For the best experience, open
https://m.punjabitribuneonline.com
on your mobile browser.
Advertisement

ਮੀਂਹ ਤੇ ਝੱਖੜ ਕਾਰਨ ਕਈ ਥਾਈਂ ਨੁਕਸਾਨ

10:45 AM May 12, 2024 IST
ਮੀਂਹ ਤੇ ਝੱਖੜ ਕਾਰਨ ਕਈ ਥਾਈਂ ਨੁਕਸਾਨ
ਪਿੰਡ ਮਹਿਮਾ ਸਵਾਈ ’ਚ ਅੱਗ ਲੱਗਣ ਕਾਰਨ ਨੁਕਸਾਨੇ ਗਏ ਟਰੈਕਟਰ। -ਫੋਟੋ: ਪੰਜਾਬੀ ਟ੍ਰਿਬਿਊਨ
Advertisement

ਮਨੋਜ ਸ਼ਰਮਾ
ਬਠਿੰਡਾ, 11 ਮਈ
ਇੱਥੇ ਲੰਘੀ ਦੇਰ ਰਾਤ ਝੱਖੜ, ਮੀਂਹ ਅਤੇ ਤੂਫ਼ਾਨੀ ਕਹਿਰ ਕਾਰਨ ਜਿੱਥੇ ਸੜਕਾਂ ਦੇ ਨਾਲ-ਨਾਲ ਖੜ੍ਹੇ ਦਰੱਖਤਾਂ ਨੂੰ ਨੁਕਸਾਨ ਪੁੱਜਾ ਹੈ, ਉੱਥੇ ਪਿੰਡ ਵਿਰਕ ਕਲਾਂ ਵਿੱਚ ਕੋਟਭਾਈ ਰਜਵਾਹੇ ਵਿੱਚ ਬੁਰਜੀ 104 ਕੋਲ 20 ਫੁੱਟ ਦੇ ਕਰੀਬ ਪਾੜ ਪੈਣ ਕਾਰਨ ਖੇਤਾਂ ਵਿੱਚ ਪਾਣੀ ਭਰ ਗਿਆ। ਇਸ ਤੋਂ ਇਲਾਵਾ ਦਿਉਣ ਮਾਈਨਰ ਵਿੱਚ ਵੀ ਪਾੜ ਪੈਣ ਦੀ ਖ਼ਬਰ ਹੈ। ਤੇਜ਼ ਤੂਫ਼ਾਨ ਕਾਰਨ ਜਿੱਥੇ ਬਿਜਲੀ ਦੇ ਸੈਂਕੜੇ ਖੰਭੇ ਟੁੱਟਣ ਕਾਰਨ ਮਾਲਵਾ ਪੱਟੀ ਵਿੱਚ ਬਿਜਲੀ ਸਪਲਾਈ ਦੂਜੇ ਦਿਨ ਤੱਕ ਪ੍ਰਭਾਵਿਤ ਰਹੀ, ਉੱਥੇ ਦੇਰ ਰਾਤ ਜ਼ਿਲ੍ਹੇ ਦੇ ਪਿੰਡ ਮਹਿਮਾ ਸਵਾਈ ਵਿੱਚ ਤੇਜ਼ ਝੱਖੜ ਕਾਰਨ ਤੂੜੀ ਦਾ ਕਾਰੋਬਾਰ ਕਰਨ ਵਾਲੇ ਹਰਬੰਸ ਸਿੰਘ ਪੁੱਤਰ ਗੋਲਾ ਸਿੰਘ ਦੇ ਘਰ ਨੂੰ ਅੱਗ ਲੱਗ ਗਈ। ਪੀੜਤ ਪਰਿਵਾਰ ਦਾ ਕਾਫੀ ਨੁਕਸਾਨ ਹੋ ਗਿਆ, ਜਿਸ ਦੌਰਾਨ ਦੋ ਟਰੈਕਟਰਾਂ, ਇੱਕ ਰੇਹੜੀ ਅਤੇ ਇੱਕ ਕਮਰੇ ਵਿੱਚ ਤੂੜੀ ਸੜ ਕੇ ਸੁਆਹ ਹੋ ਗਈ। ਘਟਨਾ ਬਾਰੇ ਗੁਰਦੁਆਰਾ ਸਾਹਿਬ ਦੇ ਸਪੀਕਰ ਰਾਹੀਂ ਲੋਕਾਂ ਨੂੰ ਸੂਚਿਤ ਕੀਤਾ ਗਿਆ। ਵੱਡੀ ਗਿਣਤੀ ’ਚ ਪੁੱਜੇ ਪਿੰਡ ਦੇ ਲੋਕਾਂ ਵੱਲੋਂ ਅੱਗ ’ਤੇ ਕਾਬੂ ਪਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਪਰ ਹਨੇਰੀ ਦੀ ਰਫ਼ਤਾਰ ਤੇਜ਼ ਹੋਣ ਕਾਰਨ ਕਾਬੂ ਨਾ ਪਾਇਆ ਜਾ ਸਕਿਆ। ਪਰਿਵਾਰ ਵੱਲੋਂ ਬਠਿੰਡਾ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਫਾਇਰ ਅਮਲੇ ਨੇ ਦੱਸਿਆ ਕਿ ਰਸਤੇ ਵਿੱਚ ਦਰੱਖਤ ਟੁੱਟੇ ਹੋਣ ਕਾਰਨ ਉਨ੍ਹਾਂ ਨੂੰ ਘਟਨਾ ਸਥਾਨ ’ਤੇ ਪੁੱਜਣ ਵਿੱਚ ਦੇਰੀ ਹੋਈ। ਚਾਰ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਤਕਰੀਬਨ 3.30 ਵਜੇ ਅੱਗ ’ਤੇ ਕਾਬੂ ਪਾਇਆ ਗਿਆ। ਅੱਗ ਲੱਗਣ ਦੇ ਕਾਰਨਾਂ ਬਾਰੇ ਪਤਾ ਨਹੀਂ ਲੱਗ ਸਕਿਆ।
ਇਸੇ ਤਰ੍ਹਾਂ ਪਿੰਡ ਮਹਿਮਾ ਸਵਾਈ ਦੇ ਡਾਕਟਰ ਅਜੈਬ ਸਿੰਘ ਦੀ ਕੋਠੀ ਉਪਰ ਲੱਗੇ ਸੋਲਰ ਪੈਨਲ ਦਾ ਕਾਫੀ ਨੁਕਸਾਨ ਹੋ ਗਿਆ। ਖੇਤਰ ਵਿੱਚ ਖੇਤਾਂ ਵਿੱਚ ਸੂਰਜੀ ਊਰਜਾ ਵਾਲੇ ਪੈਨਲ ਟੁੱਟਣ ਦੀਆਂ ਵੀ ਖ਼ਬਰਾਂ ਹਨ। ਬਠਿੰਡਾ ਏਅਰ ਫੋਰਸ ਸਟੇਸ਼ਨ ਵਿੱਚ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ ਜਿਸ ’ਤੇ ਕਾਬੂ ਪਾ ਲਿਆ ਗਿਆ।
ਸ਼ਹਿਣਾ (ਪੱਤਰ ਪ੍ਰੇਰਕ): ਲੰਘੀ ਰਾਤ ਕਸਬੇ ਸ਼ਹਿਣਾ ਅਤੇ ਆਲੇ-ਦੁਆਲੇ ਦੇ ਪਿੰਡਾਂ ’ਚ ਮੀਂਹ ਅਤੇ ਝੱਖੜ ਆਇਆ। ਮੀਂਹ ਝੱਖੜ ਨਾਲ ਜਨਜੀਵਨ ਪ੍ਰਭਾਵਿਤ ਹੋਇਆ। ਅੱਧੀ ਰਾਤ ਤੋਂ ਮਗਰੋਂ ਸਵੇਰੇ ਤੱਕ ਬਿਜਲੀ ਸੇਵਾ ਪ੍ਰਭਾਵਿਤ ਰਹੀ। ਕਿਸੇ ਪਾਸੇ ਤੋਂ ਕਿਸੇ ਅਣਸੁਖਾਵੀਂ ਘਟਨਾ ਦੀ ਕੋਈ ਖਬਰ ਨਹੀਂ ਹੈ।

