ਦਲਿਤ ਜਥੇਬੰਦੀਆਂ ਵੱਲੋਂ ਗੁਰਜੀਤ ਔਜਲਾ ਖ਼ਿਲਾਫ਼ ਮੁਜ਼ਾਹਰਾ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 15 ਮਈ
ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਅਤੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦੇ ਖ਼ਿਲਾਫ਼ ਅੱਜ ਦਲਿਤ ਜਥੇਬੰਦੀਆਂ ਵੱਲੋਂ ਰੋਸ ਵਿਖਾਵਾ ਕੀਤਾ ਗਿਆ ਹੈ ਅਤੇ ਨਾਅਰੇਬਾਜ਼ੀ ਕੀਤੀ। ਐੱਸਸੀ ਜਥੇਬੰਦੀਆਂ ਨੇ ਦੋਸ਼ ਲਾਇਆ ਕਿ ਕਾਂਗਰਸ ਦੇ ਸੰਸਦ ਮੈਂਬਰ ਵੱਲੋਂ ਐਸਸੀ ਭਾਈਚਾਰੇ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਗਈਆਂ ਹਨ, ਜਿਸ ਦੀ ਵੀਡੀਓ ਵੀ ਵਾਇਰਲ ਹੋਈ ਹੈ। ਦੂਜੇ ਪਾਸੇ ਸ੍ਰੀ ਔਜਲਾ ਨੇ ਆਖਿਆ ਕਿ ਕੁਝ ਸਿਆਸਤਦਾਨ ਧਰਮ ਦੇ ਨਾਂ ’ਤੇ ਲੋਕਾਂ ਨੂੰ ਗੁਮਰਾਹ ਕਰ ਚੁੱਕੇ ਹਨ ਜਦੋਂ ਕਿ ਉਹ ਪਹਿਲਾਂ ਹੀ ਐੱਸਸੀ ਭਾਈਚਾਰੇ ਕੋਲੋਂ ਮੁਆਫੀ ਮੰਗ ਚੁੱਕੇ ਹਨ। ਅੱਜ ਇਸ ਮਾਮਲੇ ਨੂੰ ਲੈ ਕੇ ਐਸਸੀ ਜਥੇਬੰਦੀਆਂ ਜਿਨ੍ਹਾਂ ਵਿੱਚ ਭਾਜਪਾ ਨਾਲ ਸਬੰਧਿਤ ਜਥੇਬੰਦੀ ਅਤੇ ਨਿਹੰਗ ਜਥੇਬੰਦੀ ਵੀ ਸ਼ਾਮਲ ਸੀ, ਵੱਲੋਂ ਕਾਂਗਰਸੀ ਉਮੀਦਵਾਰ ਦੇ ਖਿਲਾਫ ਰੋਸ ਮਾਰਚ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਕਾਂਗਰਸ ਦੇ ਸੰਸਦ ਮੈਂਬਰ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਉਸ ਦਾ ਪੁਤਲਾ ਵੀ ਸਾੜਿਆ।
ਭਾਜਪਾ ਦੇ ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਦੋਸ਼ ਲਾਇਆ ਕਿ ਕਾਂਗਰਸੀ ਸੰਸਦ ਮੈਂਬਰ ਵੱਲੋਂ ਦਲਿਤ ਭਾਈਚਾਰੇ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਗਈਆਂ ਹਨ ਜੋ ਕਿ ਨਾ ਬਰਦਾਸ਼ਤਯੋਗ ਹਨ। ਉਨ੍ਹਾਂ ਕਿਹਾ ਕਿ ਇੱਕ ਪਾਸੇ ਸੰਵਿਧਾਨ ਦੇ ਨਿਰਮਾਤਾ ਡਾਕਟਰ ਬੀਆਰ ਅੰਬੇਡਕਰ ਨੇ ਇਨ੍ਹਾਂ ਜਥੇਬੰਦੀਆਂ ਨੂੰ ਉੱਪਰ ਚੁੱਕਣ ਲਈ ਯਤਨ ਕੀਤੇ ਹਨ ਪਰ ਦੂਜੇ ਪਾਸੇ ਸਿਆਸਤਦਾਨ ਇਨ੍ਹਾਂ ਜਥੇਬੰਦੀਆਂ ਦੇ ਖਿਲਾਫ ਇਤਰਾਜ਼ਯੋਗ ਸ਼ਬਦ ਵਰਤ ਰਹੇ ਹਨ। ਨਿਹੰਗ ਜਥੇਬੰਦੀ ਦੇ ਆਗੂ ਪੰਜਾਬ ਸਿੰਘ ਸੁਲਤਾਨਵਿੰਡ ਨੇ ਆਖਿਆ ਕਿ ਨਿਹੰਗ ਜਥੇਬੰਦੀ ਕਾਂਗਰਸੀ ਆਗੂ ਨੂੰ ਕਦੇ ਵੀ ਮੁਆਫ ਨਹੀਂ ਕਰੇਗੀ।
ਕਾਂਗਰਸੀ ਉਮੀਦਵਾਰ ਔਜਲਾ ਨੇ ਆਖਿਆ ਕਿ ਉਨ੍ਹਾਂ ਦੇ ਇੱਕ ਪੁਰਾਣੇ ਬਿਆਨ ਦਾ ਕੁਝ ਹਿੱਸਾ ਜਾਣ ਬੁਝ ਕੇ ਵਾਇਰਲ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਸ ਨੇ ਆਪਣੀ ਗਲਤੀ ਨਾ ਹੋਣ ਦੇ ਬਾਵਜੂਦ ਮੁਆਫੀ ਮੰਗ ਲਈ ਸੀ।
ਉਸ ਨੇ ਪਿਛਲੇ ਸਾਲ 14 ਸਤੰਬਰ ਨੂੰ ਵਾਲਮੀਕਿ ਤੀਰਥ ਵਿਖੇ ਜਾ ਕੇ ਮੱਥਾ ਟੇਕਿਆ ਅਤੇ ਸਿਰ ਝੁਕਾ ਕੇ ਮੁਆਫੀ ਮੰਗੀ ਸੀ, ਜਿੱਥੇ ਧੂਨਾ ਸਾਹਿਬ ਟਰੱਸਟ ਦੇ ਨੁਮਾਇੰਦਿਆਂ ਨੇ ਉਸ ਨੂੰ ਜੁੱਤੀਆਂ ਸਾਫ ਕਰਨ ਅਤੇ ਭਾਂਡੇ ਸਾਫ ਕਰਨ ਦੀ ਸਜ਼ਾ ਦੇ ਕੇ ਮਾਮਲਾ ਖਤਮ ਕਰ ਦਿੱਤਾ ਸੀ। ਉਨ੍ਹਾਂ ਨੇ ਦੋਸ਼ ਲਾਇਆ ਕਿ ਹੁਣ ਚੋਣਾਂ ਦੇ ਨੇੜੇ ਇਸ ਮੁੱਦੇ ਨੂੰ ਦੁਬਾਰਾ ਭਖਾਇਆ ਜਾ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਅਜਿਹੇ ਸੰਵੇਦਨਸ਼ੀਲ ਮਾਮਲੇ ’ਤੇ ਰਾਜਨੀਤੀ ਨਾ ਕੀਤੀ ਜਾਵੇ। ਵਾਲਮੀਕਿ ਤੀਰਥ ਅਸਥਾਨ ਤੋਂ ਉੱਪਰ ਕੋਈ ਨਹੀਂ ਹੈ।