ਪੰਜਾਬ ’ਚ ਮੋਹਲੇਧਾਰ ਮੀਂਹ ਅਤੇ ਝੱਖੜ ਕਾਰਨ ਨੁਕਸਾਨ
* ਹੁਸ਼ਿਆਰਪੁਰ ਵਿੱਚੋਂ ਲੰਘਦੇ ਚੋਅ ’ਚ ਪਾਣੀ ਚੜ੍ਹਿਆ
* ਮੌਸਮ ਵਿਭਾਗ ਨੇ ਅੱਜ ਤੋਂ 9 ਜੁਲਾਈ ਤੱਕ ਭਾਰੀ ਮੀਂਹ ਦੀ ਕੀਤੀ ਪੇਸ਼ੀਨਗੋਈ
ਆਤਿਸ਼ ਗੁਪਤਾ
ਚੰਡੀਗੜ੍ਹ, 5 ਜੁਲਾਈ
ਪੰਜਾਬ ਵਿੱਚ ਮੌਨਸੂਨ ਨੇ ਰਫ਼ਤਾਰ ਫੜ ਲਈ ਹੈ। ਸੂਬੇ ’ਚ ਕਈ ਥਾਵਾਂ ’ਤੇ ਭਾਰੀ ਮੀਂਹ ਨੇ ਲੋਕਾਂ ਲਈ ਰਾਹਤ ਦੀ ਬਜਾਏ ਮੁਸੀਬਤ ਪੈਦਾ ਕਰ ਦਿੱਤੀ ਹੈ। ਮੌਸਮ ਵਿਭਾਗ ਨੇ 6 ਤੋਂ 9 ਜੁਲਾਈ ਤੱਕ ਸੂਬੇ ’ਚ ਭਾਰੀ ਮੀਂਹ ਦੀ ਪੇਸ਼ੀਨਗੋਈ ਕੀਤੀ ਹੈ। ਮੋਹਲੇਧਾਰ ਮੀਂਹ ਕਾਰਨ ਕਈ ਸ਼ਹਿਰਾਂ ਅਤੇ ਪਿੰਡਾਂ ’ਚ ਪਾਣੀ ਖੜ੍ਹਾ ਹੋ ਗਿਆ। ਲੁਧਿਆਣਾ ਵਿੱਚ ਕੰਧ ਅਤੇ ਸ਼ੈੱਡ ਡਿੱਗਣ ਕਾਰਨ ਇਕ ਵਿਅਕਤੀ ਮਾਰਿਆ ਗਿਆ ਅਤੇ ਅੱਧਾ ਦਰਜਨ ਲੋਕ ਜ਼ਖ਼ਮੀ ਹੋ ਗਏ। ਹੁਸ਼ਿਆਰਪੁਰ ਵਿੱਚੋਂ ਲੰਘਦੇ ਸਾਰੇ ਚੋਆਂ ’ਚ ਪਾਣੀ ਚੜ੍ਹ ਗਿਆ ਹੈ, ਜਿੱਥੇ ਹੜ੍ਹ ਵਰਗੇ ਹਾਲਾਤ ਬਣ ਗਏ ਹਨ। ਇਕ ਚੋਅ ਵਿੱਚ ਸਰਕਾਰੀ ਅਧਿਆਪਕ ਦੀ ਗੱਡੀ ਵੀ ਰੁੜ੍ਹ ਗਈ ਹੈ। ਮੀਂਹ ਦੇ ਨਾਲ ਚੱਲੀਆਂ ਤੇਜ਼ ਹਵਾਵਾਂ ਕਰ ਕੇ ਕਈ ਥਾਵਾਂ ’ਤੇ ਦਰਖੱਤ ਡਿੱਗ ਗਏ ਹਨ, ਜਿਸ ਕਰਕੇ ਆਵਾਜਾਈ ਅਤੇ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਹੈ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ’ਚ ਮੋਹਲੇਧਾਰ ਮੀਂਹ ਕਾਰਨ ਪਾਰਾ ਆਮ ਨਾਲੋਂ 4 ਤੋਂ 7 ਡਿਗਰੀ ਸੈਲਸੀਅਸ ਤੱਕ ਹੇਠਾਂ ਡਿੱਗ ਗਿਆ ਹੈ। ਮੌਸਮ ਵਿਭਾਗ ਅਨੁਸਾਰ ਅੱਜ ਲੁਧਿਆਣਾ ’ਚ ਸਭ ਤੋਂ ਵੱਧ 103 ਐੱਮਐੱਮ ਮੀਂਹ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਨਵਾਂਸ਼ਹਿਰ ’ਚ 80 ਐੱਮਐੱਮ, ਰੋਪੜ ’ਚ 64, ਜਲੰਧਰ ’ਚ 47, ਫਿਰੋਜ਼ਪੁਰ ’ਚ 40.5, ਗੁਰਦਾਸਪੁਰ ’ਚ 33.5, ਪਟਿਆਲਾ ’ਚ 21, ਚੰਡੀਗੜ੍ਹ ’ਚ 20.3, ਅੰਮ੍ਰਿਤਸਰ ’ਚ 17, ਪਠਾਨਕੋਟ ’ਚ 9.2, ਬਰਨਾਲਾ ’ਚ 1.5 ਅਤੇ ਮੁਕਤਸਰ ’ਚ ਇਕ ਐੱਮਐੱਮ ਮੀਂਹ ਦਰਜ ਕੀਤਾ ਗਿਆ ਹੈ।
