ਘਰਾਂ ਨੇੜੇ ਕੂੜੇ ਦਾ ਡੰਪ ਬਣਾਉਣ ਵਿਰੁੱਧ ਦਲਿਤ ਪਰਿਵਾਰ ਡਟੇ
ਰਾਜਿੰਦਰ ਜੈਦਕਾ
ਅਮਰਗੜ੍ਹ, 16 ਨਵੰਬਰ
ਪਿੰਡ ਨਾਰੀਕੇ ਖੁਰਦ ਵਿੱਚ ਘਰਾਂ ਨੇੜੇ ਕੂੜੇ ਦਾ ਡੰਪ ਬਣਾਉਣ ਤੋਂ ਦਲਿਤ ਪਰਿਵਾਰ ਖ਼ਫ਼ਾ ਹਨ। ਇਸ ਮੌਕੇ ਉਨ੍ਹਾਂ ਪੰਚਾਇਤ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਸਤਨਾਮ ਸਿੰਘ, ਪਰਗਟ ਸਿੰਘ, ਕੁਲਦੀਪ ਸਿੰਘ, ਕ੍ਰਿਸ਼ਨ ਸਿੰਘ, ਪ੍ਰਿਤਪਾਲ ਕੌਰ, ਕ੍ਰਿਸ਼ਨਾ ਰਾਣੀ, ਅਮਰਜੀਤ ਕੌਰ, ਅਮਨਦੀਪ ਕੌਰ ਤੇ ਹਰਜਿੰਦਰ ਕੌਰ ਨੇ ਦੱਸਿਆ ਕਿ 30 ਸਾਲ ਪਹਿਲਾਂ ਪੰਚਾਇਤ ਨੇ ਉਨਾਂ ਨੂੰ ਇੱਥੇ ਪਲਾਟ ਕੱਟ ਕੇ ਦਿੱਤੇ ਸਨ। ਹੌਲੀ ਹੌਲੀ ਘਰ ਬਣਾ ਕੇ ਹੁਣ ਉਹ ਇੱਥੇ ਰਹਿਣ ਦੇ ਕਾਬਲ ਹੋਏ ਹਨ। ਪੰਚਾਇਤ ਵੱਲੋਂ ਇੱਥੇ ਕੂੜੇ ਦਾ ਡੰਪ ਬਣਾਉਣ ਲਈ ਇੱਟਾਂ ਸੁੱਟਵਾ ਦੇਣ ਨਾਲ ਉਹ ਬਹੁਤ ਪ੍ਰੇਸ਼ਾਨ ਹਨ। ਆਗੂਆਂ ਨੇ ਦੱਸਿਆ ਕਿ ਡੰਪ ਦੀ ਬਦਬੂ ਦੂਰ ਦੂਰ ਫੈਲੇਗੀ ਜਿਸ ਨਾਲ ਬਿਮਾਰੀਆਂ ਵੀ ਫੈਲਣਗੀਆਂ। ਇਸ ਨਾਲ ਕਲੋਨੀ ਵਾਸੀਆਂ ਦੀ ਸਿਹਤ ’ਤੇ ਮਾਰੂ ਅਸਰ ਪਵੇਗਾ। ਆਗੂਆਂ ਦੱਸਿਆ ਕਿ ਹੋਰ ਵੀ ਪੰਚਾਇਤੀ ਥਾਵਾਂ ਹਨ ਜਿਸ ’ਤੇ ਡੰਪ ਬਣਾਇਆ ਜਾ ਸਕਦਾ ਹੈ। ਉਹ ਕਿਸੇ ਵੀ ਹਾਲਤ ਵਿੱਚ ਕੂੜੇ ਦਾ ਡੰਪ ਬਣਾਉਣ ਨਹੀਂ ਦੇਣਗੇ। ਇਸ ਸਬੰਧੀ ਸਰਪੰਚ ਸੁਖਵਿੰਦਰ ਕੌਰ ਦੇ ਪਿਤਾ ਲਾਲ ਸਿੰਘ ਨੇ ਕਿਹਾ ਕਿ ਲੋਕਾਂ ਦੇ ਵਿਰੋਧ ਕਾਰਨ ਡੰਪ ਦੀ ਜਗ੍ਹਾ ਬਦਲ ਦਿੱਤੀ ਜਾਵੇਗੀ।