ਚੰਡੀਗੜ੍ਹ ਪੁਲੀਸ ਹਫ਼ਤੇ ਤਹਿਤ ਸੁਖਨਾ ਝੀਲ ’ਤੇ ਸਾਈਕਲੋਥੌਨ
ਆਤਿਸ਼ ਗੁਪਤਾ
ਚੰਡੀਗੜ੍ਹ, 14 ਨਵੰਬਰ
ਚੰਡੀਗੜ੍ਹ ਪੁਲੀਸ ਵੱਲੋਂ ਸੁਖਨਾ ਝੀਲ ’ਤੇ ‘15ਵੇਂ ਚੰਡੀਗੜ੍ਹ ਪੁਲੀਸ ਹਫ਼ਤੇ’ ’ਤੇ ਲੋਕਾਂ ਨੂੰ ਆਵਾਜਾਈ ਨਿਯਮਾਂ ਦੀ ਪਾਲਣਾ, ਨਸ਼ਿਆਂ ਵਿਰੁੱਧ ਜਾਗਰੂਕ ਕਰਨ ਲਈ ਅਤੇ ਸਾਈਬਰ ਜਾਗਰੂਕਤਾ ਲਈ ਸਾਈਕਲੋਥੌਨ ਕਰਵਾਈ ਗਈ। ਇਸ ਮੌਕੇ ਚੰਡੀਗੜ੍ਹ ਦੇ ਡੀਜੀਪੀ ਪਰਵੀਰ ਰੰਜਨ ਮੁੱਖ ਮਹਿਮਾਨ ਵਜੋਂ ਪਹੁੰਚੇ ਜਦੋਂਕਿ ਪਾਲੀਵੁੱਡ ਦੇ ਅਦਾਕਾਰ ਤੇ ਕਾਮੇਡੀਅਨ ਗੁਰਪ੍ਰੀਤ ਸਿੰਘ ਘੁੱਗੀ ਵਿਸ਼ੇਸ਼ ਤੌਰ ’ਤੇ ਪਹੁੰਚੇ। ਡੀਜੀਪੀ ਪਰਵੀਰ ਰੰਜਨ ਨੇ ਕਿਹਾ ਕਿ ਸਾਰਿਆਂ ਨੂੰ ਸੜਕੀ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਸਾਈਬਰ ਸੁਰੱਖਿਆ ਵੱਲ ਧਿਆਨ ਦੇਣਾ ਚਾਹੀਦਾ ਹੈ। ਇਸ ਤੋਂ ਇਲਾਵਾ ਨਸ਼ਿਆਂ ਦੇ ਖ਼ਾਤਮੇ ਲਈ ਵੀ ਅੱਗੇ ਆਉਣਾ ਚਾਹੀਦਾ ਹੈ।
ਗੁਰਪ੍ਰੀਤ ਘੁੱਗੀ ਨੇ ਚੰਡੀਗੜ੍ਹ ਪੁਲੀਸ ਦੇ ਇਸ ਕਾਰਜ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਚੰਡੀਗੜ੍ਹੀਆਂ ਤੱਕ ਪੁਲੀਸ ਦਾ ਸੁਨੇਗਾ ਪਹੁੰਚਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸੜਕੀ ਨਿਯਮਾਂ ਦੀ ਪਾਲਣਾ ਕਰਨਾ ਹਰ ਕਿਸੇ ਲਈ ਜ਼ਰੂਰੀ ਹੈ। ਇਸ ਮੌਕੇ ਚੰਡੀਗੜ੍ਹ ਪੁਲੀਸ ਦੇ ਜਵਾਨਾਂ ਤੇ ਸ਼ਹਿਰ ਦੇ ਲੋਕਾਂ ਨੇ ਸਿਟੀ ਬਿਊਟਫੁੱਲ ਨੂੰ ਨਸ਼ਾ ਮੁਕਤ ਰੱਖਣ ਅਤੇ ਸਾਈਬਰ ਸਵੱਛਤਾ ਮਿਸ਼ਨ ਤਹਿਤ ਡਜਿੀਟਲ ਲੈਣ-ਦੇਣ ਕਰਨ ਦੀ ਸਹੁੰ ਚੁੱਕੀ। ਇਸ ਸਾਈਕਲੋਥੌਨ ਵਿੱਚ 400 ਦੇ ਲੋਕਾਂ ਨੇ ਹਿੱਸਾ ਲਿਆ, ਜਿਨ੍ਹਾਂ ਨੇ ਸੁਖਨਾ ਝੀਲ ਤੋਂ ਲੈ ਕੇ ਹੀਰਾ ਸਿੰਘ ਚੌਕ ਤੱਕ ਸਾਈਕਲ ਚਲਾਏ। ਪੁਲੀਸ ਨੇ ਲੋਕਾਂ ਨੂੰ ਨਸ਼ਿਆਂ ਦੇ ਖ਼ਾਤਮੇ ਲਈ ਪੁਲੀਸ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ। ਪੁਲੀਸ ਨੇ ਲੋਕਾਂ ਨੂੰ ਸੋਸ਼ਲ ਮੀਡੀਆ ’ਤੇ ਆਪਣੇ ਅਕਾਊਂਟ ਤੇ ਹੋਰ ਜਾਣਕਾਰੀ ਨੂੰ ਸੁਰੱਖਿਅਤ ਰੱਖਣ ਅਤੇ ਸੋਸ਼ਲ ਮੀਡੀਆ ’ਤੇ ਅਣਜਾਣ ਵਿਅਕਤੀਆਂ ਤੋਂ ਦੂਰੀ ਬਣਾਏ ਰੱਖਣ ਸਬੰਧੀ ਜਾਗਰੂਕ ਕੀਤਾ।