ਡੱਬਵਾਲੀ: ਉਮੀਦਵਾਰਾਂ ਨੇ ਪਾਰਟੀ ਵਰਕਰਾਂ ਨਾਲ ਮੀਟਿੰਗਾਂ ਕਰ ਕੇ ਥਕਾਵਟ ਲਾਹੀ
ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 6 ਅਕਤੂਬਰ
ਡੱਬਵਾਲੀ ਸੀਟ ’ਤੇ ਵਿਧਾਨ ਸਭਾ ਚੋਣ ਦੇ ਬਾਅਦ ਵੀ ਜੋੜ-ਘਟਾਅ ਦਾ ਸਿਲਸਿਲਾ ਜਾਰੀ ਹੈ। ਹਲਕੇ ਦੇ ਮੁੱਖ ਉਮੀਦਵਾਰਾਂ ਨੇ ਚੋਣਾਂ ਦੇ ਦੂਸਰੇ ਦਿਨ ‘ਰੈਸਟ ਡੇਅ’ ਵੀ ਨਤੀਜਿਆਂ ਲਈ ਵੋਟਾਂ ਦੇ ਜੋੜ-ਘਟਾਅ ਵਿੱਚ ਲੰਘਾਇਆ। ਉਮੀਦਵਾਰਾਂ ਨੇ ਲੰਮੀਆਂ ਪ੍ਰਚਾਰ ਮੁਹਿੰਮਾਂ ਦੀ ਥਕਾਵਟ ਤੋਂ ਰਾਹਤ ਅੱਜ ਪਰਿਵਾਰਾਂ ਨਾਲ ਸਮਾਂ ਬਿਤਾਉਣ ਦੀ ਬਜਾਇ ਵਰਕਰਾਂ ਵਿੱਚ ਬਿਤਾਇਆ ਅਤੇ ਗੱਲਬਾਤ ਕਰ ਕੇ ਪੋਲਿੰਗ ਦੇ ਜ਼ਮੀਨੀ ਅੰਕੜਿਆਂ ਤੱਕ ਪੁੱਜਣ ਦੀ ਕੋਸ਼ਿਸ਼ ਕੀਤੀ। ਜ਼ਿਕਰਯੋਗ ਹੈ ਕਿ ਵੱਡੇ ਪਰਿਵਾਰਕ ਮੁਕਾਬਲੇ ਕਰਕੇ ਡੱਬਵਾਲੀ ਸੀਟ ’ਤੇ ਦੇਸ-ਪ੍ਰਦੇਸ਼ ਦੀਆਂ ਨਜ਼ਰਾਂ ਟਿਕੀਆਂ ਹਨ। ਅਜਿਹੇ ਵਿੱਚ ਡੱਬਵਾਲੀ ਤੋਂ ਕਾਂਗਰਸੀ ਉਮੀਦਵਾਰ ਅਤੇ ਲਗਾਤਾਰ ਦੂਜੀ ਜਿੱਤ ’ਚ ਪ੍ਰਤੀਬੱਧ ਅਮਿਤ ਸਿਹਾਗ ਦਾ ਚੋਣਾਂ ਮਗਰੋਂ ‘ਰੈਸਟ ਡੇਅ’ ਵਰਕਰਾਂ ਦੇ ਨਾਂ ਰਿਹਾ। ਉਨ੍ਹਾਂ ਡੱਬਵਾਲੀ ਦੀ ਹੁੱਡਾ ਕਲੋਨੀ ਸਥਿਤ ਨਿਵਾਸ/ਦਫ਼ਤਰ ਵਿੱਚ ਪੂਰਾ ਦਿਨ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ। ਇਨੈਲੋ ਉਮੀਦਵਾਰ ਆਦਿੱਤਿਆ ਦੇਵੀਲਾਲ ਨੇ ਸਵੇਰੇ ਪੂਜਾ-ਅਰਚਨਾ ਮਗਰੋਂ ਕੁੱਝ ਸਮਾਂ ਭਾਈ-ਬੰਧੂਆਂ ਨਾਲ ਬਿਤਾਇਆ ਅਤੇ ਵਰਕਰਾਂ ਨਾਲ ਮੁਲਾਕਾਤ ਕੀਤੀ। ਉਸ ਤੋਂ ਬਾਅਦ ਉਨ੍ਹਾਂ ਹਨੂੰਮਾਨਗੜ੍ਹ ਦੇ ਨਿੱਜੀ ਹਸਪਤਾਲ ਵਿੱਚ ਆਪਣੇ ਮੈਡੀਕਲ ਟੈਸਟ ਕਰਵਾਏ, ਰਿਪੋਰਟ ’ਚ ਉਨ੍ਹਾਂ ਨੂੰ ਅਜੇ ਵੀ ਇਨਫੈਕਸ਼ਨ ਦੀ ਦਿੱਕਤ ਆਈ ਹੈ। ਆਦਿੱਤਿਆ ਦੇਵੀਲਾਲ ਨੇ ਚੋਣ ਨਤੀਜਿਆਂ ਪ੍ਰਤੀ ਵੱਖ ਮੁਲਾਂਕਣਾਂ ’ਤੇ ਤੱਥ ਰੱਖਦਿਆਂ ਕਿਹਾ ਕਿ ਹਿਸਾਬ ਤਾਂ ਤੈਅ ਹੈ ਕਿ ਸਮੀਕਰਨਾਂ ਦੇ ਹਰ ਇੱਕ ਨੁਕਸੇ ਵਿੱਚ ਇਨੈਲੋ ਡੱਬਵਾਲੀ ਸੀਟ ਜਿੱਤ ਰਹੀ ਹੈ। ਜਜਪਾ ਉਮੀਦਵਾਰ ਦਿਗਵਿਜੇ ਚੌਟਾਲਾ ਨੇ ‘ਰੈਸਟ ਡੇਅ’ ਨੂੰ ਮਿਠੜੀ ਫ਼ਾਰਮ ਹਾਊਸ ’ਤੇ ਕਾਰਕੁਨਾਂ ਨਾਲ ਵੋਟਿੰਗ ਦੇ ਬੂਥ ਵਾਈਜ਼ ਅੰਕੜਿਆਂ ਬਾਰੇ ਚਰਚਾ ਕੀਤੀ। ਭਾਜਪਾ ਉਮੀਦਵਾਰ ਬਲਦੇਵ ਸਿੰਘ ਮਾਂਗੇਆਣਾ ਨੇ ਆਪਣੀ ਰਿਹਾਇਸ਼ ’ਤੇ ਸਵੇਰੇ ਪਾਰਟੀ ਕਾਰਕੁਨਾਂ ਨਾਲ ਮੁਲਾਕਾਤਾਂ ਕੀਤੀਆਂ ਅਤੇ ਦੁਪਹਿਰ ਮਗਰੋਂ ਘੰਟਿਆਂ ਤੱਕ ਸੌਂ ਕੇ ਖੂਬ ਥਕਾਵਟ ਲਾਹੀ। ਚੋਣ ਦੀ ਥਕਾਵਟ ਦੇ ਬਾਵਜੂਦ ‘ਆਪ’ ਉਮੀਦਵਾਰ ਕੁਲਦੀਪ ਗਦਰਾਣਾ ਪੂਰੀ ਤਰ੍ਹਾਂ ਲੋਕਾਂ ਦੇ ਵਿਚਕਾਰ ਦਿਖਾਈ ਦਿੱਤੇ ਤੇ ਉਨ੍ਹਾਂ ਨੇ ਕਈ ਪਿੰਡਾਂ ਵਿੱਚ ਲੋਕਾਂ ਦੇ ਦੁੱਖ-ਸੁੱਖ ਵਿੱਚ ਹਿੱਸਾ ਲਿਆ।