ਬਿਜਲੀ ਦੀ ਮੰਗ ਘਟੀ
ਪੰਜਾਬ ਵਿੱਚ ਮੌਨਸੂਨ ਦੇ ਸਰਗਰਮ ਹੋਣ ਨਾਲ ਹੀ ਬਿਜਲੀ ਦੀ ਮੰਗ ਵੀ ਘਟ ਗਈ ਹੈ। ਇਸ ਨਾਲ ਪਾਵਰਕੌਮ ਨੇ ਸੁੱਖ ਦਾ ਸਾਹ ਲਿਆ ਹੈ। ਸੂਬੇ ’ਚ ਅੱਜ ਸ਼ਾਮ ਬਿਜਲੀ ਦੀ ਮੰਗ 8768 ਮੈਗਾਵਾਟ ਦਰਜ ਕੀਤੀ ਗਈ, ਜਦੋਂ ਕਿ ਦਿਨ ਸਮੇਂ ਮੀਂਹ ਪੈਣ ਕਾਰਨ ਮੰਗ ਹੋਰ ਘੱਟ ਸੀ। ਉੱਧਰ ਮੌਨਸੂਨ ਦੀ ਆਮਦ ਕਰਕੇ ਝੋਨਾ ਲਾਉਣ ਵਾਲੇ ਕਿਸਾਨਾਂ ਦੇ ਚਿਹਰੇ ਖਿੜ ਗਏ ਹਨ। ਜ਼ਿਕਰਯੋਗ ਹੈ ਕਿ ਇਸ ਸਾਲ ਜੂਨ ਵਿੱਚ ਬਿਜਲੀ ਦੀ ਮੰਗ 15 ਹਜ਼ਾਰ ਮੈਗਾਵਾਟ ਤੋਂ ਟੱਪ ਗਈ ਸੀ ਜੋ ਪਹਿਲਾਂ 13 ਤੋਂ 14 ਹਜ਼ਾਰ ਮੈਗਾਵਾਟ ਰਹਿੰਦੀ ਸੀ।
ੳੂਨਾ ’ਚ ਅਚਾਨਕ ਆਏ ਹੜ੍ਹ ਕਾਰਨ 10 ਮਕਾਨਾਂ ਨੂੰ ਨੁਕਸਾਨ
ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ੳੂਨਾ ਜ਼ਿਲ੍ਹੇ ਦੇ ਪਿੰਡ ਹਰੋਲੀ ’ਚ ਅੱਜ ਸਵੇਰੇ ਅਚਾਨਕ ਹੜ੍ਹ ਆਉਣ ਕਾਰਨ 10 ਮਕਾਨ ਨੁਕਸਾਨੇ ਗਏ। ਇਕ ਕਾਰ ਦੇ ਪਾਣੀ ’ਚ ਰੁੜਨ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ। ਉਂਜ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ ਕਿਉਂਕਿ ਡਰਾਈਵਰ ਸਮੇਂ ਸਿਰ ਕਾਰ ’ਚੋਂ ਛਾਲ ਮਾਰ ਕੇ ਬਾਹਰ ਨਿਕਲ ਆਇਆ ਸੀ। ਸਥਾਨਕ ਮੌਸਮ ਵਿਭਾਗ ਨੇ 9 ਜੁਲਾਈ ਤੱਕ ਯੈਲੋ ਅਲਰਟ ਜਾਰੀ ਕੀਤਾ ਹੈ। ਉਨ੍ਹਾਂ ਸ਼ਿਮਲਾ, ਮੰਡੀ, ਸਿਰਮੌਰ, ਸੋਲਨ ਜ਼ਿਲ੍ਹਿਆਂ ਅਤੇ ਹੋਰ ਥਾਵਾਂ ’ਤੇ ਅਚਾਨਕ ਹੜ੍ਹ ਆਉਣ ਦਾ ਖ਼ਦਸ਼ਾ ਜਤਾਇਆ ਹੈ। ਮੌਨਸੂਨ ਦੀ ਆਮਦ ਤੋਂ ਬਾਅਦ ਸੂਬੇ ਨੂੰ ਹੁਣ ਤੱਕ 275.86 ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ। -ਪੀਟੀਆਈ