ਦਲਵੀਰ ਕੌਰ ਦਾ ਕਾਵਿ-ਨਿਬੰਧ ‘ਮਨ-ਕਸੁੰਭਾ’ ਲੋਕ ਅਰਪਣ
ਖੇਤਰੀ ਪ੍ਰਤੀਨਿਧ
ਐਸ.ਏ.ਐਸ.ਨਗਰ(ਮੁਹਾਲੀ), 17 ਅਕਤੂਬਰ
ਚੰਡੀਗੜ੍ਹ ਸਕੂਲ ਆਫ਼ ਪੋਇਟਰੀ ਕ੍ਰਿਟੀਸਿਜ਼ਮ ਵੱਲੋਂ ਭਾਸ਼ਾ ਵਿਭਾਗ ਮੁਹਾਲੀ ਦੇ ਸਹਿਯੋਗ ਨਾਲ ਉੱਘੀ ਸ਼ਾਇਰਾ ਦਲਵੀਰ ਕੌਰ ਦੇ ਕਾਵਿ-ਨਿਬੰਧ ‘ਮਨ-ਕਸੁੰਭਾ’ ਉੱਤੇ ਵਿਚਾਰ ਚਰਚਾ ਵਿਭਾਗ ਦੇ ਜ਼ਿਲ੍ਹਾ ਦਫ਼ਤਰ ਵਿੱਚ ਕਰਵਾਈ ਗਈ। ਇਸ ਮੌਕੇ ਪੁਸਤਕ ਦੀ ਘੁੰਡ ਚੁਕਾਈ ਵੀ ਕੀਤੀ ਗਈ।
ਸ਼ਾਇਰਾ ਦਲਵੀਰ ਕੌਰ ਨੇ ਆਪਣੀਆਂ ਕਵਿਤਾਵਾਂ ਨਾਲ ਸਮਾਰੋਹ ਦਾ ਆਰੰਭ ਕੀਤਾ। ਚਰਚਾ ਦੀ ਸ਼ੁਰੂਆਤ ਕਰਦੇ ਹੋਏ ਕਵੀ ਪਾਲ ਅਜਨਬੀ ਨੇ ਕਿਹਾ ਕਿ ਇਹ ਰਹੱਸਵਾਦੀ ਤੇ ਤਸਵੀਰਕਸ਼ੀ ਕਵਿਤਾ ਹੈ, ਜਿਸ ਨੂੰ ਜ਼ਰੂਰ ਪੜ੍ਹਨਾ ਚਾਹੀਦਾ ਹੈ। ਉੱਘੇ ਆਲੋਚਕ, ਮੁੱਖ ਬੁਲਾਰੇ ਡਾ. ਪ੍ਰਵੀਨ ਕੁਮਾਰ ਨੇ ਆਖਿਆ ਕਿ ਪੁਸਤਕ ਵਿਚਲੀਆਂ ਕਵਿਤਾਵਾਂ ਮਸਤਕ ਤੋਂ ਮਨ ਦੀ ਕਵਿਤਾਵਾਂ ਦਾ ਪ੍ਰਗਟਾਵਾ ਹਨ। ਉਨ੍ਹਾਂ ਕਿਹਾ ਕਿ ਸਿਰਜਣਾ ਵਿਚ ਮਨ ਦਾ ਮਹੱਤਵਪੂਰਨ ਯੋਗਦਾਨ ਹੈ। ਪੰਜਾਬੀ ਚਿੰਤਕ, ਆਲੋਚਕ ਤੇ ਕਵੀ ਡਾ. ਸੁਖਦੇਵ ਸਿਰਸਾ ਨੇ ਕਿਹਾ ਕਿ ਕਵੀ ਰਹੱਸ ਅਨੁਭਵੀ ਹੁੰਦਾ ਹੈ। ਉੱਘੇ ਕਵੀ, ਨਾਵਲਕਾਰ, ਆਲੋਚਕ ਡਾ. ਮਨਮੋਹਨ ਨੇ ਪ੍ਰਧਾਨਗੀ ਭਾਸ਼ਨ ਦਿੰਦਿਆਂ ਕਿਹਾ ਕਿ ਕਿਤਾਬ ਦੇ ਨਾਂ ਤੋਂ ਹੀ ਭਾਸਦਾ ਹੈ ਕਿ ਇਹ ਕੱਲੀ ਕਵਿਤਾ ਨਹੀਂ, ਜਿਸ ਤਰ੍ਹਾਂ ਅਸੀਂ ਦੋ ਵਰਤਾਰਿਆਂ ਨੂੰ ਜੋੜਦੇ ਹਾਂ ਉਸੇ ਤਰ੍ਹਾਂ ਇਹ ਕਾਵਿ-ਨਿਬੰਧ ਮਨ ਨੂੰ ਸਮਝਣ ਦੀ ਗੱਲ ਕੀਤੀ ਹੈ ਤੇ ਇਹ ਕਵਿਤਾ ਦਾ ਹਾਸਲ ਹੈ।