For the best experience, open
https://m.punjabitribuneonline.com
on your mobile browser.
Advertisement

ਸਾਈਕਲ ਦੇ ਪਹੀਏ ਤੇ ਪੈਡਲਾਂ ਦਾ ਗੇੜ

11:40 AM Jun 02, 2024 IST
ਸਾਈਕਲ ਦੇ ਪਹੀਏ ਤੇ ਪੈਡਲਾਂ ਦਾ ਗੇੜ
Advertisement

ਪ੍ਰੋ. ਜਸਵੰਤ ਸਿੰਘ ਗੰਡਮ

ਜੀਵਨ ਸਾਈਕਲ ਉੱਪਰ ਸਵਾਰ ਹੋਣ ਵਾਂਗ ਹੈ, ਆਪਣਾ ਸੰਤੁਲਨ ਕਾਇਮ ਰੱਖਣ ਲਈ ਤੁਹਾਨੂੰ ਚਲਦੇ ਰਹਿਣਾ ਪੈਂਦਾ ਹੈ।
- ਅਲਬਰਟ ਆਇੰਸਟਾਈਨ

Advertisement

ਬਾਇ-ਸਾਈਕਲ ਦੋ ਸ਼ਬਦਾਂ ਦੇ ਜੋੜ ਤੋਂ ਬਣਿਆ ਹੈ: ਬਾਇ ਤੇ ਸਾਈਕਲ। ਅੰਗਰੇਜ਼ੀ ਨੇ ਇਹ ਸ਼ਬਦ ਉਨ੍ਹੀਵੀਂ ਸਦੀ ਦੇ ਮੱਧ ’ਚ ਫਰਾਂਸਿਸੀ ਭਾਸ਼ਾ ਤੋਂ ਲਿਆ। ‘ਬਾਇ’ ਅਗੇਤਰ ਹੈ ਜੋ ਲਾਤੀਨੀ ਭਾਸ਼ਾ ਤੋਂ ਆਇਆ। ਇਸ ਦਾ ਅਰਥ ਦੋ ਜਾਂ ਦੋ ਗੁਣਾ ਜਾਂ ਦੋ ਵਾਰ ਹੋਣ ਵਾਲਾ ਹੈ। ‘ਸਾਈਕਲ’ ਸ਼ਬਦ ਯੂਨਾਨੀ ਮੂਲ ਦੇ ਸ਼ਬਦ ‘ਸਾਈਕਲੋਸ’ ਤੋਂ ਆਇਆ ਹੈ ਜਿਸ ਦਾ ਅਰਥ ਸਰਕਲ ਭਾਵ ਦਾਇਰਾ ਜਾਂ ਪਹੀਆ ਹੈ। ਸੋ ਬਾਇ-ਸਾਈਕਲ ਦਾ ਅਰਥ ਦੋ ਪਹੀਆਂ ਵਾਲਾ ਪੈਡਲਦਾਰ ਵਾਹਨ ਹੈ।
ਸਾਈਕਲ ਬਹੁਤ ਹੀ ਮਹਾਨ ਅਤੇ ਮਹੱਤਵਪੂਰਨ ਕਾਢ ਹੈ। ਇਸ ਦੀ ਕਾਢ ਕੱਢਣ ਵਾਲਿਆਂ ਅਤੇ ਕਾਢ ਦੇ ਸਮੇਂ ਬਾਰੇ ਵੱਖ ਵੱਖ ਰਾਵਾਂ ਹਨ। ਵਿਕੀਪੀਡੀਆ ਅਨੁਸਾਰ ਮੌਜੂਦਾ ਸਮੇਂ ਦੇ ਸਾਈਕਲ ਦਾ ‘ਫੋਰ-ਰਨਰ’ (ਅਗਰਦੂਤ) ਸਾਈਕਲ ਬਿਨਾਂ ਪੈਡਲਾਂ ਤੋਂ ਸੀ ਅਤੇ ਇਸ ਨੂੰ 1817 ’ਚ ਜਰਮਨੀ ਦੇ ਜੰਗਲਾਤ ਮਹਿਕਮੇ ਦੇ ਅਫਸਰ ਕਾਰਲ ਵਾਨ ਡਰੇਸ ਨੇ ਬਣਾਇਆ ਸੀ। ਇਹ ਬਹੁਤਾ ਲੱਕੜੀ ਦਾ ਬਣਿਆ ਸੀ। ਇਸ ਨੂੰ ਬੰਦੇ ਵੱਲੋਂ ਆਪ ਦੌੜਾ ਕੇ ਫਿਰ ਉਪਰ ਬਹਿਣਾ ਪੈਂਦਾ ਸੀ। ਡਰੇਸ ਨੇ ਇਸ ਨੂੰ 1818 ’ਚ ਪੇਟੈਂਟ ਕਰਵਾਇਆ ਸੀ। ਇਸ ਦੇ ਕਈ ਨਾਮ ਸਨ ਜਿਵੇਂ ਲਾਫਮਸ਼ੀਨ (ਦੌੜਨ ਵਾਲੀ ਮਸ਼ੀਨ), ਡੈਂਡੀ ਹੌਰਸ, ਹੌਬੀ ਹੌਰਸ, ਵੈਲਾਸਪੀਡ, ਡਰੇਸਲਾਈਨ ਆਦਿ।
ਡਰੇਸ ਇੱਕ ਡਿਊਕ ਨਾਲ ਵੀ ਸਬੰਧਿਤ ਸੀ। ਉਸ ਦੀ ਕੱਢੀ ਕਾਢ ਪਿੱਛੇ ਇੱਕ ਅਨੋਖੀ ਕਹਾਣੀ ਹੈ। ਕਹਿੰਦੇ ਹਨ 1816 ਵਿੱਚ ਮਾੜੇ ਮੌਸਮ ਕਾਰਨ ਜਰਮਨੀ ’ਚ ਫ਼ਸਲਾਂ ਬਰਬਾਦ ਹੋ ਗਈਆਂ ਜਿਸ ਕਾਰਨ ਘੋੜੇ, ਜੋ ਸਵਾਰੀ ਦਾ ਸਾਧਨ ਸਨ, ਭੁੱਖ ਨਾਲ ਮਰਨ ਲੱਗੇ ਅਤੇ ਘੋੜਿਆਂ ਦੀ ਥੁੜ ਹੋ ਗਈ। ਇਸ ਕਿੱਲਤ ਨੂੰ ਦੂਰ ਕਰਨ ਲਈ ਡਰੇਸ ਨੇ ਇਹ ਮਸ਼ੀਨ ਬਣਾਈ ਜੋ ਸਵਾਰੀ ਲਈ ਘੋੜੇ ਦੇ ਬਦਲ ਵਜੋਂ ਵਰਤੀ ਜਾ ਸਕਦੀ ਸੀ। ਇਸੇ ਲਈ ਸਾਈਕਲ ਨੂੰ ਲੋਹੇ ਦਾ ਘੋੜਾ ਵੀ ਕਿਹਾ ਜਾਂਦਾ ਹੈ।
ਪਹਿਲਾ ਪੈਡਲਾਂ ਵਾਲਾ ਬਾਇ-ਸਾਈਕਲ ਇੱਕ ਸਕੌਟਿਸ਼ ਲੁਹਾਰ ਕਿਰਕ ਪੈਟਰਿਕ ਮੈਕਮਿਲਨ ਦੁਆਰਾ 1839 ਵਿੱਚ ਬਣਾਇਆ ਸਮਝਿਆ ਜਾਂਦਾ ਹੈ। ਜਰਮਨੀ ਦੇ ਫਿਲਿਪ ਮਰੇਟਿਜ਼ ਫਿਸ਼ਰ, ਫਰਾਂਸ ਦੇ ਅਰਨੈਸਟ ਮਿਚਾਕਸ ਅਤੇ ਪੀਅਰੇ ਲੈਲਮੈਂਟ ਵੱਲੋਂ ਕ੍ਰਮਵਾਰ 1853 ਅਤੇ 1863 ਵਿੱਚ ਸੁਧਰੇ ਰੂਪ ’ਚ ਪੈਡਲਦਾਰ ਸਾਈਕਲ ਬਣਾਉਣ ਦਾ ਦਾਅਵਾ ਵੀ ਮਿਲਦਾ ਹੈ। ਹੋਰ ਅਨੇਕਾਂ ਨਾਮ ਵੀ ਮਿਲਦੇ ਹਨ, ਪਰ ਪ੍ਰਮਾਣਿਕ ਨਾਮ ਇਹ ਹੀ ਸਮਝੇ ਜਾਂਦੇ ਹਨ।
ਸਾਈਕਲ ਕਮਾਲ ਦੀ ਸਵਾਰੀ ਹੈ ਜਿਸ ਵਿੱਚ ਸਵਾਰ ਖ਼ੁਦ ਹੀ ਇੰਜਣ ਜਾਂ ਪਾਵਰ ਹੁੰਦਾ ਹੈ। ਮਹਾਨ ਵਿਗਿਆਨੀ ਆਇੰਸਟਾਈਨ ਨੇ ਜੀਵਨ ਦੀ ਸਾਈਕਲ ਨਾਲ ਤੁਲਨਾ ਕੀਤੀ ਹੈ ਕਿਉਂਕਿ ਸਾਈਕਲ ਗਤੀ ਦਾ ਪ੍ਰਤੀਕ ਹੈ। ਚਲਦੇ ਰਹਿਣਾ ਹੀ ਜ਼ਿੰਦਗੀ ਹੈ। ਖੜੋਤ, ਸੜਿਹਾਂਦ ਹੈ, ਬਸ ਮੌਤ ਹੀ ਸਮਝੋ।
ਦਰਅਸਲ ਗਤੀ ਹੀ ਮੁਕਤੀ ਹੈ। ਹਰ ਸ਼ੈਅ ਤੋਰ ਵਿੱਚ ਹੈ। ਕੀ ਧਰਤੀ, ਗ੍ਰਹਿ ਨਛੱਤਰ, ਕੀ ਰੁੱਤਾਂ ਥਿੱਤਾਂ ਵਾਰ, ਨਦੀਆਂ-ਨਾਲੇ, ਪੌਣ-ਪਾਣੀ ਸਭ ਗਤੀ ਵਿੱਚ ਹਨ। ਜੀਵਨ ਇੱਕ ਗੇੜ ਹੈ, ਚੱਕਰ ਹੈ, ਜਨਮ ਹੈ, ਜੀਣ ਹੈ, ਮਰਨ ਹੈ। ਆਵਾਗੌਣ ਦਾ ਗੇੜ ਹੈ, ਇੱਕ ਸਾਈਕਲ ਹੈ।
ਸਾਈਕਲ ਸਮੇਂ ਦਾ ਪਹੀਆ ਵੀ ਹੈ। ਮਹਾਂਭਾਰਤ ਟੀਵੀ ਲੜੀਵਾਰ ਵਿੱਚ ਇੱਕ ਵੱਡਾ ਸਾਰਾ ਪਹੀਆ ਘੁੰਮਦਾ ਅਤੇ ਕਹਿੰਦਾ ਹੈ: ‘ਮੈਂ ਸਮਯ ਹੂੰ...।’ ਜਿਵੇਂ ਸਮਾਂ ਬਦਲਦਾ ਰਹਿੰਦਾ ਹੈ, ਉਵੇਂ ਹੀ ਜ਼ਿੰਦਗੀ ਵਿੱਚ ਬਦਲਾਅ ਆਉਂਦਾ ਰਹਿੰਦਾ ਹੈ। ਕਦੇ ਧੁੱਪ, ਕਦੇ ਛਾਂ, ਕਦੇ ਚੜ੍ਹਤ, ਕਦੇ ਨਿਵਾਣ। ਪਹੀਏ ਦਾ ਚਲਨ ਹੀ ਚੱਲਣਾ ਅਤੇ ਘੁੰਮਣਾ ਹੈ। ਜੇ ਇਸ ਨੇ ਉੱਪਰ ਜਾਣਾ ਹੈ ਤਾਂ ਹੇਠਾਂ ਵੱਲ ਵੀ ਆਉਣਾ ਹੈ।
ਇੱਕ ਪਹੀਏ ਵਾਲਾ ਸਾਈਕਲ ਵੀ ਹੁੰਦਾ ਹੈ ਅਤੇ ਤਿੰਨ ਪਹੀਆਂ ਵਾਲਾ ਵੀ। ਪਹਿਲੇ ਨੂੰ ਯੂਨੀ-ਸਾਈਕਲ ਤੇ ਦੂਸਰੇ ਨੂੰ ਟ੍ਰਾਈ-ਸਾਈਕਲ ਕਹਿੰਦੇ ਹਨ। ਦੁਪਹੀਏ ਨੂੰ ਤਾਂ ਆਪਾਂ ਦੱਸ ਹੀ ਚੁੱਕੇ ਹਾਂ ਕਿ ਬਾਇ-ਸਾਈਕਲ ਕਹਿੰਦੇ ਹਨ।
ਕਿਸੇ ਵੇਲੇ ਸਾਈਕਲ ਰੁਤਬੇ ਦੀ ਨਿਸ਼ਾਨੀ ਹੁੰਦਾ ਸੀ। ਰੈਲੇ ਤੇ ਰੋਬਿਨਹੁੱਡ ਸਾਈਕਲ ਤਾਂ ਉਦੋਂ ਅੱਜ ਦੀਆਂ ਮਹਿੰਗੀਆਂ-ਮਹਿੰਗੀਆਂ ਕਾਰਾਂ ਵਾਲੀ ਠੁੱਕ ਤੇ ਠਾਠ ਰੱਖਦੇ ਸਨ। ਖ਼ਾਸ ਕਰਕੇ ਰੈਲੇ ਸਾਈਕਲ ਦੀ ਤਾਂ ਚੜ੍ਹਤ ਇੰਨੀ ਹੁੰਦੀ ਸੀ ਕਿ ਜੇ ਪਿੰਡ ਵਿੱਚ ਕਿਸੇ ਇੱਕ-ਅੱਧੇ ਕੋਲ ਇਹ ਸਾਈਕਲ ਹੋਣਾ ਤਾਂ ਸਮਝੋ ਅੱਜਕੱਲ੍ਹ ਦੀ ਕੋਈ ਐੱਸਯੂਵੀ ਹੋਣ ਦੇ ਬਰਾਬਰ ਹੁੰਦਾ ਸੀ। ਹੀਰੋ, ਹਰਕਿਊਲੀਜ਼, ਏਵਨ, ਐਟਲਸ ਆਦਿ ਸਾਈਕਲ ਵੀ ਬੜੇ ਪ੍ਰਚਲਿਤ ਸਨ। ਪਹਿਲੇ ਵੇਲਿਆਂ ਵਿੱਚ ਜੇ ਕਿਸੇ ਨੇ ਆਪਣੀ ਧੀ ਦੇ ਦਾਜ ਵਿੱਚ ਸਾਈਕਲ ਦੇ ਦੇਣਾ ਤਾਂ ਇੰਨੀ ਬੱਲੇ ਬੱਲੇ ਹੋ ਜਾਂਦੀ ਸੀ ਜਿੰਨੀ ਅੱਜਕੱਲ੍ਹ ਲਗਜ਼ਰੀ ਕਾਰ ਦੇਣ ਵੇਲੇ ਵੀ ਨਹੀਂ ਹੁੰਦੀ। ਪੰਜਾਬੀ ਦੀ ਇੱਕ ਫਿਲਮ ਵਿੱਚ ਜਦੋਂ ਲੰਬੜਦਾਰਾਂ ਦਾ ਮੁੰਡਾ ਪਿੰਡ ਵਿੱਚ ਪਹਿਲਾ ਸਾਈਕਲ ਲੈ ਕੇ ਆਉਂਦਾ ਹੈ ਤਾਂ ਸਾਰਾ ਪਿੰਡ ਇਸ ਅਦਭੁਤ ਅਲੋਕਾਰ ਸ਼ੈਅ ਨੂੰ ਦੇਖਣ ਲਈ ਇਉਂ ਅਹੁਲਦਾ ਹੈ ਜਿਵੇਂ ਪੁਰਾਣੀਆਂ ਬੁੜ੍ਹੀਆਂ ਸੱਜ-ਵਿਆਹੀ ਦੁਲਹਨ ਨੂੰ ਦੇਖਣ ਲਈ ਭੱਜਦੀਆਂ ਸਨ।
ਇੱਕ ਹੋਰ ਫਿਲਮ ‘ਯਾਰ ਬੇਲੀ’ ਵਿੱਚ ਦੋਝੀ ਦਾ ਕਿਰਦਾਰ ਨਿਭਾਉਣ ਵਾਲਾ ਕਲਾਕਾਰ, ਜਿਸ ਨੂੰ ਪੰਜਾਬੀ ਬੋਲੀਆਂ ਗੁਣਗੁਣਾਉਂਦੇ ਰਹਿਣ ਦੀ ਆਦਤ ਹੈ, ਇੱਕ ਥਾਂ ਕਹਿੰਦਾ ਹੈ: ਟੱਲੀਆਂ ਵਜਾਉਂਦਾ ਜਾਊਂ, ਬਹਿ ਜਾ ਸਾਈਕਲ ’ਤੇ। ਅੱਜ ਵੀ ਡਾਕੀਏ ਅਤੇ ਦੋਝੀ ਦੇ ਆਉਣ ਦੀ ਨਿਸ਼ਾਨੀ ਸਾਈਕਲ ਦੀ ਘੰਟੀ ਹੀ ਹੈ। ਭਾਵੇਂ ਬਹੁਤੇ ਦੋਝੀ ਹੁਣ ਮੋਟਰ-ਸਾਈਕਲਾਂ ਉੱਪਰ ਆਉਣ ਲੱਗੇ ਹਨ ਅਤੇ ਚਿੱਠੀਆਂ ਵੀ ਘਟ ਗਈਆਂ ਹਨ, ਪਰ ਫਿਰ ਵੀ ਜਿਹੜੇ ਦੋਝੀ ਅਜੇ ਸਾਈਕਲਾਂ ’ਤੇ ਆਉਂਦੇ ਹਨ ਉਹ ਟੱਲੀ ਵਜਾ ਕੇ ਹੀ ਘਰ ਵਾਲਿਆਂ ਨੂੰ ਦੁੱਧ ਪੁਆਉਣ ਦਾ ਬੁਲਾਵਾ ਦਿੰਦੇ ਹਨ।
ਸਾਈਕਲ ਦੀ ਟੱਲੀ ਬੜੇ ਕੰਮ ਦੀ ਚੀਜ਼ ਹੈ। ਦਹਾਕਿਆਂ ਪਹਿਲਾਂ ਮੈਂ ਕਈ ਨਸ਼ੇੜੀ ਇਸ ਨਾਲ ਰਾਹ ਵਿੱਚ ਵਿਕਦੀ ਦੇਸੀ ਦਾਰੂ ਪੀਂਦੇ ਦੇਖੇ ਹਨ। ਜੁਗਾੜੂ ਤਾਂ ਪੰਜਾਬੀ ਹਨ ਹੀ। ਘੰਟੀ ਲਾਹ ਕੇ, ਉਸ ਵਿਚਕਾਰਲੀ ਮੋਰੀ ਹੇਠਾਂ ਹੱਥ ਦਾ ਅੰਗੂਠਾ ਜਾਂ ਉਂਗਲ ਰੱਖ ਕੇ, ਘੰਟੀ ਦੀ ਕੌਲੀ/ਕੱਪ ਬਣਾ ਕੇ ਦਾਰੂ ਲਈ ਵਰਤ ਲੈਂਦੇ ਸਨ। ਸਾਈਕਲ ਦੀ ਘੰਟੀ ਆਸ਼ਕਾਂ ਲਈ ਵੀ ਬੜੀ ਫ਼ਾਇਦੇਮੰਦ ਹੁੰਦੀ। ਪ੍ਰੇਮਿਕਾ ਦੇ ਘਰ ਅੱਗਿਉਂ ਲੰਘਣ ਵੇਲੇ ਇਸ਼ਾਰੇਦਾਰ ਘੰਟੀ ਵਜਾਉਣ ਨਾਲ ਸੱਜਣੀ ਦੇ ਦਰਸ਼ਨ ਹੋ ਜਾਂਦੇ ਸਨ।
