ਸੜਕ ਹਾਦਸੇ ’ਚ ਸਾਈਕਲ ਸਵਾਰ ਹਲਾਕ
ਪੱਤਰ ਪ੍ਰੇਰਕ
ਮੁਕੇਰੀਆਂ, 6 ਮਾਰਚ
ਦੇਰ ਸ਼ਾਮ ਸਾਈਕਲ ’ਤੇ ਦੁੱਧ ਵੇਚਣ ਜਾ ਰਹੇ ਇੱਕ ਗੁੱਜਰ ਦੇ ਕੌਮੀ ਮਾਰਗ ’ਤੇ ਪੈਂਦੇ ਪਿੰਡ ਤੱਗੜ ਦੇ ਫਾਟਕ ਕੋਲ ਤੇਜ਼ ਰਫਤਾਰ ਇਨੋਵਾ ਕਾਰ ਨਾਲ ਟਕਰਾ ਜਾਣ ਕਾਰਨ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਗੁੱਜ਼ਰ ਸ਼ਿਫਾ ਦੀਨ ਪੁੱਤਰ ਰੋਸ਼ਨ ਦੀਨ ਵਾਸੀ ਪਿੰਡ ਲਮੀਨ ਅੱਜ ਸ਼ਾਮ ਡੇਰੇ ਤੋਂ ਦੁੱਧ ਵੇਚਣ ਲਈ ਅੱਡਾ ਪੇਪਰ ਮਿੱਲ ਨੂੰ ਆ ਰਿਹਾ ਸੀ, ਜਦੋਂ ਉਹ ਮੁਕੇਰੀਆਂ ਜਲੰਧਰ ਕੌਮੀ ਮਾਰਗ ’ਤੇ ਪੈਂਦੇ ਪਿੰਡ ਤੱਗੜਾਂ ਦੇ ਰੇਲ ਫਾਟਕ ਦੇ ਸਾਹਮਣੇ ਪੁੱਜਾ ਤਾਂ ਪਿੱਛਿਓਂ ਦਸੂਹਾ ਸਾਈਡ ਤੋਂ ਆ ਰਹੀ ਤੇਜ਼ ਰਫਤਾਰ ਇਨੋਵਾ ਕਾਰ ਨੰਬਰ ਪੀਬੀ-10 ਸੀਜੀ 8377 ਨੇ ਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਗੁੱਜ਼ਰ ਸਿਫਾਦੀਨ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲੀਸ ਨੇ ਮ੍ਰਿਤਕ ਦੀ ਲਾਸ਼ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਪਹੁੰਚਾ ਦਿੱਤੀ ਹੈ, ਜਦੋਂਕਿ ਕਾਰ ਸਵਾਰ ਮੌਕੇ ਤੋਂ ਫਰਾਰ ਹੋ ਗਿਆ। ਪੁਲੀਸ ਨੇ ਕਾਰ ਕਬਜ਼ੇ ’ਚ ਲੈ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।
ਥਾਣੇਦਾਰ ਦੀ ਮੌਤ
ਭੁਲੱਥ (ਪੱਤਰ ਪ੍ਰੇਰਕ) ਸਬ ਡਵੀਜ਼ਨ ਦੇ ਥਾਣਾ ਬੇਗੋਵਾਲ ’ਚ ਤਾਇਨਾਤ ਥਾਣੇਦਾਰ ਚੰਨਣ ਸਿੰਘ ਵਾਸੀ ਸੱਲਾ ਹੁਸ਼ਿਆਰਪੁਰ ਦੀ ਅਚਾਨਕ ਮੌਤ ਹੋ ਗਈ ਹੈ। ਇਸ ਸਬੰਧੀ ਥਾਣਾ ਮੁਖੀ ਬਲਵਿੰਦਰ ਸਿੰਘ ਭੁੱਲਰ ਨੇ ਦੱਸਿਆ ਇਸ ਥਾਣੇਦਾਰ ਦੀ ਛਾਤੀ ’ਚ ਦਰਦ ਹੋਣ ’ਤੇ ਸਾਥੀਆਂ ਵੱਲੋਂ ਹਸਪਤਾਲ ਲਿਜਾਇਆ ਗਿਆ ਜਿੱਥੇ ਡਿਊਟੀ ਡਾਕਟਰ ਨੇ ਹਾਲਾਤ ਚਿੰਤਾਜਨਕ ਦੱਸਣ ਮਗਰੋਂ ਜਲੰਧਰ ਦੇ ਆਕਸਫੋਰਡ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਥਾਣੇਦਾਰ ਦੇ ਦੋਵੇਂ ਪੁੱਤਰ ਵਿਦੇਸ਼ ’ਚੋਂ ਵਾਪਸ ਆਉਣ ’ਤੇ ਕਾਰਵਾਈ ਕੀਤੀ ਜਾਏਗੀ। ਡੀਐੱਸਪੀ ਭੁਲੱਥ ਅਮਰੀਕ ਸਿੰਘ ਚਾਹਲ ਨੇ ਚੰਨਣ ਸਿੰਘ ਦੀ ਮੌਤ ’ਤੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਤੇ ਮੱਦਦ ਦਾ ਭਰੋਸਾ ਦਿੱਤਾ।