ਦਲ ਖ਼ਾਲਸਾ ਵੱਲੋਂ ਘੱਲੂਘਾਰਾ ਯਾਦਗਾਰੀ ਮਾਰਚ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 5 ਜੂਨ
ਦਲ ਖ਼ਾਲਸਾ ਵੱਲੋਂ ਸਾਕਾ ਨੀਲਾ ਤਾਰਾ ਫ਼ੌਜੀ ਹਮਲੇ ਦੇ 41 ਸਾਲ ਪੂਰੇ ਹੋਣ ’ਤੇ ਅੱਜ ਸ਼ਾਮ ਨੂੰ ਸ਼ਹਿਰ ਦੇ ਬਾਜ਼ਾਰਾਂ ਵਿੱਚ ਘੱਲੂਘਾਰਾ ਯਾਦਗਾਰੀ ਮਾਰਚ ਕੱਢਿਆ ਗਿਆ। ਇਸ ਮੌਕੇ ਨੌਜਵਾਨਾਂ ਨੇ ਜੂਨ 1984 ਦੇ ਸ਼ਹੀਦਾਂ ਦੀਆਂ ਤਸਵੀਰਾਂ ਲੈ ਕੇ ਖ਼ਾਲਿਸਤਾਨੀ ਝੰਡੇ ਲਹਿਰਾਏ।
ਘੱਲੂਘਾਰਾ ਯਾਦਗਾਰੀ ਮਾਰਚ ਬੁਰਜ ਅਕਾਲੀ ਫੂਲਾ ਸਿੰਘ ਤੋਂ ਸ਼ੁਰੂ ਹੋ ਕੇ ਦਰਬਾਰ ਸਾਹਿਬ ਤੱਕ ਪੁੱਜਿਆ। ਇਸ ਦੌਰਾਨ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਏ ਗਏ। ਮਾਰਚ ਵਿੱਚ ਦਲ ਖ਼ਾਲਸਾ ਦੀ ਲੀਡਰਸ਼ਿਪ ਤੋਂ ਇਲਾਵਾ ਸਾਬਕਾ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠ ਅਕਾਲੀ ਦਲ ਅੰਮ੍ਰਿਤਸਰ, ਭਾਈ ਨਰਾਇਣ ਸਿੰਘ ਤੇ ਭਾਈ ਦਲਜੀਤ ਸਿੰਘ ਬਿੰਟੂ ਦੀ ਅਗਵਾਈ ਹੇਠ ਪੰਥ ਸੇਵਕ ਜਥਾ ਦੇ ਵਫ਼ਦ ਨੇ ਵੀ ਸ਼ਮੂਲੀਅਤ ਕੀਤੀ।
ਜੂਨ 1984 ਦੇ ਸ਼ਹੀਦਾਂ ਦੇ ਪਰਿਵਾਰਾਂ ਵਿੱਚੋਂ ਭਾਈ ਅਮਰੀਕ ਸਿੰਘ ਦੀ ਪੁੱਤਰੀ ਬੀਬੀ ਸੁਤਵੰਤ ਕੌਰ, ਜਨਰਲ ਸ਼ੁਬੇਗ ਸਿੰਘ ਦੇ ਭਰਾ ਭਾਈ ਬੇਅੰਤ ਸਿੰਘ ਅਤੇ ਸ਼ਹੀਦ ਭਾਈ ਬੇਅੰਤ ਸਿੰਘ ਮਲੋਆ ਦੀ ਪੁੱਤਰੀ ਬੀਬੀ ਅੰਮ੍ਰਿਤ ਕੌਰ ਵੀ ਸ਼ਾਮਲ ਹੋਏ।
