Cyclone Fengal: ਚੱਕਰਵਾਤੀ ਤੂਫਾਨ: ਮੌਸਮ ਵਿਭਾਗ ਵੱਲੋਂ ਰੈੱਡ ਅਲਰਟ ਜਾਰੀ
ਤਿਰੂਵਨੰਤਪੁਰਮ, 2 ਦਸੰਬਰ
ਭਾਰਤ ਦੇ ਮੌਸਮ ਵਿਭਾਗ (ਆਈਐਮਡੀ) ਨੇ ਅੱਜ ਚੱਕਰਵਾਤੀ ਤੂਫ਼ਾਨ ਫੇਂਗਲ ਕਾਰਨ ਕੇਰਲ ਵਿੱਚ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਇਹ ਚੱਕਰਵਾਤੀ ਤੂਫਾਨ ਮੌਜੂਦਾ ਸਮੇਂ ਉੱਤਰੀ ਤਾਮਿਲਨਾਡੂ ਵਿੱਚ ਕਮਜ਼ੋਰ ਪੈ ਗਿਆ ਹੈ ਜਦਕਿ ਦੱਖਣੀ ਕਰਨਾਟਕ ਵਿਚ ਇਸ ਦਾ ਅਸਰ ਵਿਖਾਈ ਦੇਣ ਲੱਗਿਆ ਹੈ।
ਮੌਸਮ ਵਿਗਿਆਨੀਆਂ ਨੇ ਕਿਹਾ ਕਿ 3 ਦਸੰਬਰ ਦੇ ਆਸਪਾਸ ਕੇਰਲਾ ਅਤੇ ਕਰਨਾਟਕ ਦੇ ਉੱਤਰੀ ਤੱਟਾਂ ਨੇੜੇ ਦੱਖਣ-ਪੂਰਬੀ ਅਤੇ ਪੂਰਬੀ-ਮੱਧ ਅਰਬ ਸਾਗਰ ਵਿੱਚ ਸੰਭਾਵਿਤ ਤੌਰ ’ਤੇ ਭਰਵਾਂ ਮੀਂਹ ਪਵੇਗਾ। ਕੇਰਲ ਵਿੱਚ ਜ਼ਿਆਦਾਤਰ ਖੇਤਰਾਂ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਦੀ ਪੇਸ਼ੀਨਗੋਈ ਕੀਤੀ ਗਈ ਹੈ ਤੇ ਕਈ ਖੇਤਰਾਂ ਵਿੱਚ ਬਹੁਤ ਭਾਰੀ ਮੀਂਹ ਅਤੇ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੌਰਾਨ ਪੰਜ ਉੱਤਰੀ ਜ਼ਿਲ੍ਹਿਆਂ ਕਾਸਰਗੋਡ, ਕੰਨੂਰ, ਵਾਇਨਾਡ, ਕੋਝੀਕੋਡ ਅਤੇ ਮਲਪੁਰਮ ਲਈ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਐਨਡੀਆਰਐਫ ਦੀਆਂ ਟੀਮਾਂ ਤਿਆਰ ਹਨ। ਉਨ੍ਹਾਂ ਦੱਸਿਆ ਕਿ ਕੇਰਲ ਵਿੱਚ ਐਨਡੀਆਰਐਫ ਦੀਆਂ ਪੰਜ ਟੀਮਾਂ ਤਾਇਨਾਤ ਹਨ ਜਦਕਿ ਸਬਰੀਮਾਲਾ ਵਿੱਚ ਦੋ ਟੀਮਾਂ ਤੇ ਪਠਾਨਮਥਿੱਟਾ ਅਤੇ ਤ੍ਰਿਸ਼ੂਰ ਜ਼ਿਲ੍ਹਿਆਂ ਵਿੱਚ ਇੱਕ-ਇੱਕ ਟੀਮ ਤਾਇਨਾਤ ਕੀਤੀ ਗਈ ਹੈ। ਪੀਟੀਆਈ