ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਦਲਿਤ ਮੁਕਤੀ ਮਾਰਚ
ਪੱਤਰ ਪ੍ਰੇਰਕ
ਲਹਿਰਾਗਾਗਾ, 26 ਸਤੰਬਰ
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਅੱਜ ਇਥੇ ਦਲਿਤ ਮੁਕਤੀ ਮਾਰਚ ਕੱਢਿਆ ਗਿਆ, ਜੋ ਜਲੂਰ, ਭੂਟਾਲ ਕਲਾਂ, ਕਾਲਬਨਜਾਰਾ ਤੋਂ ਘੋੜੇਨਾਬ ਸਮੇਤ ਹੋਰ ਦਰਜਨ ਪਿੰਡਾਂ ਵਿੱਚੋਂ ਲੰਘਿਆ।
ਇਸ ਮੌਕੇ ਵੱਖ ਵੱਖ ਪਿੰਡਾਂ ਵਿੱਚ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਸੂਬਾਈ ਪ੍ਰਧਾਨ ਮੁਕੇਸ਼ ਮਲੌਦ ਅਤੇ ਮੀਤ ਪ੍ਰਧਾਨ ਧਰਮਵੀਰ ਹਰੀਗੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨਾਲ ਜੁੜ ਕੇ ਪੰਚਾਇਤੀ ਜ਼ਮੀਨ ’ਚੋਂ ਤੀਜਾ ਹਿੱਸਾ ਜ਼ਮੀਨ ਲੈਣ ਨਾਲ ਹਜ਼ਾਰਾਂ ਪਰਿਵਾਰਾਂ ਦੀ ਜ਼ਿੰਦਗੀ ਜਾਤੀ ਗੁਰਬਤ ’ਚੋਂ ਆਜ਼ਾਦ ਹੋਈ ਹੈ ਤੇ ਮਾਣ-ਸਨਮਾਨ ਬਹਾਲ ਹੋਇਆ ਹੈ। ਉਨ੍ਹਾਂ ਕਿਹਾ ਕਿ ਹੁਣ ਮਾਣ-ਸਨਮਾਨ ਨਾਲ ਆਰਥਿਕ, ਸਮਾਜਿਕ ਤੇ ਰਾਜਨੀਤਕ ਬਰਾਬਰੀ ਲਈ ਜ਼ਮੀਨ ਦੀ ਕਾਣੀ ਵੰਡ ਖ਼ਿਲਾਫ਼ ਲੋਕ ਲਹਿਰ ਖੜ੍ਹੀ ਕਰਨਾ ਸਮੇਂ ਦੀ ਮੁੱਖ ਲੋੜ ਹੈ ਜਿਸ ਲਈ ਲੈਂਡ ਸੀਲਿੰਗ ਐਕਟ ਲਾਗੂ ਕਰਵਾ ਕੇ ਇਸ ਤੋਂ ਉਪਰਲੀਆਂ ਜ਼ਮੀਨਾਂ ਮਜ਼ਦੂਰਾਂ ਤੇ ਛੋਟੇ ਕਿਸਾਨਾਂ ’ਚ ਵੰਡਣ ਦੀ ਮੁੱਖ ਮੰਗ ਰੱਖੀ ਜਾਵੇਗੀ। ਇਸ ਦੇ ਨਾਲ ਹੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਮੰਗ ਕਰਦੀ ਹੈ ਕਿ ਇਹ ਪੰਚਾਇਤੀ ਰਿਜ਼ਰਵ ਜ਼ਮੀਨਾਂ ਪੱਕੇ ਤੌਰ ’ਤੇ ਦਲਿਤ ਮਜ਼ਦੂਰਾਂ ਨੂੰ ਦਿੱਤੀਆਂ ਜਾਣ। ਜਥੇਬੰਦੀ ਦੇ ਵਿੱਤ ਸਕੱਤਰ ਬਿੱਕਰ ਹਥੋਆ ਅਤੇ ਜਨਰਲ ਸਕੱਤਰ ਗੁਰਵਿੰਦਰ ਬੌੜਾਂ ਨੇ ਦਲਿਤਾਂ ਨੂੰ ਆਪਣੀ ਮੁਕਤੀ ਲਈ ਆਪਣੇ ਹਿੱਸੇ ਦੀ ਬਰਾਬਰ ਜ਼ਮੀਨ, ਪੱਕੇ ਰੁਜ਼ਗਾਰ, ਪੱਕਾ ਘਰ, ਸਸਤਾ ਕਰਜ਼ਾ ਮੁਹੱਈਆ ਕਰਵਾਉਣ ਤੇ ਕਰਜ਼ਾ ਮੁਆਫ਼ ਕਰਵਾਉਣ ਤੇ ਜਾਤੀ ਦਾਬਾ ਖਤਮ ਕਰਵਾਉਣ ਲਈ ਸੰਘਰਸ਼ਾਂ ਦੇ ਪਿੜ ਮੱਲਣ ਦਾ ਸੱਦਾ ਦਿੱਤਾ।