ਡੱਬਵਾਲੀ ਅਗਨੀ ਕਾਂਡ ਦੀ ਬਰਸੀ ਮਨਾਈ
ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 23 ਦਸੰਬਰ
ਡੱਬਵਾਲੀ ਅਗਨੀ ਕਾਂਡ ਦੀ 29ਵੀਂ ਬਰਸੀ ’ਤੇ ਡੱਬਵਾਲੀ ਫਾਇਰ ਵਿਕਟਮ ਮੈਮੋਰੀਅਲ ਟਰੱਸਟ ਵੱਲੋਂ ਅਗਨੀ ਕਾਂਡ ਸਮਾਰਕ ’ਤੇ ਹਾਦਸੇ ’ਚ ਜਾਨਾਂ ਗੁਆਉਣ ਵਾਲੇ 442 ਲੋਕਾਂ ਦੀ ਯਾਦ ਵਿੱਚ ਸਰਵ ਧਰਮ ਸਭਾ ਕਰਵਾਈ ਗਈ। ਇਸ ਮੌਕੇ ਸਮਾਰਕ ਨੂੰ ਸੂਬਾ ਪੱਧਰੀ ਦਰਜਾ ਦਿਵਾਉਣ ਅਤੇ 23 ਦਸੰਬਰ ਨੂੰ ਅਗਨੀ ਸੁਰੱਖਿਆ ਦਿਵਸ ਐਲਾਨੇ ਜਾਣ ਦੀ ਮੰਗ ਮੁੜ ਦੁਹਰਾਈ ਗਈ। ਸ਼ਰਧਾਂਜਲੀ ਸਮਾਗਮ ਹਵਨ ਯੱਗ ਅਤੇ ਸੁਖਮਨੀ ਸਾਹਿਬ ਦੇ ਪਾਠ ਨਾਲ ਸ਼ੁਰੂ ਹੋਇਆ। ਹਾਦਸੇ ਵਾਲੇ ਵਕਤ 1.47 ਵਜੇ ਦੋ ਮਿੰਟ ਦਾ ਮੌਨ ਰੱਖਿਆ ਗਿਆ। ਇਸ ਮੌਕੇ ਲਾਏ ਮੈਡੀਕਲ ਕੈਂਪ ਵਿੱਚ ਭੁੱਲਰ ਹਸਪਤਾਲ ਸਿਰਸਾ ਦੇ ਡਾ. ਹਰਪ੍ਰੀਤ ਸਿੰਘ ਭੁੱਲਰ, ਈਐੱਨਟੀ ਮਾਹਿਰ ਡਾ. ਸ਼ਰਨਦੀਪ ਕੌਰ ਭੁੱਲਰ, ਸਿਵਲ ਹਸਪਤਾਲ ਦੇ ਹੱਡੀ ਰੋਗ ਮਾਹਿਰ ਡਾ. ਸੌਰਭ ਅਰੋੜਾ ਅਤੇ ਅੱਖਾਂ ਦੇ ਮਾਹਿਰ ਡਾ. ਵਿਕਾਸ ਬਾਂਸਲ ਨੇ 150 ਮਰੀਜ਼ਾਂ ਦੀ ਜਾਂਚ ਕੀਤੀ। ਸਾਬਕਾ ਵਿਧਾਇਕ ਅਮਿਤ ਸਿਹਾਗ ਨੇ ਟਰੱਸਟ ਦੀਆਂ ਸਮੂਹ ਮੰਗਾਂ ਨੂੰ ਜਾਇਜ਼ ਦੱਸਿਆ। ਡਾ. ਕੇਵੀ ਸਿੰਘ ਨੇ ਕਿਹਾ ਕਿ ਸਮਾਰਕ ਨੂੰ ਸੂਬਾ ਪੱਧਰੀ ਦਰਜਾ ਮਿਲਣਾ ਚਾਹੀਦਾ ਹੈ। ਡੱਬਵਾਲੀ ਨਗਰ ਪਰਿਸ਼ਦ ਦੇ ਚੇਅਰਮੈਨ ਟੇਕ ਚੰਦ ਛਾਬੜਾ ਨੇ ਸਮਾਰਕ ’ਤੇ ਨਿਯਮਿਤ ਸਫ਼ਾਈ ਤੇ ਸਮਾਰਕ ਦੇ ਵਿਕਾਸ ’ਚ ਸੰਭਵ ਮਦਦ ਦਾ ਭਰੋਸਾ ਦਿੱਤਾ। ਟਰੱਸਟ ਦੇ ਉਪ ਪ੍ਰਧਾਨ ਰਾਜੀਵ ਵਡੇਰਾ ਨੇ ਸਮਾਰਕ ਨਾਲ ਸਬੰਧਤ ਬਕਾਇਆ 15 ਮੰਗਾਂ ਦਾ ਮਤਾ ਪੜ੍ਹਿਆ। ਟਰੱਸਟ ਦੇ ਪ੍ਰਧਾਨ ਰਮੇਸ਼ ਸਚਦੇਵਾ ਨੇ ਸਮਾਰਕ ਦੀ ਬਦਹਾਲ ਹਾਲਤ ’ਤੇ ਰੋਸ ਪ੍ਰਗਟ ਕੀਤਾ।