ਸਾਈਕਲ ਦਾ ਅਗਲਾ ਡੰਡਾ ਵੀ ਕਈ ਕੰਮ ਦਿੰਦਾ। ਪੁਰਾਣੇ ਸਮੇਂ ਘਰਾਂ ਵਿੱਚ ਬੜੀ ਸਖ਼ਤੀ ਹੁੰਦੀ ਸੀ। ਸੱਜ-ਵਿਆਹੀ ਦੁਲਹਨ ਵੀ ਆਪਣੇ ਪਤੀ ਨਾਲ ਖੁੱਲ੍ਹ ਕੇ ਹੱਸ-ਖੇਡ ਨਹੀਂ ਸਕਦੀ ਸੀ। ਪੇਕੇ ਜਾਂ ਵਾਂਢੇ ਜਾਣ ਵੇਲੇ ਘਰੋਂ ਤੁਰਨ ਲੱਗਿਆਂ ਵਹੁਟੀ ਪਿਛਲੀ ਸੀਟ ਉੱਪਰ ਬਿਠਾ ਲੈਣੀ, ਪਰ ਪਿੰਡ ਟੱਪਦਿਆਂ ਹੀ ਅੱਗੇ ਡੰਡੇ ਉਪਰ ਬਿਠਾ ਕੇ ਧੁਰ ਤੀਕ ਚੋਹਲ-ਮੋਹਲ ਕਰਦੇ ਜਾਣਾ। ਕਈ ਇਸ ਡੰਡੇ ਉਪਰ ਕੱਪੜਾ ਵੀ ਬੰਨ੍ਹ ਲੈਂਦੇ ਸਨ। ਬੱਚਿਆਂ ਨੂੰ ਬਿਠਾਉਣ ਲਈ ਇੱਕ ਨਿੱਕੀ ਜਿਹੀ ਸੀਟ ਵੀ ਲੁਆ ਲੈਂਦੇ।
ਪਿਛਲੀ ਸੀਟ ਨੂੰ ਕੈਰੀਅਰ ਕਹਿੰਦੇ ਹਨ। ਇਹ ਆਮ ਨਾਲੋਂ ਵਧੇਰੇ ਚੌੜੀ ਕਰਵਾ ਕੇ ਪੱਠਿਆਂ ਦੀ ਪੰਡ/ਭਰੀ ਰੱਖ ਕੇ ਲੈ ਆਉਂਦੇ ਸਨ। ਡੱਗੀਆਂ ਵਾਲੇ ਕੱਪੜੇ ਦੀ ਭਾਰੀ ਗਠੜੀ ਰੱਖ ਕੇ ਪਿੰਡਾਂ ਵਿੱਚ ਕੱਪੜੇ ਵੇਚਣ ਜਾਂਦੇ ਸਨ। ਕਈ ਜਣੇ ਮੂਹਰੇ ਟੋਕਰੀ ਲਗਵਾ ਲੈਂਦੇ ਸਨ ਤਾਂ ਕਿ ਸੌਦਾ-ਪੱਤਾ ਰੱਖਿਆ ਜਾ ਸਕੇ। ਪਾਟੀ ਕਾਠੀ ਦਾ ਨੰਗ ਕੱਜਣ ਲਈ ਇੱਕ ਭਾਰਾ ਜਿਹਾ ਕੱਪੜਾ ਲਪੇਟ ਲਈਦਾ ਸੀ।
ਸਾਈਕਲ ਦੀ ਚੇਨ ਨਾਲ ਲੱਗੀ ਗਰੀਸ ਤੇ ਕਾਲਖ ਤੋਂ ਪਜਾਮਾ ਬਚਾਉਣ ਲਈ ਸੱਜੇ ਪੌਂਚੇੇ ਉਪਰ ਰੱਸੀ ਬੰਨ੍ਹ ਕੇ ਪੌਂਚਾ ਭੀੜਾ ਕਰ ਲੈਂਦੇ ਸੀ ਤਾਂ ਕਿ ਕੱਪੜਾ ਚੇਨ ਨਾਲ ਘਿਸਰ ਨਾ ਸਕੇ। ਫਿਰ ਇੱਕ ਕਲਿੱਪ ਜਿਹਾ ਵੀ ਆ ਗਿਆ ਜੋ ਪੌਂਚੇ ’ਤੇ ਬੰਨ੍ਹ ਲੈਂਦੇ ਸੀ। ਚੇਨ-ਕਵਰ ਵਾਲਾ ਸਾਈਕਲ ਹਾਰੀ ਸਾਰੀ ਕੋਲ ਨਹੀਂ ਸੀ ਹੁੰਦਾ।
ਸਾਈਕਲ ਦੇ ਪੁਰਾਣੇ ਚੱਕੇ ਜਾਂ ਟਾਇਰਾਂ ਨੂੰ ਫਿਰਨੀ (ਕੱਚਾ ਰਾਹ, ਉਦੋਂ ਸੜਕਾਂ ਨਹੀਂ ਸਨ) ਉਪਰ ਤੇਜ਼ ਤੇਜ਼ ਰੋੜ੍ਹਨਾ ਸਾਡੇ ਬਚਪਨ ਦੀਆਂ ਖੇਡਾਂ ਵਿੱਚ ਸ਼ਾਮਲ ਸੀ। ਇੱਕ ਸਾਈਕਲ ਉੱਪਰ ਤਿੰਨ ਜਣੇ ਸੌਖੇ ਹੀ ਚੜ੍ਹ ਜਾਂਦੇ ਹਨ: ਚਲਾਉਣ ਵਾਲਾ, ਪਿੱਛੇ ਤੇ ਅੱਗੇ ਬੈਠਣ ਵਾਲਾ/ਵਾਲੀ। ਲੇਡੀ ਸਾਈਕਲ ਬੰਦਿਆਂ ਵਾਲੇ ਸਾਈਕਲ ਤੋਂ ਵੱਖਰੀ ਸ਼ਕਲ ਦਾ ਹੁੰਦਾ ਹੈ।
ਸਾਈਕਲ ਦੀ ਮਹੱਤਤਾ ਬਾਰੇ ਇੱਕ ਹੋਰ ਫਿਲਮ ਤੋਂ ਵੀ ਪਤਾ ਲੱਗਦਾ ਹੈ। ਫਿਲਮ ‘ਚੱਲ ਮੇਰਾ ਪੁੱਤ’ ਵਿੱਚ ਇੱਕ ਪਾਕਿਸਤਾਨੀ ਹਾਸਰਸ ਕਲਾਕਾਰ ਆਪਣੇ ਇੱਕ ਸੰਵਾਦ ਰਾਹੀਂ ਆਪਣੇ ਦੋ ਸਾਥੀ ਕਾਮੇਡੀ ਕਲਾਕਾਰਾਂ ’ਤੇ ਚੋਟ ਕਰਦਿਆਂ ਕਹਿੰਦਾ ਹੈ: ‘ਜਿਨ੍ਹਾਂ ਨੂੰ ਆਪਣੇ ਦੇਸ ’ਚ ਕੋਈ ਸਾਈਕਲ ਨਹੀਂ ਕਿਰਾਏ ’ਤੇ ਦਿੰਦਾ, ਉਹ ਯੂ.ਕੇ. ਦਾ ਵੀਜ਼ਾ ਲਗਵਾ ਕੇ ਆ ਜਾਂਦੇ ਨੇ’।
ਰਾਜਸਥਾਨ ਦਾ ਇੱਕ ਬਹੁਤ ਪਿਆਰਾ ਲੋਕਗੀਤ ਹੈ ਜਿਸ ਵਿੱਚ ਸਾਈਕਲ ਦੀ ਚਰਚਾ ਹੈ:
ਓ ਕਾਲਯੋ ਕੂਦ ਪੜਯੋ ਮੇਲਾ ਮੇਂ,
ਓ ਸਾਈਕਲ ਪੈਂਚਰ ਕਰ ਲਿਆਇਓ...
ਪੰਜਾਬੀ ਲੋਕ ਬੋਲੀ ਹੈ: ‘ਟੱਲੀਆਂ ਵਜਾਉਂਦਾ ਜਾਊਂ, ਬਹਿ ਜਾ ਮੇਰੇ ਸਾਈਕਲ ’ਤੇ। ਪਹਿਲਾਂ ਪੰਜਾਬ ਵਿੱਚ ਸਾਈਕਲ ਦੇ ਕਾਗਜ਼-ਪੱਤਰ ਬਣਦੇ ਸਨ, ਬਾਕਾਇਦਾ ਰਜਿਸਟਰੇਸ਼ਨ ਹੁੰਦੀ ਸੀ। ਇੱਕ ਰੁਪਿਆ ਫੀਸ ਲੈ ਕੇ ਸਾਈਕਲ ’ਤੇ ਇੱਕ ਟੋਕਨ ਜੜ ਦਿੱਤਾ ਜਾਂਦਾ ਸੀ। ਇਸ ਦੀ ਗ਼ੈਰਹਾਜ਼ਰੀ ’ਚ ਚਲਾਨ ਹੋ ਜਾਂਦਾ ਸੀ। ਫਿਰ ਜਦ ਸਕੂਟਰ, ਮੋਟਰਸਾਈਕਲ, ਕਾਰਾਂ ਤੇ ਹੋਰ ਚੀਜ਼ਾਂ ਆ ਗਈਆਂ ਤਾਂ ਸਾਈਕਲ ‘ਵਿਚਾਰਾ’ ਜਿਹਾ ਹੋ ਗਿਆ, ਪਰ ਕਰੋਨਾ ਮਹਾਂਮਾਰੀ ਕਾਰਨ ਸਾਈਕਲ ਦੀ ਕਦਰ ਫਿਰ ਵਧ ਗਈ। ਜਦੋਂ ਲੋਕਾਂ ਨੂੰ ਪਤਾ ਲੱਗਾ ਕਿ ਸਾਈਕਲ ਚਲਾਉਣ ਨਾਲ ਸਾਡਾ ‘ਇਮਿਯੂਨਿਟੀ ਸਿਸਟਮ’ (ਰੋਗ ਪ੍ਰਤੀਰੋਧਕ ਸ਼ਕਤੀ) ਵਧਦਾ ਹੈ ਤਾਂ ਬੜੇ ਲੋਕ ਸਾਈਕਲ ਚਲਾਉਣ ਲੱਗ ਪਏ ਸਨ।
ਸਾਈਕਲ ਚਲਾਉਣ ਦੇ ਹੋਰ ਵੀ ਬੜੇ ਲਾਭ ਹਨ। ਇਸ ਨਾਲ ਸਿਰਫ਼ ਸਰੀਰ ਹੀ ਤੰਦਰੁਸਤ ਨਹੀਂ ਹੁੰਦਾ ਸਗੋਂ ਮਾਨਸਿਕ ਤੌਰ ਉੱਪਰ ਵੀ ਲਾਭ ਹੁੰਦਾ ਹੈ। ਮਨ ਰਾਜ਼ੀ ਰਹਿੰਦਾ ਹੈ, ਮਾਨਸਿਕ ਖ਼ੈਰ-ਸੁੱਖ ਰਹਿੰਦੀ ਹੈ। ਕਸਰਤ ਨਾਲ ਸਾਡੇ ਅੰਦਰੋਂ ਐਂਡੌਰਫਿਨਜ਼ ਅਤੇ ਐਡਰੇਨਿਲੀਨ ਤੱਤ ਰਿਲੀਜ਼ ਹੁੰਦੇ ਹਨ ਜੋ ਸਾਡਾ ਮਨ ਠੀਕ ਕਰਦੇ ਹਨ। ਤਣਾਅ ਘਟਦਾ ਹੈ। ਸਾਈਕਲਿੰਗ ਲਈ ਬਾਹਰ ਨਿਕਲਣਾ ਪੈਂਦਾ ਹੈ। ਬਾਹਰ ਨਿਕਲਿਆਂ ਲੋਕ ਮਿਲਦੇ ਹਨ, ਗੱਲਬਾਤ ਹੁੰਦੀ ਹੈ। ਇਹ ਸਭ ਕੁਝ ਸਾਨੂੰ ਚੰਗਾ ਚੰਗਾ ਮਹਿਸੂਸ ਕਰਵਾਉਂਦਾ। ਗਰੇਮ ਓਬਰੀ ਨੂੰ ‘ਉੱਡਣਾ ਸਕੌਟਸਮੈਨ’ ਕਿਹਾ ਜਾਂਦਾ ਹੈ। ਉਸ ਨੇ ਸਾਈਕਲ ਦੌੜ ਵਿੱਚ ਦੋ ਵਾਰ ‘ਵਰਲਡ ਆਵਰ’ ਰਿਕਾਰਡ ਤੋੜਿਆ ਹੈ। ਉਹ ਡਿਪਰੈਸ਼ਨ ਦਾ ਮਰੀਜ਼ ਸੀ। ਉਸ ਅਨੁਸਾਰ ਡਿਪਰੈਸ਼ਨ ਦੇ ਮਰੀਜ਼ਾਂ ਲਈ ਬਾਹਰ ਜਾਣਾ ਅਤੇ ਸਾਈਕਲ ਚਲਾਉਣਾ ਮਦਦਗਾਰ ਹੋਵੇਗਾ। ਉਹ ਆਪਣੇ ਬਾਰੇ ਕਹਿੰਦਾ ਹੈ, ‘ਸਾਈਕਲਿੰਗ ਤੋਂ ਬਿਨਾਂ ਮੈਨੂੰ ਨਹੀਂ ਪਤਾ ਮੈਂ ਕਿੱਥੇ ਹੁੰਦਾ?
