For the best experience, open
https://m.punjabitribuneonline.com
on your mobile browser.
Advertisement

ਭਾਜਪਾ ਸ਼ਾਸਿਤ ਸੂਬਿਆਂ ’ਚ ਦਲਿਤ, ਔਰਤਾਂ ਤੇ ਆਦਿਵਾਸੀ ਅਸੁਰੱਖਿਅਤ: ਚੀਮਾ

07:31 AM Aug 04, 2023 IST
ਭਾਜਪਾ ਸ਼ਾਸਿਤ ਸੂਬਿਆਂ ’ਚ ਦਲਿਤ  ਔਰਤਾਂ ਤੇ ਆਦਿਵਾਸੀ ਅਸੁਰੱਖਿਅਤ  ਚੀਮਾ
Advertisement

ਆਤਿਸ਼ ਗੁਪਤਾ
ਚੰਡੀਗੜ੍ਹ, 3 ਅਗਸਤ
ਆਮ ਆਦਮੀ ਪਾਰਟੀ (ਆਪ) ਨੇ ਮਨੀਪੁਰ ਤੇ ਹਰਿਆਣਾ ’ਚ ਹੋ ਰਹੀ ਹਿੰਸਾ ਨੂੰ ਲੈ ਕੇ ਅੱਜ ਭਾਜਪਾ ’ਤੇ ਤਿੱਖਾ ਹਮਲਾ ਕੀਤਾ ਹੈ। ‘ਆਪ’ ਦੇ ਸੀਨੀਅਰ ਆਗੂ ਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਇੱਥੇ ਪੰਜਾਬ ਭਵਨ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਜਪਾ ਦੇ ਸ਼ਾਸਨ ਵਾਲੇ ਰਾਜਾਂ ਵਿੱਚ ਬੱਚਿਆਂ, ਔਰਤਾਂ ਤੇ ਆਦਿਵਾਸੀਆਂ ’ਤੇ ਲਗਾਤਾਰ ਜ਼ੁਲਮ ਹੋ ਰਿਹਾ ਹੈ। ਦੇਸ਼ ਵਿੱਚ ਇੰਨਾ ਕੁਝ ਹੋਣ ਦੇ ਬਾਵਜੂਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੁੱਪ ਵੱਟੀ ਬੈਠੇ ਹਨ। ਉਨ੍ਹਾਂ ਕਿਹਾ ਕਿ ਮਨੀਪੁਰ ਤੇ ਹਰਿਆਣਾ ’ਚ ਭਾਰੀ ਹਿੰਸਾ ਹੋਣ ਦੇ ਬਾਵਜੂਦ ਪ੍ਰਧਾਨ ਮੰਤਰੀ ਦੀ ਚੁੱਪ ਸਾਫ਼ ਇਸ਼ਾਰਾ ਕਰਦੀ ਹੈ ਕਿ ਭਾਜਪਾ ਸਰਕਾਰ ਦੇਸ਼ ਦੇ ਲੋਕਾਂ ਦੀ ਆਪਸੀ ਭਾਈਚਾਰਕ ਸਾਂਝ ਨੂੰ ਤੋੜਨ ਵਿੱਚ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਅੱਜ ਭਾਜਪਾ ਸਰਕਾਰ ਦੇ ਰਾਜ ਦੌਰਾਨ ਦੇਸ਼ ਵਿੱਚ ਜੋ ਮਾਹੌਲ ਬਣਿਆ ਹੈ, ਉਸ ਨੇ ਭਾਰਤ ਨੂੰ ਦੁਨੀਆ ਭਰ ’ਚ ਸ਼ਰਮਸਾਰ ਕਰ ਦਿੱਤਾ ਹੈ। ਚੀਮਾ ਨੇ ਆਖਿਆ, ‘‘ਮਨੀਪੁਰ ’ਚ ਤਿੰਨ ਮਹੀਨਿਆਂ ਤੋਂ ਹਿੰਸਾ ਚੱਲ ਰਹੀ ਹੈ। ਇਸ ’ਤੇ ਨੱਥ ਪਾਉਣ ’ਚ ਮਨੀਪੁਰ ਸਰਕਾਰ ਪੂਰੀ ਤਰ੍ਹਾਂ ਫ਼ੇਲ੍ਹ ਹੋ ਚੁੱਕੀ ਹੈ। ਔਰਤਾਂ ’ਤੇ ਅੱਤਿਆਚਾਰ ਹੋ ਰਹੇ ਹਨ। ਸੰਸਦ ’ਚ ਵਿਰੋਧੀ ਧਿਰ ਦੇ ਆਗੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਜਵਾਬ ਮੰਗ ਰਹੇ ਹਨ, ਪਰ ਪ੍ਰਧਾਨ ਮੰਤਰੀ ਕੋਲ ਮਨੀਪੁਰ ਬਾਰੇ ਬੋਲਣ ਦਾ ਸਮਾਂ ਹੀ ਨਹੀਂ ਹੈ।’’
ਉਨ੍ਹਾਂ ਕਿਹਾ ਕਿ ਮਨੀਪੁਰ ’ਤੇ ਬਹਿਸ ਕਰਵਾਉਣ ਲਈ ਸੰਸਦ ’ਚ ਹਰ ਰੋਜ਼ 50 ਤੋਂ 70 ਨੋਟਿਸ ਦਿੱਤੇ ਜਾ ਰਹੇ ਹਨ, ਪਰ ਸਰਕਾਰ ਇਸ ’ਤੇ ਬਹਿਸ ਕਰਨ ਲਈ ਤਿਆਰ ਨਹੀਂ ਹੈ।
ਵਿੱਤ ਮੰਤਰੀ ਨੇ ਕਿਹਾ ਕਿ ਹੁਣ ਭਾਜਪਾ ਸ਼ਾਸਿਤ ਰਾਜ ਹਰਿਆਣਾ ਵੀ ਮਨੀਪੁਰ ਵਾਂਗ ਅੱਗ ਦੀ ਲਪੇਟ ਵਿਚ ਹੈ, ਜਿੱਥੇ 100 ਦੇ ਕਰੀਬ ਲੋਕ ਜ਼ਖ਼ਮੀ ਹੋਏ ਅਤੇ 6 ਦੀ ਮੌਤ ਹੋ ਗਈ ਪਰ ਪ੍ਰਧਾਨ ਮੰਤਰੀ ਨੇ ਇਨ੍ਹਾਂ ਮੁੱਦਿਆਂ ’ਤੇ ਕੁਝ ਨਹੀਂ ਕਿਹਾ।
ਚੀਮਾ ਮੁਤਾਬਕ ਕੁਝ ਦਿਨ ਪਹਿਲਾਂ ਮੱਧ ਪ੍ਰਦੇਸ਼ ’ਚ ਇੱਕ ਕਬਾਇਲੀ ਨਾਲ ਕੁੱਟਮਾਰ ਕੀਤੀ ਗਈ ਫੇਰ ਉਸ ਦੇ ਚਿਹਰੇ ’ਤੇ ਪਿਸ਼ਾਬ ਕਰ ਦਿੱਤਾ ਪਰ ਭਾਜਪਾ ਸਰਕਾਰ ਨੇ ਕੋਈ ਸਬਕ ਨਹੀਂ ਸਿੱਖਿਆ। ਇਸੇ ਤਰ੍ਹਾਂ ਇਕ ਘਟਨਾ ਭਾਜਪਾ ਸ਼ਾਸਿਤ ਉੱਤਰ ਪ੍ਰਦੇਸ਼ ਵਿੱਚ ਵਾਪਰੀ ਹੈ।

