ਯਮੁਨਾਨਗਰ ’ਚ ਸੋਮ ਨਦੀ ਦਾ ਬੰਨ੍ਹ ਟੁੱਟਿਆ; ਇਕ ਦੀ ਮੌਤ
ਯਮੁਨਾਨਗਰ (ਦੇਵਿੰਦਰ ਸਿੰਘ): ਇਥੇ ਪਏ ਮੀਂਹ ਮਗਰੋਂ ਸੋਮ ਨਦੀ ’ਚ ਆਏ ਕਾਰਨ ਬੰਨ੍ਹ ਟੁੱਟਣ ਕਾਰਨ ਕਈ ਪਿੰਡ ਪਾਣੀ ਵਿੱਚ ਡੁੱਬ ਗਏ ਹਨ। ਸਥਿਤੀ ’ਤੇ ਕਾਬੂ ਪਾਉਣ ਲਈ ਐੱਸਡੀਆਰਐੱਫ ਦੀ ਟੀਮ ਨੂੰ ਬੁਲਾਇਆ ਗਿਆ ਹੈ। ਯਮੁਨਾਨਗਰ ਦੇ ਪਿੰਡ ਚਿੰਤਪੁਰ ਦਾ ਵਾਸੀ ਸਤਪਾਲ ਜਦੋਂ ਆਪਣੇ ਖੇਤਾਂ ’ਚ ਸਾਈਕਲ ’ਤੇ ਜਾ ਰਿਹਾ ਸੀ ਤਾਂ ਅਚਾਨਕ ਸੜਕਾਂ ’ਤੇ ਪਾਣੀ ਆ ਗਿਆ, ਉਸ ਨੇ ਆਪਣੇ ਆਪ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਪਾਣੀ ਦਾ ਵਹਾਅ ਤੇਜ਼ ਸੀ ਅਤੇ ਉਹ ਵਹਿ ਗਿਆ । ਲਗਾਤਾਰ ਕੋਸ਼ਿਸ਼ਾਂ ਤੋਂ ਬਾਅਦ ਐੱਸਡੀਆਰਐੱਫ ਦੀ ਟੀਮ ਨੇ ਸਤਪਾਲ ਦੀ ਲਾਸ਼ ਬਰਾਮਦ ਕੀਤੀ। ਕਾਨੂੰਵਾਲਾ, ਬਮਨੌਲੀ, ਮਲਕਪੁਰ ਬਾਂਗਰ, ਲਲਾਹੜੀ, ਮਾਣਕਪੁਰ, ਖਾਨੂਵਾਲਾ ਸਮੇਤ ਯਮੁਨਾਨਗਰ ਦੇ ਕਈ ਪਿੰਡ ਇਸ ਸਮੇਂ ਪਾਣੀ ਵਿੱਚ ਡੁੱਬੇ ਹੋਏ ਹਨ। ਮਲਕਪੁਰ ਬਾਂਗਰ ਵਿੱਚ ਬੰਨ੍ਹ ਟੁੱਟਣ ਕਾਰਨ ਇਹ ਸਥਿਤੀ ਪੈਦਾ ਹੋਈ ਹੈ ਕਿ ਲੋਕ ਆਪਣੇ ਘਰਾਂ ਦਾ ਸਾਮਾਨ ਅਤੇ ਪਸ਼ੂਆਂ ਨੂੰ ਲੈ ਕੇ ਸੁਰੱਖਿਅਤ ਥਾਵਾਂ ’ਤੇ ਜਾ ਰਹੇ ਹਨ। ਗੁਰਦੁਆਰਾ ਕਮੇਟੀ ਵੱਲੋਂ ਉਨ੍ਹਾਂ ਲਈ ਲੰਗਰ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਸੈਂਕੜੇ ਏਕੜ ਫ਼ਸਲ ਪਾਣੀ ਵਿੱਚ ਡੁੱਬ ਗਈ ਹੈ।