ਸਾਈਕਲਿੰਗ ਮੋਟਾਪੇ, ਸ਼ੂਗਰ ਅਤੇ ਹੋਰ ਮਰਜ਼ਾਂ ਲਈ ਫਾਇਦੇਮੰਦ ਹੈ ਕਿਉਂਕਿ ਇਸ ਨਾਲ ਭਾਰ ਘੱਟਦਾ ਹੈ। ਜੇ ਤੇਜ਼ ਤੇਜ਼ ਸਾਈਕਲ ਚਲਾਇਆ ਜਾਵੇ ਤਾਂ ਨਾ ਸਿਰਫ਼ ਮਾਸਪੇਸ਼ੀਆਂ ਹੀ ਬਣਦੀਆਂ ਹਨ ਸਗੋਂ ਸੈਂਕੜੇ ਕੈਲਰੀਆਂ ਵੀ ਬਲਦੀਆਂ ਹਨ। ਦਿਲ ਤੇ ਫੇਫੜੇ ਮਜ਼ਬੂਤ ਹੁੰਦੇ ਹਨ।
ਆਰਥਿਕ ਤੌਰ ਉੱਪਰ ਵੀ ਬੜਾ ਲਾਭ ਹੈ। ਹਰ ਰੋਜ਼ ਮਹਿੰਗੇ ਹੋ ਰਹੇ ਪੈਟਰੋਲ ਉੱਪਰ ਹੁੰਦਾ ਖਰਚਾ ਬਚਦਾ ਹੈ। ਪ੍ਰਦੂਸ਼ਣ ਅਤੇ ਸ਼ੋਰ ਘਟਦਾ ਹੈ। ਵਾਤਾਵਰਣ ਠੀਕ ਰਹਿੰਦਾ ਹੈ। ਟਰੈਫਿਕ ਦੀ ਘੜਮੱਸ ਵਿੱਚੋਂ ਸਾਈਕਲ ਚਲਾਉਣ ਵਾਲਾ ਇੰਝ ਲੰਘ ਜਾਂਦਾ ਹੈ ਜਿਵੇਂ ਕੋਈ ਹਵਾ ਦਾ ਬੁੱਲਾ। ਨਾ ਭੀੜ ਦਾ ਡਰ, ਨਾ ਟਰੈਫਿਕ ਜਾਮ ਦਾ ਖ਼ੌਫ਼। ਫਿਰ ਪਾਰਕਿੰਗ ਦਾ ਵੀ ਕੋਈ ਬਹੁਤਾ ਬਖੇੜਾ ਨਹੀਂ।
ਵਿਦੇਸ਼ਾਂ ਵਿੱਚ ਤਾਂ ਕਈ ਥਾਈਂ ਸਾਈਕਲ ਚਲਾਉਣ ਵਾਲਿਆਂ ਲਈ ਵੱਖਰੇ ਟਰੈਕ ਹਨ। ਸਾਈਕਲ ਕਿਰਾਏ ’ਤੇ ਮਿਲਦੇ ਹਨ। ਕਈ ਮੁਲਕਾਂ ਦੇ ਤਾਂ ਮੁਖੀ ਤਕ ਸਾਈਕਲ ਚਲਾਉਂਦੇ ਹਨ। ਸਾਡੇ ਵੀ ਇਧਰ ਕਈ ਸ਼ਹਿਰਾਂ ਵਿੱਚ ਸਾਈਕਲ ਟਰੈਕ ਬਣਾਉਣ ਦਾ ਰੁਝਾਨ ਹੋ ਰਿਹਾ ਹੈ।
ਸਾਈਕਲ ਕਲੱਬ ਵੀ ਬੜੇ ਬਣੇ ਹੋਏ ਹਨ। ਹਰਿਆ-ਭਰਿਆ ਆਲਾ-ਦੁਆਲਾ (ਗੋ-ਗਰੀਨ) ਰੱਖਣ ਦਾ ਰੁਝਾਨ ਵਧ ਰਿਹਾ ਹੈ, ਸਾਈਕਲ ਰੈਲੀਆਂ ਹੋ ਰਹੀਆਂ ਹਨ। ਹੌਲੈਂਡ (ਨੈਦਰਲੈਂਡਜ਼) ਵਿੱਚ ਸਾਈਕਲਿੰਗ ਦਾ ਸ਼ੌਕ ਪੂਰੇ ਯੂਰਪ ਸਗੋਂ ਵਿਸ਼ਵ ਭਰ ਨਾਲੋਂ ਵਧੇਰੇ ਹੈ। ਉੱਥੇ ਹਰ ਥਾਂ ਸਾਈਕਲ ਰੂਟਾਂ ਦਾ ਜਾਲ ਵਿਛਿਆ ਹੋਇਆ ਹੈ ਅਤੇ ਹਰ ਉਮਰ ਦੇ ਲੋਕ ਸਾਈਕਲ ਚਲਾਉਂਦੇ ਹਨ।
ਸਾਈਕਲ ਚਲਾਉਣ ਦੀਆਂ ਇਨ੍ਹਾਂ ਖ਼ੂਬੀਆਂ ਦੇ ਮੱਦੇਨਜ਼ਰ ਹੀ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਨੇ 12 ਅਪਰੈਲ 2018 ਨੂੰ ਇੱਕ ਮਤੇ ਰਾਹੀਂ 3 ਜੂਨ ਨੂੰ ‘ਕੌਮਾਂਤਰੀ ਬਾਇ-ਸਾਈਕਲ ਦਿਵਸ’ ਐਲਾਨਿਆ ਹੈ ਤਾਂ ਕਿ ਪੂਰੇ ਸੰਸਾਰ ਵਿੱਚ ਇਹ ਸੁਨੇਹਾ ਜਾ ਸਕੇ ਕਿ ਸਾਈਕਲ ਸਮੁੱਚੀ ਮਾਨਵਤਾ ਦਾ ਹੈ ਅਤੇ ਉਸ ਦੀ ਸੇਵਾ ਕਰਦਾ ਹੈ। ਮਤੇ ਰਾਹੀਂ ਦੋ ਸਦੀਆਂ ਤੋਂ ਵਰਤੋਂ ਵਿੱਚ ਆ ਰਹੇ ਬਾਇ-ਸਾਈਕਲ ਦੇ ਅਨੂਠੇਪਣ, ਚਿਰੰਜੀਵਤਾ, ਬਹੁਮੁਖਤਾ ਨੂੰ ਮੰਨਿਆ ਗਿਆ ਹੈ ਅਤੇ ਇਹ ਵੀ ਕਿਹਾ ਗਿਆ ਹੈ ਕਿ ਇਹ ਆਵਾਜਾਈ ਦਾ ਇੱਕ ਸਾਦਾ, ਵਾਰਾ ਖਾਣ ਵਾਲਾ, ਭਰੋਸੇਯੋਗ, ਸਾਫ਼ ਅਤੇ ਵਾਤਾਵਰਣ ਪੱਖੋਂ ਢੁਕਵਾਂ ਤੇ ਨਿਭਣਯੋਗ ਸਾਧਨ/ਮਾਧਿਅਮ ਹੈ।
ਇਸ ਸਾਲ ਇਸ ਦਿਵਸ ਦਾ ਥੀਮ ‘ਸਾਈਕਲਿੰਗ ਰਾਹੀਂ ਸਿਹਤ, ਸਮਾਨਤਾ ਅਤੇ ਸਥਿਰਤਾ/ਟਿਕਾਊਪਣ’ ਨੂੰ ਉਤਸ਼ਾਹਿਤ ਕਰਨਾ ਹੈ।
