ਸੰਵਿਧਾਨ ਨੂੰ ਬਚਾਉਣ ਲਈ ਦਲਿਤਾਂ ਨੂੰ ਅੱਗੇ ਆਉਣਾ ਪਵੇਗਾ: ਅੰਬੇਡਕਰ
ਸਰਬਜੋਤ ਸਿੰਘ ਦੁੱਗਲ/ਸਤਨਾਮ ਸਿੰਘ
ਕੁਰੂਕਸ਼ੇਤਰ/ਸ਼ਾਹਬਾਦ, 27 ਸਤੰਬਰ
ਮਿਸ਼ਨ ਏਕਤਾ ਪਾਰਟੀ ਦਾ ਵਰਕਰ ਸੰਮੇਲਨ ਅੱਜ ਇਥੇ ਸ਼ਾਹਬਾਦ ਵਿੱਚ ਬਰਾੜਾ ਰੋਡ ’ਤੇ ਸਥਿਤ ਨਿੱਜੀ ਪੈਲੇਸ ਵਿੱਚ ਹੋਇਆ। ਇਸ ਮੌਕੇ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦੇ ਪੋਤਰੇ ਭੀਮ ਰਾਓ ਯਸ਼ਵੰਤ ਰਾਓ ਅੰਬੇਡਕਰ ਮਹਾਰਾਸ਼ਟਰ ਤੋਂ ਪਹੁੰਚੇ ਅਤੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪਾਰਟੀ ਦੀ ਕੌਮੀ ਪ੍ਰਧਾਨ ਕਾਂਤਾ ਆਲੜੀਆ ਅਤੇ ਸੂਬਾਈ ਪ੍ਰਧਾਨ ਕ੍ਰਿਸ਼ਨ ਮਾਜਰਾ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਮੌਕੇ ਭੀਮ ਰਾਓ ਯਸ਼ਵੰਤ ਰਾਓ ਅੰਬੇਡਕਰ ਨੇ ਕਿਹਾ ਕਿ ਅੱਜ ਸੰਵਿਧਾਨ ਨੂੰ ਬਚਾਉਣ ਦੀ ਲੋੜ ਹੈ ਕਿਉਂਕਿ ਭਾਜਪਾ ਅਤੇ ਕਾਂਗਰਸ ਮਿਲ ਕੇ ਸੰਵਿਧਾਨ ਨੂੰ ਢਾਹ ਲਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਦਲਿਤਾਂ ਨੂੰ ਰਾਜਨੀਤੀ ਵਿੱਚ ਅੱਗੇ ਆਉਣਾ ਪਵੇਗਾ, ਇਸ ਲਈ ਹਰਿਆਣਾ ਵਿੱਚ ਮਿਸ਼ਨ ਏਕਤਾ ਪਾਰਟੀ ਦੇ ਸਾਰੇ ਉਮੀਦਵਾਰਾਂ ਨੂੰ ਵੋਟਰਾਂ ਵੱਲੋਂ ਸਮਰਥਨ ਮਿਲਣਾ ਚਾਹੀਦਾ ਹੈ। ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਸ਼ਾਹਾਬਾਦ ਤੋਂ ਉਮੀਦਵਾਰ ਅਤੇ ਮਿਸ਼ਨ ਏਕਤਾ ਪਾਰਟੀ ਦੀ ਰਾਸ਼ਟਰੀ ਪ੍ਰਧਾਨ ਕਾਂਤਾ ਆਲੜੀਆ ਨੇ ਕਿਹਾ ਕਿ ਸ਼ਾਹਾਬਾਦ ਨੂੰ ਨਸ਼ਾ ਮੁਕਤ ਬਣਾਉਣ ਲਈ ਸਾਰੀਆਂ ਔਰਤਾਂ ਨੂੰ ਆਪਣੇ ਸਿਰ ’ਤੇ ਕਫਨ ਬੰਨ੍ਹ ਕੇ ਇਸ ਜੰਗ ਵਿੱਚ ਉਨ੍ਹਾਂ ਦਾ ਸਾਥ ਦੇਣਾ ਚਾਹੀਦਾ ਹੈ। ਖਚਾਖਚ ਭਰੇ ਹਾਲ ਦੇ ਬਾਹਰ ਮੀਂਹ ਵਿੱਚ ਖੜ੍ਹੇ ਵਰਕਰਾਂ ਨੂੰ ਦੇਖ ਕੇ ਉਤਸ਼ਾਹਿਤ ਕਾਂਤਾ ਆਲੜੀਆ ਨੇ ਐਲਾਨ ਕੀਤਾ ਕਿ ਚਾਹੇ ਉਹ ਜਿੱਤੇ ਜਾਂ ਹਾਰੇ, ਉਹ ਕਦੇ ਵੀ ਸ਼ਾਹਾਬਾਦ ਛੱਡ ਕੇ ਕਿਤੇ ਨਹੀਂ ਜਾਵੇਗੀ। ਇਸ ਮੌਕੇ ਪੂਰਨ ਚੰਦ ਕਸ਼ਯਪ, ਬਸੰਤ ਰਾਣਾ, ਪਿੰਟੂ ਰਾਣਾ, ਹਰਵਿੰਦਰ ਸਿੰਘ ਸੰਧੂ, ਹਰਜੀਤ ਸੰਭਾਲਖੀ, ਰਵਿੰਦਰ ਵਾਲਮੀਕੀ, ਸ਼ੁਭਮ ਬਾਲਮੀਕੀ, ਸਤਵਿੰਦਰ ਕਾਲਾ, ਅਮਰਜੀਤ ਕੌਰ ਹਾਜ਼ਰ ਸਨ।