ਮਰਨ ਵਰਤ ’ਤੇ ਬੈਠੇ ਡੱਲੇਵਾਲ ਦਾ 12 ਕਿਲੋ ਵਜ਼ਨ ਘਟਿਆ
ਗੁਰਨਾਮ ਸਿੰਘ ਚੌਹਾਨ
ਪਾਤੜਾਂ, 11 ਦਸੰਬਰ
ਕੇਂਦਰ ਸਰਕਾਰ ਤੋਂ ਮੰਗਾਂ ਮਨਵਾਉਣ ਲਈ ਦਿੱਲੀ-ਸੰਗਰੂਰ ਮੁੱਖ ਮਾਰਗ ’ਤੇ ਪਿੰਡ ਢਾਬੀ ਗੁੱਜਰਾਂ ’ਚ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 16ਵੇਂ ਦਿਨ ਵੀ ਜਾਰੀ ਰਿਹਾ। ਉਨ੍ਹਾਂ ਦੀ ਹਾਲਤ ਹੋਰ ਚਿੰਤਾਜਨਕ ਹੋ ਗਈ ਹੈ। ਡਾਕਟਰਾਂ ਵੱਲੋਂ ਉਨ੍ਹਾਂ ਦੀ ਸਿਹਤ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਡਾਕਟਰਾਂ ਨੇ ਡੱਲੇਵਾਲ ਦਾ 12 ਕਿਲੋ ਵਜ਼ਨ ਘਟਣ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦੀ ਹਾਲਤ ਕਿਸੇ ਵੀ ਸਮੇਂ ਹੋਰ ਗੰਭੀਰ ਹੋ ਸਕਦੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦੀ ਹਮਾਇਤ ’ਚ 12 ਦਸੰਬਰ ਨੂੰ ਦੇਸ਼ ਵਾਸੀ ਆਪਣੇ ਘਰਾਂ ਵਿੱਚ ਸ਼ਾਮ ਦਾ ਖਾਣਾ ਨਾ ਬਣਾਉਣ। ਉਨ੍ਹਾਂ ਕਿਹਾ ਕਿ 13 ਦਸੰਬਰ ਨੂੰ ਸਮੂਹ ਦੇਸ਼ ਵਾਸੀ ਆਪੋ-ਆਪਣੇ ਪਿੰਡਾਂ ਵਿੱਚ ਕੇਂਦਰ ਤੇ ਸੂਬਾ ਸਰਕਾਰਾਂ ਦੇ ਪੁਤਲੇ ਜ਼ਰੂਰ ਫੂਕਣ ਕਿਉਂਕਿ ਕੋਈ ਵੀ ਸਿਆਸੀ ਪਾਰਟੀ ਕਿਸਾਨਾਂ ਦੇ ਮਸਲਿਆਂ ਪ੍ਰਤੀ ਗੰਭੀਰ ਨਹੀਂ ਹੈ। ਕਿਸਾਨ ਆਗੂਆਂ ਨੇ ਦੱਸਿਆ ਹੈ ਕਿ ਅੱਜ ਦੇਸ਼ ਭਰ ਦੇ ਸਾਰੇ ਧਾਰਮਿਕ ਸਥਾਨਾਂ ’ਤੇ ਡੱਲੇਵਾਲ ਦੀ ਸਿਹਤਯਾਬੀ, ਮੋਰਚਿਆਂ ਦੀ ਮਜ਼ਬੂਤੀ ਅਤੇ ਜ਼ਖਮੀ ਕਿਸਾਨਾਂ ਦੀ ਤੰਦਰੁਸਤੀ ਲਈ ਅਰਦਾਸ ਕੀਤੀ ਗਈ। ਉਨ੍ਹਾਂ ਦਾਅਵਾ ਕੀਤਾ ਹੈ ਕਿ 13 ਨੂੰ ਵੱਡੇ ਜਥੇ ਮੋਰਚੇ ਵਿੱਚ ਪਹੁੰਚਣਗੇ।
ਵੱਡੀ ਭੈਣ ਨੇ ਭਰਾ ਲਈ ਕੀਤੀ ਅਰਦਾਸ
ਜਗਜੀਤ ਸਿੰਘ ਡੱਲੇਵਾਲ ਦੀ ਵੱਡੀ ਭੈਣ ਸੁਖਦੇਵ ਕੌਰ ਨੇ ਕਿਸਾਨ ਆਗੂ ਦੀ ਸਿਹਤ ਦਾ ਖਿਆਲ ਰੱਖ ਰਹੇ ਡਾਕਟਰਾਂ ਦੇ ਨਾਲ ਬੈਠ ਕੇ ਭਰਾ ਦੀ ਸਿਹਤਯਾਬੀ ਅਤੇ ਚੜ੍ਹਦੀ ਕਲਾ ਲਈ ਗੁਰਬਾਣੀ ਪੜ੍ਹੀ ਤੇ ਅਰਦਾਸ ਕੀਤੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਵਹੀਰਾਂ ਘੱਤ ਕੇ ਬਾਰਡਰ ’ਤੇ ਆਉਣ।