ਦਲ ਖ਼ਾਲਸਾ ਤੇ ਅਕਾਲੀ ਦਲ (ਅ) ਦੇ ਆਗੂ ਨਜ਼ਰਬੰਦ
ਪੱਤਰ ਪ੍ਰੇਰਕ
ਕਾਹਨੂੰਵਾਨ, 25 ਜਨਵਰੀ
ਇੱਥੇ ਪੁਲੀਸ ਨੇ ਦਲ ਖ਼ਾਲਸਾ ਅਤੇ ਅਕਾਲੀ ਦਲ ਅੰਮ੍ਰਿਤਸਰ ਦੇ ਆਗੂਆਂ ਨੂੰ ਅੱਜ ਸਾਰਾ ਦਿਨ ਘਰਾਂ ’ਚ ਨਜ਼ਰਬੰਦ ਰੱਖਿਆ। ਦਲ ਖ਼ਾਲਸਾ ਦੇ ਆਗੂ ਦਿਲਬਾਗ ਸਿੰਘ ਅਤੇ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਪੁਲੀਸ ਨੇ ਉਨ੍ਹਾਂ ਨੂੰ ਸਾਰਾ ਦਿਨ ਘਰ ਅੰਦਰ ਨਜ਼ਰਬੰਦ ਰੱਖਿਆ ਗਿਆ ਜਿਸ ਕਾਰਨ ਉਹ ਬੰਦੀ ਸਿੰਘਾਂ ਦੀ ਰਿਹਾਈ ਲਈ ਰੱਖੇ ਰੋਸ ਮਾਰਚ ’ਚ ਨਹੀਂ ਜਾ ਸਕੇ। ਉਨ੍ਹਾਂ ਦੱਸਿਆ ਕਿ ਜਥੇਬੰਦੀਆਂ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਭਾਰਤ ਸਰਕਾਰ ਖ਼ਿਲਾਫ਼ ਰੱਖੇ ਰੋਸ ਮਾਰਚ ਦੀ ਅਗਵਾਈ ਉਨ੍ਹਾਂ ਨੂੰ ਸੌਂਪੀ ਹੋਈ ਸੀ। ਦੱਸਣਯੋਗ ਹੈ ਕਿ ਦਲ ਖ਼ਾਲਸਾ ਅਤੇ ਅਕਾਲੀ ਦਲ (ਅ) ਵੱਲੋਂ ਪੂਰੇ ਪੰਜਾਬ ਵਿੱਚ ਜਲੰਧਰ, ਬਰਨਾਲਾ ਅਤੇ ਗੁਰਦਾਸਪੁਰ ਵਿੱਚ ਰੋਸ ਮਾਰਚ ਕਰਨ ਦਾ ਐਲਾਨ ਕੀਤਾ ਹੋਇਆ ਸੀ ਪਰ ਪੰਜਾਬ ਪੁਲੀਸ ਨੇ ਉਨ੍ਹਾਂ ਨੂੰ ਰੋਸ ਮਾਰਚ ’ਚ ਜਾਣ ਤੋਂ ਰੋਕਣ ਦੀ ਕਾਰਵਾਈ ਅੱਜ ਸਵੇਰ ਸਮੇਂ ਹੀ ਸ਼ੁਰੂ ਕਰ ਦਿੱਤੀ ਸੀ।
ਜਲੰਧਰ: ਅੱਧਾ ਦਰਜਨ ਆਗੂ ਨਜ਼ਰਬੰਦ
ਜਲੰਧਰ: ਇੱਥੇ ਦਲ ਖ਼ਾਲਸਾ ਅਤੇ ਸ਼੍ਰੋਮਣੀ ਅਕਾਲੀ ਦਲ (ਅ) ਵੱਲੋਂ ਗੁਰਦੁਆਰਾ ਨੌਵੀਂ ਪਾਤਸ਼ਾਹੀ, ਦੂਖ ਨਿਵਾਰਨ ਸਾਹਿਬ ਗੁਰੂ ਤੇਗ ਬਹਾਦਰ ਨਗਰ ਤੋਂ ਸਰਬੱਤ ਦੇ ਭਲੇ ਦੀ ਅਰਦਾਸ ਕਰਕੇ ਰੋਸ ਮਾਰਚ ਆਰੰਭ ਕੀਤਾ ਗਿਆ। ਇਸ ਮੌਕੇ ਆਗੂਆਂ ਨੇ ਦੱਸਿਆ ਕਿ ਜਲੰਧਰ, ਮਾਨਸਾ ਅਤੇ ਗੁਰਦਾਸਪੁਰ ਵਿੱਚ ਰੋਸ ਮਾਰਚ ਉਲੀਕੇ ਗਏ ਸਨ ਜਿਸ ਨੂੰ ਸਰਕਾਰ ਵੱਲੋਂ ਰੋਕਣ ਲਈ ਦਲ ਖ਼ਾਲਸਾ ਨਾਲ ਸਬੰਧਤ ਤਕਰੀਬਨ ਦਰਜਨ ਆਗੂਆਂ- ਕੰਵਰਪਾਲ ਸਿੰਘ, ਹਰਦੀਪ ਸਿੰਘ ਮਹਿਰਾਜ (ਮੀਤ ਪ੍ਰਧਾਨ ਦਲ ਖ਼ਾਲਸਾ), ਦਿਲਬਾਗ ਸਿੰਘ (ਗੁਰਦਾਸਪੁਰ ਜ਼ਿਲ੍ਹਾ ਜਥੇਦਾਰ), ਰਾਜਵਿੰਦਰ ਸਿੰਘ (ਜ਼ਿਲ੍ਹਾ ਜਥੇਦਾਰ ਮਾਨਸਾ), ਗੁਰਵਿੰਦਰ ਸਿੰਘ ਬਠਿੰਡਾ, ਗੁਰਪ੍ਰੀਤ ਸਿੰਘ ਖੁੱਡਾ ਆਦਿ ਨੂੰ ਘਰਾਂ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਹੈ। - ਪੱਤਰ ਪ੍ਰੇਰਕ