ਦਲ ਖ਼ਾਲਸਾ ਦੇ ਬੁਲਾਰਿਆਂ ਨੇ ਭਾਰਤ ਅਤੇ ਪਾਕਿਸਤਾਨ ਨੂੰ ਤਣਾਅ ਖ਼ਤਮ ਕਰਨ ਅਤੇ ਟਕਰਾਅ ਨੂੰ ਟਾਲਣ ਲਈ ਪਹਿਲ ਦੇ ਆਧਾਰ ’ਤੇ ਵਾਹਗਾ-ਅਟਾਰੀ ਬਾਰਡਰ ਅਤੇ ਕਰਤਾਰਪੁਰ ਲਾਂਘਾ ਯਾਤਰੀਆਂ ਤੇ ਸ਼ਰਧਾਲੂਆਂ ਲਈ ਖੋਲ੍ਹਣ ’ਤੇ ਜ਼ੋਰ ਦਿੱਤਾ। ਪਾਰਟੀ ਦੇ ਸਿਆਸੀ ਸਕੱਤਰ ਕੰਵਰਪਾਲ ਸਿੰਘ ਨੇ ਅਮਰੀਕਾ ਅਤੇ ਚੀਨ ਨੂੰ ਅਪੀਲ ਕੀਤੀ ਕਿ ਉਹ ਦੱਖਣੀ ਏਸ਼ਿਆਈ ਦੇ ਦੋਵਾਂ ਪਰਮਾਣੂ ਦੇਸ਼ਾਂ ਵਿਚਕਾਰ ਟਕਰਾਅ ਨੂੰ ਦੂਰ ਕਰਨ ਲਈ ਸਰਗਰਮ ਭੂਮਿਕਾ ਨਿਭਾਉਣ। ਇਸ ਮੌਕੇ ਨੌਜਵਾਨਾਂ ਨੇ ਪੰਜਾਬ ਜੰਗ ਨਹੀਂ, ਆਜ਼ਾਦੀ ਚਾਹੁੰਦਾ ਹੈ ਦੇ ਨਾਅਰੇ ਲਾਏ।
ਪਾਰਟੀ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ, ਵਰਕਿੰਗ ਪ੍ਰਧਾਨ ਪਰਮਜੀਤ ਸਿੰਘ ਮੰਡ, ਸੀਨੀਅਰ ਆਗੂ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਕੁਲਬੀਰ ਸਿੰਘ ਬੜਾਪਿੰਡ ਅਤੇ ਕੰਵਰਪਾਲ ਸਿੰਘ ਨੇ ਮਾਰਚ ਦੀ ਅਗਵਾਈ ਕੀਤੀ। ਜਥੇਬੰਦੀ ਵੱਲੋਂ 6 ਜੂਨ ਨੂੰ ਫ਼ੌਜੀ ਹਮਲੇ ਦੌਰਾਨ ਮਾਰੇ ਗਏ ਨਿਰਦੋਸ਼ੇ ਲੋਕਾਂ ਦੇ ਕਤਲੇਆਮ ਅਤੇ ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚੋਂ ਲੁੱਟੇ ਵੱਡਮੁੱਲੇ ਖਜ਼ਾਨੇ ਦੇ ਵਿਰੋਧ ਵਿੱਚ ਅੰਮ੍ਰਿਤਸਰ ਬੰਦ ਦਾ ਸੱਦਾ ਵੀ ਦਿੱਤਾ ਹੈ। ਪਾਰਟੀ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਤੇ ਕਾਰਜਕਾਰੀ ਪ੍ਰਧਾਨ ਪਰਮਜੀਤ ਸਿੰਘ ਮੰਡ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ 6 ਜੂਨ ਸਾਡੇ ਲਈ ਸਹੀ ਮਾਅਨਿਆਂ ਵਿੱਚ ਖ਼ਾਲਿਸਤਾਨ ਡੇਅ ਹੈ। ਉਨ੍ਹਾਂ ਦੱਸਿਆ ਕਿ ਖ਼ਾਲਿਸਤਾਨ ਲਹਿਰ ਦੇ ਟਾਈਟਲ ਹੇਠ ਉਨ੍ਹਾਂ ਵੱਲੋਂ ਲੋਕ ਮੁਹਿੰਮ ਆਰੰਭੀ ਹੈ ਜੋ ਪੂਰਾ ਸਾਲ ਚੱਲੇਗੀ।