ਸ਼ਹਿਦ ਦੀਆਂ ਮੱਖੀਆਂ ਦੇ ਹਮਲੇ ਕਾਰਨ ਸਾਈਕਲ ਸਵਾਰ ਦੀ ਮੌਤ
ਖੇਤਰੀ ਪ੍ਰਤੀਨਿਧ
ਚੰਡੀਗੜ੍ਹ 16 ਨਵੰਬਰ
ਚੰਡੀਗੜ੍ਹ ਵਿੱਚ ਸ਼ਹਿਦ ਦੀਆਂ ਮੱਖੀਆਂ ਦੇ ਹਮਲੇ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਚੰਡੀਗੜ੍ਹ ਦੇ ਸੈਕਟਰ-16 ਨੇੜੇ ਅਚਾਨਕ ਸ਼ਹਿਦ ਦੀਆਂ ਮੱਖੀਆਂ ਦੇ ਇੱਕ ਵੱਡੇ ਝੁੰਡ ਨੇ ਲੋਕਾਂ ’ਤੇ ਹਮਲਾ ਕੀਤਾ। ਇਸ ਕਾਰਨ ਉੱਥੇ ਲੋਕਾਂ ਵਿੱਚ ਭਗਦੜ ਮੱਚ ਗਈ। ਲੋਕਾਂ ਨੇ ਆਲੇ-ਦੁਆਲੇ ਭੱਜ ਕੇ ਅਤੇ ਲੁਕ ਕੇ ਆਪਣੀ ਜਾਨ ਬਚਾਈ। ਇਸ ਦੌਰਾਨ ਸੈਕਟਰ-16 ਵਿੱਚ ਸੜਕ ’ਤੇ ਜਾ ਰਹੇ ਸਾਈਕਲ ਸਵਾਰ ਨੂੰ ਸ਼ਹਿਦ ਦੀਆਂ ਮੱਖੀਆਂ ਨੇ ਆਪਣੇ ਘੇਰੇ ਵਿੱਚ ਲੈ ਲਿਆ। ਉਸ ਵਿਅਕਤੀ ਦੀ ਪਛਾਣ ਮੁੰਨਾ ਤਿਵਾੜੀ (35) ਵਾਸੀ ਨਵਾਂ ਗਰਾਓਂ ਵਜੋਂ ਹੋਈ ਹੈ। ਉਹ ਚੰਡੀਗੜ੍ਹ ਵਿੱਚ ਹੀ ਮਾਲੀ ਦਾ ਕੰਮ ਕਰਦਾ ਸੀ। ਮੱਖੀਆਂ ਦੇ ਹਮਲੇ ਮਗਰੋਂ ਮੁੰਨਾ ਤਿਵਾੜੀ ਨੇ ਆਪਣੀ ਜਾਨ ਬਚਾਉਣ ਲਈ ਭੱਜ ਕੇ ਨੇੜੇ ਖੜ੍ਹੇ ਇੱਕ ਆਟੋ ਰਿਕਸ਼ੇ ਦਾ ਸਹਾਰਾ ਲਿਆ ਪਰ ਆਟੋ ਵਿੱਚ ਵੀ ਮੱਖੀਆਂ ਨੇ ਮੁੰਨਾ ਤਿਵਾੜੀ ਦਾ ਖਹਿੜਾ ਨਹੀਂ ਛੱਡਿਆ। ਜਾਣਕਾਰੀ ਅਨੁਸਾਰ ਮੁੰਨਾ ਤਿਵਾੜੀ ਮੱਖੀਆਂ ਤੋਂ ਬਚਣ ਲਈ ਜਿਸ ਆਟੋ ਵਿੱਚ ਬੈਠਾ ਸੀ ਉਸ ਦਾ ਡਰਾਈਵਰ ਉਸ ਨੂੰ ਸਿੱਧਾ ਹਸਪਤਾਲ ਲੈ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮੱਖੀਆਂ ਨੇ ਮੁੰਨਾ ਤਿਵਾੜੀ ਤੋਂ ਇਲਾਵਾ ਕਈ ਹੋਰ ਲੋਕਾਂ ਨੂੰ ਵੀ ਆਪਣਾ ਸ਼ਿਕਾਰ ਬਣਾਇਆ। ਇਸ ਘਟਨਾ ਦੀ ਸੂਚਨਾ ਮਿਲਦਿਆਂ ਸਾਰ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।
ਜਾਣਕਾਰੀ ਅਨੁਸਾਰ ਇਹ ਘਟਨਾ ਸ਼ਨਿਚਰਵਾਰ ਦੁਪਹਿਰ ਕਰੀਬ ਦੋ ਵਜੇ ਦੀ ਹੈ। ਸੈਕਟਰ-16 ਨੇੜੇ ਮੱਧ ਮਾਰਗ ਦੀ ਪਾਰਕਿੰਗ ਕੋਲ ਮੱਖੀਆਂ ਨੇ ਅਚਾਨਕ ਹਮਲਾ ਕਰ ਦਿੱਤਾ। ਇਸ ਕਾਰਨ ਇੱਕ ਸਾਈਕਲ ਸਵਾਰ ਦੀ ਮੌਤ ਹੋ ਗਈ ਜਦੋਂਕਿ ਕਈ ਹੋਰ ਲੋਕਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ।