਨੇ ਦਾ ਨੁਕਸਾਨ

10:19 AM Oct 07, 2024 IST
ਝੱਖੜ ਤੇ ਮੀਂਹ ਕਾਰਨ ਬਾਸਮਤੀ ਤੇ ਝੋਨੇ ਦਾ ਨੁਕਸਾਨ
ਡਿੱਗੀ ਹੋਈ ਫ਼ਸਲ ਦਿਖਾਉਂਦੇ ਹੋਏ ਸੂਬਾਈ ਆਗੂ ਧਨਵੰਤ ਸਿੰਘ ਖਤਰਾਏ ਕਲਾਂ ਤੇ ਹੋਰ।
Advertisement

ਸੁਖਦੇਵ ਸਿੰਘ ਸੁੱਖ
ਅਜਨਾਲਾ, 6 ਅਕਤੂਬਰ
ਇਲਾਕੇ ਵਿੱਚ ਲੰਘੀ ਰਾਤ ਆਈ ਬਰਸਾਤ ਅਤੇ ਹਨੇਰੀ ਕਾਰਨ ਕਿਸਾਨਾਂ ਦੀ ਪੱਕਣ ਲਈ ਕਟਾਈ ਲਈ ਤਿਆਰ ਅਤੇ ਨਿੱਸਰ ਰਹੀਆਂ ਬਾਸਮਤੀ ਦੀਆਂ ਫ਼ਸਲਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਫ਼ਸਲ ਜ਼ਮੀਨ ’ਤੇ ਵਿਛਣ ਨਾਲ ਕਿਸਾਨਾਂ ਨੂੰ ਵੱਡਾ ਆਰਥਿਕ ਘਾਟਾ ਪਿਆ ਹੈ। ਇੱਕ ਪਾਸੇ ਤਾਂ ਪਹਿਲਾਂ ਹੀ ਬਾਸਮਤੀ ਦੀਆਂ ਕੀਮਤਾਂ ਡਿੱਗਣ ਕਾਰਨ ਕਿਸਾਨ ਪ੍ਰੇਸ਼ਾਨੀ ਵਿੱਚ ਸਨ ਅਤੇ ਦੂਜਾ ਹਨੇਰੀ ਨਾਲ ਹੋਏ ਨੁਕਸਾਨ ਨੇ ਕਿਸਾਨਾਂ ਨੂੰ ਆਰਥਿਕ ਪੱਖੋਂ ਬੁਰੀ ਤਰ੍ਹਾਂ ਤੋੜ ਕੇ ਰੱਖ ਦਿੱਤਾ ਹੈ। ਜ਼ਿਕਰਯੋਗ ਹੈ ਕਿ ਸਰਹੱਦੀ ਖੇਤਰ ਅੰਦਰ ਵੱਡੇ ਪੱਧਰ ’ਤੇ ਬਾਸਮਤੀ ਦੀਆਂ ਕਿਸਮਾਂ 1718, 1121, 1885 ਅਤੇ 1692 ਦੀ ਕਾਸ਼ਤ ਕੀਤੀ ਹੋਈ ਹੈ। ਇਨ੍ਹਾਂ ਵਿੱਚੋਂ 1692 ਕਿਸਮ ਦੀ ਵਾਢੀ ਚੱਲ ਰਹੀ ਹੈ ਪਰ 1718, 1121 ਅਤੇ 1885 ਦੀਆਂ ਕਿਸਮਾਂ ਨਿੱਸਰ ਰਹੀਆਂ ਹਨ ਜਿਨ੍ਹਾਂ ਨੂੰ ਧੁੱਪ ਅਤੇ ਸਾਫ਼ ਮੌਸਮ ਦੀ ਜ਼ਰੂਰਤ ਹੈ ਪਰ ਹਨੇਰੀ ਕਾਰਨ ਇਨ੍ਹਾਂ ਫ਼ਸਲਾਂ ਦਾ ਡਿੱਗਣ ਨਾਲ ਮੁੰਜਰਾਂ ਵਿੱਚ ਪਲ ਰਿਹਾ ਦਾਣਾ ਕਮਜ਼ੋਰ ਪੈਣ ਨਾਲ ਝਾੜ ’ਤੇ ਬੁਰਾ ਅਸਰ ਪਵੇਗਾ।
ਡਿੱਗੀ ਹੋਈ ਫ਼ਸਲ ਦਿਖਾਉਂਦੇ ਹੋਏ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਸਕੱਤਰ ਧਨਵੰਤ ਸਿੰਘ ਖਤਰਾਏ ਕਲਾਂ ਨੇ ਕਿਹਾ ਕਿ ਦਾਣੇ ਲੈ ਰਹੀ ਬਾਸਮਤੀ ਦੀ ਫ਼ਸਲ ਹਨੇਰੀ ਨਾਲ ਜ਼ਮੀਨ ’ਤੇ ਵਿਛ ਗਈ ਹੈ। ਇਸ ਨਾਲ ਕਿਸਾਨਾਂ ਨੂੰ 30 ਤੋਂ 50 ਹਜ਼ਾਰ ਰੁਪਏ ਪ੍ਰਤੀ ਏਕੜ ਘਾਟਾ ਪੈਣ ਦਾ ਖ਼ਦਸ਼ਾ ਪੈਦਾ ਹੋ ਗਿਆ ਹੈ। ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਫੌਰੀ ਤੌਰ ’ਤੇ ਬਾਸਮਤੀ ਦੀਆਂ ਡਿੱਗ ਚੁੱਕੀਆਂ ਫ਼ਸਲਾਂ ਦੀ ਵਿਸ਼ੇਸ਼ ਗਿਰਦਾਵਰੀ ਦਾ ਹੁਕਮ ਦੇਵੇ ਤਾਂ ਜੋ ਕਿਸਾਨਾਂ ਨੂੰ ਮੁਆਵਜ਼ਾ ਮਿਲ ਸਕੇ।
ਅੰਮ੍ਰਿਤਸਰ (ਜਗਤਾਰ ਸਿੰਘ ਲਾਂਬਾ): ਸਰਹੱਦੀ ਜ਼ਿਲ੍ਹੇ ਦੇ ਕਈ ਇਲਾਕਿਆਂ ਵਿੱਚ ਬੀਤੀ ਰਾਤ ਮੀਂਹ ਤੇ ਝੱਖੜ ਕਾਰਨ ਪੱਕੀ ਹੋਈ ਝੋਨੇ ਤੇ ਬਾਸਮਤੀ ਦੀ ਫ਼ਸਲ ਡਿੱਗ ਗਈ ਹੈ। ਇਸ ਨਾਲ ਫ਼ਸਲਾਂ ਦੇ ਭਾਰੀ ਨੁਕਸਾਨ ਦਾ ਖਦਸ਼ਾ ਹੈ। ਇਸ ਵੇਲੇ ਸਰਹੱਦੀ ਇਲਾਕੇ ਵਿੱਚ ਝੋਨੇ ਦੀ ਵਾਢੀ ਚੱਲ ਰਹੀ ਹੈ। ਇਸੇ ਤਰ੍ਹਾਂ ਬਾਸਮਤੀ ਦੀ ਫ਼ਸਲ ਵੀ ਮੰਡੀਆਂ ਵਿੱਚ ਆ ਰਹੀ ਹੈ ਤੇ ਪਛੇਤੀ ਬੀਜੀ ਫ਼ਸਲ ਤਿਆਰ ਖੜ੍ਹੀ ਹੈ। ਬੀਤੀ ਰਾਤ ਅਚਨਚੇਤੀ ਮੌਸਮ ਵਿੱਚ ਤਬਦੀਲੀ ਆਈ ਅਤੇ ਝੱਖੜ ਤੋਂ ਬਾਅਦ ਮੀਂਹ ਪਿਆ। ਝੱਖੜ ਕਾਰਨ ਕਈ ਥਾਵਾਂ ’ਤੇ ਦਰੱਖਤਾਂ ਦੇ ਟਾਹਣੇ ਵੀ ਟੁੱਟੇ ਹਨ ਅਤੇ ਬਿਜਲੀ ਸਪਲਾਈ ਪ੍ਰਭਾਵਿਤ ਹੋਈ। ਸ਼ਹਿਰ ਵਿੱਚ ਕਈ ਥਾਵਾਂ ’ਤੇ ਸਾਰੀ ਰਾਤ ਬਿਜਲੀ ਨਹੀਂ ਆਈ ਹੈ ਤੇ ਕੁਝ ਇਲਾਕੇ ਦਿਨ ਵੇਲੇ ਵੀ ਪ੍ਰਭਾਵਿਤ ਰਹੇ।
ਪਿੰਡ ਭੈਣੀ ਗਿੱਲਾਂ ਦੇ ਕਿਸਾਨ ਰਾਜਵਿੰਦਰ ਸਿੰਘ ਅਤੇ ਫਲਜੀਤ ਸਿੰਘ ਨੇ ਦੱਸਿਆ ਕਿ ਇਲਾਕੇ ਵਿੱਚ ਫ਼ਸਲ ਡਿੱਗ ਗਈ ਹੈ। ਇਸ ਮੀਂਹ ਕਾਰਨ ਫ਼ਸਲਾਂ ਦੇ ਵੱਡੇ ਨੁਕਸਾਨ ਦਾ ਖ਼ਦਸ਼ਾ ਹੈ। ਉਨ੍ਹਾਂ ਕਿਹਾ ਕਿ ਪੱਕੇ ਹੋਏ ਝੋਨੇ ਦੇ ਦਾਣੇ ਕਾਲੇ ਪੈ ਜਾਣਗੇ।
ਦੱਸਣਯੋਗ ਹੈ ਕਿ ਇਸ ਸਰਹੱਦੀ ਇਲਾਕੇ ਵਿੱਚ ਕਿਸਾਨਾਂ ਵੱਲੋਂ ਵੱਡੇ ਪੱਧਰ ’ਤੇ ਬਾਸਮਤੀ ਦੀ ਕਾਸ਼ਤ ਕੀਤੀ ਜਾਂਦੀ ਹੈ। ਕਿਸਾਨ ਆਗੂਆਂ ਨੇ ਸਰਕਾਰ ਕੋਲੋਂ ਨੁਕਸਾਨੀਆਂ ਫ਼ਸਲਾਂ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ।
ਖੇਤੀ ਮਾਹਿਰਾਂ ਨੇ ਕਿਹਾ ਕਿ ਮੀਂਹ ਅਤੇ ਝੱਖੜ ਕਾਰਨ ਫ਼ਸਲਾਂ ਦੀ ਵਾਢੀ ਪ੍ਰਭਾਵਿਤ ਹੋਵੇਗੀ ਤੇ ਸਬਜ਼ੀਆਂ ਆਦਿ ਦੀ ਬਿਜਾਈ ਵੀ ਪ੍ਰਭਾਵਿਤ ਹੋਵੇਗੀ।

