ਪਿੰਡ ਫਤਿਹਗੜ੍ਹ ਛੰਨਾ ’ਚ ਦਲਿਤ ਭਾਈਚਾਰੇ ਵੱਲੋਂ ਧਰਨਾ ਜਾਰੀ
ਸੁਭਾਸ਼ ਚੰਦਰ
ਸਮਾਣਾ, 22 ਅਗਸਤ
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਸਹਿਯੋਗ ਨਾਲ ਪਿੰਡ ਫਤਿਹਗੜ੍ਹ ਛੰਨਾਂ ਦੇ ਸੈਂਕੜੇ ਮਰਦ ਤੇ ਔਰਤਾਂ ਨੇ ਆਪਣੇ ਹਿੱਸੇ ਦੀ ਸ਼ਾਮਲਾਤ ਜ਼ਮੀਨ ਦੀ ਮੰਗ ਨੂੰ ਲੈ ਕੇ ਖਾਲੀ ਪਈ ਜ਼ਮੀਨ ਵਿੱਚ ਪੱਕਾ ਧਰਨਾ ਲਗਾ ਦਿੱਤਾ ਤੇ ਪੰਜਾਬ ਸਰਕਾਰ, ਪ੍ਰਸ਼ਾਸਨ ਤੇ ਪਿੰਡ ਦੀ ਪੰਚਾਇਤ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਦਲਿਤ ਭਾਈਚਾਰੇ ਦੇ ਹਿੱਸੇ ਦੀ 33 ਫੀਸਦੀ ਜ਼ਮੀਨ ਘੱਟ ਰੇਟ ਕਰਕੇ ਚਕੌਤੇ ’ਤੇ ਦੇਣ ਦੀ ਮੰਗ ਕੀਤੀ ਅਤੇ ਮੰਗ ਪੂਰੀ ਨਾ ਹੋਣ ਤੱਕ ਅਣਮਿਥੇ ਸਮੇਂ ਦਾ ਧਰਨਾ ਲਗਾ ਦਿਤਾ ਜੋ ਅੱਜ ਤੀਜੇ ਦਿਨ ਵਿੱਚ ਦਾਖਲ ਹੋ ਗਿਆ। ਇਸ ਮੌਕੇ ਧਰਨਾਕਾਰੀਆਂ ਨੇ ਦੱਸਿਆ ਕਿ ਦਲਿਤ ਭਾਈਚਾਰੇ ਦੇ ਹਿੱਸੇ ਆਉਂਦੀ ਕਰੀਬ ਸਾਢੇ ਅੱਠ ਏਕੜ ਜ਼ਮੀਨ ਜੋ ਹਰ ਸਾਲ ਜਨਰਲ ਕੈਟਾਗਿਰੀ ਨਾਲ ਮਿਲ ਕੇ ਮਹਿੰਗੇ ਭਾਅ ਚਕੌਤੇ ’ਤੇ ਉਨ੍ਹਾਂ ਨੂੰ ਦਿੱਤੀ ਜਾਂਦੀ ਸੀ ਜਿਸ ਨਾਲ ਉਨ੍ਹਾਂ ਨੂੰ ਖੇਤੀ ਕਰ ਕੇ ਮਿਹਨਤ ਵੀ ਪੱਲੇ ਨਹੀਂ ਪੈਂਦੀ ਸੀ ਜਿਸਦਾ ਹੁਣ ਸਮੂਹ ਪਿੰਡ ਦੇ ਦਲਿਤ ਭਾਈਚਾਰੇ ਨੇ ਪੰਜਾਬ ਸਰਕਾਰ ਤੋਂ ਪਿੰਡ ਫਤਿਹਗੜ੍ਹ ਛੰਨਾ ਦੀ ਸ਼ਾਮਲਾਤ ਜ਼ਮੀਨ 25 ਹਜ਼ਾਰ ਰੁਪਏ ਫੀ ਏਕੜ ਦੇ ਹਿਸਾਬ ਨਾਲ਼ ਚਕੌਤੇ ’ਤੇ ਲੈਣ ਲਈ ਸਬੰਧਤ ਪੰਚਾਇਤ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਰਾਹੀਂ ਮੰਗ ਕੀਤੀ ਹੈ। ਪਰ ਪ੍ਰਸ਼ਾਸਨਿਕ ਅਧਿਕਾਰੀ ਉਨ੍ਹਾਂ ਨੂੰ 35 ਹਜ਼ਾਰ ਰੁਪਏ ਫੀ ਏਕੜ ਦੇ ਹਿਸਾਬ ਨਾਲ ਦੇਣ ਲਈ ਬਜ਼ਿੱਦ ਹਨ। ਜਿਸ ਕਰਕੇ ਕਈ ਵਾਰ ਪੰਚਾਇਤੀ ਜ਼ਮੀਨ ਦੀ ਬੋਲੀ ਰੱਦ ਵੀ ਹੋ ਚੁੱਕੀ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਹੁਣ ਇੱਕ ਛਿਮਾਹੀ ਲਈ ਉਨ੍ਹਾਂ ਨੂੰ 10 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਕਣਕ ਦੇ ਸੀਜ਼ਨ ਲਈ ਜ਼ਮੀਨ ਚਕੌਤੇ ’ਤੇ ਦੇਵੇ।
ਇਸ ਸਬੰਧੀ ਪਿੰਡ ਦੇ ਸਰਪੰਚ ਭੋਲਾ ਸਿੰਘ ਨੇ ਦੱਸਿਆ ਕਿ ਪੰਚਾਇਤ ਵੱਲੋਂ ਪਿਛਲੇ ਸਾਲ 53 ਹਜ਼ਾਰ ਰੁਪਏ ਫੀ ਏਕੜ ਦੇ ਹਿਸਾਬ ਨਾਲ ਜ਼ਮੀਨ ਚਕੌਤੇ ’ਤੇ ਦਿੱਤੀ ਗਈ ਸੀ ਜੋ ਇਸ ਵਾਰ ਘਟਾ ਕੇ ਪੰਚਾਇਤ ਦੀ ਸਹਿਮਤੀ ਨਾਲ ਉੱਚ ਅਫਸਰਾਂ ਨੇ 35 ਹਜ਼ਾਰ ਰੁਪਏ ਫੀ ਏਕੜ ਦੇ ਹਿਸਾਬ ਨਾਲ ਦੇਣ ਲਈ ਮੰਨਜੂਰੀ ਦਿੱਤੀ ਹੈ। ਉਨ੍ਹਾਂ ਵੱਲੋਂ ਧਰਨੇ ਸਬੰਧੀ ਪੁਲੀਸ, ਪ੍ਰਸ਼ਾਸਨ ਤੇ ਹੋਰ ਸਬੰਧਤ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਇਸ ਸਬੰਧੀ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਗੁਰਮੇਲ ਸਿੰਘ ਨੇ ਦੱਸਿਆ ਕਿ ਪੰਚਾਇਤ ਦੀ ਸਹਿਮਤੀ ਤੋਂ ਬਿਨਾਂ ਰੇਟ ਨਹੀਂ ਘਟਾਇਆ ਜਾ ਸਕਦਾ ਪਰ ਇਸ ਮਸਲੇ ਦਾ ਹੱਲ ਕੱਢਣ ਲਈ ਉੱਚ ਅਫਸਰਾਂ ਦੀ ਰਾਇ ਲਈ ਜਾ ਰਹੀ ਹੈ ਤਾਂ ਕਿ ਇਸ ਮਸਲੇ ਦਾ ਜਲਦੀ ਹੱਲ ਕੀਤਾ ਜਾ ਸਕੇ।