ਫਾਰਚੂਨਰ ਦੀ ਲਪੇਟ ’ਚ ਆਉਣ ਕਾਰਨ ਸਾਈਕਲ ਸਵਾਰ ਦੀ ਮੌਤ
ਜਤਿੰਦਰ ਬਾਵਾ
ਸ੍ਰੀ ਗੋਇੰਦਵਾਲ ਸਾਹਿਬ, 21 ਜੁਲਾਈ
ਕਪੂਰਥਲਾ-ਤਰਨ ਤਾਰਨ ਰਾਸ਼ਟਰੀ ਰਾਜ ਮਾਰਗ ’ਤੇ ਸਵੇਰੇ ਫਾਰਚੂਨਰ ਗੱਡੀ ਦੀ ਲਪੇਟ ਵਿੱਚ ਆਉਣ ਕਾਰਨ ਸਾਈਕਲ ਸਵਾਰ ਦੀ ਮੌਕੇ ’ਤੇ ਮੌਤ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਸਾਇਕਲ ਸਵਾਰ 80 ਫੁੱਟ ਦੂਰ ਜਾ ਡਿੱਗਾ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਬਜ਼ੁਰਗ ਪਿਆਰਾ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਗੋਇੰਦਵਾਲ ਸਾਹਿਬ ਵਜੋਂ ਹੋਈ ਹੈ। ਪ੍ਰਤੱਖਦਰਸ਼ੀਆਂ ਅਨੁਸਾਰ ਮਿਰਤਕ ਪਿਆਰਾ ਸਿੰਘ ਘਰਾਂ ਵਿੱਚ ਦੁੱਧ ਪਾਉਣ ਦਾ ਕੰਮ ਕਰਦਾ ਸੀ ਅਤੇ ਸਵੇਰੇ 7 ਵਜੇ ਦੁੱਧ ਪਾਕੇ ਵਾਪਸ ਆ ਰਿਹਾ ਸੀ। ਇਸ ਦੌਰਾਨ ਜਦੋਂ ਉਹ ਆਪਣੇ ਘਰ ਵੱਲ ਮੁੜਨ ਲੱਗਾ ਤਾਂ ਸਾਹਮਣੇ ਤੋਂ ਆ ਰਹੀ ਤੇਜ਼ ਰਫ਼ਤਾਰ ਫਾਰਚੂਨਰ ਗੱਡੀ ਵੱਲੋਂ ਉਸਨੂੰ ਟੱਕਰ ਮਾਰ ਦਿੱਤੀ ਗਈ। ਇਸ ਦੌਰਾਨ ਉਸ ਦੀ ਮੌਤ ਹੋ ਗਈ।
ਮੌਕੇ ’ਤੇ ਮੌਜੂਦ ਲੋਕਾਂ ਵੱਲੋਂ ਹਾਦਸੇ ਦੀ ਸੂਚਨਾ ਸਥਾਨਕ ਪੁਲੀਸ ਨੂੰ ਦਿੱਤੀ ਗਈ ਪਰ ਪੁਲੀਸ ਮੌਕੇ ’ਤੇ ਨਾ ਪੁੱਜੀ।
ਕਸ਼ਮੀਰ ਸਿੰਘ, ਹਰਪਾਲ ਸਿੰਘ, ਰਣਜੀਤ ਸਿੰਘ ਰਾਣਾ ਨੇ ਪੁਲੀਸ ਪ੍ਰਸ਼ਾਸਨ ਖਿਲਾਫ਼ ਰੋਸ ਜਾਹਿਰ ਕਰਦੇ ਆਖਿਆ ਕਿ ਹਾਦਸੇ ਮਗਰੋਂ ਦੋ ਘੰਟਿਆਂ ਦੀ ਉਡੀਕ ਬਾਅਦ ਵੀ ਜਦੋਂ ਕੋਈ ਪੁਲੀਸ ਮੁਲਾਜ਼ਮ ਹਾਦਸੇ ਵਾਲੀ ਜਗ੍ਹਾ ’ਤੇ ਨਾ ਪੁੱਜਾ ਤਾਂ ਪਰਿਵਾਰ ਵੱਲੋਂ ਕੌਮੀ ਮਾਰਗ ਬੰਦ ਕਰ ਦਿੱਤਾ ਗਿਆ।
ਇਸ ਉਪਰੰਤ ਮਾਮਲਾ ਡੀਐੱਸਪੀ ਰਵੀਸ਼ੇਰ ਸਿੰਘ ਦੇ ਧਿਆਨ ਵਿੱਚ ਲਿਆਉਣ ਤੋਂ ਬਾਅਦ ਅੱਧੇ ਘੰਟੇ ਬਾਅਦ ਪੁਲੀਸ ਮੁਲਾਜ਼ਮ ਹਾਦਸੇ ਵਾਲੀ ਜਗ੍ਹਾ ਪਹੁੰਚੇ। ਮਿਰਤਕ ਦੇ ਪਰਿਵਾਰਕ ਮੈਂਬਰਾਂ ਨੇ ਪੁਲੀਸ ਦੇ ਰਵੱਈਏ ਤੇ ਰੋਸ ਪ੍ਰਗਟਾਇਆ ਹੈ।
ਟਰੱਕ ਦੀ ਫੇਟ ਵੱਜਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ
