ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਡੱਲੇਵਾਲ ਦੀਆਂ ਤਾਜ਼ਾ ਮੈਡੀਕਲ ਰਿਪੋਰਟਾਂ ਚਿੰਤਾਜਨਕ

06:55 AM Jan 12, 2025 IST
ਢਾਬੀਗੁੱਜਰਾਂ ਮੋਰਚੇ ’ਚ ਮਰਨ ਵਰਤ ’ਤੇ ਡਟੇ ਹੋਏ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ।

ਸਰਬਜੀਤ ਸਿੰਘ ਭੰਗੂ/ਗੁਰਨਾਮ ਸਿੰਘ ਚੌਹਾਨ
ਪਟਿਆਲਾ /ਪਾਤੜਾਂ, 11 ਜਨਵਰੀ
ਪੰਜਾਬ ਸਰਕਾਰ ਵੱਲੋਂ ਗਠਿਤ ਕੀਤੇ ਗਏ ਉੱਚ ਪੱਧਰੀ ਮੈਡੀਕਲ ਬੋਰਡ ਦੇ ਮੈਂਬਰਾਂ ਵੱਲੋਂ ਦੋ ਦਿਨ ਪਹਿਲਾਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਖੂਨ ਦੇ ਸੈਂਪਲ ਲੈਣ ਸਣੇ Yਢਿੱਡ ਦੇ ਕੀਤੇ ਗਏ ਅਲਟਰਾਸਾਊਂਡ ਦੀਆਂ ਅੱਜ ਨਸ਼ਰ ਕੀਤੀਆਂ ਰਿਪੋਰਟਾਂ ਵੀ ਚਿੰਤਾਜਨਕ ਹਨ। ਮੈਡੀਕਲ ਰਿਪੋਰਟਾਂ ਦੇ ਹਵਾਲੇ ਨਾਲ ਕਿਸਾਨ ਆਗੂਆਂ ਨੇ ਦੱਸਿਆ ਕਿ ਉਨ੍ਹਾਂ ਦਾ ਕੀਟੋਨ ਬਾਡੀ ਰਿਜ਼ਲਟ 6.53 ਹੈ, ਜੋ ਆਮ ਹਾਲਤ ਵਿੱਚ 0.02 ਤੋਂ 0.27 ਹੋਣਾ ਚਾਹੀਦਾ ਹੈ। ਡਾਕਟਰਾਂ ਦਾ ਕਹਿਣਾ ਸੀ ਕਿ ਅਜਿਹਾ ਉਦੋਂ ਹੁੰਦਾ ਹੈ ਜਦੋਂ ਲਗਾਤਾਰ ਭੁੱਖਾ ਰਹਿਣ ਕਰਕੇ ਸਰੀਰ ਹੀ ਸਰੀਰ ਨੂੰ ਖਾਣ ਲੱਗ ਜਾਂਦਾ ਹੈ। ਇਸੇ ਤਰ੍ਹਾਂ ਆਮ ਹਾਲਤ ਵਿੱਚ ਯੂਰਿਕ ਐਸਿਡ 3.50 ਤੋਂ 7.20 ਹੋਣਾ ਚਾਹੀਦਾ ਜੋ 11.64 ਹੈ। ਬਿਲੀਰੂਬਿਨ 0.69 ਹੈ, ਜੋ 0.20 ਤੋਂ ਘੱਟ ਹੋਣਾ ਚਾਹੀਦਾ ਹੈ। ਕਿਸਾਨ ਆਗੂ ਦੇ ਸਰੀਰ ਵਿੱਚ ਪ੍ਰੋਟੀਨ ਸਣੇ ਸੋਡੀਅਮ, ਪੋਟਾਸ਼ੀਅਮ ਅਤੇ ਕਲੋਰਾਈਡ ਵੀ ਬਹੁਤ ਘੱਟ ਹੈ। ਲੀਵਰ ਅਤੇ ਗੁਰਦਾ ਪੈਨਲ, ਸੀਰਮ ਰਿਪੋਰਟ ਦਾ ਰਿਜ਼ਲਟ 1.67 ਹੈ ਜੋ 1.00 ਤੋਂ ਘੱਟ ਹੋਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਦੋ ਤਿੰਨ ਵਾਰ ਤਾਂ ਕਿਸਾਨ ਆਗੂ ਡੱਲੇਵਾਲ ਦੀ ਹਾਲਤ ਇਸ ਕਦਰ ਵਿਗੜ ਗਈ ਸੀ ਕਿ ਮੋਰਚੇ ’ਚ ਸਨਾਟਾ ਹੀ ਛਾ ਗਿਆ ਸੀ। ਇੱਕ ਦਿਨ ਤਾਂ ਉਹ ਘੰੰਟਾ ਭਰ ਬੇਸੁਰਤ ਰਹੇ। ਉਧਰ, ਭਾਵੇਂ ਸੁਪਰੀਮ ਕੋਰਟ ਵੀ ਟਰੀਟਮੈਂਟ ਲੈਣ ਦੀ ਬੇਨਤੀ ਕਰ ਚੁੱਕੀ ਹੈ ਤੇ ਪੰਜਾਬ ਸਰਕਾਰ ਦੀ ਤਾਂ ਕੈਬਨਿਟ ਹੀ ਇਥੇ ਆ ਪੁੱਜੀ ਸੀ, ਪਰ ਇਸ ਦੇ ਬਾਵਜੂਦ ਸ੍ਰੀ ਡੱਲੇਵਾਲ ਟਸ ਤੋਂ ਮਸ ਨਹੀਂ ਹੋਏ।