ਅਸੀਂ ਸਾਈਕਲ ਚਲਾਉਣਾ 64-65 ਸਾਲ ਪਹਿਲਾਂ ਬਚਪਨ ਵਿੱਚ ਸਿੱਖਿਆ ਸੀ, ਬੜੇ ਅਜੀਬ ਢੰਗ ਨਾਲ। ਡੰਗਰਾਂ ਵਾਲੇ ਅੰਦਰ ਸਾਈਕਲ ਦਾ ਇੱਕ ਪਿੰਜਰ ਪਿਆ ਹੁੰਦਾ ਸੀ। ਪਹੀਏ ਸੀ ਪਰ ਟਾਇਰ ਨਹੀਂ ਸਨ, ਕਾਠੀ ਸੀ ਪਰ ਸਿਰਫ਼ ਸਪਰਿੰਗ, ਕਵਰ ਤੋਂ ਸੱਖਣੀ, ਪੈਡਲ ਸਨ ਪਰ ਉਪਰ ਰਬੜਾਂ ਨਹੀਂ ਸਨ, ਬਸ ਲੋਹੇ ਦੀਆਂ ਕਿੱਲੀਆਂ ਜਿਹੀਆਂ ਹੀ ਸਨ। ਸਮਝੋ ਬਾਬਾ ਆਦਮ ਵੇਲੇ ਦਾ ਕਬਾੜ ਸੀ। ਕੱਚੀ ਫਿਰਨੀ ਉੱਪਰ ਇੱਕ ਪੈਰ ਕਿੱਲੀ ਉਪਰ ਰੱਖ ਕੇ ਅਤੇ ਦੂਜੇ ਪੈਰ ਨੂੰ ਧਰਤੀ ਉਪਰ ਮਾਰ ਮਾਰ ਉਸ ਪਿੰਜਰ ਨੂੰ ਰੇੜ੍ਹਦਾ ਸੀ ਤੇ ਫਿਰ ਦੂਜਾ ਪੈਰ ਵੀ ਕਿੱਲੀ ਉੱਪਰ ਰੱਖ ਲੈਂਦਾ ਸੀ। ਕਈ ਵਾਰ ਦੋਸਤਾਂ ਨੇ ਧੱਕਾ ਲਾ ਦੇਣਾ। ਗਿੱਟੇ, ਗੋਡੇ ਤੇ ਕੂਹਣੀਆਂ ਛਿਲਾ ਕੇ ਇਸ ‘ਇਕ-ਪੈਡਲ ਸਟਾਈਲ ਸਾਈਕਲਿੰਗ’ ਨਾਲ ਸੰਤੁਲਨ ਕਰਨਾ ਆ ਗਿਆ। ਸਾਡੇ ਵੇਲੇ ਹੁਣ ਵਾਂਗ ਸਾਈਡ-ਸਪੋਰਟਾਂ ਵਾਲੇ ਸਾਈਕਲ ਨਹੀਂ ਸਨ ਆਏ। ਉਨ੍ਹੀਂ ਦਿਨੀਂ ਬੱਚੇ ਤਾਂ ਕੀ, ਕਿਸੇ ਸਰਦੇ-ਪੁੱਜਦੇ ਵੱਡੇ ਕੋਲ ਹੀ ਸਾਈਕਲ ਹੁੰਦਾ ਸੀ।
ਫਿਰ ਪਿਤਾ ਜੀ ਦੇ ਸਾਈਕਲ ਨਾਲ ਕੈਂਚੀ ਰਾਹੀਂ ਸਾਈਕਲ ਚਲਾਉਣਾ ਸ਼ੁਰੂ ਕੀਤਾ। ਇਸ ਨਿਰਾਲੀ ਸ਼ੈਲੀ ਵਿੱਚ ਖੱਬਾ ਪੈਰ ਖੱਬੇ ਪੈਡਲ ਉੱਪਰ ਰੱਖ ਕੇ ਸੱਜਾ ਪੈਰ ਸਾਈਕਲ ਦੇ ਤਿਕੋਣੇ ਢਾਂਚੇ ਵਿਚਦੀ ਆਰ-ਪਾਰ ਕਰ ਕੇ ਦੂਜੇ ਪਾਸੇ ਦੇ ਪੈਡਲ ਉੱਪਰ ਰੱਖ ਲਈਦਾ ਸੀ। ਫਿਰ ਪੈਡਲ ਮਾਰੀਦੇ ਸਨ। ਛੋਟੇ ਹੋਣ ਕਾਰਨ ਪੈਡਲ ਪੂਰੇ ਨਹੀਂ ਸਨ ਵੱਜਦੇ, ਬਸ ਅੱਧੇ ਅੱਧੇ ਹੀ ਮਾਰ ਕੇ ਕੰਮ ਸਾਰ ਲਈਦਾ ਸੀ, ਇਸ ਨੂੰ ਅੱਧੀ ਕੈਂਚੀ ਕਹਿੰਦੇ ਸਨ। ਇਸ ਤੋਂ ਹੀ ਪੂਰੀ ਕੈਂਚੀ ਦੀ ਮੁਹਾਰਤ ਹੋ ਜਾਂਦੀ ਸੀ। ਫਿਰ ਕਾਠੀ ਉੱਪਰ ਬੈਠਣ ਦਾ ਅਭਿਆਸ ਕੀਤਾ। ਕੱਦ ਛੋਟਾ ਹੋਣ ਕਾਰਨ ਪੈਰ ਪੂਰੇ ਨਹੀਂ ਸਨ ਪਹੁੰਚਦੇ। ਸੋ ਪੈਡਲ ਜਦ ਉਪਰ ਆਉਂਦੇ ਤਾਂ ਪੈਰ ਮਾਰ ਦੇਣੇ ਤੇ ਫਿਰ ਛੱਡ ਦੇਣਾ। ਹੁਝਕੇ ਜਿਹੇ ਵੱਜਦੇ ਰਹਿਣੇ, ਪਰ ਸਾਈਕਲ ਚਲਦਾ ਰਹਿਣਾ।
ਕੈਂਚੀ ਸਾਈਕਲ ਸ਼ੈਲੀ ਬਾਰੇ ਸੋਸ਼ਲ ਮੀਡੀਆ ਉੱਪਰ ਇੱਕ ਪੋਸਟ ਪੜ੍ਹੀ ਸੀ:
ਕਾਠੀ ਨੂੰ ਕੱਛ ਵਿੱਚ ਲੈ ਕੇ ਡੰਡੇ ਨੂੰ ਸੀ ਫੜਿਆ,
ਖੱਬੇ ਹੱਥ ਨਾਲ ਹੈਂਡਲ ਫੜ ਕੇ ਵਿੱਚ ਫਰੇਮ ਦੇ ਵੜਿਆ।
ਖੱਬੇ ਪੈਰ ਨਾਲ ਮਾਰ ਕੇ ਪੈਡਲ ਸਾਈਕਲ ਰੇੜ੍ਹੇ ਪਾਇਆ,
ਸੱਜਾ ਪੈਰ ਫਿਰ ਹੌਲੀ ਹੌਲੀ ਪੈਡਲ ਉੱਤੇ ਟਿਕਾਇਆ...।
ਹੋਰ ਵੱਡੇ ਹੋਏ ਤਾਂ ਦੌੜਾਂ ਲਾਉਣੀਆਂ। ਵਧੇਰੇ ਜ਼ੋਰ ਨਾਲ ਚਲਾਉਣ ਲਈ ‘ਰਿਕਸ਼ਾ-ਸਟਾਈਲ ਸਾਈਕਲਿੰਗ’ ਸ਼ੈਲੀ ਅਪਨਾਉਣੀ। ਇਸ ਤਹਿਤ ਹੈਂਡਲਾਂ ਉੱਪਰ ਹੱਥਾਂ ਦਾ ਭਾਰ ਪਾ ਕੇ ਪੈਡਲਾਂ ’ਤੇ ਖੜ੍ਹ ਜਾਣਾ ਅਤੇ ਹੇਠਾਂ-ਉਪਰ ਹੁੰਦਿਆਂ ਰਿਕਸ਼ਾ ਚਲਾਉਣ ਵਾਲਿਆਂ ਵਾਂਗ ਸਾਈਕਲ ਚਲਾਉਣਾ।
