Dallewal ਡੱਲੇਵਾਲ ਨੂੰ ਧੁੱਪ, ਰੌਸ਼ਨੀ ਤੇ ਤਾਜ਼ੀ ਹਵਾ ਲਈ ਟਰਾਲੀ ਵਾਲੇ ਕਮਰੇ ’ਚੋਂ ਬਾਹਰ ਕੱਢਿਆ
ਸਰਬਜੀਤ ਸਿੰਘ ਭੰਗੂ/ਗੁਰਨਾਮ ਸਿੰਘ ਚੌਹਾਨ
ਪਟਿਆਲਾ/ਪਾਤੜਾਂ, 22 ਜਨਵਰੀ
ਕਿਸਾਨੀ ਮੰਗਾਂ ਦੀ ਪੂਰਤੀ ਲਈ 58 ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਨੂੰ ਅੱਜ ਉਨ੍ਹਾਂ ਦੇ ਪੁਰਾਣੇ ਕਮਰੇ ’ਚੋਂ ਬਾਹਰ ਕੱਢ ਕੇ ਕੁਝ ਦੇਰ ਲਈ ਧੁੱਪ ਵਿਚ ਬਿਠਾਇਆ ਗਿਆ। ਡਾਕਟਰਾਂ ਨੇ ਸਲਾਹ ਦਿੱਤੀ ਹੈ ਕਿ ਕਿਸਾਨ ਆਗੂ ਨੂੰ ਜਲਦੀ ਤੰਦਰੁਸਤ ਕਰਨ ਲਈ ਤਾਜ਼ਾ ਹਵਾ, ਰੌਸ਼ਨੀ ਅਤੇ ਧੁੱਪ ਦੀ ਲੋੜ ਹੈ। ਹੁਣ ਉਨ੍ਹਾਂ ਨੂੰ ਮੋਡੀਫਾਈ ਕੀਤੀ ਗਈ ਵਿਸ਼ੇਸ਼ ਟਰਾਲੀ ਵਿੱਚ ਰੱਖਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਗੱਲਬਾਤ ਲਈ 14 ਫਰਵਰੀ ਦੀ ਮੀਟਿੰਗ ਦਾ ਸੱਦਾ ਮਿਲਣ ਤੋਂ ਬਾਅਦ ਡੱਲੇਵਾਲ ਨੇ ਭਾਵੇਂ 55ਵੇਂ ਦਿਨ ਟਰੀਟਮੈਂਟ ਲੈਣਾ ਤਾਂ ਸ਼ੁਰੂ ਕਰ ਦਿੱਤਾ ਸੀ, ਪਰ ਉਹ ਮੰਗਾਂ ਦੀ ਪੂਰਤੀ ਤੱਕ ਮਰਨ ਵਰਤ ਜਾਰੀ ਰੱਖਣ ਲਈ ਬਜ਼ਿੱਦ ਹਨ। ਇਸ ਕਰਕੇ ਅੱਜ 58ਵੇਂ ਦਿਨ ਵੀ ਉਨ੍ਹਾਂ ਦਾ ਮਰਨ ਵਰਤ ਜਾਰੀ ਰਿਹਾ। ਡਾਕਟਰਾਂ ਨੇ ਸਲਾਹ ਦਿੱਤੀ ਹੈ ਕਿ ਉਨ੍ਹਾਂ ਨੂੰ ਜਲਦੀ ਤੰਦਰੁਸਤ ਕਰਨ ਲਈ ਜ਼ਰੂਰੀ ਹੈ ਕਿ ਟਰੀਟਮੈਂਟ ਦੇ ਨਾਲ ਨਾਲ ਧੁੱਪ, ਤਾਜ਼ਾ ਹਵਾ ਅਤੇ ਰੌਸ਼ਨੀ ਵਿੱਚ ਰੱਖਿਆ ਜਾਵੇ। ਕਿਸਾਨ ਆਗੂਆਂ ਵੱਲੋਂ ਡਾਕਟਰਾਂ ਦੀ ਸਲਾਹ ’ਤੇ ਉਨ੍ਹਾਂ ਲਈ ਇੱਕ ਵਿਸ਼ੇਸ਼ ਕਮਰਾ ਤਿਆਰ ਕੀਤਾ ਜਾ ਰਿਹਾ ਹੈ।