ਬੋਲੀ ਰੱਦ ਕਰਵਾਉਣ ਲਈ ਦਲਿਤਾਂ ਵੱਲੋਂ ਮੋਰਚਾ ਸ਼ੁਰੂ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 6 ਜੁਲਾਈ
ਪਿੰਡ ਮੰਡੌਰ ਵਿੱਚ ਦਲਿਤਾਂ ਦੇ ਹਿੱਸੇ ਆਉਂਦੀ ਤੀਜੇ ਹਿੱਸੇ ਪੰਚਾਇਤ ਜ਼ਮੀਨ ਦੀ ਹੋਈ ਡੰਮੀ ਬੋਲੀ ਨੂੰ ਲੈ ਕੇ ਪਿੰਡ ਵਿੱਚ ਤਣਾਅਪੂਰਨ ਮਾਹੌਲ ਬਣਿਆ ਹੋਇਆ ਹੈ। ਇਹ ਬੋਲੀ ਰੱਦ ਕਰਾਉਣ ਲਈ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਮੋਰਚਾ ਲਗਾਇਆ ਹੋੲਿਆ ਹੈ। ਅੱਜ ਏਡੀਸੀ ਤੇ ਹੋਰ ਅਧਿਕਾਰੀਆਂ ਨਾਲ ਹੋਈ ਮੀਟਿੰਗ ਵੀ ਬੇਸਿੱਟਾ ਰਹੀ ਜਿਸ ਕਰਕੇ ਅਗਲੀ ਮੀਟਿੰਗ 13 ਜੁਲਾਈ ਨੂੰ ਰੱਖੀ ਗਈ ਹੈ। ਆਗੂਆਂ ਦੋਸ਼ ਲਾਇਆ ਕਿ ਪਿੰਡ ਦੇ ‘ਚੌਧਰੀਆਂ’ ਨੇ ਜ਼ਿਲ੍ਹਾ ਪ੍ਰਸ਼ਾਸਨ ਵੀ ਗੁਮਰਾਹ ਕੀਤਾ ਹੋਇਆ ਹੈ।
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜ਼ੋਨਲ ਮੀਤ ਪ੍ਰਧਾਨ ਗੁਰਵਿੰਦਰ ਬੋੜਾ ਤੇ ਧਰਮਵੀਰ ਹਰੀਗੜ੍ਹ ਨੇ ਦੱਸਿਆ ਕਿ ਪਿੰਡ ਮੰਡੌਰ ਵਿੱਚ ਹੋਈ ਡੰਮੀ ਬੋਲੀ ਨੂੰ ਲੈ ਕੇ ਪਿੰਡ ਦਾ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ ਕਿਉਂਕਿ ਪਿੰਡ ਦਾ ਸਾਰਾ ਐੱਸਸੀ ਭਾਈਚਾਰਾ ਇਕੱਠੇ ਹੋ ਕੇ ਸਾਂਝੀ ਖੇਤੀ ਕਰਨ ਲਈ ਜ਼ਮੀਨ ਘੱਟ ਰੇਟ ’ਤੇ ਲੈਣਾ ਚਾਹੁੰਦਾ ਸੀ ਪਰ ਪਿੰਡ ਦੇ ਕੁਝ ਚੌਧਰੀ ਪੰਚਾਇਤ ਸੈਕਟਰੀ ਅਤੇ ਡੀਡੀਪੀਓ ਨਾਲ ਮਿਲ ਕੇ ਦਲਿਤਾਂ ਤੋਂ ਜ਼ਮੀਨ ਖੋਹ ਕੇ ਆਪ ਲੈਣਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੇ ਪਿੰਡ ਤੋਂ ਬਾਹਰਲੇ ਪਿੰਡ ਲੁਬਾਣੇ ਤੋਂ ਵਿਅਕਤੀ ਲਿਆ ਕੇ ਬੋਲੀ ਵਿੱਚ ਸ਼ਾਮਲ ਕੀਤੇ ਅਤੇ ਪਿੰਡ ਦੇ ਦੋ ਵਿਅਕਤੀ ਐੱਸਸੀ ਪਰਿਵਾਰਾਂ (ਜਿਹੜੇ ਉਨ੍ਹਾਂ ਦੇ ਸੀਰੀ ਹਨ) ਨੂੰ ਧੱਕੇ ਨਾਲ ਬੋਲੀ ਵਿੱਚ ਸ਼ਾਮਲ ਕੀਤਾ। ਜਦੋਂ ਦਲਿਤਾਂ ਨੇ ਵਿਰੋਧ ਕੀਤਾ ਤਾਂ ਪਿੰਡ ਦੇ ਚੌਧਰੀਆਂ ਨੇ ਦਲਿਤਾਂ ’ਤੇ ਹਮਲਾ ਕਰ ਦਿੱਤਾ। ਦਲਿਤ ਵਿਅਕਤੀ ਰਾਜਿੰਦਰਾ ਹਸਪਤਾਲ ਦਾਖਲ ਰਹੇ।
ਲੋਕਾਂ ਵੱਲੋਂ ਡੀਸੀ ਗੇਟ ਘੇਰਿਆ ਗਿਆ ਅਤੇ ਬੋਲੀ ਦੀ ਜਾਂਚ ਲਈ ਡਿਪਟੀ ਸੀਓ ਪਟਿਆਲਾ ਦੀ ਡਿੳੂਟੀ ਲੱਗੀ। ਦੋਵੇਂ ਧਿਰਾਂ ਨੂੰ ਜ਼ਮੀਨ ਵਿੱਚ ਜਾਣ ਤੋਂ ਰੋਕਿਆ ਗਿਆ ਪਰ ਚੌਧਰੀਆਂ ਨੇ ਪ੍ਰਵਾਹ ਨਾ ਕਰਦਿਆਂ ਜ਼ਮੀਨ ਵਿੱਚ ਪਾਣੀ ਛੱਡ ਕੇ ਟਰੈਕਟਰ ਚਲਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਦਲਿਤ ਪਰਿਵਾਰ ਇਕੱਠੇ ਹੋ ਕੇ ਜ਼ਮੀਨ ਵੱਲ ਗਏ ਤੇ ਧਨਾਢ ਚੌਧਰੀ ਜ਼ਮੀਨ ਵਿੱਚੋਂ ਭੱਜੇ। ਇਸ ਕਰਕੇ ਆਗੂਆਂ ਜ਼ਮੀਨ ਵਿੱਚ ਹੀ ਮੋਰਚਾ ਲਗਾ ਦਿੱਤਾ ਅਤੇ ਐਲਾਨ ਕੀਤਾ ਕਿ ਪਿੰਡ ਮੰਡੌਰ ਵਿੱਚ ਜਦੋਂ ਤੱਕ ਜ਼ਮੀਨ ਦਲਿਤਾਂ ਨੂੰ ਨਹੀਂ ਮਿਲੇਗੀ ਸੰਘਰਸ਼ ਅਤੇ ਮੋਰਚਾ ਜਾਰੀ ਰਹੇਗਾ।