ਕਈ ਜਣੇ ਤਾਂ ਪਿਛਲੀ ਕਾਠੀ, ਜਿਸ ਨੂੰ ਕੈਰੀਅਰ ਕਹਿੰਦੇ ਹਨ, ਉੱਪਰ ਬੈਠ ਕੇ ਵੀ ਸਾਈਕਲ ਚਲਾਉਂਦੇ ਸਨ, ਜਾਣੀ ‘ਬੈਕ-ਸੀਟ ਡਰਾਈਵਿੰਗ’। ਮੈਂ ਆਪਣਾ ਪਹਿਲਾ ਨਵਾਂ ਸਾਈਕਲ ਨੌਕਰੀ ਲੱਗਣ ਉਪਰੰਤ ਖਰੀਦਿਆ ਸੀ ਤੇ ਉਹ ਵੀ ਕਿਸ਼ਤਾਂ ਉੱਪਰ, ਬੇਸ਼ੱਕ ਉਨ੍ਹੀਂ ਦਿਨੀਂ ਸਾਈਕਲ ਦੀ ਕੀਮਤ ਪੌਣੇ ਕੁ ਦੋ ਸੌ ਰੁਪਏ ਸੀ। (ਅੱਜਕੱਲ੍ਹ ਤਾਂ ਆਮ ਸਾਈਕਲ ਦੀ ਕੀਮਤ ਹੀ 4600-5000 ਰੁਪਏ ਹੈ। ਸਟਾਈਲਿਸ਼ ਸਾਈਕਲ ਤਾਂ ਕਾਫ਼ੀ ਮਹਿੰਗੇ ਹਨ। ਸਾਈਕਲ ਰੈਲੀਆਂ ਵਿੱਚ ਭਾਗ ਲੈਣ ਵਾਲੇ ਕਈ ਸਾਈਕਲਾਂ ਦੀ ਕੀਮਤ ਤਾਂ ਲੱਖਾਂ ਵਿੱਚ ਹੈ)।
ਮੇਰਾ ਕੱਦ ਦਰਮਿਆਨਾ ਹੈ, ਪਰ ਮੇਰੇ ਪਿਤਾ ਜੀ ਦਾ ਕੱਦ ਤਕਰੀਬਨ ਛੇ ਫੁੱਟ ਸੀ। ਮੈਂ ਤਾਂ ਕਿੱਲ੍ਹ ਕਿੱਲ੍ਹ ਕੇ ਮਸਾਂ ਸਾਢੇ ਪੰਜ ਫੁੱਟ ਦੇ ਨੇੜੇ ਤੇੜੇ ਅੱਪੜ ਸਕਿਆ। ਸਾਈਕਲ ਦੀ ਦੁਕਾਨ ਉੱਪਰ ਸਾਡੀ ਪਿਉੁ-ਪੁੱਤ ਦੀ ਮਿੱਠੀ ਮਿੱਠੀ ਬਹਿਸ ਚੱਲ ਪਈ। ਮੈਂ ਕਹਾਂ ਕਿ ਮੈਂ 22 ਇੰਚੀ ਸਾਈਕਲ ਖਰੀਦਣਾ ਹੈ ਜੋ ਮੇਰੇ ਕੱਦ ਨੂੰ ਸੂਤ ਬਹਿੰਦਾ ਸੀ, ਪਰ ਪਿਤਾ ਜੀ ਕਹਿਣ ਕੇ 24 ਇੰਚੀ ਖ਼ਰੀਦ ਲੈਂਦੇ ਹਾਂ ਤਾਂ ਕਿ ਉਹ ਵੀ ਚਲਾ ਸਕਣ। ਮੈਂ ਕਹਾਂ ਕਿ 24 ਇੰਚ ਦੀ ਉਚਾਈ ਵਾਲੇ ਸਾਈਕਲ ਤੋਂ ਮੇਰੇ ਧਰਤੀ ਉੱਪਰ ਪੈਰ ਨਹੀਂ ਲੱਗਿਆ ਕਰਨੇ, ਇਸ ਲਈ ਮੈਂ 22 ਇੰਚੀ ਹੀ ਲਵਾਂਗਾ। ਸਾਡੀ ਇਸ ਬਹਿਸ ਵਿੱਚ ਦਖਲ ਦਿੰਦਿਆਂ ਦੁਕਾਨ ਦੇ ਮਾਲਕ, ਜੋ ਪਿਤਾ ਜੀ ਦਾ ਦੋਸਤ ਸੀ, ਨੇ ਪਿਤਾ ਜੀ ਨੂੰ ਕਿਹਾ, ‘‘ਮੁੰਡੇ ਨੂੰ ਆਪਣਾ ਚਾਅ ਪੂਰਾ ਕਰ ਲੈਣ ਦੇ, ਤੁੂੰ ਜ਼ਿੱਦ ਨਾ ਕਰ।’’ ਇਸ ਤਰ੍ਹਾਂ ਗੱਲ ਨਿੱਬੜ ਗਈ।
ਅਸੀਂ ਆਪਣਾ ਬਾਈ ਇੰਚੀ ਦਾ ਨਵਾਂ ਨਕੋਰ ਲਿਸ਼ਕਾਂ ਮਾਰਦਾ ਸਾਈਕਲ ਚਲਾ ਕੇ ਆਪਣੇ ਪਿੰਡ ਟੱਲੀਆਂ ਵਜਾਉਂਦੇ ਇਉਂ ਪਹੁੰਚੇ ਜਿਵੇਂ ਕੋਈ ਰਿਆਸਤ ਦਾ ਰਾਜਕੁਮਾਰ ਆਇਆ ਹੋਵੇ। ਸਾਨੂੰ ਆਪਣਾ ਸਾਈਕਲ, ਸਾਈਕਲ ਨਹੀਂ ਸਗੋਂ ‘ਵਾਯੂਦੂਤ’ ਲੱਗੇ। ਉਸ ਨੂੰ ਚਲਾਉਣ ਵੇਲੇ ਧਰਤੀ ਉੱਪਰ ਚੱਲਣ ਨਾਲੋਂ ਹਵਾ ਵਿੱਚ ਉਡਾਰੀਆਂ ਮਾਰਨ ਜਿਹਾ ਵਧੇਰੇ ਮਹਿਸੂਸ ਹੋਵੇ।
ਸੱਚ ਜਾਣਿਉਂ, ਬਾਅਦ ਵਿੱਚ ਕਾਰ ਵੀ ਖ਼ਰੀਦੀ, ਪਰ ਜੋ ਸਵਰਗੀ ਹੁਲਾਰੇ ਉਸ ਬਾਈ ਇੰਚੀ ਸਾਈਕਲ ’ਤੇ ਆਏ ਉਹ ਮੁੜ ਕਦੇ ਨਹੀਂ ਆਏ, ਕਾਰ ਵਿੱਚ ਵੀ ਨਹੀਂ।
ਸੰਪਰਕ: 98766-55055

Advertisement
Author Image

sukhwinder singh

View all posts

Advertisement
Advertisement
×