ਜਲੰਧਰ (ਪੱਤਰ ਪ੍ਰੇਰਕ): ਇੱਥੋਂ ਦੇ ਥਾਣਾ ਨੰਬਰ ਇੱਕ ਦੇ ਖੇਤਰ ਵਿੱਚ ਪੈਂਦੇ ਜਲੰਧਰ-ਅੰਮ੍ਰਿਤਸਰ ਹਾਈਵੇਅ ’ਤੇ ਵੇਰਕਾ ਮਿਲਕ ਪਲਾਂਟ ਨੇੜੇ ਟਰੱਕ ਦੀ ਲਪੇਟ ਵਿੱਚ ਆਉਣ ਨਾਲ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਵੀਰੂ ਗੌਤਮ ਪੁੱਤਰ ਕਿਤਾਬ ਸਿੰਘ ਵਾਸੀ ਗੁਰਮੋਹਨ ਕਲੋਨੀ, ਜਲੰਧਰ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਵੀਰੂ ਨੇ ਵੇਰਕਾ ਮਿਲਕ ਪਲਾਂਟ ਨੇੜੇ ਸਥਿਤ ਪੈਟਰੋਲ ਪੰਪ ਤੋਂ ਆਪਣੀ ਮੋਟਰਸਾਈਕਲ ’ਚ ਤੇਲ ਭਰਵਾਇਆ ਹੀ ਸੀ ਕਿ ਪਿੱਛੇ ਆ ਰਹੇ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਲੋਕਾਂ ਨੇ ਇਸ ਦੀ ਸੂਚਨਾ 112 ਪੁਲੀਸ ਕੰਟਰੋਲ ਰੂਮ ਨੂੰ ਦਿੱਤੀ। ਸੂਚਨਾ ਮਿਲਣ ’ਤੇ ਥਾਣਾ ਡਿਵੀਜ਼ਨ ਨੰਬਰ ਇੱਕ ਦੀ ਐੱਸਐੱਸਐੱਫ ਅਤੇ ਪੁਲੀਸ ਮੌਕੇ ’ਤੇ ਪੁੱਜ ਗਈ। ਪੁਲੀਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਘਟਨਾ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਫਿਲਹਾਲ ਪੁਲੀਸ ਇਸ ਮਾਮਲੇ ਸਬੰਧੀ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ।
ਸੜਕ ਹਾਦਸੇ ਵਿੱਚ ਤਿੰਨ ਭੈਣਾਂ ਦੀ ਲੱਤਾਂ ਟੁੱਟੀਆਂ
ਤਰਨ ਤਾਰਨ (ਪੱਤਰ ਪ੍ਰੇਰਕ): ਤਰਨ ਤਾਰਨ-ਗੋਇੰਦਵਾਲ ਸਾਹਿਬ ਸੜਕ ’ਤੇ ਹੋਏ ਹਾਦਸੇ ਵਿੱਚ ਤਿੰਨ ਸਕੀਆਂ ਭੈਣਾਂ ਗੰਭੀਰ ਜ਼ਖਮੀ ਹੋ ਗਈਆਂ| ਜ਼ਖਮੀ ਭੈਣਾਂ ਦੀ ਸ਼ਨਾਖਤ ਸ਼ਰਨਜੀਤ ਕੌਰ (19), ਅਰਸ਼ਦੀਪ ਕੌਰ (16) ਅਤੇ ਖੁਸ਼ੀ (15) ਦੇ ਤੌਰ ’ਤੇ ਕੀਤੀ ਗਈ ਹੈ| ਇਲਾਕੇ ਦੇ ਪਿੰਡ ਪਲਾਸੌਰ ਦੇ ਵਾਸੀ ਕਸ਼ਮੀਰ ਸਿੰਘ ਦੀਆਂ ਲੜਕੀਆਂ ਗੋਇੰਦਵਾਲ ਸਾਹਿਬ ਵਾਲੇ ਪਾਸਿਓਂ ਮੋਪੇਡ ’ਤੇ ਆ ਰਹੀਆਂ ਸਨ, ਇਸੇ ਦੌਰਾਨ ਉਨ੍ਹਾਂ ਨੂੰ ਨੌਰੰਗਾਬਾਦ ਨੇੜੇ ਟਰੈਕਟਰ-ਟਰਾਲੀ ਨੇ ਆਪਣੀ ਲਪੇਟ ਵਿੱਚ ਲੈ ਲਿਆ| ਤਿੰਨੇ ਲੜਕੀਆਂ ਦੀਆਂ ਲੱਤਾਂ ਬੁਰੀ ਤਰ੍ਹਾਂ ਨਾਲ ਟੁੱਟ ਗਈਆਂ। ਲੜਕੀਆਂ ਨੂੰ ਆਸ ਪਾਸ ਦੇ ਲੋਕਾਂ ਨੇ ਤਰਨ ਤਾਰਨ ਦੇ ਸਿਵਲ ਹਸਪਤਾਲ ਪਹੁੰਚਾਇਆ ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਦੇ ਕੇ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਰੈਫਰ ਕਰ ਦਿੱਤਾ। ਲੜਕੀਆਂ ਦੇ ਪਿਤਾ ਨੇ ਕਸ਼ਮੀਰ ਸਿੰਘ ਦੋਸ਼ ਲਗਾਇਆ ਕਿ ਟਰੈਕਟਰ-ਟਰਾਲੀ ਦਾ ਡਰਾਈਵਰ ਨਸ਼ੇ ਵਿੱਚ ਸੀ ਜਿਸ ਕਰਕੇ ਹਾਦਸਾ ਵਾਪਰਿਆ ਹੈ| ਸਥਾਨਕ ਥਾਣਾ ਸਦਰ ਦੀ ਪੁਲੀਸ ਨੇ ਕਾਰਵਾਈ ਸ਼ੁਰੂ ਕੀਤੀ ਹੈ|