ਡੱਬਵਾਲੀ: ਅੰਤਰਰਾਜੀ ਰਸਤੇ ਬੰਦ ਹੋਣ ਖ਼ਿਲਾਫ਼ ਦੁਕਾਨਦਾਰਾਂ ਨੇ ਲਾਇਆ ਜਾਮ
ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 30 ਮਾਰਚ
ਕਿਸਾਨ ਅੰਦੋਲਨ ਕਾਰਨ 50 ਦਿਨਾਂ ਤੋਂ ਬੰਦ ਕੀਤੇ ਸ਼ਹਿਰ ਦੇ ਮੁੱਖ ਅੰਤਰਰਾਜੀ ਰਸਤੇ ਖਿਲਾਫ਼ ਦੁਕਾਨਦਾਰਾਂ ਨੇ ਕਾਰੋਬਾਰ ਬੰਦ ਕਰਕੇ ਸਿਲਵਰ ਜੁਬਲੀ ਚੌਕ ’ਤੇ ਧਰਨਾ ਲਾ ਕੇ ਆਵਾਜਾਈ ਠੱਪ ਕਰ ਦਿੱਤੀ। ਰਾਹ ਖੁਲ੍ਹਵਾਉਣ ਦੀ ਹਮਾਇਤ ਲਈ ਬਠਿੰਡਾ ਰੋਡ ਹੱਦ ਉੱਪਰ ਲੱਗੇ ਕਿਸਾਨ ਮੋਰਚੇ ਵਿੱਚੋਂ ਝੰਡਿਆਂ ਸਣੇ ਧਰਨੇ ’ਚ ਪੁੱਜੇ ਭਾਕਿਯੂ ਡਕੌਂਦਾ ਦੇ ਕਿਸਾਨਾਂ ਦੀ ਆਮਦ ਨਾਲ ਹਰਿਆਣਵੀ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ। ਇਨ੍ਹਾਂ ਕਿਸਾਨਾਂ ਨੇ ਵਪਾਰੀ ਧਰਨੇ ਨੂੰ ਸਮਰਥਨ ਕਰਦਿਆਂ ਬੰਦ ਰਸਤਿਆਂ ਲਈ ਭਾਜਪਾ ਸਰਕਾਰ ਨੂੰ ਦੋਸ਼ੀ ਕਰਾਰ ਦਿੱਤਾ।
ਰੋਸ ਧਰਨੇ ਦੇ ਮੱਦੇਨਜ਼ਰ ਡੀਐੱਸਪੀ (ਐੱਚ) ਕਿਸ਼ੋਰੀ ਲਾਲ ਅਤੇ ਡੀਐੱਸਪੀ (ਸਿਟੀ) ਜੈਭਗਵਾਨ ਦੀ ਅਗਵਾਈ ਹੇਠ ਵੱਡੀ ਤਾਦਾਦ ਪੁਲੀਸ ਅਮਲਾ ਤਾਇਨਾਤ ਸੀ। ਇਸ ਮੌਕੇ ਜੀ.ਟੀ. ਰੋਡ ਦੁਕਾਨਦਾਰਾਂ ਦੀ ਅਗਵਾਈ ਹੇਠਾਂ ਆਰੰਭੇ ਗੈਰ-ਸਿਆਸੀ ਸੰਘਰਸ਼ ’ਚ ਦੁਕਾਨਦਾਰਾਂ ਦੇ ਇਲਾਵਾ ਸਾਬਕਾ ਓ.ਐਸ.ਡੀ. ਡਾ. ਕੇਵੀ ਸਿੰਘ, ਸੀਨੀਅਰ ਇਨੈਲੋ ਆਗੂ ਸੰਦੀਪ ਚੌਧਰੀ, ਸਾਬਕਾ ਕੌਂਸਲਰ ਵਿਨੋਦ ਬਾਂਸਲ, ਨਗਰ ਪ੍ਰੀਸ਼ਦ ਚੇਅਰਮੈਨ ਟੇਕ ਚੰਦ ਛਾਬੜਾ, ਪਵਨ ਗਰਗ, ਸੁਰਿੰਦਰ ਕਲਸੀ, ਇੰਦਰ ਜੈਨ, ਵਿਪਨ ਮੋਂਗਾ ਆਦਿ ਮੌਜੂਦ ਸਨ। ਇਸ ਮੌਕੇ ਵਪਾਰੀਆਂ ਦੀਆਂ ਪੁਲੀਸ-ਪ੍ਰਸ਼ਾਸਨ ਤਿੰਨ ਮੀਟਿੰਗਾਂ ਬੇਸਿੱਟਾ ਰਹੀਆਂ।