Advertisement

ਝੱਖੜ ਕਾਰਨ ਚਰਵਾਹਿਆਂ ਦੀਆਂ 26 ਭੇਡਾਂ ਮਰੀਆਂ

ਨਥਾਣਾ (ਭਗਵਾਨ ਦਾਸ ਗਰਗ): ਇਸ ਖੇਤਰ ’ਚ ਲੰਘੀ ਰਾਤ ਆਇਆ ਝੱਖੜ ਰਾਜਸਥਾਨ ਦੇ ਪਸ਼ੂ ਪਾਲਕ ਗਰੀਬ ਚਰਵਾਹਿਆਂ ਉੱਪਰ ਕਹਿਰ ਬਣ ਕੇ ਝੁੱਲਿਆ। ਮਨੀਰ ਖਾਨ ਅਤੇ ਸਰੀਫ਼ ਖਾਨ ਨਾਮੀਂ ਚਰਵਾਹਿਆਂ ਦੀਆਂ ਭੇਡਾਂ ਮੌਤ ਦੇ ਮੂੰਹ ਜਾਣ ਕਾਰਨ ਤਿੰਨ ਲੱਖ ਰੁਪਏ ਤੋ ਵੱਧ ਦਾ ਆਰਥਿਕ ਨੁਕਸਾਨ ਹੋ ਗਿਆ ਹੈ। ਲੋਕਾਂ ਵੱਲੋ ਪੀੜਤ ਚਰਵਾਹਿਆਂ ਨੂੰ ਆਰਥਿਕ ਸਹਾਇਤਾ ਦੇਣ ਦੀ ਮੰਗ ਕੀਤੀ ਗਈ। ਵੀਹ ਦੇ ਕਰੀਬ ਜ਼ਖਮੀ ਭੇਡਾਂ ਦਾ ਇਲਾਜ ਕਰਵਾਇਆ ਜਾ ਰਿਹਾ ਹੈ ਜਿਨ੍ਹਾਂ ਵਿੱਚੋਂ ਦਸ ਭੇਡਾਂ ਦੀ ਹਾਲਤ ਨਾਜ਼ੁਕ ਹੈ। ਜਾਣਕਾਰੀ ਅਨੁਸਾਰ ਰਾਜਸਥਾਨ ਦੇ ਬੀਕਾਨੇਰ ਦੇ ਪਿੰਡ ਜਾਮਸਰ ਅਤੇ ਪਿੰਡ ਕੇਲਾਂ ਦਾ ਇੱਕ ਸੰਯੁਕਤ ਪਰਿਵਾਰ ਭੇਡਾਂ ਪਾਲਣ ਦਾ ਕੰਮ ਕਰਦਾ ਹੈ। ਇਹ ਚਰਵਾਹੇ ਹਰ ਸਾਲ ਕਣਕ ਦੀ ਵਾਢੀ ਮੌਕੇ ਭੇਡਾਂ ਚਾਰਨ ਲਈ ਆਉਂਦੇ ਹਨ। ਲੰਘੀ ਰਾਤ ਜ਼ੋਰਦਾਰ ਝੱਖੜ ਨੇ ਚਾਰ ਦਰਜਨ ਤੋਂ ਵੱਧ ਭੇਡਾਂ ਨੂੰ ਇਸ ਝੁੰਡ ਵਿੱਚੋਂ ਉਖਾੜ ਕੇ ਅੱਧਾ ਕਿਲੋਮੀਟਰ ਦੂਰ ਹੋਰ ਖੇਤਾਂ ਵਿੱਚ ਸੁੱਟ ਦਿੱਤਾ। ਖੇਤਾਂ ਦੇ ਨੇੜੇ ਬਣੀ ਹੱਡਾਰੋੜੀ ਦੇ ਅਵਾਰਾ ਕੁੱਤਿਆਂ ਨੇ ਵੀ ਭੇਡਾਂ ਨੂੰ ਆਪਣੇ ਹਮਲੇ ਦਾ ਸ਼ਿਕਾਰ ਬਣਾਇਆ ਅਤੇ ਨੋਚ ਨੋਚ ਕੇ ਖਾ ਗਏ। ਅੱਜ ਸਵੇਰੇ ਸਵੱਖਤੇ ਲਿੰਕ ਸੜਕ ਤੋਂ ਲੰਘਦੇ ਲੋਕਾਂ ਨੇ ਇਨ੍ਹਾਂ ਚਰਵਾਹਿਆਂ ਨੂੰ ਭੇਡਾਂ ਦੇ ਮਰਨ ਅਤੇ ਜ਼ਖਮੀ ਹੋਣ ਦੀ ਜਾਣਕਾਰੀ ਦਿੱਤੀ। ਚਰਵਾਹਿਆਂ ਨੇ ਲੋਕਾਂ ਦੀ ਮਦਦ ਨਾਲ ਮਰੀਆਂ 26 ਭੇਡਾਂ ਨੂੰ ਸਥਾਨਕ ਹੱਡਾਰੋੜੀ ’ਚ ਸੁਟਵਾਇਆ ਅਤੇ 20 ਤੋਂ ਵੱਧ ਭੇਡਾਂ ਨੂੰ ਇਲਾਜ ਲਈ ਭਿਜਵਾਇਆ। ਨਗਰ ਵਾਸੀਆਂ ਪੰਜਾਬ ਸਰਕਾਰ ਤੋ ਮੰਗ ਕੀਤੀ ਹੈ ਕਿ ਪ੍ਰਭਾਵਿਤ ਚਰਵਾਹਿਆਂ ਨੂੰ ਯੋਗ ਮੁਆਵਜਾ ਦਿੱਤਾ ਜਾਵੇ।

Advertisement

Advertisement
Author Image

Advertisement