ਜਲੰਧਰ ਵਿੱਚ ਦਲਿਤਾਂ ਵੱਲੋਂ ਪੀਏਪੀ ਚੌਕ ਜਾਮ
ਹਤਿੰਦਰ ਮਹਿਤਾ
ਜਲੰਧਰ, 19 ਫਰਵਰੀ
ਦਲਿਤ ਭਾਈਚਾਰੇ ਨੇ ਅੱਜ ਇੱਥੇ ਪੀਏਪੀ ਚੌਕ ਵਿੱਚ ਧਰਨਾ ਦੇ ਕੇ ਆਵਾਜਾਈ ਜਾਮ ਕਰ ਦਿੱਤੀ ਜਿਸ ਕਾਰਨ ਜਲੰਧਰ ਤੋਂ ਅੰਮ੍ਰਿਤਸਰ ਤੇ ਜੰਮੂ ਵੱਲ ਜਾਣ ਵਾਲੇ ਵਾਹਨ ਜਾਮ ਵਿਚ ਫਸ ਗਏ। ਇਸ ਮੌਕੇ ਫਸੇ ਰਾਹਗੀਰਾਂ ਵੱਲੋਂ ਦੂਸਰਾ ਰਸਤਾ ਅਪਣਾਉਣ ਦੌਰਾਨ ਜਲੰਧਰ ਸ਼ਹਿਰ ਦੀ ਵੀ ਆਵਾਜਾਈ ਪ੍ਰਭਾਵਿਤ ਹੋਈ। ਦਲਿਤ ਭਾਈਚਾਰੇ ਦੇ ਮੈਂਬਰਾਂ ਧਰਨੇ ਦੌਰਾਨ ਪੁਲੀਸ ਤੇ ਜਲੰਧਰ ਦੇ ਪਿੰਡ ਨੂਰਪੁਰ ਚੱਠਾ ਦੀ ਪੰਚਾਇਤ ਖਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਨੂਰਪੁਰ ਚੱਠਾ ਦੀ ਪੰਚਾਇਤ ਵੱਲੋਂ ਕੀਤੀ ਕਥਿਤ ਬੇਅਦਬੀ ਅਤੇ ਦਲਿਤ ਵਿਰੋਧੀ ਗਤੀਵਿਧੀਆਂ ਖਿਲਾਫ਼ ਪੁਲੀਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਜਲੰਧਰ ਸਿਟੀ ਪੁਲੀਸ ਦੇ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕੀਤੀ। ਆਦਿਵਾਸੀ ਗਿਆਨ ਨਾਥ ਪੂਰਨ ਸੰਘਰਸ਼ ਦਲ ਕੌਮੀ ਚੇਅਰਮੈਨ (ਸ੍ਰੀ ਵਾਲਮੀਕਿ ਤੀਰਥ ਗਿਆਨ ਆਸ਼ਰਮ ਅੰਮ੍ਰਿਤਸਰ) ਜੋਗਿੰਦਰ ਸਿੰਘ ਮਾਨ ਨੇ ਦੋਸ਼ ਲਾਇਆ ਕਿ ਜਲੰਧਰ ਦੇ ਕਈ ਪਿੰਡਾਂ ਵਿੱਚ ਦਲਿਤਾਂ ’ਤੇ ਤਸ਼ੱਦਦ ਕੀਤਾ ਜਾ ਰਿਹਾ ਹੈ। ਇਹ ਸਿਰਫ਼ ਇੱਕ ਪਿੰਡ ਦੀ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਕਰੀਬ ਇੱਕ ਮਹੀਨਾ ਪਹਿਲਾਂ ਪਿੰਡ ਜਲਾਲਪੁਰ ਲੋਹੀਆਂ ਵਿੱਚ ਉਨ੍ਹਾਂ ਦੇ ਗ੍ਰੰਥ ਦੀ ਬੇਅਦਬੀ ਕੀਤੀ ਗਈ ਸੀ। ਉਕਤ ਗ੍ਰੰਥ ਦੇ 60 ਅੰਗ ਪਾੜ ਦਿੱਤੇ ਗਏ। ਪੁਲੀਸ ਨੇ ਮੁਲਜ਼ਮਾਂ ਦਾ ਪਤਾ ਲਾਉਣ ਦੀ ਬਜਾਏ ਅਣਪਛਾਤੇ ਵਿਅਕਤੀ ਖਿਲਾਫ਼ ਕੇਸ ਦਰਜ ਕਰ ਲਿਆ ਤੇ ਅੱਗੇ ਕਾਰਵਾਈ ਨਹੀਂ ਕੀਤੀ।
ਉਨ੍ਹਾਂ ਕਿਹਾ ਕਿ ਦੂਜੀ ਘਟਨਾ ਪਿੰਡ ਨੂਰਪੁਰ ਚੱਠਾ ਦੀ ਹੈ ਜਿਸ ਵਿੱਚ ਭਗਵਾਨ ਵਾਲਮੀਕਿ ਜੀ ਦਾ ਗੁਰਦੁਆਰਾ ਸਾਹਿਬ ਪੰਚਾਇਤੀ ਜ਼ਮੀਨ ’ਤੇ ਬਣਿਆ ਹੋਇਆ ਹੈ। ਇਹ ਇਕੱਲਾ ਧਾਰਮਿਕ ਸਥਾਨ ਨਹੀਂ ਜੋ ਪੰਚਾਇਤੀ ਜ਼ਮੀਨ ’ਤੇ ਬਣਿਆ ਹੈ। ਅਜਿਹੇ ਕਈ ਧਾਰਮਿਕ ਸਥਾਨ ਉਕਤ ਪੰਚਾਇਤੀ ਜ਼ਮੀਨ ’ਤੇ ਬਣੇ ਹੋਏ ਹਨ। ਮਾਨ ਨੇ ਦੋਸ਼ ਲਾਇਆ ਕਿ ਪੰਚਾਇਤ ਨੇ ਸਿਰਫ਼ ਭਗਵਾਨ ਵਾਲਮੀਕਿ ਜੀ ਮਹਾਰਾਜ ਦੇ ਮੰਦਰ ਖ਼ਿਲਾਫ਼ ਸ਼ਿਕਾਇਤ ਕੀਤੀ ਸੀ, ਕਿਸੇ ਹੋਰ ਧਾਰਮਿਕ ਸਥਾਨ ਖ਼ਿਲਾਫ਼ ਨਹੀਂ। ਇਸ ਤੋਂ ਸਾਬਤ ਹੁੰਦਾ ਹੈ ਕਿ ਪੰਜਾਬ ਦਲਿਤ ਭਾਈਚਾਰੇ ਨਾਲ ਬੇਇਨਸਾਫ਼ੀ ਕਰ ਰਿਹਾ ਹੈ। ਪ੍ਰਸ਼ਾਸਨ ਵੱਲੋਂ ਜਾਂਚ ਤੇ ਕਾਰਵਾਈ ਦੇ ਦਿੱਤੇ ਭਰੋਸੇ ਮਗਰੋਂ ਧਰਨਾ ਖ਼ਤਮ ਕੀਤਾ ਗਿਆ।