Advertisement

ਕਿਸਾਨ ਏਕਤਾ ਸਬੰਧੀ ਭਲਕੇ ਹੋਵੇਗੀ ਮੀਟਿੰਗ

ਕਿਸਾਨ ਏਕਤਾ ਸਬੰਧੀ ਪਹਿਲਕਦਮੀ ਕਰਦਿਆਂ ਐੱਸਕੇਐੱਮ ਵੱਲੋਂ ਆਪਸੀ ਵਿਚਾਰ ਚਰਚਾ ਲਈ ਰੱਖੀ ਗਈ ਮੀਟਿੰਗ ਹੁਣ 15 ਦੀ ਥਾਂ 13 ਜਨਵਰੀ ਨੂੰ ਹੋਵੇਗੀ। ਇਹ ਫੈਸਲਾ ਐੱਸਕੇਐੱਮ (ਗੈਰ ਸਿਆਸੀ) ਅਤੇ ਕੇਐੱਮਐੱਮ ਵੱਲੋਂ ਅੱਜ ਪੱਤਰ ਲਿਖ ਕੇ ਮੀਟਿੰਗ 15 ਤੋਂ ਪਹਿਲਾਂ ਕਰਨ ਦੀ ਕੀਤੀ ਗਈ ਅਪੀਲ ਦੇ ਤਹਿਤ ਲਿਆ ਗਿਆ ਹੈ। ਇਸ ਤੋਂ ਪਹਿਲਾਂ ਇਹ ਮਾਮਲਾ ਐੱਸਕੇਐੱਮ ਦੀ ਕੌਮੀ ਤਾਲਮੇਲ ਕਮੇਟੀ ਵੱਲੋਂ ਵੀ ਵਿਚਾਰਿਆ ਗਿਆ,ਜਿਸ ਵੱਲੋਂ ਐੱਸਕੇਐੱਮ ਦੀ ਸੂਬਾਈ ਤਾਲਮੇਲ ਕਮੇਟੀ ਨੂੰ ਮੀਟਿੰਗ ਅਗਾਊਂ ਕਰਨ ਸਬੰਧੀ ਫੈਸਲਾ ਲੈਣ ਦੇ ਅਧਿਕਾਰ ਦਿੱਤੇ ਗਏ। ਇਸ ਮਗਰੋਂ ਹੀ ਕਮੇਟੀ ਮੈਂਬਰਾਂ ਨੇ ਵਿਚਾਰ ਚਰਚਾ ਉਪਰੰਤ ਲਚਕ ਵਿਖਾਉਂਦਿਆਂ ਇਹ ਮੀਟਿੰਗ 13 ਨੂੰ ਕਰਨ ’ਤੇ ਮੋਹਰ ਲਾ ਦਿੱਤੀ। ਸੂਤਰਾਂ ਅਨੁਸਾਰ ਇਸ ਤਾਲਮੇਲ ਕਮੇਟੀ ਨੇ ਦੋਵਾਂ ਫੋਰਮਾਂ ਵੱਲੋਂ ਡੱਲੇਵਾਲ ਦੀ ਡਾਵਾਂਡੋਲ ਸਿਹਤ ਦੇ ਹਵਾਲੇ ਨਾਲ ਪਟਿਆਲਾ ਦੀ ਥਾਂ ਮੀਟਿੰਗ ਢਾਬੀਗੁੱਜਰਾਂ ਬਾਰਡਰ ’ਤੇ ਕਰਨ ਦੀ ਬੇਨਤੀ ’ਤੇ ਵੀ ਸੰਜੀਦਗੀ ਨਾਲ ਵਿਚਾਰ ਕੀਤਾ ਤੇ ਇਸ ਮੱਦ ’ਤੇ ਵੀ ਇਹ ਕਮੇਟੀ ਨੇ ਨਰਮ ਰੁਖ਼ ਅਖਤਿਆਰ ਕਰਦਿਆਂ ਫੋਰਮਾਂ ਦਾ ਮੀਟਿੰਗ ਸਥਾਨ ਦੂਰ ਹੋਣ ਦੀ ਬੇਨਤੀ ’ਤੇ ਵੀ ਫੁੱਲ ਚੜ੍ਹਾਏ ਹਨ। ਇਹ ਤਾਂ ਸਪੱਸ਼ਟ ਹੈ ਕਿ ਇਹ ਮੀਟਿੰਗ ਪਟਿਆਲਾ ਨਹੀਂ ਹੋਵੇਗੀ, ਪਰ ਸੂਤਰ ਦੱਸਦੇ ਹਨ ਕਿ ਮੀਟਿੰਗ ਢਾਬੀਗੁੱਜਰਾਂ ਵੀ ਨਹੀਂ ਹੋਵੇਗੀ ਪਰ ਢਾਬੀਗੁੱਜਰਾਂ ਦੇ ਨੇੜੇ ਤੇੜੇ ਹੋ ਸਕਦੀ ਹੈ। ਸੰਪਰਕ ਕਰਨ ’ਤੇ ਕਮੇਟੀ ਮੈਂਬਰ ਰਮਿੰਦਰ ਸਿੰਘ ਪਟਿਆਲਾ, ਜੋ ਕਿਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਆਗੂ ਹਨ,ਨੇ ਮੀਟਿੰਗ 13 ਜਨਵਰੀ ਹੋਣ ਦੀ ਤਾਂ ਭਾਵੇਂ ਹਾਮੀ ਭਰੀ, ਪਰ ਇਸ ਦੇ ਸਥਾਨ ਸਬੰਧੀ ਸਥਿਤੀ ਸਪੱਸ਼ਟ ਨਹੀਂ ਕੀਤੀ। ਤਰਕ ਸੀ ਕਿ ਮੀਟਿੰਗ ਸਥਾਨ ਵੀ ਸਾਰੇ ਪਹਿਲੂਆਂ ਨੂੰ ਵਿਚਾਰ ਕੇ ਹੀ ਮੁਕੱਰਰ ਕੀਤਾ ਜਾਵੇਗਾ। ਇਹ ਦੋਵੇਂ ਫੈਸਲੇ ਜੋਗਿੰਦਰ ਉਗਰਾਹਾਂ, ਬਲਵੀਰ ਰਾਜੇਵਾਲ, ਰਮਿੰਦਰ ਪਟਿਆਲਾ ਤੇ ਡਾ. ਦਰਸ਼ਨਪਾਲ ਆਦਿ ’ਤੇ ਆਧਾਰਿਤ ਤਾਲਮੇਲ ਕਮੇਟੀ ਦੇ ਮੈਂਬਰਾਂ ਵੱਲੋਂ ਚਰਚਾ ਕਰਨ ਮਗਰੋਂ ਲਏ ਗਏ ਹਨ। ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਡੱਲੇਵਾਲ ਦੀ ਡਾਵਾਂਡੋਲ ਸਥਿਤੀ ਨੂੰ ਵਾਚਦਿਆਂ ਐੱਸਕੇਐੱਮ ਦੋਵੇਂ ਫੋਰਮਾਂ ਨਾਲ ਏਕਤਾ ਕਰਨ ਦੇ ਰੌਂਅ ’ਚ ਹੈ। ਉਂਝ ਹੁਣ ਤੱਕ ਦੋਵਾਂ ਫੋਰਮਾਂ ਦਾ ਰਵੱਈਆ ਵੀ ਉਸਾਰੂ ਹੀ ਨਜ਼ਰ ਆ ਰਿਹਾ ਹੈ। ਜਿਥੇ ਅੱਜ ਢਾਬੀਗੁੱਜਰਾਂ ਮੋਰਚੇ ਵਿਚਲੇ ਆਗੂਆਂ ਨੇ ਹਾਂ ਪੱਖੀ ਰਵੱਈਆ ਵਿਖਾਇਆ, ਉਥੇ ਹੀ ਸ਼ੰਭੂ ਮੋਰਚੇ ਦੇ ਮੋਢੀਆਂ ’ਚ ਸ਼ੁਮਾਰ ਸਰਵਣ ਸਿੰਘ ਪੰਧੇਰ ਪਹਿਲਾਂ ਹੀ ਐੱਸਕੇਐੱਮ ਦੇ ਅਜਿਹੇ ਕਦਮਾਂ ਦੀ ਪ੍ਰਸੰਸਾ ਕਰ ਚੁੱਕੇ ਹਨ। ਉਧਰ, ਇਸ ਤੋਂ ਪਹਿਲਾਂ ਢਾਬੀਗੁੱੱਜਰਾਂ ਬਾਰਡਰ ’ਤੇ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਦੋਵਾਂ ਫੋਰਮਾਂ ਦੇ ਆਗੂ ਸੁਖਜੀਤ ਸਿੰਘ ਹਰਦੋਝੰਡੇ, ਅਭਿਮੰਨਿਊ ਕੋਹਾੜ, ਲਖਵਿੰਦਰ ਸਿੰਘ ਔਲਖ, ਇੰਦਰਜੀਤ ਸਿੰਘ ਕੋਟਬੁੱਢਾ ਹਾਜ਼ਰ ਸਨ।

Advertisement
Advertisement