Cyclone Fengal Landfall: ਚੱਕਰਵਾਤੀ ਫੇਂਗਲ ਚੇਨਈ ਦੇ ਨੇੜੇ ਲੈਂਡਫਾਲ ਕਰਨ ਲਈ ਤਿਆਰ, ਅਲਰਟ ਜਾਰੀ
ਚੇਨਈ, 30 ਨਵੰਬਰ
Cyclone Fengal Landfall : ਖੇਤਰੀ ਮੌਸਮ ਵਿਗਿਆਨ ਕੇਂਦਰ (RMC) ਚੇਨਈ ਦੇ ਅਨੁਸਾਰ ਚੱਕਰਵਾਤ ਫੇਂਗਲ ਦੇ ਸ਼ਨੀਵਾਰ ਦੁਪਹਿਰ ਨੂੰ ਚੇਨਈ ਦੇ ਨੇੜੇ ਲੈਂਡਫਾਲ ਕਰਨ ਦੀ ਸੰਭਾਵਨਾ ਹੈ। ਇਸ ਦੌਰਾਨ ਸਰਕਾਰ ਵੱਲੋਂ ਐਡਵਾਈਜ਼ਰੀ ਜਾਰੀ ਕਰਦਿਆਂ ਸਕੂਲ ਅਤੇ ਕਾਲਜ ਬੰਦ ਕਰ ਦਿੱਤੇ ਗਏ ਹਨ ਅਤੇ ਮਛੇਰਿਆਂ ਨੂੰ ਘਰ ਰਹਿਣ ਲਈ ਕਿਹਾ ਗਿਆ ਹੈ ਕਿਉਂਕਿ ਚੱਕਰਵਾਤ ਪੁਡੂਚੇਰੀ ਦੇ ਨੇੜੇ ਜਾਣ ਦਾ ਅਨੁਮਾਨ ਹੈ।
ਮੌਸਮ ਵਿਭਾਗ ਨੇ ਉੱਚੀਆਂ ਲਹਿਰਾਂ ਲਈ ਚੇਤਾਵਨੀ ਜਾਰੀ ਕੀਤੀ ਹੈ। ਮਛੇਰਿਆਂ ਨੂੰ ਸਮੁੰਦਰ ਵਿੱਚ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। ਚੇਨਈ, ਚੇਂਗਲਪੱਟੂ, ਕਾਂਚੀਪੁਰਮ, ਤਿਰੂਵੱਲੁਰ, ਕੁੱਡਲੋਰ, ਵਿੱਲੂਪੁਰਮ, ਕਾਲਾਕੁਰੀਚੀ ਅਤੇ ਮੇਇਲਾਦੁਥੁਰਾਈ ਸਮੇਤ ਤਾਮਿਲਨਾਡੂ ਦੇ ਅੱਠ ਜ਼ਿਲ੍ਹਿਆਂ ਵਿੱਚ ਰੈੱਡ ਅਲਰਟ ਦਾ ਐਲਾਨ ਕੀਤਾ ਗਿਆ ਹੈ, ਜਿੱਥੇ ਸ਼ਨੀਵਾਰ ਨੂੰ ਭਾਰੀ ਤੋਂ ਬਹੁਤ ਭਾਰੀ ਮੀਂਹ ਦੀ ਸੰਭਾਵਨਾ ਹੈ।
ਚੱਕਰਵਾਤ ਦੇ ਪ੍ਰਭਾਵ ਦੇ ਮੱਦੇਨਜ਼ਰ, ਤਾਮਿਲਨਾਡੂ ਸਰਕਾਰ ਨੇ ਇਨ੍ਹਾਂ ਜ਼ਿਲ੍ਹਿਆਂ ਦੇ ਸਾਰੇ ਸਕੂਲਾਂ ਅਤੇ ਕਾਲਜਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਹੈ। ਤਾਮਿਲਨਾਡੂ ਦੇ ਮਾਲੀਆ ਅਤੇ ਆਫ਼ਤ ਪ੍ਰਬੰਧਨ ਵਿਭਾਗ ਨੇ ਭਾਰੀ ਮੀਂਹ ਦੀ ਚੇਤਾਵਨੀ ਵਾਲੇ ਖੇਤਰਾਂ ਵਿੱਚ 2,229 ਰਾਹਤ ਕੇਂਦਰ ਸਥਾਪਤ ਕੀਤੇ ਹਨ। ਵਰਤਮਾਨ ਵਿੱਚ 164 ਪਰਿਵਾਰਾਂ ਦੇ 471 ਲੋਕਾਂ ਨੂੰ ਤਿਰੂਵਰੂਰ ਅਤੇ ਨਾਗਾਪੱਟੀਨਮ ਜ਼ਿਲ੍ਹਿਆਂ ਵਿੱਚ ਰਾਹਤ ਕੈਂਪਾਂ ਵਿੱਚ ਤਬਦੀਲ ਕੀਤਾ ਗਿਆ ਹੈ।
ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਦੀ ਭਵਿੱਖਬਾਣੀ ਦੇ ਨਾਲ ਚੇਨਈ ਅੰਤਰਰਾਸ਼ਟਰੀ ਹਵਾਈ ਅੱਡੇ ਨੇ ਸ਼ਹਿਰ ਤੋਂ ਆਉਣ-ਜਾਣ ਵਾਲੀਆਂ 18 ਉਡਾਣਾਂ ਨੂੰ ਰੱਦ ਕਰ ਦਿੱਤਾ ਹੈ। ਸਰਕਾਰ ਨੇ ਆਈਟੀ ਕੰਪਨੀਆਂ ਨੂੰ ਕਿਹਾ ਹੈ ਕਿ ਉਹ ਕਰਮਚਾਰੀਆਂ ਨੂੰ ਘਰ ਤੋਂ ਕੰਮ ਕਰਨ ਦੀ ਇਜਾਜ਼ਤ ਦੇਣ। ਆਈਏਐੱਨਐੱਸ