Advertisement

 ਝੋਨੇ ਦਾ ਝਾੜ ਘਟਣ ਦੇ ਡਰ ਤੋਂ ਸਹਿਮੇ ਕਿਸਾਨ

ਕੋਟਲੀ ਗਾਜਰਾਂ ਵਿੱਚ ਨੁਕਸਾਨੀ ਝੋਨੇ ਦੀ ਫ਼ਸਲ।

ਸ਼ਾਹਕੋਟ (ਗੁਰਮੀਤ ਸਿੰਘ ਖੋਸਲਾ): ਇਲਾਕੇ ਵਿੱਚ ਬੀਤੀ ਰਾਤ ਅਚਨਕ ਪਏ ਮੀਂਹ ਅਤੇ ਹਨੇਰੀ ਨੇ ਕਿਸਾਨਾਂ ਦੀ ਝੋਨੇ ਦੀ ਫ਼ਸਲ ਨੂੰ ਧਰਤੀ ’ਤੇ ਵਿਛਾ ਦਿੱਤਾ। ਇਸ ਨਾਲ ਕਰੀਬ ਇਕ ਦਰਜਨ ਪਿੰਡਾਂ ’ਚ ਭਾਰੀ ਤਬਾਹੀ ਹੋਈ ਹੈ। ਮੀਂਹ ਤੇ ਹਨੇਰੀ ਨੇ ਝੋਨੇ ਦੀ ਪੱਕੀ ਹੋਈ ਫ਼ਸਲ ਨੂੰ ਨੁਕਸਾਨ ਪਹੁੰਚਾਇਆ ਹੈ। ਕਿਸਾਨਾਂ ਨੇ ਦੱਸਿਆ ਕਿ ਝੋਨੇ ਤੋਂ ਇਲਾਵਾ ਮੀਂਹ ਤੇ ਹਨੇਰੀ ਨੇ ਮੱਕੀ, ਗੰਨੇ, ਸਬਜ਼ੀਆਂ ਅਤੇ ਹਰੇ ਚਾਰੇ ਦੀਆਂ ਫ਼ਸਲਾਂ ਦਾ ਬਰਬਾਦ ਕਰ ਦਿੱਤਾ ਹੈ। ਨਵਾਂ ਕਿਲ੍ਹਾ ਦੇ ਕਿਸਾਨ ਸੁਖਵਿੰਦਰ ਸਿੰਘ ਧਨੋਆ ਨੇ ਦੱਸਿਆ ਕਿ ਉਨ੍ਹਾਂ ਦਾ 10 ਏਕੜ ਗੰਨੇ ਤੇ 25 ਏਕੜ ਝੇਨੇ ਦੀ ਫ਼ਸਲ ਦਾ ਨੁਕਸਾਨ ਹੋ ਗਿਆ ਹੈ। ਢੰਡੋਵਾਲ ਦੇ ਕਿਸਾਨ ਬਲਕਾਰ ਸਿੰਘ ਚੱਠਾ ਦਾ 8 ਏਕੜ, ਬਲਵਿੰਦਰ ਸਿੰਘ ਚੱਠਾ ਦਾ 12 ਏਕੜ ਝੋਨਾ, ਬਿੱਲੀ ਚਾਹਰਮੀ ਦੇ ਕਿਸਾਨ ਜੁਗਰਾਜ ਸਿੰਘ ਦੀ 7 ਏਕੜ ਮੱਕੀ ਮੀਂਹ ਅਤੇ ਹਨੇਰੀ ਦੀ ਭੇਟ ਚੜ੍ਹ ਗਈ। ਪਿੰਡ ਚੋਟਲੀ ਗਾਜਰਾਂ, ਬਾਜਵਾ ਕਲ, ਰੂਪੇਵਾਲ, ਮਲਸੀਆਂ, ਨਿਹਾਲੂਵਾਲ, ਤਲਵੰਡੀ ਮਾਧੋ, ਲਸੂੜੀ, ਮੱਲੀਆਂ ਕਲਾਂ ਤੇ ਖੁਰਦ, ਕੁਲਾਰ ਅਤੇ ਉੱਗੀ ਸਣੇ ਹੋਰ ਪਿੰਡਾਂ ਦੇ ਕਿਸਾਨਾਂ ਦਾ ਝੋਨਾ ਤੇ ਹੋਰ ਫ਼ਸਲਾਂ ਮੀਂਹ ਤੇ ਹਨੇਰੀ ਕਾਰਨ ਬਰਬਾਦ ਹੋ ਗਈਆਂ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰੀ ਬੇਰੁਖ਼ੀ ਕਾਰਣ ਉਹ ਪਹਿਲਾਂ ਹੀ ਆਰਥਿਕ ਤੰਗੀ ਨਾਲ ਜੂਝ ਰਹੇ ਹਨ, ਹੁਣ ਕੁਦਰਤ ਦੀ ਮਾਰ ਨੇ ਉਨ੍ਹਾਂ ਦੀਆਂ ਸਾਰੀਆਂ ਇੱਛਾਵਾਂ ’ਤੇ ਪਾਣੀ ਫੇਰ ਦਿਤਾ।

Advertisement

Advertisement
Author Image

Advertisement