Advertisement

ਨੂਹ ਹਿੰਸਾ ਨੇ ਲੋਕ ਮਨਾਂ ਨੂੰ ਭਾਰੀ ਠੇਸ ਪਹੁੰਚਾਈ: ਸੰਧਵਾਂ

ਚੰਡੀਗੜ੍ਹ (ਟਨਸ): ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅੱਜ ਇਥੇ ਕਿਹਾ ਕਿ ਹਰਿਆਣਾ ਦੇ ਨੂਹ ਜ਼ਿਲ੍ਹੇ ਵਿੱਚ ਵਾਪਰੀਆਂ ਮੰਦਭਾਗੀਆਂ ਘਟਨਾਵਾਂ ਨੇ ਲੋਕ ਮਨਾਂ ਨੂੰ ਭਾਰੀ ਠੇਸ ਪਹੁੰਚਾਈ ਹੈ। ਇਨ੍ਹਾਂ ਘਟਨਾਵਾਂ ਦੀ ਨਿਖੇਧੀ ਕਰਦਿਆਂ ਉਨ੍ਹਾਂ ਕਿਹਾ ਹੈ ਕਿ ਧਰਮ ਦੇ ਨਾਂ ’ਤੇ ਕਤਲੋਗਾਰਤ, ਲੁੱਟ-ਖੋਹ ਅਤੇ ਅਗਜ਼ਨੀ ਦੀਆਂ ਘਟਨਾਵਾਂ ਸੱਭਿਅਕ ਸਮਾਜ ਦੀ ਨਿਸ਼ਾਨੀ ਨਹੀਂ ਹਨ।

Advertisement

ਰਾਜਪਾਲ ਸੰਵਿਧਾਨ ਦੇ ਨਿਯਮਾਂ ਦਾ ਧਿਆਨ ਰੱਖਣ: ਚੀਮਾ

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਦੇ ਰਾਜਪਾਲ ਸਮੇਂ-ਸਮੇਂ ’ਤੇ ਲੋਕਾਂ ਵੱਲੋਂ ਚੁਣੀ ਹੋਈ ਸਰਕਾਰ ਦੇ ਕੰਮ ’ਚ ਅੜਿੱਕਾ ਖੜ੍ਹਾ ਕਰ ਰਹੇ ਹਨ। ਰਾਜਪਾਲ ਨੂੰ ਸੰਵਿਧਾਨ ਦੇ ਨਿਯਮਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਸੂਬਾ ਸਰਕਾਰ ਨੇ ਵਿਧਾਨ ਸਭਾ ਸੈਸ਼ਨ ਨਿਯਮਾਂ ਅਨੁਸਾਰ ਸੱਦਿਆ ਗਿਆ ਸੀ, ਹੁਣ ਰਾਜਪਾਲ ਨੂੰ ਵੀ ਸੰਵਿਧਾਨ ਮੁਤਾਬਕ ਕੰਮ ਕਰਨਾ ਚਾਹੀਦਾ ਹੈ। ਕੈਬਨਿਟ ਮੰਤਰੀ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਲੋਕਾਂ ਦੀ ਰੱਖਿਆ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ। ਇਸ ਲਈ ਕਿਸੇ ਵੀ ਹਾਲਾਤ ’ਚ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਏ ਬਿਨਾਂ ਭੱਜਣਾ ਗਲਤ ਹੈ।

Advertisement
Author Image

joginder kumar

View all posts

Advertisement