ਮਰਨ ਵਰਤ ’ਤੇ ਬੈਠਣ ਤੋਂ ਪਹਿਲਾਂ ਹੀ ਡੱਲੇਵਾਲ ਨੂੰ ਪੁਲੀਸ ਨੇ ਚੁੱਕਿਆ
ਸਰਬਜੀਤ ਸਿੰਘ ਭੰਗੂ /ਗੁਰਨਾਮ ਸਿੰਘ ਚੌਹਾਨ
ਪਟਿਆਲਾ/ਪਾਤੜਾਂ, 26 ਨਵੰਬਰ
ਦਿੱਲੀ ਕਿਸਾਨ ਅੰਦੋਲਨ ਦੌਰਾਨ ਕੇਂਦਰ ਵੱੱਲੋਂ ਮੰਨੀਆਂ ਮੰਗਾਂ ਲਾਗੂ ਕਰਵਾਉਣ ਲਈ ਅੱਜ ਇੱਥੇ ਪਿੰਡ ਢਾਬੀ ਗੁਜਰਾਂ ਵਿਖੇ ਪੱਕੇ ਮੋਰਚੇ ’ਤੇ ਮਰਨ ਵਰਤ ਸ਼ੁਰੂ ਕਰਨ ਤੋਂ ਪਹਿਲਾਂ ਹੀ ਪੁਲੀਸ ਭਾਰਤੀ ਕਿਸਾਨ ਯੂਨੀਅਨ (ਏਕਤਾ/ਸਿੱਧੂਪੁਰ) ਦੇ ਸੂਬਾਈ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੂੰ ਚੁੱਕ ਕੇ ਲੈ ਗਈ। ਕਿਸਾਨ ਆਗੂ ਸ੍ਰੀ ਡੱਲੇਵਾਲ ਨੇ ਦਿੱਲੀ ਅੰਦੋਲਨ ਦੀ ਚੌਥੀ ਵਰ੍ਹੇਗੰਢ ਮੌਕੇ ਅੱਜ ਇੱਥੇ ਮਰਨ ਵਰਤ ਸ਼ੁਰੂ ਕਰਨ ਦਾ ਪਹਿਲਾਂ ਹੀ ਐਲਾਨ ਕੀਤਾ ਹੋਇਆ ਸੀ।
ਵੱਡੀ ਗਿਣਤੀ ਵਿੱਚ ਪੁੱਜੀ ਪੁਲੀਸ ਨੇ ਅੱਜ ਤੜਕੇ ਮੋਰਚੇ ਵਾਲੀ ਥਾਂ ’ਤੇ ਧਾਵਾ ਬੋਲਿਆ ਅਤੇ ਕਿਸਾਨ ਆਗੂ ਨੂੰ ਜਬਰੀ ਚੁੱਕ ਕੇ ਲੈ ਗਈ ਅਤੇ ਮੈਡੀਕਲ ਜਾਂਚ ਲਈ ਉਨ੍ਹਾਂ ਨੂੰ ਲੁਧਿਆਣਾ ਦੇ ਡੀਐੱਮਸੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਉਧਰ, ਜਗਜੀਤ ਸਿੰਘ ਡੱਲੇਵਾਲ ਦੀ ਗੈਰਮੌਜੂਦਗੀ ਵਿੱਚ ਬੀਕੇਯੂ (ਸਿੱਧੂਪੁਰ) ਦੇ ਆਗੂ ਸੁਖਜੀਤ ਸਿੰਘ ਹਰਦੋਝੰਡੇ ਨੇ ਇੱਥੇ ਮਰਨ ਵਰਤ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਨੇ ਮੰਗਾਂ ਦੀ ਪੂਰਤੀ ਤੱਕ ਮਰਨ ਵਰਤ ਜਾਰੀ ਰੱੱਖਣ ਦਾ ਐਲਾਨ ਕੀਤਾ ਹੈ। ਅੱਜ ਤੜਕੇ ਲਗਪਗ ਪੌਣੇ ਚਾਰ ਵਜੇ 200 ਪੁਲੀਸ ਮੁਲਾਜ਼ਮਾਂ ਨੇ ਕਿਸਾਨ ਮੋਰਚੇ ’ਤੇ ਧਾਵਾ ਬੋਲਿਆ। ਜਗਜੀਤ ਸਿੰਘ ਡੱਲੇਵਾਲ ਟਰਾਲੀ ’ਤੇ ਬਣਾਏ ਆਰਜ਼ੀ ਕਮਰੇ ਵਿੱਚ ਪਏ ਸਨ। ਪੁਲੀਸ ਮੁਲਾਜ਼ਮਾਂ ਨੇ ਕਿਸਾਨ ਆਗੂ ਦੇ ਕਮਰੇ ਦੀ ਕਥਿਤ ਭੰਨ-ਤੋੜ ਕਰਨ ਮਗਰੋਂ ਕੁੰਡਾ ਖੋਲ੍ਹਿਆ ਅਤੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ। ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਪੁਲੀਸ ਨੇ ਜਗਜੀਤ ਡੱਲੇਵਾਲ ਨੂੰ ਸਿਰ ’ਤੇ ਪਰਨਾ ਵੀ ਨਹੀਂ ਬੰਨ੍ਹਣ ਦਿੱਤਾ। ਪੁਲੀਸ ਉਨ੍ਹਾਂ ਨੂੰ ਨੰਗੇ ਸਿਰ ਤੇ ਨੰਗੇ ਧੜ ਧੂਹ ਕੇ ਲੈ ਗਈ। ਇਸ ਘਟਨਾ ਦਾ ਪਤਾ ਚੱਲਦਿਆਂ ਹੀ ਪੰਜਾਬ ਵਿੱਚੋਂ ਵੱਡੀ ਗਿਣਤੀ ਕਿਸਾਨਾਂ ਨੇ ਹਰਿਆਣਾ ਦੀ ਹੱਦ ’ਤੇ ਲੱਗੇ ਇਸ ਮੋਰਚੇ ਵੱਲ ਚਾਲੇ ਪਾ ਦਿੱਤੇ ਹਨ। ਪਟਿਆਲਾ ਦੇ ਡੀਆਈਜੀ ਮਨਦੀਪ ਸਿੱਧੂ ਨੇ ਸਪੱਸ਼ਟ ਕੀਤਾ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਪਟਿਆਲਾ ਪੁਲੀਸ ਲੈ ਕੇ ਆਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਮਰ ਸਬੰਧੀ ਸਮੱਸਿਆ ਕਾਰਨ ਮਰਨ ਵਰਤ ਉਨ੍ਹਾਂ ਲਈ ਘਾਤਕ ਹੋ ਸਕਦਾ ਹੈ। ਉਨ੍ਹਾਂ ਨੂੰ ਮੈਡੀਕਲ ਜਾਂਚ ਲਈ ਡੀਐੱਮਸੀ ਹਸਪਤਾਲ ਲਿਆਂਦਾ ਗਿਆ ਸੀ।
ਡੱਲੇਵਾਲ ਦੀ ਰਿਹਾਈ ਲਈ ਕਿਸਾਨ ਅੱੱਜ ਬਣਾਉਣਗੇ ਰਣਨੀਤੀ
ਕਿਸਾਨ ਆਗੂ ਸਰਵਣ ਪੰਧੇਰ, ਸੁਰਜੀਤ ਸਿੰਘ ਫੂਲ, ਜਸਵਿੰਦਰ ਲੌਂਗੋਵਾਲ, ਗੁਰਪ੍ਰੀਤ ਮਾਂਗਟ, ਕਾਕਾ ਕੋਟੜਾ, ਇੰੰਦਰਜੀਤ ਕੋਟਬੁੱਢਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਪੁਲੀਸ ਦੀ ਕਾਰਵਾਈ ਨੂੰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਾਰ ਦਿੱਤਾ ਹੈ। ਉਨ੍ਹਾਂ ਐਲਾਨ ਕੀਤਾ ਕਿ ਜਗਜੀਤ ਸਿੰਘ ਡੱਲੇਵਾਲ ਨਾ ਛੱਡੇ ਜਾਣ ਦੀ ਸੂਰਤ ਵਿੱਚ 27 ਨਵੰਬਰ ਤੋਂ ਸੰਘਰਸ਼ ਤੇਜ਼ ਕੀਤਾ ਜਾਵੇਗਾ। ਸੁਰਜੀਤ ਫੂਲ ਨੇ ਕਿਹਾ ਕਿ ਸੰਘਰਸ਼ ਕੇਂਦਰ ਖਿਲਾਫ਼ ਹੈ ਫਿਰ ਪੰਜਾਬ ਸਰਕਾਰ ਅੜਿੱਕੇ ਕਿਉਂ ਡਾਹ ਰਹੀ ਹੈ? ਪੰਜਾਬ ਸਰਕਾਰ ਇਸ ਸਬੰਧੀ ਸਥਿਤ ਸਪੱਸ਼ਟ ਕਰੇ।