ਦਾਭੋਲਕਰ ਦਾ ਸ਼ਹੀਦੀ ਦਿਹਾੜਾ ਮਨਾਇਆ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 22 ਅਗਸਤ
ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਨੇ ਤਰਕਸ਼ੀਲ ਕੌਮੀ ਆਗੂ ਡਾਕਟਰ ਨਰਿੰਦਰ ਦਾਭੋਲਕਰ ਦਾ ਸ਼ਹੀਦੀ ਦਿਹਾੜਾ ਸਮਾਜਿਕ ਜਾਗਰੂਕਤਾ ਮੁਹਿੰਮ ਦੇ ਰੂਪ ਵਿੱਚ ਮਨਾਇਆ। ਮਾਸਟਰ ਪਰਮਵੇਦ, ਸੁਰਿੰਦਰ ਪਾਲ, ਸੀਤਾ ਰਾਮ, ਚਰਨ ਕਮਲ ਸਿੰਘ, ਜਸਦੇਵ ਸਿੰਘ ਪਰਮਿੰਦਰ ਸਿੰਘ, ਪ੍ਰਹਿਲਾਦ ਸਿੰਘ, ਰਘਵੀਰ ਸਿੰਘ ਅਧਾਰਤ ਤਰਕਸ਼ੀਲਾਂ ਦੀ ਟੀਮ ਨੇ ਬੱਸ ਅੱਡਾ ਸੰਗਰੂਰ, ਰੇਲਵੇ ਸਟੇਸ਼ਨ, ਪੈਨਸ਼ਨਰਜ਼ ਐਸੋਸੀਏਸ਼ਨ ਦਫ਼ਤਰ, ਬੀਐਸਐਨਐਲ ਪਾਰਕ ਵਿੱਚ ਬੈਠੇ ਵਿਅਕਤੀਆਂ ਨੂੰ ਗਲੀਆਂ ਮੁਹੱਲਿਆਂ ਵਿੱਚ ਦੁਵਰਕੀਆਂ ਵੰਡੀਆਂ ਤੇ ਲੋਕਾਂ ਵਿਗਿਆਨਕ ਸੋਚ ਅਪਣਾਉਣ ਦਾ ਸੱਦਾ ਦਿੱਤਾ। ਤਰਕਸ਼ੀਲ ਆਗੂਆਂ ਨੇ ਕਿਹਾ ਕਿ ਨਰਿੰਦਰ ਦਾਭੋਲਕਰ ਹਰ ਕਿਸਮ ਦੇ ਅੰਧਵਿਸ਼ਵਾਸਾਂ, ਰੂੜੀਵਾਦੀ ਰਸਮਾਂ-ਰਿਵਾਜਾਂ, ਫਿਰਕਾਪ੍ਰਸਤੀ, ਜਾਤ-ਪਾਤ ਵਿਤਕਰੇਬਾਜ਼ੀ ਆਦਿ ਵਿਰੁੱਧ ਲੜਨ ਵਾਲਾ ਉਹ ਇਨਸਾਨ ਸੀ ਜਿਸ ਦੀ ਲੜਾਈ ਦੇ ਅਸਰ ਤੋਂ ਭੈਅਭੀਤ ਹੋ ਕੇ ਲੋਕ ਵਿਰੋਧੀ ਤਾਕਤਾਂ ਨੇ 20 ਅਗਸਤ 2013 ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ। ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਇਸ ਦਿਨ ਨੂੰ ‘ਚੇਤਨਾ ਦਿਵਸ’ ਵਜੋਂ ਮਨਾਉਂਦਿਆਂ ਵਿਗਿਆਨਕ ਸੋਚ ਦੇ ਪ੍ਰਚਾਰ ਪ੍ਰਸਾਰ ਹਿਤ ਮੁਹਿੰਮ ਚਲਾਈ ਤੇ ਤਰਕਸ਼ੀਲ ਆਗੂਆਂ ਇਸ ਦਿਨ ਉੱਤੇ ਡਾ. ਨਰਿੰਦਰ ਦਭੋਲਕਰ ਨੂੰ ਯਾਦ ਕਰਦਿਆਂ ਵਿਗਿਆਨਕ ਸੋਚ ਦੇ ਲੜ ਲੱਗਣ ਤੇ ਹਰ ਕਿਸਮ ਦੇ ਅੰਧਵਿਸ਼ਵਾਸਾਂ ਅਤੇ ਕੱਟੜ ਸੋਚ ਤੋਂ ਖਹਿੜਾ ਛੁਡਾਉਣ ਦਾ ਸੁਨੇਹਾ ਦਿੱਤਾ।