Dallewal ਡੱਲੇਵਾਲ ਵੱਲੋਂ ਆਰਜ਼ੀ ਹਸਪਤਾਲ ਵਿਚ ਸ਼ਿਫਟ ਹੋਣ ਤੋਂ ਨਾਂਹ
ਗੁਰਨਾਮ ਸਿੰਘ ਚੌਹਾਨ
ਪਾਤੜਾਂ, 28 ਦਸੰਬਰ
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਉਨ੍ਹਾਂ ਦੀ ਸਿਹਤ ਸੰਭਾਲ ਲਈ ਬਣਾਈ ਸਿਹਤ ਮਾਹਿਰਾਂ ਅਤੇ ਸੂਬਾ ਸਰਕਾਰ ਦੀ ਉੱਚ ਪੱਧਰੀ ਟੀਮ ਵੱਲੋਂ ਢੁਕਵਾਂ ਇਲਾਜ ਕਰਵਾਉਣ ਦੀ ਦਿੱਤੀ ਪੇਸ਼ਕਸ਼ ਮੁੜ ਠੁਕਰਾ ਦਿੱਤੀ ਹੈ। ਉਨ੍ਹਾਂ ਧਰਨੇ ਵਾਲੀ ਥਾਂ ਨੇੜੇ ਸਥਾਪਿਤ ਆਰਜ਼ੀ ਹਸਪਤਾਲ ਵਿਚ ਸ਼ਿਫਟ ਹੋਣ ਤੋਂ ਵੀ ਨਾਂਹ ਕਰ ਦਿੱਤੀ। ਉਨ੍ਹਾਂ ਦਵਾਈ ਜਾਂ ਤਰਲ ਪਦਾਰਥ ਲੈਣ ਤੋਂ ਇਨਕਾਰ ਕੀਤਾ ਹੈ। ਸੁਪਰੀਮ ਕੋਰਟ ਵੱਲੋਂ ਡੱਲੇਵਾਲ ਨੂੰ 31 ਦਸੰਬਰ ਤੱਕ ਹਸਪਤਾਲ ਵਿਚ ਦਾਖਲ ਕਰਨ ਦੇ ਦਿੱਤੇ ਹੁਕਮਾਂ ਮਗਰੋਂ ਪਟਿਆਲਾ ਰੇਂਜ ਦੇ ਡੀਆਈਜੀ ਮਨਦੀਪ ਸਿੰਘ ਸਿੱਧੂ, ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ, ਐੱਸਐੱਸਪੀ ਡਾ. ਨਾਨਕ ਸਿੰਘ, ਵਧੀਕ ਡਿਪਟੀ ਕਮਿਸ਼ਨਰ ਜਨਰਲ ਇਸ਼ਾ ਸਿੰਗਲ ਆਦਿ ਦੀ ਸ਼ਮੂਲੀਅਤ ਵਾਲੀ ਟੀਮ ਸ਼ਨਿੱਚਰਵਾਰ ਸ਼ਾਮੀਂ ਕਿਸਾਨ ਆਗੂ ਨੂੰ ਮਨਾਉਣ ਲਈ ਮੁੜ ਆਈ ਸੀ। ਟੀਮ ਨੇ ਡੱਲੇਵਾਲ ਨੂੰ ਮੈਡੀਕਲ ਏਡ ਲਈ ਹਸਪਤਾਲ ਵਿਚ ਤਬਦੀਲ ਹੋਣ ਦੀ ਪੇਸ਼ਕਸ਼ ਕੀਤੀ, ਪਰ ਕਿਸਾਨ ਆਗੂ ਨੇ ਸਾਫ਼ ਨਾਂਹ ਕਰ ਦਿੱਤੀ। ਟੀਮ ਨੇ ਕਿਹਾ ਕਿ ਰਾਜਿੰਦਰਾ ਮੈਡੀਕਲ ਕਾਲਜ ਅਤੇ ਮਾਤਾ ਕੌਸ਼ੱਲਿਆ ਹਸਪਤਾਲ ਪਟਿਆਲਾ ਦੀ ਮੈਡੀਕਲ ਟੀਮ ਕਿਸਾਨ ਆਗੂ ਦੀ ਸਿਹਤ ਦੀ ਨਿਰੰਤਰ ਦੇਖਭਾਲ ਲਈ ਤਾਇਨਾਤ ਹੈ। ਅਧਿਕਾਰੀਆਂ ਨੇ ਕਿਸਾਨ ਆਗੂ ਨੂੰ ਅੰਦੋਲਨ ਜਾਰੀ ਰੱਖਦਿਆਂ ਸਿਹਤ ਸੰਭਾਲ ਲਈ ਲੋੜੀਂਦੀ ਦਵਾਈ ਅਤੇ ਤਰਲ ਪਦਾਰਥ ਲੈਣ ਦੀ ਵੀ ਅਪੀਲ ਕੀਤੀ। ਉਨ੍ਹਾਂ ਕਿਸਾਨ ਆਗੂ ਨੂੰ ਰਾਜਿੰਦਰਾ ਮੈਡੀਕਲ ਕਾਲਜ ਜਾਂ ਮਾਤਾ ਕੌਸ਼ੱਲਿਆ ਹਸਪਤਾਲ ਵਿੱਚ ਤਬਦੀਲ ਕਰਨ ਦਾ ਵਿਕਲਪ ਵੀ ਦਿੱਤਾ। ਟੀਮ ਨੇ ਕਿਸਾਨ ਆਗੂ ਨੂੰ ਧਰਨੇ ਵਾਲੀ ਥਾਂ ਤੋਂ 700 ਮੀਟਰ ਦੀ ਦੂਰੀ ’ਤੇ ਸਥਾਪਿਤ ਆਰਜ਼ੀ ਹਸਪਤਾਲ ਵਿੱਚ ਸ਼ਿਫਟ ਹੋਣ ਦੀ ਅਪੀਲ ਵੀ ਕੀਤੀ ਜੋ ਕਿ ਸਾਰੀਆਂ ਐਮਰਜੈਂਸੀ ਦਵਾਈਆਂ ਅਤੇ ਉਪਕਰਨਾਂ ਨਾਲ ਲੈਸ ਹੈ। ਇਸ ਮੇਕ ਸ਼ਿਫਟ ਹਸਪਤਾਲ ’ਚ ਮਾਹਿਰ ਡਾਕਟਰਾਂ ਦੀ ਟੀਮ 24 ਘੰਟੇ ਤਾਇਨਾਤ ਕੀਤੀ ਗਈ ਹੈ ਤੇ ਹੋਰ ਲੋੜੀਂਦਾ ਸਾਮਾਨ ਵੀ ਉਪਲਬਧ ਹੈ।