ਧਰਨੇ ਦੀ ਸਟੇਜ ਤੋਂ ਭਾਕਿਯੂ ਡਕੌਂਦਾ ਦੇ ਜ਼ਿਲ੍ਹਾ ਆਗੂ ਹਰਵਿੰਦਰ ਸਿੰਘ ਕੋਟਲੀ ਨੇ ਵਪਾਰੀ ਸੰਘਰਸ਼ ਨੂੰ ਜਥੇਬੰਦਕ ਹਮਾਇਤ ਦਿੰਦਿਆਂ ਦੋਸ਼ ਲਗਾਇਆ ਕਿ ਜਾਣ-ਬੁੱਝ ਕੇ ਸੂਬਾਈ ਹੱਦ ਨੂੰ ਬੰਦ ਕਰ ਰੱਖਿਆ ਹੈ। ਪੰਜਾਬ ਖੇਤਰ ਦੇ ਲਗਪਗ 50-60 ਪਿੰਡ ਡੱਬਵਾਲੀ ਨਾਲ ਖੇਤੀ ਅਤੇ ਵਪਾਰਕ ਪੱਖੋਂ ਜੁੜੇ ਹੋਏ ਹਨ। ਉਨ੍ਹਾਂ ਹਰਿਆਣੇ ਦੇ ਅਫ਼ਸਰਾਂ ਨੂੰ ਕਈ ਵਾਰ ਕਿਹਾ ਕਿ ਸੰਯੁਕਤ ਮੋਰਚੇ ਦੇ ਐਲਾਨ ਮੁਤਾਬਕ ਕਿਸਾਨ ਹੱਦ ਲੰਘ ਕੇ ਦਿੱਲੀ ਕੂਚ ਨਹੀਂ ਕਰਨਗੇ।
ਸਿਲਵਰ ਜੁਬਲੀ ਚੌਕ ’ਤੇ ਧਰਨੇ ਮੌਕੇ ਪੰਜਾਬ ਦਾ ਕਿਸਾਨ ਆਗੂ ਹਰਵਿੰਦਰ ਸਿੰਘ ਕੋਟਲੀ ਨੇ ਕਿਹਾ ਕਿ ਕਿਸਾਨਾਂ ਨਾਲ ਧਰੋਹ ਕਮਾਉਣ ਅਤੇ ਅੱਥਰੂ ਗੈਸ ਸੁੱਟਣ ਤੇ ਕਿਸਾਨਾਂ ਨੂੰ ਸ਼ਹੀਦ ਕਰਨ ਵਾਲੀ ਭਾਜਪਾ ਦੇ ਚੋਣ ਪ੍ਰਚਾਰ ਲਈ ਆਉਣ ਆਗੂਆਂ ਨੂੰ ਪਿੰਡਾਂ ’ਚ ਵੜਨ ਦਿੱਤਾ ਜਾਵੇਗਾ।
ਇਸ ਮੌਕੇ ਵਿਨੋਦ ਬਾਂਸਲ, ਦੁਕਾਨਦਾਰ ਆਗੂ ਸੁਖਵਿੰਦਰ ਸਿੰਘ, ਗੁਰਨਿੰਦਰ ਸਿੰਘ ਨਿੰਦਾ, ਸੁਰਿੰਦਰ ਕਲਸੀ, ਵਿਪਨ ਖੰਨਾ, ਦੀਪਕ ਕੁਮਾਰ, ਬਿੱਟੂ ਵਰਮਾ, ਧੰਨਾ ਸਿੰਘ ਨੇ ਕਿਹਾ ਕਿ ਦੋਵੇਂ ਹੱਦਾਂ, ਫਲਾਈਓਵਰ ਅਤੇ ਅੰਡਰਪਾਸ ਨਾ ਖੁੱਲ੍ਹਣ ਤੱਕ ਧਰਨਾ ਜਾਰੀ ਰਹੇਗਾ। ਇਸ ਦੌਰਾਨ ਸਾਬਕਾ ਓਐੱਸਡੀ ਡਾ. ਕੇਵੀ ਸਿੰਘ ਨੇ ਰਸਤੇ ਖੁਲ੍ਹਵਾਉਣ ਲਈ ਮੁੱਖ ਮੰਤਰੀ ਦਫ਼ਤਰ, ਡੀਸੀ ਸਿਰਸਾ ਤੇ ਐੱਸਪੀ ਡੱਬਵਾਲੀ ਨਾਲ ਰਾਬਤਾ ਕੀਤਾ। ਐੱਸਡੀਐੱਮ ਨੇ ਅੱਜ ਰਾਤ ਅੱਠ ਵਜੇ ਅੰਡਰਪਾਸ ਅਤੇ ਬਾਕੀ ਰਸਤੇ ਵੀ ਛੇਤੀ ਖੋਲ੍ਹਣ ਦਾ ਵਿਸ਼ਵਾਸ ਦਿੱਤਾ।